ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਯੂਕਰੇਨ ਵਿੱਚ ਰੂਸ ਵੱਲੋਂ ਕੀਤੀ ਜਾ ਰਹੀ ਬੰਬਾਰੀ ਵਿੱਚ ਤਬਾਹ ਹੋਏ ਹਸਪਤਾਲਾਂ, ਸਕੂਲਾਂ, ਮਾਰੇ ਗਏ ਲੋਕਾਂ ਦੀਆਂ ਤਸਵੀਰਾਂ ਵੇਖਣ ਅਤੇ ਰਾਸ਼ਟਰਪਤੀ ਜੈਲੈਂਸਕੀ ਵੱਲੋਂ ਜੰਗ ਦੇ ਝੰਬੇ ਮੁਲਕ ਉੱਤੇ ਨੋ ਫਲਾਈ ਜੋਨ ਬਣਾਉਣ ਦੀ ਅਪੀਲ ਦੇ ਬਾਵਜੂਦ ਕੈਨੇਡਾ ਨੂੰ ਕੁੱਝ ਸਖਤ ਫੈਸਲੇ ਲੈਣੇ ਪੈ ਰਹੇ ਹਨ। ਜਸਟਿਨ ਟਰੂਡੋ ਨੇ ਕਿਹਾ ਕਿ ਇਹ ਫੈਸਲੇ ਸਭ ਦੀ ਭਲਾਈ ਲਈ ਲਏ ਜਾਣਗੇ। ਨੌਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ (ਨਾਟੋ) ਦੇ ਮੈਂਬਰ ਮੁਲਕਾਂ, ਜਿਨ੍ਹਾਂ ਵਿੱਚ ਕੈਨੇਡਾ ਵੀ ਸ਼ਾਮਲ ਹੈ, ਨੇ ਪ੍ਰੈਜੀਡੈਂਟ ਵੋਲੋਦੀਮੀਰ ਜੈਲੈਂਸਕੀ ਦੀ ਯੂਕਰੇਨ ਉੱਤੇ ਨੋ ਫਲਾਈ ਜੋਨ ਬਣਾਉਣ ਦੀ ਅਪੀਲ ਖਾਰਜ ਕਰ ਦਿੱਤੀ ਕਿਉਂਕਿ ਇਨ੍ਹਾਂ ਮੁਲਕਾਂ ਦਾ ਮੰਨਣਾ ਹੈ ਕਿ ਇਸ ਨਾਲ ਹਾਲਾਤ ਸੁਧਰਨ ਦੀ ਬਜਾਇ ਹੋਰ ਵਿਗੜ ਜਾਣਗੇ।
ਐਲਿਸਟਨ, ਓਨਟਾਰੀਓ ਵਿੱਚ ਕੈਨੇਡਾ ਦੇ ਆਟੋਮੋਟਿਵ ਸੈਕਟਰ ਲਈ ਨਵੀਂ ਮਦਦ ਦਾ ਐਲਾਨ ਕਰਦਿਆਂ ਟਰੂਡੋ ਨੇ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨੋ ਫਲਾਈ ਜੋਨ ਨਾਲ ਯੂਕਰੇਨ ਵਿੱਚ ਹੋ ਰਹੀ ਤਬਾਹੀ ਤਾਂ ਸ਼ਾਇਦ ਨਾ ਰੁਕੇ ਸਗੋਂ ਨਾਟੋ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕੀਤੇ ਜਾਣ ਨਾਲ ਨਾਟੋ ਤੇ ਰੂਸ ਵਿਚਾਲੇ ਜੰਗ ਜ਼ਰੂਰ ਸ਼ੁਰੂ ਹੋ ਸਕਦੀ ਹੈ। ਇਹੋ ਜਿਹੇ ਹੀ ਵਿਚਾਰ ਸਕੱਤਰ ਜਨਰਲ ਜੈਨਸ ਸਟੋਲਟਨਬਰਗ ਨੇ ਇੱਕ ਵੱਖਰੀ ਨਿਊਜ਼ ਕਾਨਫਰੰਸ ਵਿੱਚ ਪ੍ਰਗਟਾਏ।
ਜੈਲੈਂਸਕੀ ਦੀ ਅਜਿਹੀ ਬੇਨਤੀ ਤੋਂ ਕੁੱਝ ਘੰਟਿਆਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਨੂੰ 800 ਮਿਲੀਅਨ ਡਾਲਰ ਦੀ ਮਦਦ ਮੁਹੱਈਆ ਕਰਵਾਉਣ ਲਈ ਵਿਦੇਸ਼ ਮੰਤਰਾਲੇ ਨੂੰ ਖੁੱਲ੍ਹ ਦੇਣ ਵਾਲੇ ਦਸਤਾਵੇਜ਼ ਉੱਤੇ ਦਸਤਖਤ ਕੀਤੇ। ਇਸ ਤਹਿਤ ਯੂਕਰੇਨ ਨੂੰ ਐਂਟੀ-ਏਅਰਕ੍ਰਾਫਟ ਸਿਸਟਮਜ਼ ਜਿਵੇਂ ਕਿ ਸਟਿੰਗਰ ਮਿਜ਼ਾਈਲਾਂ, ਡਰੋਨ ਤੇ ਹੋਰ ਗੋਲੀ ਸਿੱਕਾ, ਸੌਟਗੰਨਜ਼, ਮਸ਼ੀਨ ਗੰਨਜ਼, ਗ੍ਰਨੇਡ ਲਾਂਚਰਜ਼ ਤੇ ਹੋਰ ਨਿੱਕੇ ਹਥਿਆਰ ਵੀ ਮੁਹੱਈਆ ਕਰਵਾਏ ਜਾਣਗੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …