ਦੇਸ਼-ਵਿਦੇਸ਼ਾਂ ‘ਚ ਮੁਸਾਫਰਾਂ ਨੂੰ ਹੋਵੇਗੀ ਪ੍ਰੇਸ਼ਾਨੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਬੀਤੇ ਮਹੀਨਿਆਂ ਤੋਂ ਜਹਾਜ਼ਾਂ ਵਿਚ ਮੁਸਾਫਰਾਂ ਦੀ ਸੇਵਾ ਤੇ ਦੇਖ-ਰੇਖ ਕਰਨ ਵਾਲੇ ਅਮਲੇ ਦੇ ਮੈਂਬਰਾਂ ਦੀ ਯੂਨੀਅਨ ਵਲੋਂ ਕੰਪਨੀ ਏਅਰ ਕੈਨੇਡਾ ਨਾਲ ਆਪਣੀਆਂ ਮੰਗਾਂ ਦੇ ਸਿਲਸਿਲੇ ਵਿਚ ਗੱਲਬਾਤ ਕਿਸੇ ਸਿਰੇ ਨਾ ਲੱਗਣ ਤੋਂ ਬਾਅਦ ਅਗਲੇ ਸ਼ਨਿੱਚਰਵਾਰ ਨੂੰ ਵਿਆਪਕ ਹੜਤਾਲ ਕੀਤੇ ਜਾਣ ਦੀ ਸੰਭਾਵਨਾ ਵਧ ਗਈ ਹੈ।
ਏਅਰ ਕੈਨੇਡਾ ਦੇ ਬੁਲਾਰੇ ਨੇ ਮੁਸਾਫਰਾਂ ਨੂੰ ਹੋਣ ਵਾਲੀ ਦਿੱਕਤ ਬਾਰੇ ਪ੍ਰੇਸ਼ਾਨੀ ਜ਼ਾਹਰ ਕਰਦਿਆਂ ਕਿਹਾ ਕਿ ਯੂਨੀਅਨ ਨੂੰ ਤਨਖਾਹ ‘ਚ ਵਾਜਿਬ ਵਾਧੇ ਦੀ ਮੰਗ (ਅਗਲੇ 4 ਸਾਲਾਂ ਵਿਚ ਸਲਾਨਾ 9 ਕੁ ਫੀਸਦ) ਮੰਨਣ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਰੱਦ ਕਰਦਿਆਂ ਯੂਨੀਅਨ ਵਲੋਂ ਹੜਤਾਲ ਕਰਨ ਦੀ ਜਿੱਦ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਕਰੀਬ 10 ਹਜ਼ਾਰ ਏਅਰ ਹੋਸਟੈਸਾਂ ਨੇ ਹੜਤਾਲ ਦੇ ਹੱਕ ਵਿਚ ਵਧ ਚੜ੍ਹ ਕੇ ਵੋਟਾਂ ਪਾਈਆਂ ਸੀ।
ਸ਼ਨਿੱਚਰਵਾਰ ਤੱਕ ਕੋਈ ਹੱਲ ਨਾ ਨਿਕਲਣ ਦੀ ਹਾਲਤ ਵਿਚ ਸਭ ਤੋਂ ਵੱਧ ਵਿਦੇਸ਼ਾਂ ਤੋਂ ਕੈਨੇਡਾ ਨੂੰ ਜਾਣ ਤੇ ਵਾਪਸ ਆਉਣ ਵਾਲੇ ਜਹਾਜ਼ਾਂ ਦੇ ਮੁਸਾਫਰਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਕਰਕੇ ਏਅਰ ਕੈਨੇਡਾ ਵਲੋਂ ਲੋਕਾਂ ਨੂੰ ਵੈਬਸਾਈਟ ਤੋਂ ਜਹਾਜ਼ਾਂ ਦੇ ਪਹੁੰਚਣ ਤੇ ਰਵਾਨਗੀ ਦਾ ਸਮਾਂ ਦੇਖ ਕੇ ਹੀ ਹਵਾਈ ਅੱਡੇ ਵੱਲ ਜਾਣ ਲਈ ਕਿਹਾ ਗਿਆ ਹੈ। ਇਹ ਵੀ ਕਿ ਜਹਾਜ਼ ਰੱਦ ਹੋਣ ਦੀ ਸਥਿਤੀ ਵਿਚ ਮੁਸਾਫਰਾਂ ਨੂੰ ਪੈਸੇ ਰਿਫੰਡ ਕੀਤੇ ਜਾਣਗੇ ਜਾਂ ਉਨ੍ਹਾਂ ਨੂੰ ਕਿਸੇ ਹੋਰ ਭਾਈਵਾਲ ਹਵਾਈ ਕੰਪਨੀ ਦੇ ਜਹਾਜ਼ ਵਿਚ ਭੇਜਿਆ ਜਾਵੇਗਾ।

