Breaking News
Home / ਹਫ਼ਤਾਵਾਰੀ ਫੇਰੀ / ਦਿੱਲੀ ਧਰਨੇ ‘ਤੇ ਹਨ ਕਿਸਾਨ, ਸੁਆਣੀਆਂ ਆਪ ਕਰਨ ਲੱਗੀਆਂ ਵਾਢੀ

ਦਿੱਲੀ ਧਰਨੇ ‘ਤੇ ਹਨ ਕਿਸਾਨ, ਸੁਆਣੀਆਂ ਆਪ ਕਰਨ ਲੱਗੀਆਂ ਵਾਢੀ

ਵਾਢੀ ਦਾ ਜ਼ਿੰਮਾ ਘਰਾਂ ‘ਚ ਬੈਠੀਆਂ ਸੁਆਣੀਆਂ ਨੇ ਲਿਆ ਆਪਣੇ ਸਿਰ
ਜਲੰਧਰ/ਬਿਊਰੋ ਨਿਊਜ਼ : ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਪੰਜ ਮਹੀਨਿਆਂ ਤੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਨਾ ਸਿਰਫ ਹਰ ਤਬਕਾ ਦੇ ਰਿਹਾ ਹੈ, ਬਲਕਿ ਘਰਾਂ ‘ਚ ਪਿੱਛੇ ਬੈਠੀਆਂ ਸੁਆਣੀਆਂ ਵੀ ਘਰ ਦੇ ਨਾਲ-ਨਾਲ ਖੇਤੀ ਦਾ ਕੰਮ ਵੇਖ ਰਹੀਆਂ ਹਨ। ਕਣਕ ਦੀ ਫਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ ਅਤੇ ਵਾਢੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਬਹੁਤੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਉਪਰ ਧਰਨੇ ‘ਤੇ ਬੈਠੇ ਹੋਣ ਕਾਰਨ ਇਸ ਵਾਰ ਕਣਕ ਦੀ ਵਾਢੀ ਦਾ ਜ਼ਿੰਮਾ ਘਰਾਂ ਦੀਆਂ ਸੁਆਣੀਆਂ ਦੇ ਸਿਰ ਹੈ ਅਤੇ ਉਹ ਕਿਸਾਨਾਂ ਦੀਆਂ ਮਾਵਾਂ, ਧੀਆਂ, ਪਤਨੀਆਂ ਤੇ ਭੈਣਾਂ ਹੋਣ ਦੇ ਨਾਤੇ ਖੇਤੀ ਦੇ ਬਾਕੀ ਕੰਮਾਂ ਦੇ ਨਾਲ ਹੀ ਵਾਢੀ ਵਿਚ ਵੀ ਸਰਗਰਮ ਭੂਮਿਕਾ ਨਿਭਾਅ ਰਹੀਆਂ ਹਨ।
ਕਿਸਾਨ ਬੀਬੀਆਂ ਕਣਕ ਦੀ ਵਾਢੀ ਕਰਵਾਉਣ ਦੇ ਨਾਲ ਹੀ ਖੁਦ ਖੇਤਾਂ ਵਿਚ ਜਾ ਕੇ ਕਣਕ ਵੱਢਣ ਤੋਂ ਵੀ ਪਿੱਛੇ ਨਹੀਂ ਹਨ। ਇਸਦੀ ਮਿਸਾਲ ਜਲੰਧਰ-ਪਠਾਨਕੋਟ ਹਾਈਵੇ ‘ਤੇ ਸਥਿਤ ਗਦਰੀ ਬਾਬਾ ਬੰਤਾ ਸਿੰਘ ਸੰਘਵਾਲ ਦੀ ਜਨਮ ਭੂਮੀ ਪਿੰਡ ਸੰਘਵਾਲ ਵਿਖੇ ਵੇਖਣ ਨੂੰ ਮਿਲੀ, ਜਿੱਥੇ ਕਿਸਾਨ ਬੀਬੀਆਂ ਪੁੱਤਾਂ ਵਾਂਗ ਪਾਲੀ ਪੱਕੀ ਕਣਕ ਵੇਖ ਕੇ ਆਪਣੇ ਆਪ ਨੂੰ ਦਾਤੀ ਫੜ ਕੇ ਵਾਢੀ ਕਰਨ ਤੋਂ ਨਾ ਰੋਕ ਸਕੀਆਂ।
ਪਿੰਡ ਦੀਆਂ ਬੀਬੀਆਂ, ਪੰਚ ਗੁਰਦੀਪ ਕੌਰ, ਸਰਬਜੀਤ ਕੌਰ, ਕਮਲਜੀਤ ਕੌਰ, ਰਸ਼ਪਾਲ ਕੌਰ ਤੇ ਮਨਿੰਦਰ ਕੌਰ ਦਾਤੀਆਂ ਲੈ ਕੇ ਖੇਤਾਂ ‘ਚ ਵਾਢੀ ਕਰ ਰਹੀਆਂ ਹਨ। ਹਾਲਾਂਕਿ ਆਸ-ਪਾਸ ਦੇ ਖੇਤਾਂ ਵਿਚ ਕਣਕ ਦੀ ਕਟਾਈ ਲਈ ਕੰਬਾਈਨਾਂ ਚੱਲ ਰਹੀਆਂ ਸਨ। ਕਿਸਾਨ ਬੀਬੀਆਂ ਨੇ ਧੁੱਪ ਤੇ ਗਰਮੀ ਦੀ ਪ੍ਰਵਾਹ ਕੀਤੇ ਬਗੈਰ ਕਣਕ ਦੀ ਵਾਢੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਉਕਤ ਸੁਆਣੀਆਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਘਰ ਪੈਦਾ ਹੋਈਆਂ ਹਨ ਅਤੇ ਕਿਸਾਨੀ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਇਸ ਲਈ ਉਹ ਆਪਣੀ ਜ਼ਮੀਨ ਨੂੰ ਓਨਾ ਹੀ ਪਿਆਰ ਕਰਦੀਆਂ ਹਨ, ਜਿੰਨਾ ਕਿ ਉਨ੍ਹਾਂ ਦੇ ਮਰਦ ਪਰਿਵਾਰਕ ਮੈਂਬਰ। ਇਸ ਲਈ ਜ਼ਮੀਨ ਬਚਾਉਣ ਖਾਤਰ ਪਿਛਲੇਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਕੇਂਦਰ ਸਰਕਾਰ ਵਿਰੁੱਧ ਜਿੱਥੇ ਘਰ ਦੇ ਮਰਦ ਮੈਂਬਰ ਸੰਘਰਸ਼ ਵਿਚ ਜੂਝ ਰਹੇ ਹਨ, ਉਥੇ ਉਹ ਘਰ ਚਲਾਉਣ ਦੇ ਨਾਲ-ਨਾਲ ਖੇਤੀਬਾੜੀ ਦਾ ਕੰਮ ਦੇਖ ਰਹੀਆਂ ਹਨ ਤਾਂ ਕਿ ਦਿੱਲੀ ਬੈਠੇ ਕਿਸਾਨਾਂ ਨੂੰ ਪਿੱਛੇ ਘਰਾਂ ਤੇ ਬਾਲ-ਬੱਚਿਆਂ ਦੀ ਚਿੰਤਾ ਨਾ ਸਤਾਏ। ਸੁਆਣੀਆਂ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਨੇ ਹੱਥੀਂ ਵਾਢੀ ਕਾਫੀ ਸਾਲਾਂ ਬਾਅਦ ਕੀਤੀ ਹੈ, ਪਰ ਕਿਸਾਨ ਹੋਣ ਕਰਕੇ ਉਹ ਖੇਤੀਬਾੜੀ ਕਰਨ ਵਿਚ ਆਉਣ ਵਾਲੀਆਂ ਦਿੱਕਤਾਂ ਤੇ ਸਖਤ ਮਿਹਨਤ ਕਰਨ ਦੀਆਂ ਆਦੀ ਹਨ। ਇਸ ਲਈ ਉਹ ਥੋੜ੍ਹੀ-ਥੋੜ੍ਹੀ ਕਰਕੇ ਕਣਕ ਦੀ ਵਾਢੀ ਕਰਨਗੀਆਂ ਤੇ ਕੰਬਾਈਨ ਨਾਲ ਵੀ ਕਣਕ ਦੀ ਕਟਾਈ ਕਰਵਾਉਣ ਲਈ ਅੱਗੇ ਹੋ ਕੇ ਕੰਮ ਕਰਨਗੀਆਂ।

ਕਿਸਾਨਾਂ ਦੀ ਜ਼ਰੂਰ ਹੋਵੇਗੀ ਜਿੱਤ
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਕਰਦਿਆਂ ਸਰਬਜੀਤ ਕੌਰ, ਕਮਲਜੀਤ ਕੌਰ, ਰਸ਼ਪਾਲ ਕੌਰ, ਗੁਰਦੀਪ ਕੌਰ ਤੇ ਮਨਿੰਦਰ ਕੌਰ ਨੇ ਕਿਹਾ ਕਿ ਪਾਸ ਕੀਤੇ ਗਏ ਕਾਨੂੰਨ ਖੇਤੀ ਵਿਰੋਧੀ ਹਨ ਤੇ ਉਹ ਉਕਤ ਕਾਨੂੰਨਾਂ ਦਾ ਵਿਰੋਧ ਕਰਦੀਆਂ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਵਿਵਾਦਤ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਕੀ ਮੰਗਾਂ ਵੀ ਮੰਨੀਆਂ ਜਾਣ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨ ਬੀਬੀਆਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੀ ਜਿੱਤ ਜ਼ਰੂਰ ਹੋਵੇਗੀ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …