Breaking News
Home / ਜੀ.ਟੀ.ਏ. ਨਿਊਜ਼ / ਚੀਨ ‘ਚ ਫੈਲੇ ਕੋਰੋਨਾ ਵਾਇਰਸ ਤੋਂ ਕੈਨੇਡਾ ਵੀ ਚਿੰਤਤ

ਚੀਨ ‘ਚ ਫੈਲੇ ਕੋਰੋਨਾ ਵਾਇਰਸ ਤੋਂ ਕੈਨੇਡਾ ਵੀ ਚਿੰਤਤ

ਓਟਵਾ/ਬਿਊਰੋ ਨਿਊਜ਼ : ਚੀਨ ਵਿਚ ਫੈਲੇ ਕੋਰੋਨਾ ਵਾਇਰਸ ਤੋਂ ਕੈਨੇਡਾ ਵੀ ਚਿੰਤਤ ਹੈ ਅਤੇ ਉਹ ਵੂਹਾਨ ਤੋਂ ਕੈਨੇਡੀਅਨਾਂ ਨੂੰ ਵਾਪਸ ਲਿਆਉਣ ਲਈ ਇਕ ਖਾਸ ਜਹਾਜ਼ ਤਿਆਰ ਕਰ ਰਿਹਾ ਹੈ। ਇਸ ਸਬੰਧੀ ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਨੇ ਦੱਸਿਆ ਕਿ ਕੈਨੇਡਾ ਅਜਿਹਾ ਜਹਾਜ਼ ਤਿਆਰ ਕਰ ਰਿਹਾ ਹੈ ਜਿਹੜਾ ਚੀਨ ਦੇ ਵੁਹਾਨ ਸ਼ਹਿਰ, ਜਿੱਥੋਂ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ, ਵਿੱਚੋਂ ਕੈਨੇਡੀਅਨਾਂ ਨੂੰ ਦੇਸ਼ ਲੈ ਆਵੇ। ਇਸ ਦੇ ਨਾਲ ਹੀ ਸਰਕਾਰ ਕੈਨੇਡੀਅਨਾਂ ਨੂੰ ਚੀਨ ਦੇ ਗੈਰ ਜ਼ਰੂਰੀ ਸਫਰ ਉੱਤੇ ਨਾ ਜਾਣ ਦੀ ਸਲਾਹ ਦੇ ਰਹੀ ਹੈ। ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਕਾਰਨ ਕੈਨੇਡਾ ਨੇ ਚੀਨ ਵਿੱਚ ਆਪਣੀ ਡਿਪਲੋਮੈਟਿਕ ਮੌਜੂਦਗੀ ਵੀ ਘਟਾ ਦਿੱਤੀ ਹੈ। ਸ਼ੈਂਪੇਨ ਨੇ ਆਖਿਆ ਕਿ ਅਗਲਾ ਕਦਮ ਉਨ੍ਹਾਂ 160 ਕੈਨੇਡੀਅਨਾਂ ਨੂੰ ਵਾਪਿਸ ਲਿਆਉਣ ਲਈ ਚੀਨ ਤੋਂ ਸਹਿਯੋਗ ਦੀ ਮੰਗ ਕਰਨਾ ਹੈ, ਜਿਨ੍ਹਾਂ ਨੇ ਮਦਦ ਦੀ ਅਪੀਲ ਕੀਤੀ ਹੈ। ਪਾਰਲੀਮੈਂਟ ਹਿੱਲ ਉੱਤੇ ਗੱਲ ਕਰਦਿਆਂ ਸ਼ੈਂਪੇਨ ਨੇ ਆਖਿਆ ਕਿ ਉਨ੍ਹਾਂ ਵਿੱਚੋਂ ਵੀ ਸਾਰੇ ਚੀਨ ਨਹੀਂ ਛੱਡਣਾ ਚਾਹੁੰਦੇ।
ਜ਼ਿਕਰਯੋਗ ਹੈ ਕਿ ਚੀਨ ਨੇ ਇਸ ਕੋਰੋਨਾਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਆਪਣੇ ਕੇਂਦਰੀ ਪ੍ਰੋਵਿੰਸਿਜ਼, ਜਿੱਥੇ ਕੋਰੋਨਾਵਾਇਰਸ ਪਹਿਲੀ ਵਾਰੀ ਪਾਇਆ ਗਿਆ ਸੀ, ਨੂੰ ਵੀ ਸੀਲ ਕਰ ਦਿੱਤਾ ਹੈ। ਇਹ ਵਾਇਰਸ ਜ਼ੁਕਾਮ ਵਾਂਗ ਰੈਸਪੀਰੇਟਰੀ ਲੱਛਣ ਵਿਖਾਉਂਦਾ ਹੈ ਪਰ ਇਹ ਕਈ ਮਾਮਲਿਆਂ ਵਿੱਚ ਘਾਤਕ ਵੀ ਹੋ ਸਕਦਾ ਹੈ। ਇਸ ਮੌਕੇ ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਆਖਿਆ ਕਿ ਸਰਕਾਰ ਨੇ ਅਜੇ ਵੀ ਇਹ ਫੈਸਲਾ ਕਰਨਾ ਹੈ ਕਿ ਉਨ੍ਹਾਂ ਕੈਨੇਡੀਅਨਾਂ ਨਾਲ ਕੀ ਹੋਵੇਗਾ ਜਿਹੜੇ ਚੀਨ ਛੱਡਣਗੇ, ਤਾਂ ਕਿ ਇਹ ਵਾਇਰਸ ਅੱਗੇ ਨਾ ਫੈਲ ਸਕੇ।
ਇਹ ਪੁੱਛੇ ਜਾਣ ਉੱਤੇ ਕਿ ਚੀਨ ਤੋਂ ਪਰਤੇ ਕੈਨੇਡੀਅਨਾਂ ਨੂੰ ਵੱਖਰਾ ਰੱਖਿਆ ਜਾਵੇਗਾ ਤਾਂ ਹਾਜ਼ਦੂ ਨੇ ਆਖਿਆ ਕਿ ਅਸੀਂ ਹਮੇਸ਼ਾਂ ਕੈਨੇਡੀਅਨਾਂ ਦੀ ਸਿਹਤ ਸਹੀ ਰੱਖਣ ਲਈ ਕੰਮ ਕੀਤਾ ਹੈ ਫਿਰ ਭਾਵੇਂ ਉਹ ਵਿਦੇਸ਼ ਵਿੱਚ ਹੋਣ ਜਾਂ ਦੇਸ਼ ਵਿੱਚ ਹੋਣ। ਉਨ੍ਹਾਂ ਆਖਿਆ ਕਿ ਅਸੀਂ ਉਨ੍ਹਾਂ ਕੈਨੇਡੀਅਨਾਂ ਨੂੰ ਅਜਿਹੀ ਥਾਂ ਰੱਖਾਂਗੇ ਜਿੱਥੇ ਉਨ੍ਹਾਂ ਦੀ ਹਿਫਾਜ਼ਤ ਲਈ ਸੱਭ ਇੰਤਜ਼ਾਮ ਹੋਣ ਤੇ ਵਾਇਰਸ ਅੱਗੇ ਨਾ ਫੈਲ ਸਕੇ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …