Breaking News
Home / ਨਜ਼ਰੀਆ / ਪ੍ਰਾਈਵੇਸੀ

ਪ੍ਰਾਈਵੇਸੀ

ਜਤਿੰਦਰ ਕੌਰ ਰੰਧਾਵਾ
ਬਾਹਰੋਂ ਕੋਈ ਅਜੀਬ ਜਿਹੀ ਰੌਸ਼ਨੀ ਦਾ ਲਾਲ ਗੋਲ਼ਾ ਰਹਿ ਰਹਿ ਕਿ ਮੇਰੇ ਡਰੈਸਿੰਗ ਟੇਬਲ ਦੇ ਸ਼ੀਸ਼ੇ ਵਿੱਚ ਲਿਸ਼ਕੋਰ ਪਾ ਰਿਹਾ ਹੈ ਤੇ ਮੇਰੀ ਅੱਖ ਘਬਰਾਹਟ ਵਿੱਚ ਖੁੱਲ੍ਹ ਗਈ ਹੈ। ਮਿੱਚਦੀਆਂ ਚੁੰਧਿਆਈਆਂ ਅੱਖਾਂ ਨੂੰ ਧੱਕੇ ਨਾਲ ਖੋਲ੍ਹਦੀ ਹੋਈ ਆਪਣੇ ਸੈੱਲ ਫੋਨ ਤੋਂ ਟਾਈਮ ਚੈੱਕ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਰਾਤ ਦੇ ਦੋ ਵੱਜਣ ਵਾਲ਼ੇ ਨੇ। ਇਹ ਸਭ ਕੀ ਹੋ ਰਿਹਾ ਹੈ, ਮੈਂ ਅਣਮਨੇ ਮਨ ਨਾਲ਼ ਉੱਠ ਕਿ ਖਿੜਕੀ ਤੋਂ ਬਾਹਰ ਝਾਕਦੀ ਹਾਂ। ਸਾਹਮਣੇ ਵਾਲੀ ਸਟਰੀਟ ‘ਤੇ ਤਿੰਨ ਚਾਰ ਪੁਲਿਸ ਦੀਆਂ ਗੱਡੀਆਂ ਖੜ੍ਹੀਆਂ ਹਨ। ਜਿਹਨਾਂ ਦੇ ਸਿਰਾਂ ‘ਤੇ ਲਾਲ ਲਾਲ ਅੱਗ ਦੇ ਗੋਲ਼ਿਆਂ ਵਰਗੀਆਂ ਬੱਤੀਆਂ ਜਿਵੇਂ ਕਾਰ ਦੀ ਪਰਿਕਰਮਾ ਕਰ ਰਹੀਆਂ ਹਨ। ਇਹ ਠੰਢੀ ਸਰਦ ਹੱਡ ਚੀਰਵੀਂ ਹਨੇਰੀ ਰਾਤ ਵਿੱਚ ਬਹੁਤ ਹੀ ਖ਼ਤਰਨਾਕ ਜਿਹਾ ਡਰਾਉਣਾ ਦ੍ਰਿਸ਼ ਪੈਦਾ ਕਰ ਰਹੀਆਂ ਹਨ। ਬਾਹਰ ਵੇਖ ਇੱਕ ਵਾਰ ਤਾਂ ਮਨ ਦਹਿਲ ਗਿਆ ਹੈ ਪਰ ਦੂਜੇ ਹੀ ਪਲ ਖਿਆਲ ਉਭਰਦਾ ਹੈ ਕਿ ਐਸਾ ਕੀ ਹੋ ਗਿਆ ਹੈ, ਅੱਧੀ ਰਾਤ ਨੂੰ ਜੋ ਪੁਲਿਸ ਇੰਝ ਘੇਰਾ ਪਾਈ ਖੜ੍ਹੀ ਹੈ। ਇਹਨਾਂ ਮੁਲਖਾਂ ‘ਚ ਪੁਲਿਸ ਵੀ ਹਰ ਜਗ੍ਹਾ ਆਹ ਲਾਲ ਜਿਹੀਆਂ ਬੱਤੀਆਂ ਲਾਈ ਝੱਟ ਆ ਖੜ੍ਹਦੀ ਹੈ। ਜਮਦੂਤ ਜਿਹੇ, ਮਨ ਹੀ ਮਨ ਮੈਂ ਉਹਨਾ ਨੂੰ ਕੋਸ ਰਹੀ ਹਾਂ।
ਐਨੀ ਦੇਰ ਵਿੱਚ ਖੜਕਾ ਜਿਹਾ ਸੁਣ ਕਿ ਰੀਤ ਵੀ ਮੇਰੇ ਕੋਲ਼ ਆ ਖੜ੍ਹੀ ਹੈ। ”ਮਾਮ ਕੀ ਹੋਇਆ?” ਉਸਦੀਆਂ ਨਜ਼ਰਾਂ ਵੀ ਬਾਹਰ ਨੂੰ ਉੱਠ ਗਈਆਂ ਹਨ। ਐਬੂਲੈਂਸ ਵੀ ਆ ਗਈ ਹੈ ਤੇ ਨੀਲੀਆਂ ਬੱਤੀਆਂ ਵਾਲੀਆਂ ਗੱਡੀਆਂ ਵੀ ਹਨ। ਦੂਸਰੇ ਪਾਸੇ ਨਵੀ ਚੀਖ ਰਹੀ ਹੈ, ਸੌਣ ਵੀ ਨਹੀਂ ਦੇਂਦੇ। ਚੁੱਪ ਕਰੋ ਹੁਣ ਸੌਂ ਜਾਵੋ, ਮੈਂ ਸਵੇਰੇ ਸਕੂਲ ਵੀ ਜਾਣਾ ਹੈ।
‘ਸ਼ਟਅਪ ਨਵੀ, ਸਮਥਿੰਗ ਹੈਪਨਡ ਆਉਟ ਸਾਈਡ’ ਰੀਤ ਉੱਥੇ ਖੜ੍ਹੀ ਖੜ੍ਹੀ ਚੀਖੀ ਹੈ।” ਮੈਂ ਉਹਨਾਂ ਵੱਲ ਗੁੱਸੇ ਵਿੱਚ ਵੇਖਿਆ ਹੈ ਤੇ ਪਉੜੀਆਂ ਉੱਤਰ ਕਿਚਨ ਵਲ ਤੁਰ ਪਈ ਹਾਂ। ਮੇਰਾ ਗਲ਼ਾ ਸੁਕ ਰਿਹਾ ਹੈ, ਪਾਣੀ ਦਾ ਗਲਾਸ ਲੈ ਸੋਫੇ ‘ਤੇ ਬੈਠ ਗਈ ਹਾਂ। ਦਿਲ ਕਰਦਾ ਹੈ ਕਿ ਦਰਵਾਜ਼ੇ ਦੀ ਝੀਥ ਵਿਚੋਂ ਬਾਹਰ ਹੁੰਦੇ ਘਟਨਾਕ੍ਰਮ ਦਾ ਜਾਇਜ਼ਾ ਲਵਾਂ ਜਾਂ ਪਰਦਾ ਪਰ੍ਹੇ ਕਰਕੇ ਵੇਖਾਂ-ਕੁੱਝ ਤਾਂ ਪਤਾ ਲੱਗੇ।
ਦੂਜੇ ਹੀ ਪਲ ਇਹ ਖ਼ਿਆਲ ਝਟਕ ਦਿੰਨੀ ਹਾਂ, ਬੱਚੇ ਕੀ ਕਹਿਣਗੇ।
” ‘ਮਾਮ ਯੂ ਟੂ’ – ਲਾਈਕ ਟਿੱਪੀਕਲ ਇੰਡੀਅਨ ਆਂਟੀਸ, ਦੂਜਿਆਂ ਦੇ ਘਰਾਂ ਵਲ ਕਿਉਂ ਝਾਕਦੇ ਹੋ। ਮਾਈਂਡ ਯੁਅਰ ਔਨ ਬਿਜ਼ਨਸ।
ਚੰਗਾ ਨਹੀਂ ਲੱਗਦਾ, ਬਾਹਰ ਨਹੀਂ ਝਾਕਣਾ।”
ਠੰਢ ਬਾਹਲ਼ੀ ਹੋਣ ਕਾਰਣ ਦਰਵਾਜ਼ਾ ਖੋਲ੍ਹ ਬਾਹਰ ਵੀ ਨਹੀਂ ਜਾ ਸਕਦੀ ਪਰ ਮਨ ਵਿੱਚ ਧੁੜਕੂ ਲਗਾ ਹੋਇਆ ਹੈ। ਐਸਾ ਕੀ ਹੋ ਗਿਆ ਜੋ ਅੱਧੀ ਰਾਤ ਇਨੀਆਂ ਗੱਡੀਆਂ ਸਟਰੀਟ ‘ਤੇ ਖੜ੍ਹੀਆਂ ਹਨ।
ਨੀਂਦ ਨਹੀਂ ਆ ਰਹੀ। ਟਿੱਕ ਟਿੱਕ ਕਰਦੀ ਘੜੀ ਨੇ ਸਵੇਰ ਦੇ ਚਾਰ ਵਜਾ ਦਿੱਤੇ ਹਨ, ਪੁਲਿਸ ਦੀਆਂ ਗੱਡੀਆਂ ਵੀ ਲੱਗਦਾ, ਚਲੀਆਂ ਗਈਆਂ ਹਨ। ਲਿਸ਼ਕੋਰ ਪੈਣੋ ਹੱਟ ਗਈ ਹੈ। ”ਪੈ ਜਾਵੋ ਮੰਮਾ ਹੁਣ, ਸਵੇਰ ਕੰਮ ਤੇ ਵੀ ਜਾਣਾ ਹੈ।” ਰੀਤ ਦੀ ਉਪਰੋਂ ਫਿਰ ਆਵਾਜ਼ ਆਈ ਹੈ। ਨਵੀ ਆਪਣੇ ਕਮਰੇ ਵਿੱਚ ਇਸ ਸਭ ਤੋਂ ਬੇਖ਼ਬਰ ਘੁਰਾੜੇ ਮਾਰ ਰਹੀ ਹੈ।
ਫਿਰ ਸੋਚਦੀ ਹਾਂ ਕੋਈ ਛੋਟੀ ਮੋਟੀ ਪਰਿਵਾਰਿਕ ਲੜਾਈ ਹੋਣੀ ਹੈ, ਵਾਈਫ ਨੇ 911 ਘੁੰਮਾ ਦਿੱਤਾ ਹੋਣਾ। ਪਰਸੋਂ ਵੀ ਤਾਂ ਪਿਛਲੀ ਗਲ਼ੀ ਵਿੱਚ ਪੁਲਿਸ ਆਈ ਸੀ। ਕੋਈ ਬਰਥਡੇ ਪਾਰਟੀ ਸੀ ਸ਼ਾਇਦ। ਮੁੰਡੇ ਕੁੜੀਆਂ ਖੱਪ ਪਾ ਰਹੇ ਸੀ ਤੇ ਕੋਈ ਲੜਾਈ ਹੋ ਗਈ ਜਾਂ ਗਵਾਂਢੀਆਂ ਨੇ ਸ਼ਿਕਾਇਤ ਕਰ ਦਿੱਤੀ ਹੋਣੀ ਹੈ। ਰਾਤ ਨੂੰ ਪੁਲਿਸ ਆ ਗਈ ਸੀ ਪਰ ਛੇਤੀ ਹੀ ਚਲੀ ਗਈ ਸੀ। ਇਸੇ ਦੁਚਿੱਤੀ ਵਿੱਚ ਪਈ ਦੀ ਕਦੋਂ ਸੋਫੇ ‘ਤੇ ਅੱਖ ਲਗ ਗਈ ਪਤਾ ਹੀ ਨਹੀਂ ਲੱਗਿਆ। ਸਵੇਰੇ ਸਾਢੇ ਛੇ ਵਜੇ ਦੇ ਅਲਾਰਮ ਨੇ ਫਿਰ ਰੌਲਾ ਪਾ ਦਿੱਤਾ ਹੈ।
ਵਾਹੋ ਦਾਹੀ ਵਿੱਚ ਕੰਮ ‘ਤੇ ਤੁਰ ਗਈ ਹਾਂ। ਕਾਹਲੀ ਵਿੱਚ ਰਾਤ ਦੀ ਘਟਨਾ ਬਾਰੇ ਭੁੱਲ ਹੀ ਗਈ ਸਾਂ। ਕਾਰ ਵਿੱਚ ਰੇਡੀਉ ਚਲ ਰਿਹਾ ਹੈ।
”ਮੈਨ ਚਾਰਜਡ ‘ਆਫਟਰ’ ਵਾਈਫ, ਮਦਰ ਇਨ-ਲਾ ਫਾਉਂਡ ਡੈਡ ਇਨ ਹੋਮ”ਂ ਹੈਂ ਮੈਂ ਧਿਆਨ ਨਾਲ ਸੁਨਣ ਦੀ ਕੋਸ਼ਿਸ਼ ਕਰਦੀ ਹਾਂ। ਇਹ ਤਾਂ ਸਾਡੀ ਹੀ ਸਟਰੀਟ ਦੀ ਗੱਲ ਕਰ ਰਹੇ ਹਨ ਤੇ ਹਾਦਸਾ ਵੀ ਰਾਤ ਦਾ ਹੀ ਦੱਸ ਰਹੇ ਨੇ। ਮੇਰਾ ਸਿਰ ਚਕਰਾਉਣ ਲੱਗਿਆ ਹੈ, ਆਪਣੇ ਆਪ ਤੇ ਸ਼ਰਮ ਜਿਹੀ ਵੀ ਆਉਣ ਲੱਗੀ ਹੈ ਕਿ ਬਾਹਰ ਐਨਾ ਕੁਛ ਹੋ ਗਿਆ ਤੇ ਸਾਨੂੰ ਪਤਾ ਵੀ ਨਹੀਂ। ਅਸੀਂ ਕਿੰਨੇ ਖੁਦਗਰਜ਼ ਹੋ ਗਏ ਹਾਂ। ਪੈਸਾ, ਕੰਮ, ਟਾਈਮ ਬੱਸ ਇਹ ਕੁਛ ਹੀ ਸਾਡੀ ਸੋਚ ਦੇ ਘੇਰੇ ਵਿੱਚ ਹਨ।
ਪਰ ਮਨ ਵਿੱਚ ਰਹਿ ਰਹਿ ਕਿ ਇਹੀ ਖ਼ਿਆਲ ਆ ਰਿਹਾ ਹੈ ਕਿ ਬੰਦੇ ਨੇ ਕਿਵੇਂ ਆਪਣੀ ਪਤਨੀ ਤੇ ਉਸਦੀ ਮਾਂ ਨੂੰ ਚਾਕੂ ਮਾਰ ਮਾਰ ਕਿ ਮਾਰ ਦਿੱਤਾ। ਕਿੰਝ ਐਨਾ ਬੇਰਹਿਮ ਹੋ ਜਾਂਦਾ ਹੈ ਵਿਅਕਤੀ ਕਿ ਆਪਣਿਆ ਨੂੰ ਹੀ ਕਸਾਈਆ ਵਾਂਗ ਵੱਢ ਸੁੱਟਦਾ ਹੈ।
ਸਾਰਾ ਦਿਨ ਸਰੀਰ ਟੁੱਟਿਆ ਰਿਹਾ, ਜਿਵੇਂ ਤਿਵੇਂ ਦਿਹਾੜੀ ਲਾ ਘਰੇ ਪਹੁੰਚੀ ਹਾਂ। ਅੱਖਾਂ ਮੱਲੋ ਮੱਲੀ ਹੀ ਸਟਰੀਟ ਦੇ ਸਾਹਮਣੇ ਵਾਲ਼ੇ ਘਰ ਵਲ ਉੱਠ ਗਈਆਂ ਹਨ। ਘਰ ਦੇ ਬਾਹਰ ਪੀਲੀ ਅਤੇ ਸੰਤਰੀ ਰੰਗ ਦੀ ਟੇਪ ਨਾਲ ਵਾੜ ਕੀਤੀ ਹੋਈ ਹੈ। ਘਰ ਸੀਲ ਕਰ ਦਿੱਤਾ ਗਿਆ ਹੈ। ਸਾਹਮਣੇ ਉਹੀ ਛੋਟੀ ਜਿਹੀ ਪੋਰਚ ਹੈ ਜਿੱਥੇ 60-62 ਵਰ੍ਹਿਆਂ ਦੀ ਔਰਤ ਨਿੱਕੇ ਜਿਹੇ ਬੱਚੇ ਨੂੰ ਕੁੱਛੜ ਚੁੱਕੀ ਦਿਸ ਜਾਂਦੀ ਸੀ। ਕਦੀ ਕਦੀ ਆਉਂਦਿਆਂ ਜਾਂਦਿਆਂ ਗੱਡੀ ਵਿਚੋਂ ਸਮਾਨ ਲਾਹੁੰਦਿਆਂ ਜਾਂ ਬੱਚੇ ਦੀ ਸੀਟ ਲਾਹੁੰਦਿਆਂ ਚੜ੍ਹਾਉਂਦਿਆਂ ਨਜ਼ਰਾਂ ਮਿਲਦੀਆਂ ਸਨ ਪਰ ਕਦੀ ਦੁਆ ਸਲਾਮ ਨਹੀਂ ਸੀ ਹੋਈ। ਬੰਦੇ ਨੂੰ ਤੇ ਮੈਂ ਕਦੀ ਦੇਖਿਆ ਹੀ ਨਹੀਂ ਸੀ।
ਬੰਦ ਦਰਵਾਜ਼ਿਆਂ ਪਿੱਛੇ ਕੀ ਵਾਪਰਦਾ, ਕੋਈ ਕਿਵੇਂ ਜਾਣ ਸਕਦਾ ਹੈ?ਖ਼ਾਸ ਕਰਕੇ ਇਸ ਯੁੱਗ ਵਿੱਚ ਜਿੱਥੇ ਹਰ ਇੱਕ ਦੀ ਆਪਣੀ ਪਰਾਈਵੇਸੀ ਹੈ।
ਮੇਰਾ ਮਨ ਭਰ ਆਇਆ ਹੈ, ਚੇਤਾ ਕੋਈ ਤੀਹ-ਪੈਂਤੀ ਵਰ੍ਹੇ ਪਿੱਛੇ ਚਲਾ ਗਿਆ ਹੈ।
ਗਰਮੀਆਂ ਦੇ ਦਿਨ ਸਨ। ਅੱਤ ਦੀ ਗਰਮੀ ਪੈਂਦੀ ਸੀ ਉਹਨੀਂ ਦਿਨੀਂ। ਕੋਈ ਏ-ਸੀ ਵਗੈਰਾ ਨਹੀਂ ਹੁੰਦੇ। ਸਾਰਿਆਂ ਦੀਆਂ ਮੰਜੀਆਂ ਕੋਠੇ ਚੜ੍ਹਾਈਆਂ ਜਾਂਦੀਆਂ। ਸ਼ਾਮ ਨੂੰ ਛੱਤਾਂ ‘ਤੇ ਰੌਣਕਾਂ ਹੋ ਜਾਂਦੀਆਂ, ਮੰਜੇ, ਬਿਸਤਰੇ, ਪੱਖੇ ਆਦਿ ਛੱਤਾਂ ‘ਤੇ ਚੜ੍ਹਾਉਣੇ ਸ਼ੁਰੂ ਹੋ ਜਾਂਦੇ।
ਇੱਕ ਦਿਨ ਰਾਤ ਦੇ ਗਿਆਰਾਂ ਕੁ ਵਜੇ ਸਾਡੇ ਘਰ ਤੋਂ ਥੋੜ੍ਹੇ ਜਿਹੇ ਹਟਵੇਂ ਪਾਏ ਹੋਏ ਮਕਾਨ ਵਿੱਚ ਚੀਕ ਚਿਹਾੜਾ ਪੈ ਗਿਆ। ਤਾਈ ਰਾਮ ਕੌਰ ਉੱਚੀ ਉੱਚੀ ਰੋ ਰਹੀ ਸੀ ਤੇ ਛੱਤ ਤੇ ਨਾਮਾ ਅੰਕਲ ਸ਼ਾਇਦ ਆਪਣੀ ਘਰ ਵਾਲੀ ਸੀਤੋ ਨੂੰ ਕੁੱਟ ਰਿਹਾ ਸੀ। ਉਸ ਘਰ ਦੇ ਬਨੇਰੇ ਕਾਫ਼ੀ ਉੱਚੇ ਸਨ ਸਾਨੂੰ ਆਪਣੀ ਛੱਤ ਤੋਂ ਕੁੱਝ ਨਜ਼ਰ ਨਹੀਂ ਸੀ ਆ ਰਿਹਾ।
ਮੇਰੀ ਮਾਸੀ ਤੇ ਮਾਂ ਬਹੁਤ ਦੁਖੀ ਸਨ ਕਿ ਕਿਵੇਂ ਪਤਾ ਲੱਗੇ ਕਿ ਗਵਾਂਢੀਆਂ ਦੇ ਕੀ ਹੋ ਰਿਹਾ ਹੈ? ਤੇ ਕਿਵੇਂ ਗਰੀਬ ਔਰਤ ਨੂੰ ਬਚਾਇਆ ਜਾਵੇ। ਮੇਰੀ ਮਾਸੀ ਆਪਣੀ ਕੋਠੀ ਦੀ ਛੱਤ ਤੋਂ ਉੱਚੀ ਹੋ ਹੋ ਵੇਖਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਨਾਲ਼ੇ ਡਿੱਗਣ ਦੇ ਡਰੋਂ ਡਰ ਵੀ ਰਹੀ ਸੀ। ਓਧਰ ਉਹਨਾਂ ਦਾ ਦਰਵਾਜ਼ਾ ਵੀ ਅੰਦਰੋਂ ਬੰਦ ਸੀ, ਜਿਸ ਕਾਰਣ ਕੋਈ ਅੰਦਰ ਜਾ ਕੇ ਮਦਦ ਵੀ ਨਹੀਂ ਕਰ ਸਕਦਾ ਸੀ।
ਥੋੜ੍ਹੀ ਗਹੁ ਨਾਲ ਦੇਖਣ ‘ਤੇ ਪਤਾ ਲੱਗਾ ਕਿ ਉਹ ਨਾਮਾ ਅੰਕਲ, ਸੀਤੋ ਦੀ ਹਿੱਕ ‘ਤੇ ਚੜ੍ਹਿਆ ਬੈਠਾ ਸੀ। ਹੋਰ ਜ਼ਿਆਦਾ ਕੁਛ ਨਹੀਂ ਦਿਸਿਆ। ਅਸੀਂ ਉਦੋਂ ਛੋਟੇ ਨਿਆਣੇ ਹੁੰਦੇ ਸਾਂ, ਕੋਈ ਗੱਲ ਸਮਝ ਨਹੀਂ ਲੱਗੀ। ਬਸ ਡਰ ਨਾਲ ਕੱਠੇ ਹੋਏ ਬੈਠੇ ਸਾਂ। ਮੇਰੀ ਵੱਡੀ ਮਾਸੀ ਨੇ ਕੋਠੇ ਤੋਂ ਹੀ ਨਾਹਮੇ ਅੰਕਲ ਨੂੰ ਉੱਚੀ ਉੱਚੀ ਫਟਕਾਰਨਾ ਸ਼ੁਰੂ ਕਰ ਦਿੱਤਾ ਤੇ ਉਹ ਵੀ ਅੱਗੋਂ ਗਾਲ਼ਾਂ ਕੱਢਣ ਲੱਗ ਪਿਆ। ਐਨਾ ਰੌਲ਼ਾ ਸੁਣ ਹੇਠੋਂ ਮੇਰੇ ਮਾਸੜ ਜੀ ਉਪਰ ਆਏ ਤੇ ਮਾਸੀ ਜੀ ਨੂੰ ਗੁੱਸੇ ਹੁੰਦੇ ਥੱਲੇ ਲੈ ਗਏ ਕਿ ਐਵੇਂ ਹੀ ਲੋਕਾਂ ਦੇ ਘਰੀਂ ਦਖ਼ਲ ਦਿੰਦੀ ਫਿਰਦੀ ਹੈ।
ਸਵੇਰੇ ਪਤਾ ਲਗਾ ਸੀ ਕਿ ਸੀਤੋ (ਸਾਡੀ ਗਵਾਂਡਣ) ਦੀ ਸਾਹ ਗਲ਼ਾ ਘੁੱਟਣ ਨਾਲ ਮੋਤ ਹੋ ਗਈ ਸੀ ਤੇ ਕਈ ਦਿਨ ਮੇਰੀ ਮਾਸੀ ਉਦਾਸ ਤੇ ਪਰੇਸ਼ਾਨ ਰਹੀ ਸੀ ਕਿ ਉਹ ਕੁੱਛ ਨਹੀਂ ਕਰ ਸਕੀ। ਜੇ ਭਲਾ ਉਹ ਉਹਨਾਂ ਦੇ ਘਰ ਧੱਕੇ ਨਾਲ਼ ਚਲੀ ਜਾਂਦੀ ਤੇ ਪਤਾ ਲੱਗ ਜਾਣਾ ਸੀ ਕਿ ਉੱਥੇ ਕੀ ਹੋ ਰਿਹਾ ਹੈ, ਸੀਤੋ ਦੀ ਜਾਨ ਬੱਚ ਸਕਦੀ ਸੀ। ਪੁਲਿਸ ਆ ਕਿ ਨਾਹਮੇ ਅੰਕਲ ਨੂੰ ਲੈ ਗਈ ਸੀ ਨਿਆਣੇ ਕਈ ਦਿਨ ਵਿਲਕਦੇ ਰਹੇ। ਫਿਰ ਪਤਾ ਨਹੀਂ ਕੀ ਬਣਿਆ ਕੁਛ ਯਾਦ ਨਹੀਂ।
ਬਸ ਇੰਝ ਪੁਰਾਣੀਆਂ ਯਾਦਾਂ ਵਿੱਚ ਗਵਾਚਿਆਂ ਰਾਤ ਪੈ ਗਈ ਪਤਾ ਹੀ ਨਹੀਂ ਲੱਗਿਆ ਤੇ ਮੈਂ ਟਾਈਮ ਵੇਖਿਆ, ਰਾਤ ਦੇ ਨੌਂ ਵੱਜ ਚੁੱਕੇ ਸਨ। ਕਾਹਲ਼ੀ ਕਾਹਲ਼ੀ ਰਾਤ ਦੀ ਰੋਟੀ ਤਿਆਰ ਕੀਤੀ ਅਤੇ ਰਸੋਈ ਸਾਂਭ ਕਮਰੇ ਵਿੱਚ ਜਾ ਪਈ ਹਾਂ। ਨੀਂਦ ਫਿਰ ਵੀ ਨਹੀਂ ਆ ਰਹੀ।
ਟਿੱਕ ਟਿੱਕ ਕਰਦੀ ਘੜੀ ਨੇ ਬਾਰਾਂ ਵਜਾਏ ਹਨ। ਮੈਂ ਹੁਣ ਫਿਕਰਮੰਦ ਹੋ ਗਈ ਹਾਂ, ਰੀਤ ਅਜੇ ਘਰ ਨਹੀਂ ਆਈ। ਕਹਿੰਦੀ ਸੀ, ਕਿ ਅੱਜ ਆਫਿਸ ਵਾਲ਼ਿਆਂ ਦੀ ਕ੍ਰਿਸਮਿਸ ਦੀ ਪਾਰਟੀ ਹੈ। ਪਾਰਟੀ ਲਈ ਕੱਪੜੇ ਵੀ ਪਰਸ ਵਿੱਚ ਪਾ ਕੇ ਲੈ ਗਈ ਸੀ। ਕੱਪੜੇ ਵੀ ਅੱਜਕਲ ਕੀ ਹਨ। ”ਛੋਟੀ ਜਿਹੀ ਗੋਡਿਆਂ ਤੋਂ ਉੱਚੀ ਡਰੈਸ” – ਮੈਂ ਕਿਹਾ ਵੀ ਸੀ ਕਿ ਬੇਟੇ ਇਨੀ ਛੋਟੀ? – ਉਸ ਹੱਸ ਕਿ ਕਿਹਾ, ‘ਯੁ ਡੋਂਟ ਹੈਵ ਫੈਸ਼ਨ ਸੈਂਸ ਮਾਮ’ ਪਾਰਟੀ ਡਰੈਸ ਐਡੀ ਹੀ ਹੁੰਦੀ ਹੈ। ਆਖ ਜਿਵੇਂ ਹੱਸੀ, ਲੱਗਿਆ ਮੇਰਾ ਮਖੌਲ ਉਡਾ ਰਹੀ ਹੋਵੇ।
ਮੈਂ ਚੁੱਪ ਕਰਕੇ ਬੈਠ ਗਈ ਸਾਂ, ਹੋਰ ਕਰ ਵੀ ਕੀ ਸਕਦੀ ਸਾਂ? ਅਸੀਂ ਸਿਰਫ਼ ਛਟਪਟਾ ਹੀ ਸਕਦੇ ਹਾਂ, ਇਸ ਸਦੀ ਦੇ ਬੱਚਿਆਂ ਦਾ ਵਿਰੋਧ ਨਹੀਂ ਕਰ ਸਕਦੇ। ਸੋਚ ਦਾ ਫ਼ਰਕ ਇਹੋ ਜੁਮਲਾ ਹੀ ਸੁਨਣ ਨੂੰ ਮਿਲ਼ਦਾ ਹੈ। ਖ਼ੈਰ ਟਾਈਮ ਲੰਘਦਾ ਜਾ ਰਿਹਾ ਹੈ ਤੇ ਮੇਰਾ ਫ਼ਿਕਰ ਵੀ ਵੱਧਦਾ ਜਾ ਰਿਹਾ ਹੈ। ਨੀਂਦ ਨਹੀਂ ਆ ਰਹੀ। ਦੂਸਰੇ ਕਮਰੇ ਵਿੱਚ ਪਿਆ ਪਾਲ (ਮੇਰਾ ਪਤੀ) ਵੀ ਦੋ ਪੈੱਗ ਲਗਾ ਕੇ ਘੁਰਾੜੇ ਮਾਰ ਰਿਹਾ ਹੈ। ਸਭ ਕਾਸੇ ਤੋਂ ਬੇਫ਼ਿਕਰ। ਉਸ ਨੂੰ ਵੀ ਪਰਾਈਵੇਸੀ ਚਾਹੀਦੀ ਹੈ ਸ਼ਾਇਦ ਸਿਰਫ਼ ਵੀਕ ਐਂਡ ‘ਤੇ ਹੀ ਸਾਡਾ ਕਮਰਾ ਸਾਂਝਾ ਹੁੰਦਾ ਹੈ ਬਾਕੀ ਦਿਨ …।
ਚਲੋ ਛੱਡੋ ਇਹ ਮੈਂ ਕੀ ਕਹਿਣ ਲੱਗੀ ਸੀ ਪਤਾ ਨਹੀਂ ਕਦੋਂ ਅੱਖ ਲਗ ਗਈ। ਥੋੜ੍ਹੀ ਕੁ ਦੇਰ ਬਾਅਦ ਮੇਨ ਦਰਵਾਜ਼ੇ ਦੇ ਖੁਲ੍ਹਣ ਦੀ ਆਵਾਜ਼ ਆਈ ਹੈ, ਮੈਂ ਘੇਸਲ਼ ਮਾਰ ਕੇ ਪਈ ਰਹੀ। ਫਿਰ ਜ਼ੋਰ ਦੀ ਕੋਈ ਖੜਾਕ ਹੋਇਆ। ਜਿਵੇਂ ਕੋਈ ਡਿੱਗ ਪਿਆ ਹੋਵੇ, ਮੈਥੋਂ ਰਿਹਾ ਨਾ ਗਿਆ। ਉੱਥੇ ਪਈ ਨੇ ਉੱਚੀ ਆਵਾਜ਼ ਵਿੱਚ ਪੁੱਛਿਆ ‘ਕੀ ਹੋਇਆ’, ਆਰ ਯੂ ਆਲਰਾਈਟ?
ਅੱਗੋਂ ਜ਼ੋਰ ਦੀ ਆਵਾਜ਼ ਆਈ ਹੈ,
”ਹਅਅਟ – ਵਾਹਟ”
ਮੇਰੀ ਅੱਗੋਂ ਕੁਛ ਹੋਰ ਪੁੱਛਣ ਦੀ ਹਿੰਮਤ ਨਹੀਂ ਹੋਈ। ਪਰ ਮੈਨੂੰ ਲੱਗਿਆ ਕੀ ਰੀਤ ਜ਼ਰੂਰ ਡਿੱਗੀ ਹੈ। ਮਨ ਦੇ ਘੋੜੇ ਹਨ ਜੋ ਦੌੜ੍ਹ ਰਹੇ ਹਨ। ਪਾਰਟੀ ਤੇ ਗਈ ਸੀ ਜ਼ਰੂਰ ਪੀ ਕੇ ਆਈ ਹੋਣੀ ਐਂ। ਸਾਰੀਆਂ ਕੁੜੀਆਂ ਹੀ ਪੀਂਦੀਆਂ ਅੱਜਕਲ੍ਹ। ਜਿਵੇਂ ਨਵੀ ਕਹਿੰਦੀ ਹੈ, ‘ਇੱਟਸ ਕਲਚਰ ਮੋਮ’ ਨੱਥਿੰਗ ਰੌਂਗ ਇਨ ਇਟ। ‘ਯੁ ਆਰ ਲੱਕੀ – ਆਈ ਡੋਂਟ ਲਾਈਕ ਡ੍ਰਿੰਕਸ’ ਕਹਿ ਉਹ ਹੱਸ ਪੈਂਦੀ ਹੈ। ਜਿਵੇਂ ਮੇਰੇ ਤੇ ਕੋਈ ਅਹਿਸਾਨ ਕਰ ਰਹੀ ਹੋਵੇ। ਮੇਰਾ ਮਨ ਹੋਰ ਡਰ ਗਿਆ ਹੈ। ਪੀ ਕੇ ਆਈ ਹੈ। ਡਿੱਗ ਵੀ ਪਈ ਹੈ ਤੇ ਹਾਇ ਰੱਬਾ! ਕਾਰ ਵੀ ਚਲਾ ਕਿ ਆਈ ਹੈ। ਜੇ ਡਰਿੰਕ ਤੇ ਡਰਾਈਵ ਦਾ ਕੇਸ ਬਣ ਜਾਂਦਾ?ਕਿੱਥੇ ਮੂੰਹ ਦਿਖਾਊਂਗੀ ਕਿ ਬੱਚਿਆਂ ਨੂੰ ਆਹ ਸੰਸਕਾਰ ਦਿੱਤੇ ਹਨ?ਮਨ ਡਰਿਆ ਪਿਆ ਹੈ। ਕੁਛ ਕੁੜੀ ਦੀ ਸੁੱਖ ਸਾਂਦ ਦਾ ਤੇ ਬਾਹਲ਼ਾ ਲੋਕਾਂ ਦਾ ਡਰ।
ਉੱਠ ਕੇ ਬੈੱਡ ਤੇ ਬਹਿ ਗਈ ਹਾਂ। ਥੱਲੇ ਦੀ ਬਿੜਕ ਲੈਣ ਦੀ ਕੋਸ਼ਿਸ਼ ਕਰ ਰਹੀ ਹਾਂ। ਸਾਹਮਣੇ ਘੜੀ ਤੇ ਪੌਣੇ ਚਾਰ ਵੱਜੇ ਨੇ। ਹਾਇ ਰੱਬਾ ਸਾਰੀ ਰਾਤ ਬਾਹਰ। ਭੈੜੇ ਭੈੜੇ ਖਿਆਲ ਆ ਰਹੇ ਨੇ। ਪਤਾ ਨਹੀਂ ਬੱਚਿਆਂ ਨੂੰ ਕੀ ਹੋ ਗਿਆ ਹੈ ਅੱਜਕਲ੍ਹ।
ਹਰ ਵਕਤ ਡਰੀ ਡਰੀ ਰਹਿਨੀ ਹਾਂ। ਕੱਲ੍ਹ ਰੀਤ ਦੀ ਭੂਆ ਦਾ ਵੀ ਫੋਨ ਆਇਆ ਸੀ, ਦੱਸਦੀ ਸੀ ਕਿ ਉਸਦਾ ਬੇਟਾ ਆਵਦੀ ਗਰਲਫਰੈਂਡ (ਤਾਮਿਆ) ਨਾਲ ਵਕੈਸ਼ਨ ‘ਤੇ ਗਿਆ ਹੈ। ਮਨ ਹੀ ਮਨ ਸੋਚ ਰਹੀ ਸਾਂ, ਵਿਆਹ ਤੋਂ ਪਹਿਲਾਂ ਵਕੈਸ਼ਨ, ਦੋਹਾਂ ਦੀ ਇੱਕਠਿਆਂ! ਅੱਗੋਂ ਭੂਆ ਹੱਸ ਪਈ ਹੈ, ਕਿੱਥੇ ਰਹਿਨੀ ਐਂ ਪ੍ਰੀਤ ਤੂੰ, ਅੱਜ ਕੱਲ੍ਹ ਸਭ ਚਲਦਾ ਹੈ। ਨਾਲ਼ੇ ਕਿੱਥੇ ਕਿੱਥੇ ਰਾਖੀ ਕਰ ਲਉਂਗੇ ਬੱਚਿਆਂ ਦੀ। ਮੇਰਾ ਮਨ ਹੋਰ ਡਰ ਗਿਆ ਹੈ।
ਥੱਲੇ ਰੀਤ ਦੇ ਪੈਰਾਂ ਦੀ ਆਵਾਜ਼ ਆ ਰਹੀ ਹੈ। ਪਾਣੀ ਪੀਣ ਦੀ ਸ਼ੂਜ਼ ਲਾਹ ਕੇ ਰੱਖਣ ਦੀ। ਰੋਜ਼ ਨਾਲੋਂ ਜ਼ਿਆਦਾ ਖੜਕਾ ਹੋ ਰਿਹਾ ਹੈ ਜਾਂ ਮੇਰਾ ਵਹਿਮ ਹੈ। ਮੈਨੂੰ ਇੰਝ ਨਹੀਂ ਸੋਚਣਾ ਚਾਹੀਦਾ।
ਸਿਆਣੀ ਕੁੜੀ ਹੈ ਉਸ ਨਹੀਂ ਪੀਤੀ ਹੋਣੀ ਪਰ ਮਨ ਡਰ ਰਿਹਾ ਹੈ। ਜਦੋਂ ਉਸਦੀ ਪਉੜੀਆਂ ਚੜ੍ਹਨ ਦੀ ਆਵਾਜ਼ ਆਈ ਹੈ, ਮੈਂ ਕਮਰੇ ਤੋਂ ਹੀ ਆਵਾਜ਼ ਮਾਰੀ ਹੈ। ਰੀਤ ਇੱਧਰ ਆਈਂ। ਉਸਦੀ ਖਿੱਝੀ ਜਿਹੀ ਆਵਾਜ਼ ਆਈ ਹੈ।
”ਵਾਇ” – ਗੁੱਸੇ ਨਾਲ ਬੋਲੀ ਹੈ।
ਤੇ ਧੜ ਧੜ ਕਰਦੀ ਹੋਈ ਆਈ ਹੈ। ਤੇ ਆਉਂਦਿਆਂ ਹੀ ਗੁੱਸੇ ਨਾਲ ਬੋਲੀ ਹੈ।
”ਯੂ ਵਾਨਟ ਟੁ ਇਨਟੈਰੋਗੇਟ ਮੀ”?
” ਅੋ ਕੇ, ਆਸਕ ਵੱਟ ਯੂ ਵਾਨਟ”? ਉਹ ਜਿਵੇਂ ਆਕੜ ਰਹੀ ਹੈ।
ਮੇਰੀ ਜ਼ੁਬਾਨ ਸੁੱਕ ਗਈ ਹੈ। ਡਰ ਨਾਲ ਨਹੀਂ ਗੁੱਸੇ ਨਾਲ ਤੇ ਅਪਮਾਨ ਨਾਲ-
”ਇਹ ਕੋਈ ਟਾਈਮ ਹੈ, ਘਰ ਆਉਣ ਦਾ?” ਮੈਂ ਪੁੱਛਿਆ ਹੈ।
”ਸੋ ਵੱਟ ਆਈ ਟੋਲਡ ਯੂ, ਐਲ ਬੀ ਲੇਟ”
”ਹਾਂ, ਪਰ ਐਨਾ ਲੇਟ ਤੇ ਆਹ ਤੂੰ ਡਰਿੰਕ ਕੀਤੀ ਹੈ?”
”ਸੋ ਵਾਹਟ, ਆਈ ਹੈਡ, ਸਮ ਵਾਈਨ, ਕਪਲ ਔਫ ਆਵਰਸ ਅਗੋ” ਉਸ ਨੂੰ ਕੋਈ ਪਰਵਾਹ ਨਹੀਂ ਹੈ। ਮੈਨੂੰ ਕੁਛ ਹੋਰ ਨਹੀਂ ਸੁਝਿਆ – ”ਤੂੰ ਡਿੱਗੀ ਸੀ ਦਰਵਾਜ਼ੇ ਕੋਲ?”
ਉਹ ਹੋਰ ਗੜ੍ਹਕ ਕਿ ਬੋਲੀ,
”ਸੀ ਮਾਮ – ਆਈ ਡੌਂਟ ਲਾਈਕ ਦਿਸ ਥਿੰਗ ਅਬਾਉਟ ਯੂ- ਆਪੇ ਹੀ ਗੈੱਸ ਕਰੀ ਜਾਣਗੇ,”
ਉਹ ਮੇਰਾ ਬੈਗ ਡਿੱਗਿਆ ਸੀ ਇੱਕ ਗਲ ਸੁਣੋ, ਉਸ ਜਿਵੇਂ ਫੈਸਲਾਕੁੰਨ ਆਵਾਜ਼ ਵਿੱਚ ਆਖਿਆ।
”ਪਲੀਜ਼ ਡੌਂਟ ਕਾਲ ਮੀ ਇਨ ਯੂਅਰ ਰੂਮ ਲਾਈਕ ਦਿਸ ਟੂ ਇਨਟੈਰੋਗੇਟ ਮੀ।” ਐਮ ਨਾਟ ਏ ਕਿਡ!
”ਮੈਨੂੰ ਸਭ ਪਤਾ ਹੈ, ਕੀ ਠੀਕ, ਕੀ ਗਲਤ, ਮੈਨੂੰ ਸਿਖਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ। ਮੇਰੀ ਮਰਜੀ ਜਦੋਂ ਮਰਜੀ ਆਵਾਂ ਓਕੇ,” ਮੈਨੂੰ ਜਿਵੇਂ ਡਾਂਟ ਕੇ ਚਲੀ ਗਈ ਹੈ।
ਮੇਰਾ ਜੀ ਉੱਚੀ ਉੱਚੀ ਰੋਣ ਨੂੰ ਕੀਤਾ ਹੈ ਪਰ ਅੰਦਰ ਹੀ ਡੱਕ ਲਿਆ। ਦਿਨ ਚੜ੍ਹਨ ਵਾਲਾ ਹੈ ਤੇ ਨਾਲ ਦੇ ਕਮਰਿਆਂ ਵਿੱਚ ਬਾਕੀ ਜੀਅ ਵੀ ਸੁੱਤੇ ਹੋਏ ਹਨ, ਉਹ ਵੀ ਲੜਨਗੇ ਕਿ ਮੈਨੂੰ ਹੀ ਸ਼ਿਸ਼ਟਾਚਾਰ ਨਹੀਂ।
ਸਵੇਰੇ ਥੱਲੇ ਆ ਕਿ ਚਾਹ ਬਣਾਈ ਹੈ।
ਕੱਪ ‘ਚ ਪਾ ਕਿ ਬੈਠੀ ਹਾਂ। ਸੋਚ ਰਹੀ ਹਾਂ ਕਿ ਜਦੋਂ ਰੀਤ ਹੇਠਾਂ ਆਵੇਗੀ ਤੇ ਕਹਾਂਗੀ ਕਿ ਉਸ ਰਾਤ ਨੂੰ ਮਿਸ ਬਿਹੇਵ ਕੀਤਾ ਹੈ। ਥੋੜ੍ਹਾ ਗੁੱਸਾ ਦਿਖਾਵਾਂਗੀ। ਸ਼ਾਇਦ ਆਪੇ ਹੀ ਮਾਫ਼ੀ ਮੰਗ ਲਵੇ। ਅਜੇ ਸੋਚ ਹੀ ਰਹੀ ਹਾਂ, ਉਪਰੋਂ ਸ਼੍ਰੀਮਾਨ ਜੀ ਦਾ ਸੁਨੇਹਾ ਆ ਗਿਆ ਹੈ ਕਿ ਮੇਰੀ ਚਾਹ ਕਮਰੇ ਵਿੱਚ ਹੀ ਦੇ ਦਿਉ -” ਅੱਜ ਕਲਾਈਂਟ ਨਾਲ ਬ੍ਰੇਕਫਾਸਟ ਹੈ ਸੋ ਤਿਆਰ ਹੋ ਰਿਹਾ ਹਾਂ।”
ਮੈਂ ਕਿਚਨ ਵਿੱਚ ਖੜ੍ਹੀ ਹਾਂ। ਉਪਰੋਂ ਰੀਤ ਪੌੜੀਆਂ ਉੱਤਰ ਰਹੀ ਹੈ। ਸਿੱਧੇ ਕਿਚਨ ਵਿੱਚ ਆ ਗਈ ਹੈ।
”ਲੁਕ ਮਾਮ, ਆਈ ਐਮ ਥਿੰਕਿੰਗ ਟੁ ਮੂਵ ਆਉਟ”,
” ਆਈ ਡੌਂਟ ਵਾਂਟ ਦਿਸ ਖਿੱਚ ਖਿੱਚ ਐਵਰੀਡੇ ਆਈ ਵਾਂਟ ਟੂ ਲਿਵ ਮਾਈ ਲਾਈਫ”
ਮੈਂ ਚੁੱਪ ਹਾਂ ਤੇ ਉਸ ਆਪਣੀ ਗਲ ਅਗੇ ਤੋਰਦਿਆਂ ਆਖਿਆ ਹੈ। ”ਹਾਉ ਕੈਨ ਯੂ ਡੂ ਦਿਸ ਵਿਦ ਮੀ” – ਸਵਾਲ ਜਵਾਬ ਸਾਰਾ ਦਿਨ। ਪਹਿਲਾਂ ਤੁਹਾਨੂੰ ਦੱਸੋ, ਕਿੱਥੇ ਜਾ ਰਹੇ ਹਾਂ, ਕਿਉਂ ਜਾ ਰਹੇ ਹਾਂ? ਜੇ ਲੇਟ ਹੋ ਗਏ ਤੇ ਫਿਰ ਪਰੈਸ਼ਰ ਕਿ ਘਰ ਜਾ ਕਿ ਇਨਕਾਊਂਟਰ ਹੋਣਾ ਹੈ। … ਨੋ ਮੋਰ ਮਾਮ । ਮੈਂ ਫਿਰ ਘਬਰਾ ਗਈ ਹਾਂ। ਰੌਲ਼ਾ ਸੁਣ ਮਿਸਟਰ ਸਿੰਘ ਵੀ ਥੱਲੇ ਆ ਗਏ ਹਨ।
”ਹਾਉ ਆਰ ਯੂ ਯੰਗ ਲੇਡੀ! ਦੇ ਆਰ ਗਰੋਅਨ ਅੱਪ ਨਾਓ, ਯੂ ਲੇਡੀ – ਸਮਝਦੀ ਹੀ ਨਹੀਂ”, ‘ਪਿਓਰ ਦੇਸੀ'” ਬੁੜਬੁੜਾ ਦਿੱਤਾ ਹੈ ਤੇ ਬਾਕੀ ਮਨ ਹੀ ਮਨ ਆਖ ਰਹੇ ਹਨ।
ਮੈਨੂੰ ਲਗਦਾ ਹੈ, ਜਿਵੇਂ ਮੈਂ ਕੋਈ ਜੋਕਰ ਹੋਵਾਂ ਜਾਂ ਮਹਾਂ ਮੂਰਖ।
ਠੱਗੀ ਜਿਹੀ ਮਹਿਸੂਸ ਕਰਦੀ ਹਾਂ ਤੇ ਆਪਣੀਆਂ ਅੱਖਾਂ ਚੰਗੀ ਤਰ੍ਹਾਂ ਧੋ ਲਈਆਂ ਹਨ ਤੇ ਕੰਮ ‘ਤੇ ਜਾਣ ਲਈ ਤਿਆਰ ਹੋਣ ਲੱਗੀ ਹਾਂ।
ਸੰਪਰਕ: 001-647-982-2390

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …