Breaking News
Home / ਪੰਜਾਬ / ਪੰਜਾਬ ‘ਚ ਬਿਜਲੀ ਸੰਕਟ ਵਧਣ ਦੀ ਸੰਭਾਵਨਾ, ਥਰਮਲ ਪਲਾਂਟਾਂ ਦੇ 6 ਯੂਨਿਟ ਹੋਏ ਬੰਦ

ਪੰਜਾਬ ‘ਚ ਬਿਜਲੀ ਸੰਕਟ ਵਧਣ ਦੀ ਸੰਭਾਵਨਾ, ਥਰਮਲ ਪਲਾਂਟਾਂ ਦੇ 6 ਯੂਨਿਟ ਹੋਏ ਬੰਦ

ਪਟਿਆਲਾ/ਬਿਊਰੋ ਨਿਊਜ਼ : ਬਿਜਲੀ ਨਿਗਮ ਸੂਬੇ ‘ਚ ਵਧੀ ਬਿਜਲੀ ਦੀ ਮੰਗ ਨੂੰ ਲੈ ਕੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਕਸੂਤੀ ਸਥਿਤੀ ‘ਚ ਫਸਦਾ ਨਜ਼ਰ ਆ ਰਿਹਾ ਹੈ। ਦੱਸਣਯੋਗ ਹੈ ਕਿ ਸੂਬੇ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਬਾਰੇ ਥਰਮਲ ਪਲਾਂਟਾਂ ਦੇ 6 ਯੂਨਿਟ ਵੱਖ-ਵੱਖ ਕਾਰਨਾਂ ਕਰਕੇ ਬੰਦ ਹੋ ਗਏ ਹਨ। ਇਸ ਤੋਂ ਇਲਾਵਾ 4 ਥਰਮਲ ਪਲਾਂਟਾਂ ‘ਚ ਹਫ਼ਤੇ ਤੋਂ ਘੱਟ ਦਾ ਕੋਲਾ ਬਾਕੀ ਰਹਿ ਗਿਆ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਬਿਜਲੀ ਨਿਗਮ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਝੋਨੇ ਦੇ ਸੀਜ਼ਨ ਨਾਲ ਸੰਬੰਧਿਤ ਸਾਰੀਆਂ ਤਿਆਰੀਆਂ ਮੁਕੰਮਲ ਕਰਦਾ ਹੈ ਪਰ ਇਸ ਵਰ੍ਹੇ ਬਿਜਲੀ ਨਿਗਮ ਦੇ ਥਰਮਲ ਪਲਾਂਟਾਂ ਦੇ ਵੱਖ-ਵੱਖ ਯੂਨਿਟਾਂ ਦਾ ਕਿਸੇ ਵੀ ਕਾਰਨ ਕਰ ਕੇ ਖ਼ਰਾਬ ਹੋਣਾ ਬਿਜਲੀ ਦੀ ਮੰਗ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕਰਨ ਦਾ ਖ਼ਦਸ਼ਾ ਪੈਦਾ ਕਰਦਾ ਹੈ।
ਇਸ ਸਮੇਂ ਸਰਕਾਰੀ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ 1 ਯੂਨਿਟ (210 ਮੈਗਾਵਾਟ) ਬੀਤੀ 13 ਫਰਵਰੀ, 2022 ਤੋਂ ਈ.ਐੱਸ.ਪੀ. ਬਰੇਕ ਡਾਊਨ ਹੋਣ ਕਰ ਕੇ ਬੰਦ ਪਿਆ ਹੈ। ਲਹਿਰਾ ਮੁਹੱਬਤ ਪਲਾਂਟ ਦਾ ਯੂਨਿਟ 125 ਕਰੋੜ ਦਾ ਸੰਭਾਵਿਤ ਖਰਚਾ ਹੋਣ ਕਰਕੇ ਅਜੇ ਤੱਕ ਠੀਕ ਨਹੀਂ ਕਰਵਾਇਆ ਗਿਆ। ਇਸ ਤੋਂ ਇਲਾਵਾ ਸਰਕਾਰੀ ਥਰਮਲ ਪਲਾਂਟ ਰੋਪੜ ਦੇ 2 ਯੂਨਿਟ ਓਵਰਹਾਲਿੰਗ ਦੇ ਚਲਦਿਆਂ ਤੇ ਇਕ ਯੂਨਿਟ 7 ਫਰਵਰੀ, 2023 ਤੋਂ ਲੈ ਕੇ 7 ਮਾਰਚ 2023 ਤੱਕ ਬੰਦ ਹੈ ਅਤੇ ਦੂਜਾ ਯੂਨਿਟ 13 ਫਰਵਰੀ 2022 ਤੋਂ ਬੁਆਇਲਰ ਦੇ ਲੀਕੇਜ਼ ਕਾਰਨ ਬੰਦ ਪਿਆ ਹੈ। ਜੇਕਰ ਨਿੱਜੀ ਥਰਮਲ ਪਲਾਂਟਾਂ ਦੀ ਗੱਲ ਕੀਤੀ ਜਾਵੇ ਤਾਂ ਰਾਜਪੁਰਾ ਥਰਮਲ ਪਲਾਂਟ ਦਾ (700 ਮੈਗਾਵਾਟ) 1 ਯੂਨਿਟ ਸਾਲਾਨਾ ਸ਼ਟਡਾਊਨ ਦੇ ਚਲਦਿਆਂ 3 ਫਰਵਰੀ ਤੋਂ ਲੈ ਕੇ 26 ਫਰਵਰੀ ਤੱਕ ਬੰਦ ਕੀਤਾ ਗਿਆ ਹੈ। ਤਲਵੰਡੀ ਸਾਬੋ ਪਲਾਂਟ ਦੇ 2 ਯੂਨਿਟਾਂ ‘ਚੋਂ 2 ਨੰਬਰ ਯੂਨਿਟ ਬੁਆਇਲਰ ਦੀ ਲੀਕੇਜ਼ ਕਾਰਨ 11 ਫਰਵਰੀ ਨੂੰ ਬੰਦ ਹੋ ਗਿਆ ਸੀ, ਜਦੋਂ ਕਿ 3 ਨੰਬਰ ਯੂਨਿਟ 13 ਫਰਵਰੀ 2022 ਤੋਂ ਬੁਆਇਲਰ ਦੀ ਲੀਕੇਜ ਕਾਰਨ ਬੰਦ ਹੀ ਪਿਆ ਹੈ।
ਇਨ੍ਹਾਂ ਯੂਨਿਟਾਂ ਵਿਚ ਖ਼ਰਾਬੀ ਕਰਕੇ ਦਿਹਾਤੀ ਖੇਤਰਾਂ ਵਿਚ ਲੋਕਾਂ ਨੂੰ ਸਵੇਰੇ ਸ਼ਾਮ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ ਹੈ। ਜੇਕਰ ਸਮੇਂ ਸਿਰ ਇਹ ਯੂਨਿਟ ਠੀਕ ਨਹੀਂ ਹੁੰਦੇ ਹਨ ਤਾਂ ਬਿਜਲੀ ਕੱਟ ਜਾਰੀ ਰਹਿ ਸਕਦੇ ਹਨ। ਇਸ ਸਮੇਂ ਸੂਬੇ ਦੀ ਬਿਜਲੀ ਦੀ ਮੰਗ ਨੂੰ ਸਰਕਾਰੀ ਤੇ ਨਿੱਜੀ ਥਰਮਲ ਪਲਾਂਟਾਂ ਦੀਆਂ ਕੁੱਲ 15 ‘ਚੋਂ 9 ਯੂਨਿਟਾਂ ਅਤੇ ਬਿਜਲੀ ਖ਼ਰੀਦ ਸਮਝੌਤੇ ਤੋਂ ਬਿਜਲੀ ਪ੍ਰਾਪਤ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ। ਬਿਜਲੀ ਯੂਨਿਟ ਬੰਦ ਹੋਣ ਨਾਲ ਕਰੀਬ-ਕਰੀਬ 1400 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਪਹਿਲਾਂ ਸਰਦੀਆਂ ‘ਚ ਥਰਮਲ ਪਲਾਂਟ ਬਿਜਲੀ ਦੀ ਜ਼ਿਆਦਾ ਮੰਗ ਨਾ ਹੋਣ ਕਰਕੇ ਬੰਦ ਕਰ ਦਿੱਤੇ ਜਾਂਦੇ ਸੀ ਤਾਂ ਉਨ੍ਹਾਂ ਦੀ ਸਮੇਂ ਸਿਰ ਮੁਰੰਮਤ ਕੀਤੀ ਜਾਂਦੀ ਸੀ, ਪਰ ਇਸ ਵਾਰ ਸਰਦੀਆਂ ਵਿਚ ਵੀ ਮੁਫ਼ਤ ਬਿਜਲੀ ਦੀ ਸਕੀਮ ਨੇ ਥਰਮਲ ਪਲਾਂਟਾਂ ਨੂੰ ਸਾਹ ਨਹੀਂ ਆਉਣ ਦਿੱਤਾ ਤੇ ਸੂਬੇ ਦੇ ਬਿਜਲੀ ਥਰਮਲ ਪਲਾਂਟ ਲਗਾਤਾਰ ਚਲਾਏ ਜਾ ਰਹੇ ਹਨ, ਜਿਨ੍ਹਾਂ ਕਰਕੇ ਬਿਜਲੀ ਥਰਮਲ ਪਲਾਂਟਾਂ ਵਿਚ ਵਿਚ ਖ਼ਰਾਬੀ ਆਉਣੀ ਆਮ ਗੱਲ ਹੋ ਗਈ ਹੈ।
ਇਸ ਵੇਲੇ ਬਿਜਲੀ ਯੂਨਿਟ ਬੰਦ ਹੋਣ ਕਰਕੇ ਮੰਗ ਪੂਰੀ ਕਰਨ ਲਈ ਪਾਵਰਕਾਮ ਵਲੋਂ ਬਿਜਲੀ ਐਕਸਚੇਂਜ ਤੋਂ ਬਿਜਲੀ ਦੀ ਖ਼ਰੀਦ ਕੀਤੀ ਜਾ ਰਹੀ ਹੈ। ਇਕ ਜਾਣਕਾਰੀ ਮੁਤਾਬਕ ਸਰਦੀਆਂ ਦੇ ਮੌਸਮ ‘ਚ ਜਨਵਰੀ ਤੇ ਫਰਵਰੀ ‘ਚ ਪਿਛਲੇ ਸਾਲ ਦੇ ਮੁਕਾਬਲੇ 21 ਤੋਂ 22 ਫੀਸਦੀ ਬਿਜਲੀ ਦੀ ਜ਼ਿਆਦਾ ਮੰਗ ਦਰਜ ਕੀਤੀ ਗਈ ਹੈ, ਜਿਸ ਕਰਕੇ ਮੁਫ਼ਤ ਸਕੀਮ ਨੇ ਗਰਮੀਆਂ ਤੋਂ ਪਹਿਲਾਂ ਹੀ ਬਿਜਲੀ ਦੇ ਥਰਮਲ ਪਲਾਂਟਾਂ ਦੀ ਫ਼ੂਕ ਕੱਢਣੀ ਸ਼ੁਰੂ ਕਰ ਦਿੱਤੀ ਹੈ।

Check Also

ਪੰਜਾਬ ’ਚ ਚੋਣਾਂ ਲਈ ਘਰ-ਘਰ ਭੇਜਿਆ ਜਾਵੇਗਾ ‘ਚੋਣ ਸੱਦਾ’ ਪੱਤਰ

1 ਜੂਨ ਨੂੰ ਪੰਜਾਬ ’ਚ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਚੋਣ ਅਧਿਕਾਰੀ …