Breaking News
Home / ਨਜ਼ਰੀਆ / ਕਿਸਾਨੀ ਜਾਗਰੂਕਤਾ ਐਪ ‘ਪਸ਼ੂ ਬੋਲੀ’ ਅਜੋਕੇ ਸਮੇਂ ਦੀ ਮੁੱਖ ਲੋੜ

ਕਿਸਾਨੀ ਜਾਗਰੂਕਤਾ ਐਪ ‘ਪਸ਼ੂ ਬੋਲੀ’ ਅਜੋਕੇ ਸਮੇਂ ਦੀ ਮੁੱਖ ਲੋੜ

ਸੁਰਜੀਤ ਸਿੰਘ, ਗੁਰਨੈਬ ਸਿੰਘ
ਅੱਜ ਦੇ ਤਕਨੀਕੀ ਦੌਰ ਵਿੱਚ ਮੋਬਾਇਲ ਕਲਚਰ ‘ਤੇ ਨਿਰਭਰ ਮਨੁੱਖ ਨੇ ਪੂਰੀ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਕੀਤਾ ਹੋਇਆ ਹੈ। ਚਾਹੇ ਮਨੋਰੰਜਨ ਹੋਵੇ ਜਾਂ ਸਿੱਖਿਆ ਦਾ ਖੇਤਰ, ਮੋਬਾਇਲ ਨੇ ਹਰ ਪੱਖੋਂ ਮਨੁੱਖ ਦਾ ਪੱਖ ਪੂਰਿਆ ਹੈ। ਬੱਚਿਆਂ ਤੋਂ ਲੈ ਕੇ ਨੌਜਵਾਨ,ਬਜੁਰਗ ਗੱਲ ਕਿ ਹਰ ਉਮਰ ਦੇ ਬੰਦੇ ਨੂੰ ਮੋਬਾਇਲ ਨੇ ਆਪਣੇ ਵੱਸ ‘ਚ ਕੀਤਾ ਹੋਇਆ ਹੈ। ਇਸ ਗਿਆਨ ਦੀ ਵਿਸ਼ਾਲ ਦੁਨੀਆਂ ਨਾਲ ਜੁੜੇ ਤਜਰਬੇਕਾਰ ਤਕਨੀਕੀ ਮਾਹਿਰਾਂ ਨੇ ਹੋਰ ਜਾਣਕਾਰੀਆਂ ਦੇ ਇਲਾਵਾ ਹੁਣ ਦੇਸ਼ ਦੇ ਅੰਨ ਦਾਤੇ ਕਿਸਾਨ ਬਾਰੇ ਇੱਕ ਖਾਸ ਪਲੇਟਫਾਰਮ ਤਿਆਰ ਕੀਤਾ ਹੈ। ਜੋ ਕਿਸਾਨੀ ਜ਼ਿੰਦਗੀ ਦੇ ਕੰਮਾਂ-ਕਾਰਾਂ ਨੂੰ ਸੌਖਾਲਾ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗੀ ਤੇ ਹਰੇਕ ਸਮੱਸਿਆ ਦੇ ਹੱਲ ਘਰੇ ਬੈਠਿਆਂ ਮਿਲ ਸਕਣਗੇ। ਜਿਸ ਨਾਲ ਉਸਨੂੰ ਫਾਇਦਾ ਵੀ ਹੋਵੇਗਾ ਤੇ ਗਿਆਨ ਵੀ ਵਧੇਗਾ। ਇਹ ਸੱਭ ਕਿਵੇਂ ਹੋਵੇਗਾ ਇਸ ਬਾਰੇ ਸਬੰਧਤ ਐਪ ਨੂੰ ਐਨਡਰਾਇਡ ਫ਼ੋਨ ਜ਼ਰੀਏ ਡਾਊਨ ਲੋਡ ਕਰਕੇ ਸਮਝਣ ਦੀ ਲੋੜ ਹੈ।
ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਲਾਂਚ ਕੀਤੀ ਜਾ ਰਹੀ ਵਿਲੱਖਣ ਸੋਚ ਵਾਲੀ ਐਪ ‘ਪਸ਼ੂ ਬੋਲੀ’ ਸਿਰਫ਼ ਪਸ਼ੂ-ਪਾਲਿਕਾਂ ਤੱਕ ਹੀ ਸੀਮਤ ਨਹੀਂ ਹੋਵੇਗੀ ਬਲਕਿ ਕਿਰਸਾਨੀ ਕਿੱਤੇ ਨਾਲ ਜੁੜੇ ਉਸ ਹਰੇਕ ਵਿਅੱਕਤੀ ਲਈ ਲਾਹੇਵਦ ਸਿੱਧ ਹੋਵੇਗੀ ਜੋ ਆਪਣੇ ਵਪਾਰ ਅਤੇ ਜੀਵਨ ਸ਼ੈਲੀ ਨੂੰ ਉੱਚਾ ਚੁੱਕ ਕੇ ਆਪਣਾ ਭਵਿੱਖ ਉੱਜਵਲ ਬਣਾਉਣਾ ਚਾਹੁੰਦਾ ਹੈ। ਇਹ ਐਪ ਜਿੱਥੇ ਕਿਸਾਨੀ ਕਿੱਤੇ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ, ਨਵੀਂ ਤਕਨੀਕ ਦੀ ਜਾਣਕਾਰੀ, ਉੱਨਤ ਕਿਸਮ ਦੇ ਬੀਜ, ਖੇਤੀ ਦਵਾਈਆਂ, ਖਾਦਾਂ ਸਬੰਧੀ ਮੁੰਕਮਲ ਜਾਣਕਾਰੀ ਮਾਹਿਰਾਂ ਵਲੋਂ ਮੁਹੱਈਆਂ ਕਰਵਾਏਗੀ ਉੱਥੇ ਖੇਤੀ ਕਰਨ ਦੀ ਨਵੀਂ ਤਕਨੀਕ, ਘੱਟ ਜ਼ਮੀਨ ਵਿੱਚੋਂ ਵਧੇਰੇ ਪੈਦਾਵਰ ਲੈਣ ਦੀ ਵਿਧੀ ਬਾਰੇ ਵੀ ਜਾਣੂ ਕਰਵਾਏਗੀ। ਇਸ ਤੋਂ ਇਲਾਵਾ ਪਸ਼ੂ ਪਾਲਣ ਸਬੰਧੀ, ਵੇਚ-ਖਰੀਦ, ਚੰਗੀ ਨਸ਼ਲ ਦੇ ਦੁਧਾਰੂ ਪਸ਼ੂਆਂ ਸਬੰਧੀ ਮਾਹਿਰ ਵੈਟਨਰੀ ਡਾਕਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਵਾਏਗੀ। ਇਹ ਸੱਭ ਕਿਵੇਂ ਹੋਵੇਗਾ ਇਸ ਬਾਰੇ ‘ਐਪ’ ਦੁਆਰਾਂ ਹੀ ਜਾਣਕਾਰੀ ਦਿੱਤੀ ਜਾਵੇਗੀ ਜੋ ਕਿ ਹਿੰਦੀ, ਪੰਜਾਬੀ ਤੋਂ ਇਲਾਵਾ ਦੇਸ਼ ਦੀਆਂ ਬਾਕੀ ਭਾਸ਼ਾਵਾਂ ਵਿੱਚ ਵੀ ਹੋਵੇਗੀ।
ਇਸ ਐਪ ਸਬੰਧੀ ਜਾਣਕਾਰੀ ਦਿੰਦਿਆ ਇੱਕ ਨੁਮਾਇਦੇ ਨੇ ਵਿਸਥਾਰ ਪੂਰਵਕ ਦੱਸਿਆ ਕਿ 40 ਬੰਦਿਆਂ ਦੀ ਇੱਕ ਵੱਡੀ ਟੀਮ ਨੇ ਪਿਛਲੇ ਚਾਰ ਸਾਲਾਂ ਤੋਂ ਦੇਸ਼ ਦੇ ਵੱਖ ਵੱਖ ਖੇਤੀ ਸੈਕਟਰਾਂ ਵਿੱਚ ਕਿਸਾਨੀ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਖੋਜ਼ ਪੜਤਾਲ ਕਰਨ ਮਗਰੋਂ ਇੱਕ ਪਲੇਟਫਾਰਮ ਦੇ ਰੂਪ ਵਿੱਚ ਇਹ ਐਪ ਤਿਆਰ ਕੀਤੀ ਹੈ। ਵੱਖ ਵੱਖ ਦੇਸ਼ਾਂ ਦੇ ਸਰਵੇਖਣ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਦੁਨੀਆਂ ਦੇ ਬਹੁਤੇ ਦੇਸ਼ ਖੇਤੀ ਧੰਦੇ ਨਾਲ ਜੁੜੇ ਹੋਏ ਹਨ। ਅਮੇਰਿਕਾ ਕਾਨੈਡਾ ਵਰਗੇ ਉਨੱਤ ਦੇਸ਼ਾਂ ਦੇ 80 ਪ੍ਰਤੀਸ਼ਤ ਬਿਜਨੈਸ਼ਮੈਨ ਖੇਤੀ ਉਦਯੋਗ ਨਾਲ ਜੁੜ ਕੇ ਸਫ਼ਲ ਮੰਡੀਕਰਨ ਕਰ ਰਹੇ ਹਨ। ਇਹ ਵੀ ਸੱਚਾਈ ਹੈ ਕਿ ਭਾਰਤ ਦਾ ਬਹੁਤਾ ਯੂਥ ਖਾਸ਼ਕਰ ਪੰਜਾਬ ਹਰਿਆਣਾ ਗੁਜ਼ਰਾਤ ਵਿਦੇਸ਼ਾ ਵਿੱਚ ਗੋਰਿਆਂ ਕੋਲ ਖੇਤੀ ਕਰਦਾ ਹੈ। ਇਹ ਉਹੀ ਕਿਸਾਨ ਹੈ ਜੋ ਪੰਜਾਬ ਵਿੱਚ ਖੇਤੀ ਕਰਨ ‘ਚ ਅਸਫ਼ਲ ਰਿਹਾ ਹੈ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਾਡੇ ਦੇਸ਼ ਦੇ ਕਿਸਾਨਾਂ ਕੋਲ ਜਾਗਰੂਕਤਾ ਦੀ ਘਾਟ ਹੈ ਜਦਕਿ ਗੋਰੇ ਕਿਸਾਨ ਇਸ ਵਿੱਚ ਨਿਪੁੰਨ ਹਨ, ਉਨ੍ਹਾਂ ਨੂੰ ਤਕਨੀਕੀ ਸੂਝ ਹੈ ਜਦਕਿ ਸਾਡੇ ਜਿਆਦਾਤਰ ਕਿਸਾਨਾਂ ਕੋਲ ਸਿਰਫ਼ ਰੀਸ਼ ਹੈ, ਭੇਡ ਚਾਲ ਹੈ ਜਿਸ ਦੇ ਮਗਰ ਲੱਗ ਕੇ ਉਹ ਕਰਜ਼ਾ ਚੁੱਕ ਕੇ ਖੇਤੀ ਮਸ਼ੀਨਰੀ, ਕਾਰਾਂ ਕੋਠੀਆਂ ਆਦਿ ਲੈਂਦਾ ਹੈ, ਮਹਿੰਗੇ ਵਿਆਹਾਂ ਦੀ ਦੌੜ ਵਿੱਚ ਸ਼ਾਮਲ ਹੋ ਕੇ ਕਰਜ਼ਈ ਹੋ ਜਾਂਦਾ ਹੈ ਤੇ ਖੁਦਕੁਸ਼ੀਆਂ ਦੇ ਰਾਹ ਪੈ ਜਾਂਦਾ ਹੈ।
ਇਸ ਐਪ ਦੀ ਵਰਤੋਂ ਨਾਲ ਦੇਸ਼ ਦੇ ਹਰੇਕ ਛੋਟੇ-ਵੱਡੇ ਕਿਸਾਨ ਨੂੰ ਫਾਇਦਾ ਹੋਵੇਗਾ। ਉਦਾਹਰਣ ਦੇ ਤੌਰ ‘ਤੇ ਇੱਕ ਕਿਸਾਨ ਕੋਲ ਕਿੰਨੀ ਜ਼ਮੀਨ ਹੈ, ਉਸਨੇ ਕਿਹੜੀ ਖੇਤੀ ਕਰਨੀ ਹੈ, ਕਿਹੜਾ ਰੇਹ-ਸਪਰੇਅ ਵਰਤਣਾ ਹੈ, ਕਿੰਨੀ ਪੈਦਾਵਰ ਹੋਵੇਗੀ, ਕਿਹੜੀ ਮੰਡੀ ਵਿੱਚ ਵਧੇਰੇ ਮੁਨਾਫ਼ਾ ਹੋਵੇਗਾ। ਇਹ ਸੱਭ ਕੁਝ ਬਾਰੇ ਇਹ ਐਪ ਦੱਸ ਸਕੇਗੀ। ਇਹ ਇੱਕ ਸੱਚਾਈ ਹੈ ਕਿ ਇੱਕ ਪਿੰਡ ਦਾ ਸਰਵੇ ਕੀਤਾ ਗਿਆ ਜਿਸ ਵਿੱਚ ਇਹ ਗੱਲ ਸਪੱਸ਼ਟ ਹੋਈ ਕਿ ਪੰਜ ਏਕੜ ਵਾਲੇ ਕਿਸਾਨ ਕੋਲ ਵੀ ਟਰੈਕਟਰ, ਰੀਪਰ, ਕੰਬਾਇਨ ਆਦਿ ਮਹਿੰਗੀ ਖੇਤੀ ਮਸ਼ੀਨਰੀ ਹੈ ਤੇ ਵੀਹ ਏਕੜ ਵਾਲੇ ਕੋਲ ਵੀ..ਜੋ ਕਿ ਗ਼ਲਤ ਹੈ। ਇਹ ਐਪ ਰਾਹੀਂ ਪਿੰਡ ਦੇ ਹਰੇਕ ਛੋਟੇ ਵੱਡੇ ਕਿਸਾਨ ਨੂੰ ਇੱਕ ਸਾਂਝੀ ਸੰਸਥਾਂ ਨਾਲ ਜੋੜਿਆ ਜਾਵੇਗਾ ਜਿੱਥੋਂ ਉਹ ਸਸਤੇ ਭਾਅ ਦੇ ਕਿਰਾਏ ਨਾਲ ਆਪਣੀਆਂ ਲੋੜਾਂ ਪੂਰੀਆਂ ਕਰ ਸਕਣਗੇ॥ ਇਸ ਤਰ੍ਹਾਂ ਮੱਧਵਰਗੀ ਕਿਸਾਨਾਂ ਦੇ ਖਰਚੇ ਘੱਟਣਗੇ ਤੇ ਆਮਦਨ ਵਧੇਗੀ।
ਪਸ਼ੂ ਧਨ ਦੇ ਖੇਤਰ ਵਿੱਚ ਵੀ ਇਹ ਐਪ ਬਹੁਤ ਫਾਇਦੇਮੰਦ ਰਹੇਗੀ। ਹਰੇਕ ਕਿਸਾਨ ਦੇ ਘਰ ਲਵੇਰਾ ਹੁੰਦਾ ਹੈ। ਕਿਸਾਨ ਇਸ ਐਪ ਰਾਹੀਂ ਜਾਣ ਸਕੇਗਾ ਕਿ ਕਿਹੜਾ ਪਸ਼ੂ ਕਿਹੜੇ ਵੇਲੇ ਨਵੇਂ ਦੁੱਧ ਹੋਣਾ ਹੈ ਤੇ ਅੱਗੇ ਕਿਹੜੀ ਨਸ਼ਲ ਦਾ ਕੱਟਰੂ-ਵੱਛਾ ਲੈਣਾ ਹੈ। ਉਸਦੀਆਂ ਬਿਮਾਰੀਆਂ ਅਤੇ ਮਕੁੰਮਲ ਡਾਕਟਰੀ ਦਾ ਸਮਾਧਾਨ ਇਸ ਐਪ ਰਾਹੀਂ ਤਜੱਰਬੇਕਾਰ ਮਾਹਿਰ ਡਾਕਟਰਾਂ ਦੀ ਟੀਮ ਨਾਲ ਹੱਲ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ ਆਪਣੇ ਪਸ਼ੂ ਦੀ ਖਰੀਦ-ਵੇਚ ਕਰਨੀ ਚਾਹੇ ਤਾਂ ਵੀ ਇਸ ਐਪ ਦੀ ਮਦਦ ਲੈ ਸਕਦਾ ਹੈ,ਕਿਸਾਨ ਲਈ ਉਪਜਾਊ ਮਿੱਟੀ ਦਾ ਹੋਣਾ ਬਹੁਤ ਜਰੂਰੀ ਹੈ। ਮਿੱਟੀ ਦੀ ਗੁਣਵਣਤਾਂ, ਲੋੜੀਦੇ ਤੱਤਾਂ ਦੀ ਪੂਰਤੀ, ਖਾਦਾਂ ਆਦਿ ਦਾ ਪੂਰਨ ਵੇਰਵਾ ਵੀ ਇਸ ਐਪ ਰਾਹੀਂ ਮਿਲ ਸਕੇਗਾ। ਇਹ ਵੀ ਜਾਣਕਾਰੀ ਮਿਲੇਗੀ ਕਿ ਕਿਹੜੀ ਫ਼ਸਲ ਦੀ ਪੈਦਾਵਰ ਉਨ੍ਹਾਂ ਨੂੰ ਵਧੇਰੇ ਮੁਨਾਫ਼ਾ ਦੇ ਸਕਦੀ ਹੈ। ਸਾਡੇ ਦੇਸ਼ ਦਾ ਕਿਸਾਨ ਬਹੁਤ ਮੇਹਨਤੀ ਹੈ, ਨਿੱਡਰ ਹੈ ਪਰ ਅਫਸੋਸ ਕਿ ਜਾਗਰੂਕਤਾ ਦੀ ਘਾਟ ਹੈ। ਇਹ ਐਪ ਉਸਦੀ ਸਫ਼ਲ ਜ਼ਿੰਦਗੀ ਲਈ ਰਾਹ ਦੁਸੇਰਾ ਬਣੇਗੀ। ਇਹ ਐਪ ਗਿਆਨ ਦੇ ਨਾਲ ਨਾਲ ਮਨੋਂਰਜਨ ਜਗਤ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਏਗੀ ਜੋ ਵੱਖ ਵੱਖ ਸੂਬਿਆਂ ਦੀ ਬੋਲੀ ਅਧਾਰਤ ਗੀਤ ਸੰਗੀਤ ਦੀ ਜਾਣਕਾਰੀ ਅਤੇ ਮਨੋਰੰਜਨ ਨਾਲ ਜੋੜੇਗੀ। ਆਉਣ ਵਾਲੇ ਕੁਝ ਹੀ ਮਹੀਨਿਆਂ ਵਿੱਚ ਦੇਸ਼ ਦਾ ਹਰ ਛੋਟਾ ਵੱਡਾ ਕਿਸ਼ਾਨ ਇਸ ਐਪ ਨਾਲ ਆਪਣੇ ਆਪ ਨੂੰ ਜੋੜਕੇ ਦੇਸ਼ ਨੂੰ ਉੱਨਤੀ ਦੇ ਰਾਹਾਂ ਵੱਲ ਤੋਰਣ ਵਿੱਚ ਯਤਨਸ਼ੀਲ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਐਪ ਦੇ ਗੁਣਾਂ ਨੂੰ ਵੇਖਦਿਆਂ ਹੋਏ ਪੰਜਾਬ ਦੇ ਨਾਮੀਂ ਗਾਇਕ , ਫ਼ਿਲਮੀ ਕਲਾਕਾਰ ਇਸਦੇ ਪ੍ਰਚਾਰ ਲਈ ਅੱਗੇ ਆ ਰਹੇ ਹਨ। ਆਓੁ, ਅੱਜ ਦੇ ਤਕਨੀਕੀ ਗਿਆਨ ਦੀ ਪੂਰਤੀ ਲਈ ਇਸ ਗਿਆਨ ਭਰਪੂਰ ਐਪ ਪਸ਼ੂ ਬੋਲੀ ਨਾਲ ਜੁੜ ਕੇ ਆਪਣੇ ਗਿਆਨ ਭੰਡਾਰ ਵਿੱਚ ਵਾਧਾ ਕਰੀਏ ਤੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਈਏ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …