Breaking News
Home / ਹਫ਼ਤਾਵਾਰੀ ਫੇਰੀ / ਜੱਸੀ ਸਿੱਧੂ ਕਤਲ ਕਾਂਡ ਮਾਮਲਾ

ਜੱਸੀ ਸਿੱਧੂ ਕਤਲ ਕਾਂਡ ਮਾਮਲਾ

ਮਾਂ ਤੇ ਮਾਮਾ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜੇ
ਮਾਲੇਰਕੋਟਲਾ/ਬਿਊਰੋ ਨਿਊਜ਼ : ਜੂਨ 2000 ਵਿਚ ਕਥਿਤ ਤੌਰ ‘ਤੇ ਅਣਖ ਖ਼ਾਤਰ ਕਤਲ ਕੀਤੀ ਕੈਨੇਡੀਅਨ ਨਾਗਰਿਕ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਦੇ ਕਤਲ ਵਿਚ ਨਾਮਜ਼ਦ ਉਸ ਦੀ ਕੈਨੇਡਾ ਰਹਿੰਦੀ ਮਾਂ ਮਲਕੀਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ, ਜਿਨ੍ਹਾਂ ਨੂੰ ਕੈਨੇਡਾ ਪੁਲਿਸ ਨੇ ਪਿਛਲੇ ਦਿਨੀਂ ਸੰਗਰੂਰ ਪੁਲਿਸ ਦੇ ਹਵਾਲੇ ਕੀਤਾ ਸੀ, ਨੂੰ ਪੁਲਿਸ ਨੇ ਮੰਗਲਵਾਰ ਨੂੰ ਮੁੜ ਮਾਨਯੋਗ ਜੱਜ ਹਰਪ੍ਰੀਤ ਸਿੰਘ ਸਿਮਕ ਦੀ ਅਦਾਲਤ ਵਿਚ ਪੇਸ਼ ਕੀਤਾ। ਪੁਲਿਸ ਨੇ ਮੁਲਜ਼ਮਾਂ ਦਾ ਦੋ ਦਿਨ ਦਾ ਹੋਰ ਰਿਮਾਂਡ ਮੰਗਿਆ ਪਰ ਅਦਾਲਤ ਨੇ ਬਚਾਅ ਪੱਖ ਦੀ ਦਲੀਲ ਸੁਣਨ ਪਿੱਛੋਂ ਮੁਲਜ਼ਮਾਂ ਦਾ ਰਿਮਾਂਡ ਨਾ ਦੇ ਕੇ ਉਨ੍ਹਾਂ ਨੂੰ 14 ਦਿਨ ਲਈ ਸੈਂਟਰਲ ਜੇਲ੍ਹ ਸੰਗਰੂਰ ਵਿਚ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਡੀਐੱਸਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਨੇ ਅਦਾਲਤ ਤੋਂ ਮੁਲਜ਼ਮਾਂ ਦਾ ਦੋ ਦਿਨਾਂ ਦਾ ਰਿਮਾਂਡ ਮੰਗਿਆ ਸੀ ਤਾਂ ਜੋ ਮੁਲਜ਼ਮਾਂ ਤੋਂ ਇਸ ਮਾਮਲੇ ਵਿਚ ਪੈਸਿਆਂ ਦੇ ਲੈਣ-ਦੇਣ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ ਪਰ ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਮੁੱਦਈ ਪੱਖ ਦੇ ਵਕੀਲ ਐਡਵੋਕੇਟ ਅਸ਼ਵਨੀ ਚੌਧਰੀ ਨੇ ਦੱਸਿਆ ਕਿ 12 ਫਰਵਰੀ ਤੱਕ ਮੁਲਜ਼ਮਾਂ ਦਾ ਸਪਲੀਮੈਂਟਰੀ ਚਲਾਨ ਤਿਆਰ ਕਰ ਕੇ ਇੱਥੇ ਅਦਾਲਤ ‘ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਬਚਾਅ ਪੱਖ ਦੇ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਮੁਲਜ਼ਮਾਂ ਦੇ ਪੁਲਿਸ ਰਿਮਾਂਡ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦਲੀਲ ਦਿੱਤੀ ਕਿ ਪੈਸਿਆਂ ਦੇ ਦੇਣ-ਲੈਣ ਦੀ ਕਹਾਣੀ ਇਸ ਮਾਮਲੇ ਦੇ ਸਹਿ ਮੁਲਜ਼ਮ ਦਰਸ਼ਨ ਸਿੰਘ ਦੇ 2000 ਵਿਚ ਪੇਸ਼ ਕੀਤੇ ਚਲਾਨ ਨਾਲ ਸਬੰਧਤ ਸੀ। ਇਹ ਮਾਮਲਾ ਮੁਲਜ਼ਮਾਂ ਨਾਲ ਸਬੰਧਤ ਨਹੀਂ। ਦਰਸ਼ਨ ਸਿੰਘ ਨੂੰ ਦੇਸ਼ ਦੀ ਸਰਵਉੱਚ ਅਦਾਲਤ ਨੇ ਬਰੀ ਕਰ ਦਿੱਤਾ ਸੀ, ਇਸ ਲਈ ਇਸ ਕਹਾਣੀ ਦਾ ਕੋਈ ਆਧਾਰ ਨਹੀਂ ਰਹਿ ਜਾਂਦਾ। ਅਦਾਲਤ ਨੇ ਉਨ੍ਹਾਂ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੈਨੇਡੀਅਨ ਨਾਗਰਿਕ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਨੇ 1999 ਵਿੱਚ ਭਾਰਤ ਆ ਕੇ ਸੁਖਵਿੰਦਰ ਸਿੰਘ ਸੁੱਖੀ ਉਰਫ਼ ਮਿੱਠੂ ਵਾਸੀ ਕਾਉਂਕੇ ਖੋਸਾ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਜੂਨ 2000 ਵਿਚ ਜੱਸੀ ਸਿੱਧੂ ਦੀ ਲਾਸ਼ ਮਿਲੀ ਸੀ। ਪੁਲਿਸ ਨੇ 2003 ਵਿਚ ਇਸ ਮਾਮਲੇ ਵਿਚ ਜੱਸੀ ਸਿੱਧੂ ਦੀ ਮਾਂ ਮਲਕੀਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਨਾਮਜ਼ਦ ਕੀਤਾ ਸੀ।
ਪੁਲਿਸ ਨੇ ਕਾਲ ਡਿਟੇਲ ਰਾਹੀਂ ਨੱਪੀ ਸੀ ਮੁਲਜ਼ਮਾਂ ਦੀ ਪੈੜ :”ਸੰਗਰੂਰ : ਪੰਜਾਬ ਵਿਚ ਕੈਨੇਡਾ ਦੀ ਨਾਗਰਿਕ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਦਾ ਕਤਲ ਕੇਸ ਪਹਿਲਾ ਅਜਿਹਾ ਕੇਸ ਹੈ ਜਿਸ ਵਿਚ ਕੈਨੇਡਾ ਸਰਕਾਰ ਵਲੋਂ ਜਾਂਚ ਦੌਰਾਨ ਕੈਨੇਡੀਅਨ ਨਾਗਰਿਕਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਭਾਰਤ ਹਵਾਲੇ ਕੀਤਾ ਗਿਆ ਹੈ। ਇਹ ਦਾਅਵਾ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ. ਸੰਦੀਪ ਗਰਗ ਅਤੇ ਜੱਸੀ ਸਿੱਧੂ ਕਤਲ ਕੇਸ ਦੇ ਤਫਤੀਸ਼ੀ ਅਫ਼ਸਰ ਸਵਰਨ ਸਿੰਘ ਖੰਨਾ (ਹੁਣ ਐਸਪੀ ਡੀ ਬਠਿੰਡਾ) ਵਲੋਂ ਇਥੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।ਦੋਵੇਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਤਲ ਕੇਸ ਪੁਲਿਸ ਲਈ ਵੱਡੀ ਚੁਣੌਤੀ ਸੀ ਅਤੇ ਪੰਜਾਬ ਪੁਲਿਸ ਲਈ ਵਕਾਰ ਦਾ ਸਵਾਲ ਸੀ। ਇਸ ਕੇਸ ਨੂੰ ਟਰੇਸ ਕਰਨ ਲਈ ਪੁਲਿਸ ਨੂੰ ਕਾਫ਼ੀ ਜੱਦੋਜਹਿਦ ਕਰਨੀ ਪਈ। ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਦਾਅਵਾ ਕੀਤਾ ਕਿ ਪੁਲਿਸ ਕੋਲ ਮਲਕੀਤ ਕੌਰ ਅਤੇ ਸੁਰਜੀਤ ਸਿੰਘ ਬਦੇਸ਼ਾ ਦੇ ਖ਼ਿਲਾਫ਼ ਪੁਖਤਾ ਸਬੂਤ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਤਿੰਨ ਸੌ ਪੰਨਿਆਂ ਦੀ ਕਾਲ ਡਿਟੇਲ ਦਾ ਰਿਕਾਰਡ ਵੀ ਹੈ ਜੋ ਕਿ ਇਸ ਕੇਸ ਵਿਚ ਅਹਿਮ ਸਬੂਤ ਮੰਨਿਆ ਜਾ ਰਿਹਾ ਹੈ।
ਜੱਸੀ ਕਤਲ ਕਾਂਡ ਦੇ ਤਫਤੀਸ਼ੀ ਅਫਸਰਾਂ ਦਾ ਕੈਨੇਡੀਅਨ ਪੁਲਿਸ ਵਲੋਂ ਸਨਮਾਨ
ਚੰਡੀਗੜ੍ਹ : ਜੱਸੀ ਕਤਲ ਕਾਂਡ ਦੇ ਕਥਿਤ ਦੋਸ਼ੀ ਮਾਂ ਅਤੇ ਮਾਮੇ ਨੂੰ ਕੈਨੇਡਾ ਤੋਂ ਵਾਪਸ ਲਿਆ ਕੇ ਅਦਾਲਤ ਦੇ ਕਟਹਿਰੇ ਵਿਚ ਖੜ੍ਹਾ ਕਰਨ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਇਸ ਕਾਂਡ ਨਾਲ ਜੁੜੇ ਤਫ਼ਤੀਸ਼ੀ ਅਤੇ ਸੁਪਰਵਾਇਜ਼ਰੀ ਅਫ਼ਸਰਾਂ ਦਾ ਸਨਮਾਨ ਕੀਤਾ। ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਦੀ ਮੌਜੂਦਗੀ ਵਿਚ ਇਹ ਸਨਮਾਨ ਐੱਸ.ਪੀ. ਰੈਂਕ ਦੇ ਪੁਲਿਸ ਅਫ਼ਸਰ ਸਵਰਨ ਸਿੰਘ ਖੰਨਾ ਨੂੰ ਦਿੱਤਾ ਗਿਆ। ਇਹ ਪੁਲਿਸ ਅਫ਼ਸਰ ਜੱਸੀ ਕਤਲ ਕਾਂਡ ਦੇ ਸਮੇਂ ਧੂਰੀ (ਸੰਗਰੂਰ) ਸਦਰ ਥਾਣੇ ਦੇ ਐੱਸ.ਐੱਚ.ਓ. ਵਜੋਂ ਤਾਇਨਾਤ ਸੀ ਤੇ ਆਈਜੀ ਹੈੱਡਕੁਆਰਟਰ ਵਜੋਂ ਤਾਇਨਾਤ ਜਤਿੰਦਰ ਸਿੰਘ ਔਲਖ ਉਸ ਸਮੇਂ ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਸਨ। ਮ੍ਰਿਤਕਾ ਦੀ ਮਾਂ ਅਤੇ ਮਾਮੇ ਦੀ ਭਾਰਤ ਹਵਾਲਗੀ ਤੋਂ ਬਾਅਦ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਇੰਸਪੈਕਟਰ ਦੇਵ ਚੌਹਾਨ ਸਰੀ ਤੋਂ ਭਾਰਤ ਆਏ ਤੇ ਤਫ਼ਤੀਸ਼ੀ ਅਫ਼ਸਰਾਂ ਦਾ ਸਨਮਾਨ ਕੀਤਾ। ਜਤਿੰਦਰ ਔਲਖ ਨੇ ਕਿਹਾ ਕਿ ਜੱਸੀ ਕਤਲ ਕੇਸ ਦੀ ਪੂਰੀ ਤਫ਼ਤੀਸ਼ ਪੇਸ਼ੇਵਰ ਤੌਰ ਤਰੀਕਿਆਂ ਨਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਅਪਰਾਧੀਆਂ ਨੂੰ ਸਜ਼ਾਵਾਂ ਹੋਣ ਨਾਲ ਲੋਕਾਂ ਦਾ ਕਾਨੂੰਨ ਵਿਚ ਭਰੋਸਾ ਬੱਝਦਾ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …