ਜੂਏ ‘ਚ ਵੱਡੀਆਂ ਰਕਮਾਂ ਹਾਰਨ ਦੀ ਗੱਲ ਮੰਨੀ, ਭਾਵੁਕਤਾ ‘ਚ ਹੋ ਗਿਆ ਸੀ ਅਸਤੀਫ਼ੇ ਦਾ ਐਲਾਨ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਬਰੈਂਪਟਨ ਈਸਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਪਿਛਲੇ ਦਿਨਾਂ ਤੋਂ ਤਰ੍ਹਾਂ-ਤਰ੍ਹਾਂ ਦੀਆਂ ਸੁਰਖੀਆਂ ਵਿਚ ਰਹਿ ਰਹੇ ਹਨ ਕਿਉਂਕਿ ਫੇਸਬੁੱਕ ਰਾਹੀਂ ਉਨ੍ਹਾਂ ਨੇ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਸੀ ਜੋ ਉਨ੍ਹਾਂ ਦੀ ਮਾਨਸਿਕ ਹਾਲਤ ਕਾਰਨ ਜੂਆ ਖੇਡਣ ਦੀ ਵਿਗੜੀ ਆਦਤ ਨਾਲ਼ ਜੁੜਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਸਮੀ ਤੌਰ ‘ਤੇ ਹਾਊਸ ਆਫ਼ ਕਾਮਨਜ਼ (ਲੋਕ ਸਭਾ) ਦੇ ਸਪੀਕਰ ਨੂੰ ਆਪਣਾ ਅਸਤੀਫ਼ਾ ਨਾ ਭੇਜਿਆ ਜਿਸ ਕਾਰਨ ਵਿਰੋਧੀ ਧਿਰ ਨੇ ਸਰਕਾਰੀ ਧਿਰ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਪਰ ਹਮਲਾਵਰ ਰੁਖ ਅਖਿਤਆਰ ਕੀਤਾ ਹੋਇਆ ਸੀ।
ਆਪਣੇ ਇਕ ਤਾਜ਼ਾ ਵੀਡਿਓ ਬਿਆਨ ‘ਚ ਗਰੇਵਾਲ ਨੇ ਆਖਿਆ ਕਿ ਭਾਵੇਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਮੈਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਪਰ ਮੇਰੇ ਵਾਸਤੇ ਇਹ ਬਹੁਤ ਔਖਾ ਫੈਸਲਾ ਹੈ। ਉਨ੍ਹਾਂ ਕਿਹਾ ਕਿ 19 ਨਵੰਬਰ ਨੂੰ ਆਪਣੀਆਂ ਵਧੀਆਂ ਸਮੱਸਿਆਵਾਂ ਬਾਰੇ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਸੂਚਿਤ ਕਰ ਦਿੱਤਾ ਸੀ ਤੇ 21 ਨਵੰਬਰ ਨੂੰ ਸਰਕਾਰ ਦੇ ਚੀਫ਼ ਵਿੱਪ ਨੇ (ਗਰੇਵਾਲ ਨੂੰ ) ਅਸਤੀਫ਼ਾ ਦੇਣ ਦੀ ਸਲਾਹ ਦਿੱਤੀ ਸੀ ਪਰ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਸਲਾਹ ਕਰਨ ਦੀ ਮੋਹਲਤ ਮੰਗੀ ਸੀ। ਇਹ ਵੀ ਕਿ ਉਸ ਤੋਂ ਬਾਅਦ ਉਨ੍ਹਾਂ ਨੇ ਭਾਵੁਕਤਾ ਨਾਲ ਫੇਸਬੁੱਕ ਰਾਹੀਂ ਆਪਣੀ ਸੀਟ ਛੱਡਣ ਦਾ ਐਲਾਨ ਕਰ ਦਿੱਤਾ ਸੀ। ਹੁਣ ਉਨ੍ਹਾਂ ਦਾ ਆਖਣਾ ਹੈ ਕਿ ਉਹ ਲਿਬਰਲ ਪਾਰਟੀ ਦਾ ਸੰਸਦੀ ਦਲ (ਕਾਕਸ) ਛੱਡ ਰਹੇ ਹਨ ਅਤੇ ਦਿਮਾਗ ਦਾ ਇਲਾਜ ਕਰਵਾਉਣ ਵਾਸਤੇ ਛੁੱਟੀ ਲੈ ਰਹੇ ਹਨ।
ਗਰੇਵਾਲ ਨੇ ਕਿਹਾ ਕਿ ਅਗਲੇ ਸਾਲ ਪਾਰਲੀਮੈਂਟ ਦਾ ਸੈਸ਼ਨ (28 ਜਨਵਰੀ 2019 ਨੂੰ ) ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਰਾਜਨੀਤਕ ਭਵਿੱਖ ਦਾ ਫੈਸਲਾ ਕਰਨਗੇ। 33 ਸਾਲ ਦੇ ਗਰੇਵਾਲ 19 ਅਕਤੂਬਰ 2015 ਨੂੰ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ। ਉਨ੍ਹਾਂ ਕਿਹਾ ਕਿ ਜਿਹੜੇ ਕੰਮਾਂ ਵਾਸਤੇ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਸੀ ਉਹ ਕੰਮ ਅਜੇ ਪੂਰੇ ਨਹੀਂ ਹੋਏ। ਆਪਣੇ ਵੀਡਿਓ ਸੁਨੇਹੇ ਤੋਂ ਬਾਅਦ ਸਵਾਲ ਦੇ ਜਵਾਬ ਵਿਚ ਗਰੇਵਾਲ ਨੇ ਮੰਨਿਆ ਕਿ ਬਰੈਂਪਟਨ ਈਸਟ ਹਲਕੇ ਦੀ ਸੀਟ ਤੋਂ ਅਸਤੀਫ਼ਾ ਨਹੀਂ ਦੇ ਰਹੇ। ਗਰੇਵਾਲ ਨੇ ਮੰਨਿਆ ਕਿ ਯੂਨੀਵਰਸਟੀ ਵਿਚ ਪੜ੍ਹਦੇ ਸਮੇਂ ਤੋਂ ਉਹ ਜੂਆ ਖੇਡਣ ਵਿਚ ਲੱਗੇ ਹੋਏ ਸਨ। ਇਹ ਵੀ ਕਿ ਮੈਂਬਰ ਪਾਰਲੀਮੈਂਟ ਹੁੰਦਿਆਂ ਉਹ ਰਾਜਧਾਨੀ ਓਟਵਾ ਵਿਖੇ ਜਿਸ ਹੋਟਲ ਵਿਚ ਠਹਿਰਦੇ ਸਨ, ਉਸ ਨਾਲ਼ ਲਗਦੇ ਕੈਸੀਨੋ ‘ਚ ਜੂਆ ਖੇਡਣ ਜਾਂਦੇ ਸਨ। ਵੱਡੀਆਂ ਰਕਮਾਂ ਦਾਅ ‘ਤੇ ਲਗਾਉਂਦੇ ਸਨ ਅਤੇ ਜਿੱਤ-ਹਾਰ ਦਾ ਸਿਲਸਿਲਾ ਚਲਦਾ ਰਹਿੰਦਾ ਸੀ। ਜਿੱਤ ਜਾਣ ‘ਤੇ ਹੋਰ ਵੱਡੀ ਰਕਮ ਜਿੱਤਣ ਅਤੇ ਹਾਰ ਜਾਣ ‘ਤੇ ਅਗਲੀ ਵਾਰ ਜਿੱਤਣ ਦੀ ਆਸ ਵਿਚ ਦਾਅ ਲਗਾਉਂਦੇ ਰਹਿੰਦੇ ਸਨ। ਗਰੇਵਾਲ ਨੇ ਦੱਸਿਆ ਕਿ ਵੱਡੀ ਹਾਰ ਕਾਰਨ ਉਹ ਕਈ ਮਿਲੀਅਨ ਡਾਲਰਾਂ ਦੇ ਕਰਜ਼ਾਈ ਹੋ ਗਏ ਕਿਉਂਕਿ ਪਰਿਵਾਰ ਅਤੇ ਦੋਸਤਾਂ ਤੋਂ ਉਧਾਰੇ ਪੈਸੇ ਲੈ ਕੇ ਜੂਆ ਖੇਡਣ ਜਾਂਦੇ ਹਨ ਪਰ ਇਸ ਬਾਰੇ ਕਿਸੇ ਨੂੰ ਦੱਸਦੇ ਨਹੀਂ ਸਨ। ਕਿੱਤੇ ਪੱਖੋਂ ਵਕੀਲ ਗਰੇਵਾਲ ਨੇ ਇਸ ਭੇਦਭਰੀ ਜ਼ਿੰਦਗੀ ਬਾਰੇ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਤੋਂ ਵੀ ਮੁਆਫ਼ੀ ਮੰਗੀ ਹੈ।
Check Also
ਕੈਨੇਡਾ ‘ਚ ਸੰਸਦੀ ਚੋਣਾਂ 28 ਅਪ੍ਰੈਲ ਨੂੰ
45ਵੀਂ ਲੋਕ ਸਭਾ ਲਈ 343 ਮੈਂਬਰਾਂ ਦੀ ਹੋਵੇਗੀ ਚੋਣ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ …