ਟੋਰਾਂਟੋ : ਕੈਨੇਡਾ ਵਿੱਚ ਤਾਂ ਅਸੀਂ ਮਰਦਮਸ਼ੁਮਾਰੀ 2026 ‘ਚ ਘਰਾਂ ਵਿਚ ਬੋਲੀ ਜਾਣ ਵਾਲੀ ਜ਼ਬਾਨ ਪੰਜਾਬੀ ਲਿਖਵਾਉਣ ‘ਤੇ ਜ਼ੋਰ ਦੇ ਰਹੇ ਹਾਂ, ਪਰ ਪੰਜਾਬ ਵਿੱਚ ਪੰਜਾਬੀ ਦੀ ਥਾਂ ‘ਤੇ ਸੰਸਕ੍ਰਿਤ ਲਾਜ਼ਮੀ ਕਰਾਰ ਦੇ ਕੇ, ਭਾਰਤ ਸਰਕਾਰ ਦੇ ਆਪਣੇ ਆਰਮੀ ਸਕੂਲਾਂ ਵਿੱਚ ਪੰਜਾਬੀ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜਲੰਧਰ ਸਥਿਤ ਆਰਮੀ ਸਕੂਲ ਨੇ ਪੰਜਾਬ ਵਿੱਚ ਹੀ ਪੰਜਾਬੀ ਬੋਲੀ ਨੂੰ ਬੇਗਾਨੀ ਕਰਦਿਆਂ, ਇਹ ਫਰਮਾਨ ਜਾਰੀ ਕੀਤਾ ਹੈ ਕਿ ਬੱਚਿਆਂ ਨੂੰ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਨਹੀਂ ਪੜ੍ਹਾਈ ਜਾਏਗੀ ਤੇ ਪੰਜਾਬੀ ਦੀ ਥਾਂ ਸੰਸਕ੍ਰਿਤ ਨੂੰ ਲਾਜ਼ਮੀ ਵਿਸ਼ਾ ਬਣਾਇਆ ਗਿਆ ਹੈ। ਮੰਦਭਾਗੀ ਗੱਲ ਇਹ ਹੈ ਕਿ ਪੰਜਾਬੀ ਸਿਰਫ ਉਹਨਾਂ ਬੱਚਿਆਂ ਨੂੰ ਹੀ ਵਿਕਲਪਕ ਵਿਸ਼ੇ ਵਜੋਂ ਪੜ੍ਹਾਈ ਜਾਏਗੀ, ਜਿਹਨਾਂ ਦੇ ਮਾਪੇ ਪੰਜਾਬੀ ਪੜ੍ਹਾਉਣ ਲਈ ਲਿਖਤੀ ਬੇਨਤੀ ਕਰਨਗੇ। ਭਾਰਤ ਦੀ ਭਗਵੀਂ ਕੇਂਦਰੀ ਬੀਜੇਪੀ ਸਰਕਾਰ ਦੇ ਫੌਜੀ ਸਕੂਲ ਨੇ ‘ਸੰਸਕ੍ਰਿਤ ਲਾਜ਼ਮੀ’ ਅਤੇ ‘ਪੰਜਾਬੀ ਆਰਜ਼ੀ’ ਕਰਕੇ, ਜਿਥੇ ਭਾਰਤ ਸਰਕਾਰ ਦੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਉੱਥੇ ਪੰਜਾਬ ਦੀ ਆਪ ਸਰਕਾਰ ਵੱਲੋਂ ਇਸ ਪ੍ਰਤੀ ਬੇਰੁਖੀ ਹੋਰ ਵੀ ਵੱਧ ਦੁਖਦਾਈ ਹੈ।
ਕੈਨੇਡਾ ਸਮੇਤ ਦੁਨੀਆਂ ਦੇ ਹਰ ਕੋਨੇ ਵਿੱਚ ਬੈਠੇ ਪੰਜਾਬੀਆਂ ਤੇ ਪੰਜਾਬੀ ਸੰਸਥਾਵਾਂ ਨੂੰ ਮੂੰਹ ਖੋਲ੍ਹਣਾ ਚਾਹੀਦਾ ਹੈ ਅਤੇ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ। ਪੰਜਾਬ ਦੀਆਂ ਸਾਹਿਤ ਸੰਸਥਾਵਾਂ ਨੂੰ ਇਸ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਪੰਜਾਬੀ ਸਹਿਤ ਸਭਾ ਮੁੱਢਲੀ ਰਜਿਸਟਰਡ, ਐਬਸਫੋਰਡ ਵੱਲੋਂ ਇਸ ਸ਼ਰਮਨਾਕ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ।
ਡਾ. ਗੁਰਵਿੰਦਰ ਸਿੰਘ, ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ, ਐਬਸਫੋਰਡ

