Breaking News
Home / ਹਫ਼ਤਾਵਾਰੀ ਫੇਰੀ / ਅਵਤਾਰ ਸਿੰਘ ਹਿਤ ਤਨਖਾਹੀਆ ਕਰਾਰ

ਅਵਤਾਰ ਸਿੰਘ ਹਿਤ ਤਨਖਾਹੀਆ ਕਰਾਰ

ਗਿਆਨੀ ਹਰਪ੍ਰੀਤ ਸਿੰਘ ਨੇ 18 ਸਾਲ ਬਾਅਦ ਬਹਾਲ ਕੀਤੀ ਪੰਥਕ ਮਰਿਆਦਾ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ (ਬਿਹਾਰ) ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਨੂੰ ਗੁਰੂ ਸਾਹਿਬ ਲਈ ਵਰਤੇ ਜਾਣ ਵਾਲੇ ਸ਼ਬਦਾਂ ਦੀ ਵਰਤੋਂ ਵਿਅਕਤੀ ਵਿਸ਼ੇਸ਼ ਲਈ ਕਰਨ ‘ਤੇ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਲਗਭਗ 18 ਸਾਲ ਬਾਅਦ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਪੰਥਕ ਮਰਿਆਦਾ ਬਹਾਲ ਹੋਈ। ਗਿਆਨੀ ਹਰਪ੍ਰੀਤ ਸਿੰਘ ਨੇ ਹਿਤ ਨੂੰ ਧਾਰਮਿਕ ਸਜ਼ਾ ਸੁਣਾਉਣ ਤੋਂ ਪਹਿਲਾਂ ਪੰਜ ਸਿੰਘ ਸਾਹਿਬਾਨ ਦੀ ਬੈਠਕ ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਕੀਤੀ।
ਇਸ ਤੋਂ ਪਹਿਲਾਂ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਆਪਣੇ ਦਫ਼ਤਰ ‘ਚ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ।
ਗਿਆਨੀ ਹਰਪ੍ਰੀਤ ਸਿੰਘ ਨੇ ਹਿਤ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਵੀ ਸੁਣਿਆ ਜਦਕਿ ਇਹ ਵਿਵਸਥਾ ਖਤਮ ਹੋ ਚੁੱਕੀ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸੰਗਤ ਦੇ ਸਾਹਮਣੇ ਇਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਤਨਖਾਹ ਲਗਾਈ ਜਾ ਚੁੱਕੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਹਿਤ ਨੂੰ ਸੰਗਤ ‘ਚ ਖੜ੍ਹਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਜ਼ਾ ਸੁਣਾਈ। ਸਜ਼ਾ ਦੇ ਮੁਤਾਬਕ ਉਹ ਸੱਤ ਦਿਨ ਪਟਨਾ ਸਾਹਿਬ ‘ਚ ਇਕ-ਇਕ ਘੰਟਾ ਸੰਗਤ ਦੇ ਜੋੜੇ ਸਾਫ਼ ਕਰਨੇ ਅਤੇ ਲੰਗਰ ‘ਚ ਬਰਤਨ ਸਾਫ਼ ਕਰਨ ਦੇ ਨਾਲ-ਨਾਲ ਕੀਰਤਨ ਸਰਵਣ ਕਰਨਗੇ। ਇਹੀ ਸੇਵਾ 5 ਦਿਨ ਦੇ ਲਈ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ‘ਚ ਵੀ ਕਰਨੀ ਹੋਵੇਗੀ। ਸੇਵਾ ਦੇ ਦੌਰਾਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਹਾਜ਼ਰੀ ਲਗਵਾਉਂਦੇ ਹੋਏ ਹੁਕਮਨਾਮਾ ਸੁਣਾਉਣਗੇ। ਸੇਵਾ ਪੂਰੀ ਹੋਣ ਤੋਂ ਬਾਅਦ ਦੋਵੇਂ ਤਖ਼ਤਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕ-ਇਕ ਪਾਠ ਕਰਵਾਉਣਗੇ। ਇਸ ਦੌਰਾਨ ਉਨ੍ਹਾਂ ਨੂੰ ਗੁਰਬਾਣੀ ਸਰਵਣ ਕਰਨੀ ਹੋਵੇਗੀ ਅਤੇ ਦੋਵੇਂ ਥਾਵਾਂ ‘ਤੇ 5100-5100 ਦਾ ਪ੍ਰਸਾਦ ਕਰਵਾਉਂਦੇ ਹੋਏ ਖਿਮਾ ਯਾਚਨਾ ਕਰਨੀ ਹੋਵੇਗੀ। ਇੰਨੇ ਦਿਨ ਉਹ ਕਿਸੇ ਧਾਰਮਿਕ ਸਟੇਜ ‘ਤੇ ਨਹੀਂ ਬੋਲਣਗੇ। ਜਥੇਦਾਰ ਨੇ ਇਹ ਖਾਸ ਗੱਲ ਵੀ ਕਹੀ ਕਿ ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਖਾਸ ਵਿਅਕਤੀ ਸੇਵਾ ਕਰਨ ਆਉਂਦਾ ਹੈ ਤਾਂ ਉਸ ਦੇ ਨਾਲ ਚਾਪਲੂਸ ਕਿਸਮ ਦੇ ਲੋਕ ਬਹੁਤ ਵੱਡੀ ਗਿਣਤੀ ‘ਚ ਮੌਜੂਦ ਹੁੰਦੇ ਹਨ ਪ੍ਰੰਤੂ ਇਸ ਮਾਮਲੇ ‘ਚ ਇਹ ਨਹੀਂ ਹੋਣਾ ਚਾਹੀਦਾ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …