ਬਰੈਂਪਟਨ/ਪਰਵਾਸੀ ਬਿਊਰੋ
ਪ੍ਰਧਾਨ ਮੰਤਰੀ ਲੰਘੇ ਵੀਰਵਾਰ ਨੂੰ ਬਰੈਂਪਟਨ ਵਿੱਚ ਮਿੱਸੀਸਾਗਾ ਰੋਡ ਨੇੜੇ ਹੈਰੀਟੇਜ ਰੋਡ ‘ਤੇ ਸਥਿਤ ਸਥਾਪਤ ਕੀਤੇ ਗਏ ਐਮਾਜ਼ੋਨ ਕੰਪਨੀ ਦੇ ਵੱਡੇ ਵੇਅਰਹਾਊਸ ਦਾ ਉਦਘਾਟਨ ਕਰਨ ਲਈ ਪਹੁੰਚੇ। ਜਿੱਥੇ ਉਨ੍ਹਾਂ ਦਾ ਕੰਪਨੀ ਦੇ ਵਰਕਰਾਂ ਨੇ ਜ਼ੋਰਦਾਰ ਤਰੀਕੇ ਨਾਲ ਸਵਾਗਤ ਕੀਤਾ। ਇਸ ਮੌਕੇ ‘ਤੇ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਆਪਣੇ ਸਟਾਫ ਅਤੇ ਕਈ ਹੋਰ ਕਾਊਂਸਲ ਮੈਂਬਰਾਂ, ਜਿਨਾ੍ਹਂ ਵਿੱਚ ਗੁਰਪ੍ਰੀਤ ਢਿੱਲੋਂ, ਪੈਟ ਫੋਰਟੀਨੀ ਅਤੇ ਮਾਰਟਿਨ ਮੈਡੋਰਿਸ ਦਾ ਨਾਂਅ ਵਰਨਣਯੋਗ ਹੈ, ਪਹੁੰਚੇ ਹੋਏ ਸਨ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਕੀਤੀ। ਇਨ੍ਹਾਂ ਤੋਂ ਇਲਾਵਾ ਐਮਪੀ ਸੋਨੀਆ ਸਿੱਧੂ, ਐਮਪੀ ਕਮਲ ਖੈਰ੍ਹਾ ਅਤੇ ਐਮਪੀਪੀ ਵਿੱਕ ਢਿੱਲੋਂ ਵੀ ਹਾਜ਼ਰ ਸਨ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਕਿ ਇਸ ਵੇਅਰਹਾਊਸ ਵਿੱਚ ਲਗਭਗ 700 ਲੋਕਾਂ ਨੂੰ ਨਵਾਂ ਰੋਜ਼ਗਾਰ ਮਿਲੇਗਾ ਅਤੇ ਐਮਾਜ਼ੋਨ ਦੀ ਇਹ ਲੋਕੇਸ਼ਨ ਬਰੈਂਪਟਨ ਦੀ ਤਰੱਕੀ ਵਿੱਚ ਹੋਰ ਵੱਡਾ ਯੋਗਦਾਨ ਪਾਵੇਗੀ। ਵਰਨਣਯੋਗ ਹੈ ਕਿ ਇਸ ਸਥਾਨ ‘ਤੇ ਪਹਿਲਾਂ ਹੀ 350 ਲੋਕ ਕੰਮ ਕਰ ਰਹੇ ਹਨ।
ਐਮਾਜ਼ੋਨ ਕੰਪਨੀ ਦਾ ਕਹਿਣਾ ਹੈ ਕਿ ਉਹ ਟੋਰਾਂਟੋ ਅਤੇ ਵੈਨਕੂਵਰ ਤੋਂ ਇਕੋ ਦਿਨ ਦੀ ਸੇਵਾ ਸ਼ੁਰੂ ਕਰ ਰਹੇ ਹਨ। ਜਿਸ ਦਾ ਮਤਲਬ ਇਹ ਹੈ ਕਿ ਕੋਈ ਵੀ ਵਿਅਕਤੀ ਜੇਕਰ ਸਵੇਰੇ ਆਪਣਾ ਪਾਰਸਲ ਵੈਨਕੂਵਰ ਵਿੱਚ ਦਿੰਦਾ ਹੈ ਤਾਂ ਉਸ ਦਿਨ ਉਸਦਾ ਪਾਰਸਲ ਟੋਰਾਂਟੋ ਸ਼ਾਮ ਤੱਕ ਪਹੁੰਚ ਜਾਵੇਗਾ। ਇਸ ਦੀ ਫੀਸ ਸਿਰਫ਼ 25 ਡਾਲਰ ਹੋਵੇਗੀ।
ਇਸ ਮੌਕੇ ਮੁੱਖ ਧਾਰਾ ਅਤੇ ਭਾਰਤੀ ਮੀਡੀਏ ਦੇ ਕੁਝ ਲੋਕ ਵੀ ਹਾਜ਼ਰ ਸਨ, ਜਿਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ, ਸੀਰੀਆ ਅਤੇ ਇੰਮੀਗ੍ਰੇਸ਼ਨ ਬਾਰੇ ਕੁਝ ਸਵਾਲ ਪੁਛੇ। ਭਾਰਤੀ ਮੀਡੀਏ ‘ਚੋਂ ਰਜਿੰਦਰ ਸੈਣੀ ਹੋਰਾਂ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਪਿਛਲੇ ਦਿਨੀ੍ਹਂ 18 ਅਕਤੂਬਰ ਨੂੰ ਉਨ੍ਹਾਂ ਦੀ ਸਰਕਾਰ ਨੇ ਇਕ ਸਾਲ ਪੂਰਾ ਕੀਤਾ ਹੈ ਅਤੇ 52% ਕੈਨੇਡੀਅਨ ਲੋਕ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ, ਉਹ ਖੁਦ ਹੁਣ ਤੱਕ ਆਪਣੇ ਕੰਮਾਂ ਤੋਂ ਕਿੰਨੇ ਕੁ ਸੰਤੁਸ਼ਟ ਹਨ?
ਪ੍ਰਧਾਨ ਮੰਤਰੀ ਨੇ ਇਸ ਸਵਾਲ ਦਾ ਜਵਾਬ ਬਹੁਤ ਵਿਸਥਾਰ ‘ਚ ਦਿੰਦਿਆਂ ਕਿਹਾ ਕਿ ਸੱਭ ਤੋਂ ਵੱਡਾ ਕੰਮ ਉਨ੍ਹਾਂ ਦੀ ਸਰਕਾਰ ਨੇ ਇਹ ਕੀਤਾ ਹੈ ਕਿ ਜੁਲਾਈ ਮਹੀਨੇ ਤੋਂ ਹਰ ਉਸ ਵਿਅਕਤੀ ਨੂੰ 500 ਡਾਲਰ ਤੱਕ ਦੀ ਮਦਦ ਸ਼ੁਰੂ ਕੀਤੀ ਹੈ, ਜਿਨ੍ਹਾਂ ਦਾ ਬੱਚਾ ਹੈ। ਉਨ੍ਹਾਂ ਕਿਹਾ ਬਿਨ੍ਹਾਂ ਕਿਸੇ ਸ਼ਰਤ ਤੋਂ ਹਰ ਮਹੀਨੇ ਮਿਲਣ ਵਾਲੀ ਇਹ ਵੱਡੀ ਰਕਮ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਗਰੀਬ ਪਰਿਵਾਰਾਂ ਨੂੰ ਮਦਦ ਮਿਲੇਗੀ। ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਸ਼ੁਰੂ ਕਰਨ ਵਾਲੀਆਂ ਕਾਫੀ ਸਕੀਮਾਂ ਦਾ ਜ਼ਿਕਰ ਵੀ ਕੀਤਾ।
Check Also
ਕੈਨੇਡਾ ਨੂੰ ਵੀ ਪਸੰਦ ਆਇਆ ਅਮਰੀਕਾ ਦਾ ‘ਗੋਲਡਨ ਡੋਮ’
ਪੀਐਮ ਮਾਰਕ ਕਾਰਨੀ ਮਿਜ਼ਾਈਲ ਰੱਖਿਆ ਪ੍ਰਣਾਲੀ ‘ਚ ਕਰਨਗੇ ਸ਼ਾਮਲ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਪ੍ਰਧਾਨ ਮੰਤਰੀ …