Breaking News
Home / ਹਫ਼ਤਾਵਾਰੀ ਫੇਰੀ / ਮਾਂ ਆਪਣੀ ਧੀ ਨੂੰ ਮਾਰਨ ਦਾ ਕਿਵੇਂ ਸੋਚ ਸਕਦੀ ਹੈ, ਮਾਰਨਾ ਸੀ ਤਾਂ ਇਕ ਮਹੀਨਾ ਇੰਤਜ਼ਾਰ ਕਿਉਂ ਕਰਦੀ : ਅਦਾਲਤ

ਮਾਂ ਆਪਣੀ ਧੀ ਨੂੰ ਮਾਰਨ ਦਾ ਕਿਵੇਂ ਸੋਚ ਸਕਦੀ ਹੈ, ਮਾਰਨਾ ਸੀ ਤਾਂ ਇਕ ਮਹੀਨਾ ਇੰਤਜ਼ਾਰ ਕਿਉਂ ਕਰਦੀ : ਅਦਾਲਤ

‘ਕੁੜੀ ਮਾਰ’ ਕੇਸ ‘ਚੋਂ ਜਗੀਰ ਕੌਰ ਬਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਧੀ ਦੇ ਗਰਭਪਾਤ ਅਤੇ ਹੱਤਿਆ ਦੇ 18 ਸਾਲ ਪੁਰਾਣੇ ਮਾਮਲੇ ਵਿਚ ਹਾਈਕੋਰਟ ਨੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਅਤੇ ਅਕਾਲੀ ਮੰਤਰੀ ਰਹੀ ਬੀਬੀ ਜਗੀਰ ਕੌਰ ਅਤੇ ਚਾਰ ਹੋਰਨਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਪਟਿਆਲਾ ਦੀ ਸੀਬੀਆਈ ਕੋਰਟ ਦੇ 2012 ਵਿਚ ਪੰਜ ਸਾਲ ਕੈਦ ਦੀ ਸਜ਼ਾ ਦੇ ਫੈਸਲੇ ਨੂੰ ਵੀ ਖਾਰਜ ਕਰ ਦਿੱਤਾ। ਜਗੀਰ ਕੌਰ ਇਕ ਸਾਲ ਕੈਦ ਵੀ ਕੱਟ ਚੁੱਕੀ ਹੈ ਅਤੇ ਫਿਲਹਾਲ ਜ਼ਮਾਨਤ ‘ਤੇ ਜ਼ਮਾਨਤ ‘ਤੇ ਸੀ। ਸਜ਼ਾ ਨੂੰ ਉਨ੍ਹਾਂ ਨੇ ਹਾਈਕੋਰਟ ਵਿਚ ਚੁਣੌਤੀ ਦਿੱਤੀ ਸੀ। ਅਦਾਲਤ ਨੇ ਕਿਹਾ, ”ਕੋਈ ਮਾਂ ਧੀ ਨੂੰ ਮਾਰਨ ਦੀ ਸੋਚ ਕਿਵੇਂ ਸਕਦੀ ਹੈ। ਆਰੋਪਾਂ ਦੇ ਮੁਤਾਬਕ ਬੀਬੀ ਨੇ ਧੀ ਦਾ ਗਰਭਪਾਤ ਕਰਾਇਆ ਸੀ, ਜੋ ਕਿ 20 ਮਾਰਚ, 2000 ਨੂੰ ਹੋਇਆ, ਜਦਕਿ ਮੌਤ ਇਕ ਮਹੀਨਾ ਬਾਅਦ 20 ਅਪ੍ਰੈਲ ਨੂੰ ਹੋਈ। ਫਿਰ ਜਾਨ ਤੋਂ ਮਾਰਨ ਲਈ ਇਕ ਮਹੀਨੇ ਦਾ ਇੰਤਜ਼ਾਰ ਕਿਉਂ ਕੀਤਾ ਗਿਆ। ਅਦਾਲਤ ਨੇ ਕਿਹਾ, ਸੀਬੀਆਈ ਨੇ ਆਰੋਪ ਤਾਂ ਲਗਾਏ, ਪਰ ਸਾਬਤ ਕਰਨ ਵਿਚ ਨਕਾਮ ਰਹੀ। 76 ਪੰਨ੍ਹਿਆਂ ਦੇ ਫੈਸਲੇ ਵਿਚ ਹਾਈਕੋਰਟ ਨੇ ਕਿਹਾ ਕਿ ਸੀਬੀਆਈ ਇਸ ਮਾਮਲੇ ਵਿਚ ਆਰੋਪ ਸਾਬਤ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਡਾ. ਤਰਸੇਮ ਸਿੰਘ ਨੇ ਬੀਬੀ ਜਗੀਰ ਕੌਰ ਦੀ ਬੇਟੀ ਹਰਪ੍ਰੀਤ ਕੌਰ ਦੀ ਮੌਤ ਦਾ ਕਾਰਨ ਡਿਹਾਈਡ੍ਰੇਸ਼ਨ ਦੱਸਿਆ ਸੀ। ਗਵਾਹੀ ਵਿਚ ਕਿਹਾ ਗਿਆ ਕਿ ਉਸਦੀ ਮੌਤ ਸੀਐਮਸੀ ਲੁਧਿਆਣਾ ਲਿਜਾਂਦੇ ਸਮੇਂ ਹੋਈ। ਮੌਤ 20 ਅਪ੍ਰੈਲ 2000 ਨੂੰ ਹੋਈ, ਜਦਕਿ ਗਰਭਪਾਤ 20 ਮਾਰਚ 2000 ਨੂੰ ਕਰਵਾਇਆ ਗਿਆ ਕਿ ਗਰਭ ਵਿਚ ਭਰੂਣ ਦੀ ਮੌਤ ਹੋ ਚੁੱਕੀ ਸੀ। ਅਜਿਹੇ ਵਿਚ ਗਰਭਪਾਤ ਕਰਾਉਣਾ ਜ਼ਰੂਰੀ ਸੀ ਅਤੇ ਇਹ ਕੋਈ ਜੁਰਮ ਨਹੀਂ ਹੈ। ਹਾਈਕੋਰਟ ਨੇ ਫੈਸਲੇ ਵਿਚ ਕਿਹਾ ਕਿ ਸੀਬੀਆਈ ਕੋਲ ਇਸ ਮਾਮਲੇ ਵਿਚ ਸਭ ਤੋਂ ਅਹਿਮ ਗਵਾਹ ਹਰਪ੍ਰੀਤ ਦੀ ਛੋਟੀ ਭੈਣ ਰਾਜਨੀਤ ਕੌਰ ਸੀ। ਰਾਜਨੀਤ ਹਰ ਸਮੇਂ ਆਪਣੀ ਭੈਣ ਦੇ ਨਾਲ ਰਹੀ। ਸੀਬੀਆਈ ਨੇ ਰਾਜਨੀਤ ਦੀ ਗਵਾਹੀ ਨਹੀਂ ਲਈ। ਇਹੀ ਨਹੀਂ ਸਾਜਿਸ਼ ਦੇ ਆਰੋਪ ਲਗਾਏ ਗਏ, ਪਰ ਕਿਸੇ ਵੀ ਆਰੋਪੀ (ਦਲਵਿੰਦਰ ਕੌਰ ਨੂੰ ਛੱਡ ਕੇ) ਦਾ ਮੋਬਾਈਲ ਫੋਨ ਜਾਂ ਸਿਮ ਕਾਰਡ ਸੀਜ਼ ਨਹੀਂ ਕੀਤਾ ਗਿਆ। ਖੁਦ ਨੂੰ ਹਰਪ੍ਰੀਤ ਦਾ ਪਤੀ ਦੱਸਣ ਵਾਲੇ ਸ਼ਿਕਾਇਤ ਕਰਤਾ ਕਮਲਜੀਤ ਦਾ ਦਾਅਵਾ ਵੀ ਇਕ ਤਰਫਾ ਹੈ, ਜਿਸ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।
ਦਰਬਾਰ ਸਾਹਿਬ ‘ਚ ਸ਼ੁਕਰਾਨਾ ਅਦਾ ਕੀਤਾ
ਅੰਮ੍ਰਿਤਸਰ : ਧੀ ਦੀ ਹੱਤਿਆ ਮਾਮਲੇ ਵਿਚ ਬਰੀ ਹੋਣ ਤੋਂ ਬਾਅਦ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਸ਼ੁਕਰਾਨਾ ਅਦਾ ਕਰਨ ਪਹੁੰਚੀ ਜਗੀਰ ਕੌਰ ਨੇ ਕਿਹਾ ਕਿ ਉਸਦਾ ਵਾਹਿਗੁਰੂ ‘ਤੇ ਭਰੋਸਾ ਸੀ ਅਤੇ ਇਹ ਭਰੋਸਾ ਇਸ ਫੈਸਲੇ ਦੇ ਬਾਅਦ ਹੋਰ ਪੱਕਾ ਹੋਇਆ ਹੈ। ਉਸਦਾ ਕਹਿਣਾ ਹੈ ਕਿ ਸੱਚੇ ਮਨ ਤੋਂ ਕੀਤੀ ਗਈ ਅਰਦਾਸ ਪ੍ਰਮਾਤਮਾ ਦੇ ਘਰ ਵਿਚ ਜ਼ਰੂਰ ਸੁਣੀ ਜਾਂਦੀ ਹੈ। ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਲਗਭਗ 19 ਸਾਲ ਤੋਂ ਆਰਥਿਕ, ਮਾਨਸਿਕ ਅਤੇ ਸਮਾਜਿਕ ਤੌਰ ‘ਤੇ ਬਹੁਤ ਕੁਝ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਕਾਨੂੰਨ ਅਤੇ ਨਿਆਂ ਵਿਵਸਥਾ ‘ਤੇ ਵੀ ਉਸਦਾ ਵਿਸ਼ਵਾਸ ਪੱਕਾ ਹੋਇਆ ਹੈ। ਇਸ ਤੋਂ ਸਾਬਤ ਹੋਇਆ ਹੈ ਕਿ ਭਾਵੇਂ ਦੇਰ ਹੋਈ, ਪਰ ਨਿਆਂ ਜ਼ਰੂਰ ਮਿਲਿਆ ਹੈ।
ਰੱਬ ਦੀ ਕਚਹਿਰੀ ਤੇ ਲੋਕ ਅਦਾਲਤ ‘ਚੋਂ ਨਹੀਂ ਹੋਈ ਬਰੀ : ਖਹਿਰਾ
ਆਏ ਫੈਸਲੇ ‘ਤੇ ਟਿੱਪਣੀ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਕੁੜੀ ਮਾਰ ਕਤਲ ਕੇਸ ‘ਚੋਂ ਬੀਬੀ ਜਗੀਰ ਕੌਰ ਜੱਜਾਂ ਦੀ ਅਦਾਲਤ ‘ਚੋਂ ਤਾਂ ਬਰੀ ਹੋ ਗਈ ਹੈ ਪਰ ਉਹ ਲੋਕ ਅਦਾਲਤ ਤੇ ਰੱਬ ਦੀ ਕਚਹਿਰੀ ‘ਚੋਂ ਬਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਉਥੇ ਲੇਖਾਂ ਦੇ ਹੀ ਨਬੇੜੇ ਹੁੰਦੇ ਹਨ ਤੇ ਇਹ ਉਸ ਦੀ ਆਤਮਾ ਜਾਣਦੀ ਹੈ ਕਿ ਸੱਚ ਕੀ ਹੈ। ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਦੇ ਬਰੀ ਹੋਣ ‘ਤੇ ਹੁਣ ਸੁਖਪਾਲ ਖਹਿਰ ਦੀਆਂ ਵੀ ਸਿਆਸੀ ਦਿੱਕਤਾਂ ਵਧ ਸਕਦੀਆਂ ਹਨ।
ਐਸਜੀਪੀਸੀ ਦੀ ਪ੍ਰਧਾਨਗੀ ਦੀ ਦੌੜ ‘ਚ ਵੀ ਹੋਈ ਸ਼ਾਮਲ
ਬੀਬੀ ਜਗੀਰ ਕੌਰ ਭੁਲੱਥ ਤੋਂ ਤਿੰਨ ਵਾਰ ਚੋਣ ਜਿੱਤ ਚੁੱਕੀ ਹੈ। ਸਾਲ 2012 ਵਿਚ ਉਹ ਕੈਬਨਿਟ ਮੰਤਰੀ ਵੀ ਬਣੀ ਸੀ। ਅਦਾਲਤ ਤੋਂ ਪੰਜ ਸਾਲ ਦੀ ਸਜ਼ਾ ਸੁਣਾਉਣ ‘ਤੇ ਉਸ ਨੂੰ 13 ਦਿਨ ਬਾਅਦ ਇਹ ਅਹੁਦਾ ਛੱਡਣਾ ਪਿਆ ਸੀ। ਗੱਲ ਐਸਜੀਪੀਸੀ ਦੀ ਪ੍ਰਧਾਨਗੀ ਦੀ ਦੌੜ ਦੀ ਕਰੀਏ ਤਾਂ ਹੁਣ ਬੀਬੀ ਜਗੀਰ ਕੌਰ ਵੀ ਇਸ ਅਹੁਦੇ ਦੀ ਦੌੜ ਵਿਚ ਸ਼ਾਮਲ ਹੋ ਗਈ ਹੈ। ਇਸ ਤੋਂ ਪਹਿਲਾਂ ਉਹ ਪੰਜਾਬ ਦੀ ਪਹਿਲੀ ਮਹਿਲਾ ਐਸਜੀਪੀਸੀ ਪ੍ਰਧਾਨ ਵੀ ਰਹਿ ਚੁੱਕੀ ਹੈ।
ਸੁਪਰੀਮ ਕੋਰਟ ਜਾਵਾਂਗਾ : ਕਮਲਜੀਤ ਸਿੰਘ
ਹਰਪ੍ਰੀਤ ਕੌਰ ਉਰਫ਼ ਰੋਜ਼ੀ ਦੇ ਪਤੀ ਕਮਲਜੀਤ ਸਿੰਘ ਨੇ ਕਿਹਾ ਕਿ ਉਹ ਇਸ ਫੈਸਲੇ ਦੇ ਖਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ 2000 ‘ਚ ਹਰਪ੍ਰੀਤ ਕੌਰ ਉਰਫ਼ ਰੋਜ਼ੀ ਦੀ ਹੱਤਿਆ ਕੀਤੀ ਗਈ। ਇਥੇ ਇਕ ਨਹੀਂ ਬਲਕਿ ਦੋ ਕਤਲ ਹੋਏ ਕਿਉਂਕਿ ਰੋਜ਼ੀ ਦੇ ਪੇਟ ‘ਚ ਪਲ ਰਹੇ ਉਨ੍ਹਾਂ ਦੇ ਬੱਚੇ ਨੂੰ ਵੀ ਮਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 2018 ‘ਚ ਇਹ ਕੇਸ ਹਾਈ ਕੋਰਟ ‘ਚ ਆਇਆ ਸੀ। ਇਸ ਦੌਰਾਨ ਉਨ੍ਹਾਂ ਨੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਬੈਂਚ ਬਦਲਣ ਦੀ ਮੰਗ ਕੀਤੀ ਸੀ, ਹਾਲਾਂਕਿ ਅਜਿਹਾ ਨਹੀਂ ਹੋਇਆ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …