‘ਵਰਲਡ ਪ੍ਰੈੱਸ ਫਰੀਡਮ ਇੰਡੈਕਸ’ ‘ਚ 180 ਦੇਸ਼ਾਂ ‘ਚੋਂ ਭਾਰਤ ਦਾ ਨੰਬਰ 161ਵਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਲਮੀ ਪੱਧਰ ‘ਤੇ ਮੀਡੀਆ ਨਾਲ ਸਬੰਧਤ ਮੁੱਦਿਆਂ ਨੂੰ ਨੇੜਿਓਂ ਦੇਖਣ ਵਾਲੇ ਗੈਰ-ਸਰਕਾਰੀ ਸੰਗਠਨ (ਐੱਨਜੀਓ) ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਵੱਲੋਂ ਜਾਰੀ ਪ੍ਰੈੱਸ ਆਜ਼ਾਦੀ ਦੀ ਸੂਚੀ ‘ਚ ਭਾਰਤ 11 ਸਥਾਨ ਹੋਰ ਹੇਠਾਂ ਖਿਸਕ ਕੇ 161 ਨੰਬਰ ਉਤੇ ਪਹੁੰਚ ਗਿਆ ਹੈ। ਪ੍ਰੈੱਸ ਦੀ ਆਜ਼ਾਦੀ ਬਾਰੇ 2023 ਦੀ ਸੂਚੀ ‘ਚ ਭਾਰਤ ਦਾ 180 ਦੇਸ਼ਾਂ ਵਿਚੋਂ 161ਵਾਂ ਸਥਾਨ ਹੈ ਜਦਕਿ ਪਿਛਲੇ ਸਾਲ ਇਹ 150ਵੇਂ ਨੰਬਰ ਉਤੇ ਸੀ। ਪ੍ਰਕਾਸ਼ਿਤ ਇਸ ਸੂਚੀ ਉਤੇ ਮੀਡੀਆ ਅਦਾਰਿਆਂ ਨੇ ਚਿੰਤਾ ਜਤਾਈ ਹੈ। ਐੱਨਜੀਓ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ‘ਤਿੰਨ ਦੇਸ਼ਾਂ ਵਿਚ ਸਥਿਤੀ ਬਹੁਤ ਮਾੜੀ ਹੋ ਗਈ ਹੈ, ਤਾਜਿਕਿਸਤਾਨ 153ਵੇਂ, ਭਾਰਤ 161ਵੇਂ (ਗਿਆਰਾਂ ਸਥਾਨ ਹੇਠਾਂ) ਤੇ ਤੁਰਕੀ 165ਵੇਂ (16 ਸਥਾਨ ਹੇਠਾਂ) ਨੰਬਰ ਉਤੇ ਪਹੁੰਚ ਗਿਆ ਹੈ। ‘ਵਰਲਡ ਪ੍ਰੈੱਸ ਫਰੀਡਮ ਡੇਅ’ ਮੌਕੇ ਪ੍ਰਕਾਸ਼ਿਤ ਰਿਪੋਰਟ ਵਿਚ ਕਿਹਾ ਗਿਆ ਹੈ, ‘ਇਕ ਹੋਰ ਪੱਖ ਜੋ ਕਿ ਸੂਚਨਾਵਾਂ ਦੀ ਸੁਤੰਤਰ ਨਿਕਾਸੀ ਨੂੰ ਰੋਕ ਰਿਹਾ ਹੈ, ਉਹ ਹੈ ਸਿਆਸੀ ਆਗੂਆਂ ਨਾਲ ਨੇੜਤਾ ਰੱਖਦੇ ਕਾਰੋਬਾਰੀਆਂ ਵੱਲੋਂ ਮੀਡੀਆ ਅਦਾਰਿਆਂ ਨੂੰ ਖ਼ਰੀਦਣਾ।’ ‘ਦਿ ਇੰਡੀਆ ਵਿਮੈੱਨ ਪ੍ਰੈੱਸ ਕੋਰ’, ‘ਪ੍ਰੈੱਸ ਕਲੱਬ ਆਫ ਇੰਡੀਆ’ ਤੇ ‘ਪ੍ਰੈੱਸ ਐਸੋਸੀਏਸ਼ਨ’ ਨੇ ਇਕ ਸਾਂਝਾ ਬਿਆਨ ਜਾਰੀ ਕਰ ਕੇ ਦਰਜਾਬੰਦੀ ਵਿਚ ਨਿੱਘਰੀ ਭਾਰਤ ਦੀ ਸਥਿਤੀ ਦੀ ਆਲੋਚਨਾ ਕੀਤੀ ਹੈ। ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਨੇ ਕਿਹਾ ਕਿ ਭਾਰਤ ਸਣੇ ਕਈ ਮੁਲਕਾਂ ਵਿਚ ਪ੍ਰੈੱਸ ਦੀ ਆਜ਼ਾਦੀ ਨਿੱਘਰ ਗਈ ਹੈ। ਉਨ੍ਹਾਂ ਨਾਲ ਹੀ ਕਿਹਾ, ‘ਦੱਖਣੀ ਸੰਸਾਰ ਵਿਚ ਵਿਕਾਸਸ਼ੀਲ ਲੋਕਤੰਤਰਾਂ ਲਈ, ਜਿੱਥੇ ਨਾ-ਬਰਾਬਰੀ ਹੱਦੋਂ ਵੱਧ ਹੈ, ਮੀਡੀਆ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਪ੍ਰੈੱਸ ਦੀ ਆਜ਼ਾਦੀ ਵਿਚ ਅੜਿੱਕੇ ਲਈ ਮਾੜੇ ਕੰਮਕਾਜੀ ਹਾਲਾਤ ਵੀ ਜ਼ਿੰਮੇਵਾਰ ਹਨ, ਉਦਾਹਰਨ ਵਜੋਂ ‘ਕੰਟਰੈਕਟ’ ਆਧਾਰ ‘ਤੇ ਹੋਣ ਵਾਲਾ ਕੰਮ, ਇਸ ਨੂੰ ਚੁਣੌਤੀ ਦਿੱਤੀ ਜਾਣੀ ਚਾਹੀਦੀ ਹੈ।’ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਵੀ ਇਸ ਰਿਪੋਰਟ ‘ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ, ‘ਸਾਡੇ ਸਾਰਿਆਂ ਲਈ ਇਹ ਆਪਣੇ ਸਿਰ ਸ਼ਰਮ ਨਾਲ ਝੁਕਾਉਣ ਦਾ ਸਮਾਂ ਹੈ।’