ਮੀਡੀਆ ਦਾ ਕੁਝ ਹਿੱਸਾ ਦਿਖਾ ਰਿਹਾ ਹੈ ਕਿਸਾਨਾਂ ਦੇ ਖਿਲਾਫ ਖਬਰਾਂ
ਚੰਡੀਗੜ੍ਹ/ਬਿਊਰੋ ਨਿਊਜ਼
ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਹਰਿਆਣਾ ਦੀ ਸਮੂਹ ਸਿੱਖ ਸੰਗਤ ਨੇ ਕਿਸਾਨ ਵਿਰੋਧੀ ਖ਼ਬਰਾਂ ਦਿਖਾਉਣ ਵਾਲੇ ਮੀਡੀਆ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਖੁੱਲ੍ਹੇ ਅਸਮਾਨ ਹੇਠ ਦਿੱਲੀ ਦੀਆਂ ਸੜਕਾਂ ‘ਤੇ ਢਾਈ ਮਹੀਨਿਆਂ ਤੋਂ ਡਟੇ ਹੋਏ ਹਨ। ਇਸ ਦੇ ਬਾਵਜੂਦ ਮੀਡੀਆ ਦਾ ਕੁਝ ਹਿੱਸਾ ਕਿਸਾਨਾਂ ਦੇ ਖ਼ਿਲਾਫ਼ ਹੀ ਖ਼ਬਰਾਂ ਵਿਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਉਹ ਕਲਾਕਾਰ, ਫਿਲਮੀ ਅਦਾਕਾਰ ਤੇ ਗਾਇਕ ਜਿਹੜੇ ਕਿਸਾਨ ਵਿਰੋਧੀ ਮੀਡੀਆ ਨਾਲ ਸਾਂਝ ਰੱਖਣਗੇ, ਉਨ੍ਹਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ। ‘ਖਾਲਸਾ ਪੰਚਾਇਤ’ ਦੇ ਰਾਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਦੇਸ਼ ਵਿੱਚ ਚੱਲ ਰਹੇ ਅੰਦੋਲਨ ਦੇ ਖ਼ਿਲਾਫ਼ ਇਕਪਾਸੜ ਖ਼ਬਰਾਂ ਦਿਖਾ ਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਾਰੇ ਨਾ ਤਾਂ ਭਾਰਤ ਸਰਕਾਰ ਨੇ ਕੋਈ ਨੀਤੀ ਤਿਆਰ ਕੀਤੀ ਹੈ ਅਤੇ ਨਾ ਹੀ ਸੁਪਰੀਮ ਕੋਰਟ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਹਰਿਆਣਾ ਦੀ ਸਿੱਖ ਸੰਗਤ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ‘ਤੇ ਲਿਆਂਦੇ ਤਿੰਨੇ ਕਾਨੂੰਨ ਕਿਸਾਨ ਵਿਰੋਧੀ ਹਨ। ਇਸ ਲਈ ਸਰਕਾਰ ਨੂੰ ਕਾਨੂੰਨ ਰੱਦ ਕਰਕੇ ਐੱਮਐੱਸਪੀ ‘ਤੇ ਫ਼ਸਲਾਂ ਦੀ ਯਕੀਨੀ ਖ਼ਰੀਦ ਦਾ ਕਾਨੂੰਨ ਬਣਾਉਣ ਚਾਹੀਦਾ ਹੈ। ਹੋਰ ਮੰਗਾਂ ਵੀ ਮੰਨਣੀਆਂ ਚਾਹੀਦੀਆਂ ਹਨ। ਉਨ੍ਹਾਂ ਹਰਿਆਣਾ ਪੁਲਿਸ ਵੱਲੋਂ ਨੌਦੀਪ ਕੌਰ ‘ਤੇ ਕੀਤੇ ਗਏ ਕਥਿਤ ਤਸ਼ਦੱਦ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਦੀ ਜ਼ਮਾਨਤ ਲਈ ਹੁਣ ਉਹ ਹਾਈ ਕੋਰਟ ਜਾਣਗੇ। ਸਿੱਖ ਸੰਗਤ ਨੇ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਹੋਰਨਾਂ ਨੌਜਵਾਨਾਂ ਨੂੰ ਵੀ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਡਾ. ਪਿਆਰੇ ਲਾਲ ਗਰਗ, ਪ੍ਰੋ.ਮਨਜੀਤ ਸਿੰਘ, ਡਾ. ਖੁਸ਼ਹਾਲ ਸਿੰਘ, ਡਾ. ਭਗਵਾਨ ਸਿੰਘ, ਜਸਪਾਲ ਸਿੰਘ ਸਿੱਧੂ, ਗੁਰਨਾਮ ਸਿੰਘ, ਸੁਖਵਿੰਦਰ ਸਿੰਘ ਯਮੁਨਾਨਗਰ, ਹਰਿਆਣਾ ਕਮੇਟੀ ਦੇ ਕੁਰੂਕਸ਼ੇਤਰ ਤੋਂ ਮੈਂਬਰ ਆਪਾਰ ਸਿੰਘ, ਸਤਿਕਾਰ ਸਭਾ ਹਰਿਆਣਾ ਤੋਂ ਬਾਬਾ ਬਲਵਿੰਦਰ ਸਿੰਘ ਅਤੇ ਹੋਰ ਬੁੱਧੀਜੀਵੀ ਹਾਜ਼ਰ ਸਨ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …