ਪੰਜਾਬ ਕੈਡਰ ਦੇ 3 ਆਈਪੀਐਸ ਦੇ ਨਾਮ ਹਨ ਸੂਚੀ ’ਚ
ਚੰਡੀਗੜ੍ਹ/ਬਿੳੂਰੋ ਨਿੳੂਜ਼
ਚੰਡੀਗੜ੍ਹ ਦੇ ਐਸਐਸਪੀ ਦੇ ਨਾਮ ’ਤੇ ਅਜੇ ਤੱਕ ਮੋਹਰ ਨਹੀਂ ਲੱਗੀ ਹੈ। ਪੰਜਾਬ ਕੈਡਰ ਦੇ ਕਿਸੇ ਵੀ ਆਈਪੀਐਸ ਨੂੰ ਫਿਲਹਾਲ ਚੰਡੀਗੜ੍ਹ ਪੁਲਿਸ-ਪ੍ਰਸ਼ਾਸਨ ਵਿਚ ਐਂਟਰੀ ਨਹੀਂ ਮਿਲ ਸਕੀ ਹੈ। ਨਤੀਜਨ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਦੋਂ ਚੰਡੀਗੜ੍ਹ ਬਿਨਾ ਐਸਐਸਪੀ ਦੇ ਅਗਲੇ ਸਾਲ, 2023 ਵਿਚ ਪ੍ਰਵੇਸ਼ ਕਰੇਗਾ। ਧਿਆਨ ਰਹੇ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪਹਿਲਾਂ ਹੀ ਚੰਡੀਗੜ੍ਹ-ਪ੍ਰਸ਼ਾਸਨ ਨੂੰ 3 ਆਈਪੀਐਸ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਭੇਜ ਦਿੱਤਾ ਸੀ। ਮੀਡੀਆ ਵਿਚ ਆਈ ਜਾਣਕਾਰੀ ਮੁਤਾਬਕ ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਵਲੋਂ ਪੈਨਲ ਵਿਚ ਸ਼ਾਮਲ 3 ਆਈਪੀਐਸ ਅਧਿਕਾਰੀਆਂ ਵਿਚੋਂ ਮੋਹਾਲੀ ਦੇ ਮੌਜੂਦਾ ਐਸਐਸਪੀ, ਆਈਪੀਐਸ ਸੰਦੀਪ ਗਰਗ ਦਾ ਨਾਮ ਫਾਈਨਲ ਕੀਤਾ ਗਿਆ ਹੈ। ਰਾਜਪਾਲ ਵਲੋਂ ਇਸ ਸਬੰਧੀ ਫਾਈਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਭੇਜੀ ਜਾ ਚੁੱਕੀ ਹੈ, ਪਰ ਗ੍ਰਹਿ ਮੰਤਰਾਲੇ ਵਲੋਂ ਅਜੇ ਤੱਕ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬੀਐਲ ਪੁਰੋਹਿਤ ਨੇ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਚਹਿਲ ਨੂੰ ਉਨ੍ਹਾਂ ਦੇ ਕਾਰਜਕਾਲ ਦੇ ਨਿਰਧਾਰਤ ਸਮੇਂ ਤੋਂ 10 ਮਹੀਨੇ ਪਹਿਲਾਂ ਹੀ ਚੰਡੀਗੜ੍ਹ ਦੇ ਐਸਐਸਪੀ ਦੀ ਜ਼ਿੰਮੇਵਾਰੀ ਤੋਂ ਫਾਰਗ ਕਰ ਦਿੱਤਾ ਸੀ। ਇਸ ਤੋਂ ਬਾਅਦ ਯੂਟੀ ਦੇ ਕਾਰਜਕਾਰੀ ਐਸਐਸਪੀ ਦੀ ਜ਼ਿੰਮੇਵਾਰੀ ਹਰਿਆਣਾ ਕੈਡਰ ਦੀ ਆਈਪੀਐਸ ਮਨੀਸ਼ਾ ਚੌਧਰੀ ਨੂੰ ਸੌਂਪ ਦਿੱਤੀ ਗਈ ਸੀ।