Breaking News
Home / ਪੰਜਾਬ / ਚੰਡੀਗੜ੍ਹ ਵਿਚ ਭਾਜਪਾ ਦਫ਼ਤਰ ਘੇਰਨ ਜਾਂਦੇ ‘ਆਪ’ ਵਰਕਰਾਂ ‘ਤੇ ਪਾਣੀ ਦੀਆਂ ਬੁਛਾੜਾਂ

ਚੰਡੀਗੜ੍ਹ ਵਿਚ ਭਾਜਪਾ ਦਫ਼ਤਰ ਘੇਰਨ ਜਾਂਦੇ ‘ਆਪ’ ਵਰਕਰਾਂ ‘ਤੇ ਪਾਣੀ ਦੀਆਂ ਬੁਛਾੜਾਂ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਨੂੰ ਲਾਭ ਪਹੁੰਚਾਉਣ ਦਾ ਆਰੋਪ ਲਗਾਉਂਦਿਆਂ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਭਾਜਪਾ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ‘ਆਪ’ ਦੇ ਵੱਡੀ ਗਿਣਤੀ ਵਰਕਰਾਂ ਨੇ ਸੈਕਟਰ-37 ਸਥਿਤ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਭਾਜਪਾ ਦਫ਼ਤਰ ਤੋਂ ਕੁਝ ਦੂਰੀ ‘ਤੇ ਹੀ ਬੈਰੀਕੇਡ ਲਾ ਕੇ ‘ਆਪ’ ਵਰਕਰਾਂ ਨੂੰ ਰੋਕ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ।
ਇਸ ਮੌਕੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਯੂਥ ਆਗੂ ਪਰਮਿੰਦਰ ਸਿੰਘ, ਡਾ. ਸੰਨੀ ਆਹਲੂਵਾਲੀਆ, ਪ੍ਰੇਮ ਗਰਗ, ਪ੍ਰਭਜੋਤ ਕੌਰ, ਗੁਰਵਿੰਦਰ ਮਿੱਤਲ ਸਣੇ ਕਈ ‘ਆਪ’ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ।
ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਥਾਣਾ ਸੈਕਟਰ-39 ਲੈ ਕੇ ਗਈ ਜਿੱਥੋਂ ਕੁਝ ਸਮੇਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਛੱਡ ਦਿੱਤਾ ਗਿਆ। ਇਸ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿੱਚ ਝੜਪ ਹੋਣ ਕਰਕੇ ‘ਆਪ’ ਦੇ ਯੂਥ ਆਗੂ ਪਰਮਿੰਦਰ ਦੀ ਬਾਂਹ ਵੀ ਟੁੱਟ ਗਈ। ਇਸ ਤੋਂ ਇਲਾਵਾ ਇਕ ਆਗੂ ਦੇ ਸਿਰ ਵਿੱਚ ਟਾਂਕੇ ਵੀ ਲੱਗੇ। ਜਦਕਿ ਕਈ ਮਹਿਲਾ ਆਗੂਆਂ ਵੀ ਜ਼ਖ਼ਮੀ ਹੋਈਆਂ।
‘ਆਪ’ ਵਰਕਰਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਪੂੰਜੀਪਤੀ ਦੋਸਤਾਂ ਨੂੰ ਲਾਭ ਪਹੁੰਚਾਉਣ ਲਈ ਇਕ-ਇਕ ਕਰਕੇ ਸਾਰੀਆਂ ਸਰਕਾਰੀ ਸੰਸਥਾਵਾਂ ਨੂੰ ਅਡਾਨੀ ਗਰੁੱਪ ਹਵਾਲੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅਡਾਨੀ ਗਰੁੱਪ ਨੂੰ ਲਾਭ ਪਹੁੰਚਾਉਣ ਲਈ ਕਈ ਗਲਤ ਕੰਮਾਂ ‘ਚ ਹਿੱਸਾ ਪਾਇਆ ਹੈ। ਇਸੇ ਕਰਕੇ ਇਕ ਪਾਸੇ ਦੇਸ਼ ਦੇ ਸਿਰ ਕਰਜ਼ੇ ਦਾ ਬੋਝ ਲਗਾਤਾਰ ਵਧ ਰਿਹਾ ਹੈ, ਦੂਜੇ ਪਾਸੇ ਅਡਾਨੀ ਵਰਗੇ ਪੂੰਜੀਪਤੀਆਂ ਦੀ ਆਮਦਨ ਲਗਾਤਾਰ ਵਧਦੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਤੋਂ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਦੇਸ਼ ਨੂੰ ਹੋਰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੋਦੀ ਕਾਰਜਕਾਲ ‘ਚ ਅਡਾਨੀ ਦੀ ਜਾਇਦਾਦ ਵਧੀ: ਬਰਸਟ
ਆਮ ਆਦਮੀ ਪਾਰਟੀ ਨੇ ਹਿੰਡਨਬਰਗ ਰਿਪੋਰਟ ਦੇ ਮਾਮਲੇ ‘ਤੇ ਮੋਦੀ-ਅਡਾਨੀ ਘੁਟਾਲੇ ਨੂੰ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੱਤਾ। ‘ਆਪ’ ਪੰਜਾਬ ਦੇ ਜਨਰਲ ਸਕੱਤਰ ਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਤੇ ਬੁਲਾਰਿਆਂ ਨੀਲ ਗਰਗ, ਡਾ. ਸੰਨੀ ਆਹਲੂਵਾਲੀਆ ਅਤੇ ਸ਼ਮਿੰਦਰ ਨੇ ਆਰੋਪ ਲਾਇਆ ਕਿ ਮੋਦੀ ਸਰਕਾਰ ਆਪਣੇ ਕਰੀਬੀ ਪੂੰਜੀਪਤੀਆਂ ਦੀ ਹਮਾਇਤ ਕਰਦਿਆਂ ਦੇਸ਼ ਦੇ ਲੋਕਾਂ ਨੂੰ ਆਰਥਿਕ ਮੰਦੀ ਵੱਲ ਧੱਕ ਰਹੀ ਹੈ। ਬਰਸਟ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਪੂੰਜੀਵਾਦੀ ਪੱਖੀ ਨੀਤੀਆਂ ਸਦਕਾ 2014 ‘ਚ 609ਵੇਂ ਸਥਾਨ ਤੋਂ ਛਾਲ ਮਾਰ ਕੇ ਅਡਾਨੀ 2022 ਵਿੱਚ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ। ਮੋਦੀ ਸਰਕਾਰ ਤੋਂ ਪਹਿਲਾਂ 2014 ‘ਚ ਅਡਾਨੀ ਦੀ ਜਾਇਦਾਦ 37000 ਕਰੋੜ ਸੀ ਜੋ 2018 ਵਿੱਚ 59000 ਕਰੋੜ ਹੋਈ ਤੇ 2020 ‘ਚ ਵਧ ਕੇ ਢਾਈ ਲੱਖ ਕਰੋੜ ਦੀ ਹੋ ਗਈ। 2022 ਵਿੱਚ ਇਹ ਜਾਇਦਾਦ 13 ਲੱਖ ਕਰੋੜ ਹੋ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅਡਾਨੀ ਨੂੰ ਦੇਸ਼ ਦਾ ਕੋਲਾ, ਗੈਸ, ਬਿਜਲੀ, ਪਾਣੀ, ਸੜਕ, ਸੀਮਿੰਟ, ਸਟੀਲ, ਹਵਾਈ ਅੱਡਾ, ਬੰਦਰਗਾਹ ਆਦਿ ਸਭ ਦੇ ਦਿੱਤਾ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ ਅਤੇ ਸ੍ਰੀਲੰਕਾ ‘ਚ ਉਸ ਨੂੰ ਬਿਜਲੀ ਦੇ ਠੇਕੇ, ਆਸਟਰੇਲੀਆ ਵਿੱਚ ਖਾਣਾਂ ਮਿਲੀਆਂ ਹਨ।

 

Check Also

ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੀ ਨਵੀਂ ਖੇਤੀ ਪਾਲਿਸੀ ’ਤੇ ਚੁੱਕੇ ਸਵਾਲ

ਕਿਹਾ : ਨਵੀਂ ਖੇਤੀ ਪਾਲਿਸੀ ਦਾ ਪੰਜਾਬ ਦੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਪਟਿਆਲਾ/ਬਿਊਰੋ ਨਿਊਜ਼ …