Breaking News
Home / ਨਜ਼ਰੀਆ / ਕੈਨੇਡਾ ਦੀਆਂ ਘੜੀਆਂ

ਕੈਨੇਡਾ ਦੀਆਂ ਘੜੀਆਂ

ਕੈਨੇਡਾ ਇੱਕ ਵਿਸ਼ਾਲ ਦੇਸ਼ ਹੈ ਅਤੇ ਪੂਰਬ ਤੋਂ ਪੱਛਮ ਵੱਲ 5000 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਫੈਲਿਆ ਹੋਇਆ ਹੈ। ਦੇਸ਼ ਏਨਾਂ ਵੱਡਾ ਹੈ ਕਿ ਇੱਕੋ ਸਮੇਂ ਟੋਰਾਂਟੋ ਦੀ ਘੜੀ ‘ਤੇ ਜੇ ਪੰਜ ਵੱਜੇ ਹੋਣ ਤਾਂ ਵੈਨਕੂਵਰ ਵਾਸੀਆਂ ਦੀਆਂ ਘੜੀਆਂ ਦੋ ਵਜਾ ਰਹੀਆਂ ਹੁੰਦੀਆਂ ਹਨ। ਆਓ ਕੈਨੇਡਾ ਦੇ ਵੱਖ ਵੱਖ ਸਮਾਂ ਖੰਡਾਂ (Time Zones) ਬਾਰੇ ਜਾਨਣ ਦੀ ਕੋਸ਼ਿਸ਼ ਕਰੀਏ। ਅਸਲ ਵਿੱਚ ਪੂਰੇ ਦੇਸ਼ ਨੂੰ ਛੇ ਸਮਾਂ ਖੰਡਾਂ ਵਿੱਚ ਵੰਡਿਆ ਗਿਆ ਹੈ। ਦੂਜੇ ਸ਼ਬਦਾਂ ਵਿੱਚ ਇੱਕੋ ਸਮੇਂ ਦੇਸ਼ ਦੇ ਅਲੱਗ ਅਲੱਗ ਖਿੱਤਿਆਂ ਵਿੱਚ ਘੜੀਆਂ ਛੇ ਸਮੇਂ ਦੱਸ ਰਹੀਆਂ ਹੁੰਦੀਆਂ ਹਨ। ਪੱਛਮ ਵਾਲੇ ਪਾਸੇ ਤੋਂ ਸ਼ੁਰੂ ਕਰੀਏ ਤਾਂ ਉੱਤਰ ਪੱਛਮੀ ਟੈਰੇਟੋਰੀਜ਼ ਦੇ ਕੁਝ ਖੇਤਰ ਯੂਕੋਨ ਸੂਬਾ ਅਤੇ ਬ੍ਰਿਟਿਸ਼ ਕੋਲੰਬੀਆ ਤੇ ਬਹੁਤੇ ਭਾਗ ਪੈਸੇਫਿਕ ਸਮਾਂ ਖੰਡ (Pacific Time Zones) ਵਿੱਚ ਆਉਂਦੇ ਹਨ। ਇਸ ਤੋਂ ਬਾਅਦ ਪਰਬਤੀ ਸਮਾਂ ਖੰਡ (Mountain Time Zones) ਆਉਂਦਾ ਹੈ ਜਿਸ ਵਿੱਚ ਉੱਤਰੀ ਪੱਛਮੀ ਟੈਰੇਟੋਰੀਜ਼ ਦੇ ਬਹੁਤੇ ਭਾਗ, ਬ੍ਰਿਟਿਸ਼ ਕੋਲੰਬੀਆ ਦੇ ਕੁਝ ਪੂਰਬੀ ਭਾਗ, ਸਸਕੈਚਵਨ ਦੇ ਕੁਝ ਭਾਗ ਅਤੇ ਸਾਰਾ ਅਲਬਰਟਾ ਸੂਬਾ ਆਉਂਦਾ ਹੈ।
ਇਸ ਉਪਰੰਤ ਕੇਂਦਰੀ ਸਮਾਂ ਖੰਡ (Central Time Zones) ਆਉਂਦਾ ਹੈ ਜਿਸ ਵਿੱਚ ਨੂਨਾਵਤ ਸੂਬੇ ਦੇ ਪੱਛਮੀ ਭਾਗ, ਮੈਨੀਟੋਬਾ ਸੂਬਾ ਲਗਭਗ ਸਾਰਾ, ਸਸਕੈਚਵਨ ਸੂਬਾ ਅਤੇ ਉਂਟਾਰੀਓ ਸੂਬੇ ਦਾ ਥੰਡਰ ਬੇਅ ਤੱਕ ਦਾ ਪੱਛਮੀ ਭਾਗ ਆਉਂਦਾ ਹੈ। ਇਸ ਤੋਂ ਬਾਅਦ ਪੂਰਬੀ ਸਮਾਂ ਖੰਡ (Eastern Time Zones) ਆਉਂਦਾ ਹੈ, ਜਿਸ ਵਿੱਚ ਪੂਰਬ ਕੇਂਦਰੀ ਨੂਨਾਵਤ, ਕਿਊਬੈਕ (ਕੁਝ ਪੂਰਬੀ ਖੇਤਰਾਂ ਨੂੰ ਛੱਡ ਕੇ) ਅਤੇ ਥੰਡਰ ਬੇਅ ਤੋਂ ਪੂਰਬ ਵੱਲ ਦਾ ਸਾਰਾ ਉਂਟਾਰੀਓ ਸੂਬਾ ਸ਼ਾਮਿਲ ਹਨ। ਇਸ ਤੋਂ ਬਾਅਦ ਐਟਲਾਂਟਿਕ ਸਮਾਂ ਖੰਡ (Atlantic Time Zones) ਹੈ, ਜਿਸ ਵਿੱਚ ਕੈਨੇਡਾ ਦੇ ਪੂਰਬੀ ਸੂਬੇ ਜਿਵੇਂ ਕਿ ਪ੍ਰਿੰਸ ਐਡਵਰਡ ਟਾਪੂ, ਨੋਵਾ ਸਕੋਸ਼ੀਆ, ਨਿਊ ਬਰੰਜ਼ਵਿਕ, ਲੈਬਰਾਡੌਰ ਅਤੇ ਕਿਊਬੈਕ ਦੇ ਕੁਝ ਹਿੱਸੇ ਆਉਂਦੇ ਹਨ। ਛੇਵੇਂ ਅਤੇ ਆਖਰੀ ਸਮੇਂ ਨੂੰ ਨਿਊਫਾਊਂਡਲੈਂਡ ਸਟੈਂਡਰਡ ਸਮਾਂ ਖੰਡ (New Foundland Time Zones) ਕਹਿੰਦੇ ਹਨ ਅਤੇ ਇਸ ਵਿੱਚ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਪੂਰਬੀ ਭਾਗ ਆਉਂਦੇ ਹਨ।
ਆਓ ਦੇਖੀਏ ਕਿ ਹੁਣ ਵੱਖ ਵੱਖ ਸਮਾਂ ਖੰਡਾਂ ਵਿੱਚ ਸਮੇਂ ਦਾ ਫ਼ਰਕ ਕਿੰਨਾ ਕੁ ਹੈ। ਜੇ ਦੇਸ਼ ਦੇ ਪੂਰਬੀ ਹਿੱਸੇ ਨਿਊਫਾਊਂਡਲੈਂਡ ਵਿੱਚ ਦਿਨ ਦੇ 11.30 ਵੱਜੇ ਹੋਣ ਤਾਂ ਐਟਲਾਂਟਿਕ ਸਮਾਂ ਖੰਡ ਦੇ ਇਲਾਕਿਆਂ ‘ਚ ਸਵੇਰ ਦੇ ਗਿਆਰਾਂ, ਪੂਰਬੀ ਸਮਾਂ ਖੰਡ ਵਿੱਚ ਦਸ, ਕੇਂਦਰੀ ਸਮਾਂ ਖੰਡ ਵਿੱਚ ਨੌਂ, ਪਰਬਤੀ ਸਮਾਂ ਖੰਡ ਵਿੱਚ ਅੱਠ ਅਤੇ ਪੈਸੇਫਿਕ ਸਮਾਂ ਖੰਡ ਦੇ ਇਲਾਕਿਆਂ ਵਿੱਚ ਸਵੇਰ ਦੇ ਸੱਤ ਹੀ ਵੱਜੇ ਹੋਣਗੇ। ਹੁਣ ਸ਼ਹਿਰਾਂ ਦੇ ਹਿਸਾਬ ਨਾਲ ਵੇਖੀਏ। ਜੇ ਪੂਰਬੀ ਸ਼ਹਿਰ ਸੇਂਟ ਜੋਨਸ ਵਿੱਚ ਸਵੇਰ ਦੇ 11.30 ਵੱਜੇ ਹੋਣਗੇ ਤਾਂ ਉਸ ਸਮੇਂ ਹੈਲੀਫੈਕਸ ਵਿੱਚ 11, ਟੋਰਾਂਟੋ ਅਤੇ ਮਾਂਟਰੀਅਲ ਵਿੱਚ 10, ਵਿਨੀਪੈੱਗ ਵਿੱਚ 9, ਕੈਲਗਰੀ ਅਤੇ ਐਡਮਿੰਟਨ ਵਿੱਚ 8 ਅਤੇ ਵੈਨਕੂਵਰ ਵਿੱਚ ਸਵੇਰ ਦੇ ਸੱਤ ਵੱਜੇ ਹੋਣਗੇ।
ਸਮੇਂ ਦੀਆਂ ਘੜੀਆਂ ਨਾਲ ਸੰਬੰਧਿਤ ਇੱਕ ਹੋਰ ਵਰਤਾਰਾ ਤੁਸੀਂ ਅਕਸਰ ਸੁਣਿਆ ਹੋਣਾ ਹੈ ਕਿ ਟਾਈਮ ਬਦਲ ਗਿਆ ਹੈ। ਕੀ ਹੈ ਇਹ ਟਾਈਮ ਬਦਲਣ ਵਾਲੀ ਬਲਾ? ਅਸਲ ਵਿੱਚ ਦੁਨੀਆਂ ਦੇ ਕਰੀਬ 70 ਦੇਸ਼ ਸਰਦੀਆਂ ਗੁਜ਼ਰਨ ਤੋਂ ਬਾਅਦ ਬਹਾਰ ਰੁੱਤ ਵਿੱਚ ਘੜੀਆਂ ਨੂੰ ਇੱਕ ਘੰਟਾ ਅੱਗੇ ਕਰ ਲੈਂਦੇ ਹਨ ਤਾਂ ਜੋ ਸੂਰਜੀ ਧੁੱਪ ਭਰਪੂਰ ਸ਼ਾਮਾਂ ਦਾ ਵਧੇਰੇ ਸਮੇਂ ਲਈ ਆਨੰਦ ਮਾਣਿਆ ਜਾ ਸਕੇ। ਇਸ ਬਦਲੇ ਹੋਏ ਸਮੇਂ ਨੂੰ Daylight Saving Time ਕਹਿੰਦੇ ਹਨ। ਜਿਹੜੇ ਦੇਸ਼ ਭੂ ਮੱਧ ਰੇਖਾ ਦੇ ਨਜ਼ਦੀਕ ਹੁੰਦੇ ਹਨ, ਉਹ ਵੀ ਘੜੀਆਂ ਨੂੰ ਅੱਗੇ ਪਿੱਛੇ ਨਹੀਂ ਕਰਦੇ ਕਿਉਂਕਿ ਇਹਨਾਂ ਖੇਤਰਾਂ ਵਿੱਚ ਦਿਨ ਅਤੇ ਰਾਤ ਦੀ ਲੰਬਾਈ ਇੱਕੋ ਜਿੰਨੀ ਹੁੰਦੀ ਹੈ। ਜਾਪਾਨ, ਭਾਰਤ ਅਤੇ ਚੀਨ ਉਹ ਪ੍ਰਮੁੱਖ ਦੇਸ਼ ਹਨ ਜੋ ਘੜੀਆਂ ਨਾਲ ਛੇੜਛਾੜ ਨਹੀਂ ਕਰਦੇ। ਅਸਲ ਵਿੱਚ Daylight Saving Time ਬਾਰੇ ਸੰਨ 1784 ਵਿੱਚ ਉੱਘੇ ਚਿੰਤਕ ਬੈਂਜਾਮਿਨ ਫਰੈਂਕਲਿਨ ਨੇ ਸੁਝਾਇਆ ਸੀ ਜੋ ਅੱਜ ਕੈਨੇਡਾ ਵਿੱਚ ਅਪਣਾਇਆ ਜਾਂਦਾ ਹੈ। ਕੈਨੈਡਾ ਵਿੱਚ Daylight Saving Time ਮਾਰਚ ਮਹੀਨੇ ਦੇ ਦੂਜੇ ਐਤਵਾਰ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ ਤੱਕ ਜਾਰੀ ਰਹਿੰਦਾ ਹੈ। ਉਸ ਉਪਰੰਤ ਘੜੀਆਂ ਦੀਆਂ ਸੂਈਆਂ ਇੱਕ ਘੰਟੇ ਲਈ ਪਿੱਛੇ ਕਰ ਦਿੱਤੀਆਂ ਜਾਂਦੀਆਂ ਹਨ। ਉਦਾਹਰਣ ਵਜੋਂ ਜੇ ਕੋਈ ਵਿਅਕਤੀ ਸਮਾਂ ਬਦਲਣ ਤੋਂ ਪਹਿਲਾਂ ਨਵੰਬਰ ਦੇ ਪਹਿਲੇ ਸ਼ਨੀਵਾਰ ਨੂੰ ਆਪਣੇ ਘਰੋਂ ਕੰਮ ‘ਤੇ 7 ਵਜੇ ਸਵੇਰੇ ਨਿਕਲਦਾ ਹੈ ਤਾਂ ਉਸ ਵੇਲੇ ਬਾਹਰ ਹਨੇਰਾ ਹੁੰਦਾ ਸੀ। ਪਰ ਸਮਾਂ ਬਦਲਣ ਮਗਰੋਂ (ਐਤਵਾਰ ਨੂੰ) ਘੜੀਆਂ 7 ਦੀ ਥਾਂ ‘ਤੇ 6 ਵਜਾਉਣ ਲੱਗ ਗਈਆਂ, ਮਤਲਬ ਹੁਣ ਬਦਲੇ ਹੋਏ ਸਮੇਂ ਮੁਤਾਬਿਕ 7 ਵਜੇ ਚਾਨਣ ਹੋਇਆ ਕਰੇਗਾ।
Daylight Saving Time ਦੁਨੀਆਂ ਵਿੱਚ ਸਭ ਤੋਂ ਪਹਿਲੀ ਵਾਰੀ 1916 ਵਿੱਚ ਬਰੈਂਡਨ (ਮੈਨੀਟੋਬਾ) ਅਤੇ ਉਸ ਤੋਂ ਬਾਅਦ ਵਿਨੀਪੈੱਗ ਵਿੱਚ ਵਰਤਿਆ ਜਾਣ ਲੱਗਾ। ਹੈਰਾਨੀ ਦੀ ਗੱਲ ਹੈ ਕਿ ਗੁਆਂਢੀ ਸੂਬਾ ਸਸਕੈਵਚਨ ਸਮੇਂ ਵਿੱਚ ਕੋਈ ਬਦਲਾਵ ਨਹੀਂ ਕਰਦਾ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਟਰੱਕ ਵਰਲਡ 2024 ‘ਚ ਜ਼ੀਰੋ ਐਮੀਸ਼ਨ ਨੂੰ ਕੀਤਾ ਉਤਸ਼ਾਹਿਤ

ਡਰਾਈਵਰਾਂ ਅਤੇ ਓਨਰ ਅਪਰੇਟਰਾਂ ਤੋਂ ਲੈ ਕੇ ਫਲੀਟ ਓਨਰਸ ਅਤੇ ਓਈਐਮ ਤੱਕ, ਪਰਵਾਸੀ ਸਹਾਇਤਾ ਫਾਊਂਡੇਸ਼ਨ …