Breaking News
Home / ਨਜ਼ਰੀਆ / ਡਾ. ਰੰਧਾਵਾ ਦੀ 30ਵੀਂ ਬਰਸੀ ‘ਤੇ ਵਿਸ਼ੇਸ਼

ਡਾ. ਰੰਧਾਵਾ ਦੀ 30ਵੀਂ ਬਰਸੀ ‘ਤੇ ਵਿਸ਼ੇਸ਼

ਪਰਤਾਪੀ ਪੁਰਖ ਸੀ ਡਾ. ਐਮ. ਐਸ. ਰੰਧਾਵਾ
ਪ੍ਰਿੰ. ਸਰਵਣ ਸਿੰਘ
ਡਾ. ਮਹਿੰਦਰ ਸਿੰਘ ਰੰਧਾਵਾ ਪੰਜਾਬ ਦੀ ਮਹਾਂਨਾਜ਼ ਹਸਤੀ ਸੀ। ਉਸ ਨੇ ਜਿਸ ਕੰਮ ਨੂੰ ਹੱਥ ਪਾਇਆ ਕਾਮਯਾਬੀ ਨਾਲ ਸਿਰੇ ਲਾਇਆ। ਉਹ ਪ੍ਰਤਾਪੀ ਪੁਰਖਾਂ ਵਾਂਗ ਜੀਵਿਆ ਤੇ ਕਰਨੀ ਵਾਲੇ ਸੰਤਾਂ ਵਾਂਗ ਸੁਰਗਵਾਸ ਹੋਇਆ। ਬੱਸ ਤੁਰਦਾ ਫਿਰਦਾ, ਕੰਮ ਧੰਦੇ ਕਰਦਾ ਤੁਰ ਗਿਆ। ਕਦੇ ਵਿਹਲਾ ਨਹੀਂ ਸੀ ਵੇਖਿਆ ਉਸ ਨੂੰ। ਇਕੋ ਜੂੰਨ ‘ਚ ਉਹ ਕਈ ਜੂੰਨਾਂ ਜੀ ਗਿਆ। ਉਹ ਬਨਸਪਤੀ ਵਿਗਿਆਨੀ ਸੀ, ਕਲਾ ਪ੍ਰੇਮੀ, ਲੇਖਕ, ਖੋਜੀ, ਸੁੰਦਰਤਾ ਦਾ ਪੁਜਾਰੀ, ਬਾਗ਼ਬਾਨ ਤੇ ਸਫਲ ਪ੍ਰਸਾਸ਼ਕ ਸੀ। ਉਹ ਕਦੇ ਡਿਪਟੀ ਕਮਿਸ਼ਨਰ, ਕਦੇ ਖੇਤੀਬਾੜੀ ਦਾ ਕੇਂਦਰੀ ਸਕੱਤਰ, ਕਦੇ ਸ਼ਰਨਾਰਥੀਆਂ ਦਾ ਮੁੜ ਵਸਾਊ ਡਾਇਰੈਕਟਰ, ਕਦੇ ਪਿੰਡਾਂ ਦਾ ਵਿਕਾਸ ਕਮਿਸ਼ਨਰ, ਕਦੇ ਚੰਡੀਗੜ੍ਹ ਦਾ ਚੀਫ਼ ਕਮਿਸ਼ਨਰ ਤੇ ਕਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਿਆ। ਉਹ ਥਿਰੀ ਇਨ ਵਨ ਨਹੀਂ ਟੈੱਨ ਇਨ ਵਨ ਸੀ। ਕਾਸ਼ ਉਹ ਪੰਜਾਬ ਦੇ ਦਹਿਸ਼ਤੀ ਦੌਰ ਵੇਲੇ ਪਾਂਡੇ ਹੋਰਾਂ ਦੀ ਥਾਂ ਪੰਜਾਬ ਦਾ ਗਵਰਨਰ ਹੁੰਦਾ!
ਖਰੜ ਨੇੜੇ ਗਾਰਡਨ ਕਲੋਨੀ ਵਿਚ ਉਸ ਦਾ ਵਸੇਬਾ ਸੀ। 3 ਮਾਰਚ 1986 ਦੀ ਰਾਤ ਸੀ। ਰੰਧਾਵਾ ਸਾਹਿਬ ਦੀ ਪਤਨੀ ਸਰਦਾਰਨੀ ਇਕਬਾਲ ਕੌਰ ਦੱਸਦੀ ਹੈ, ”ਅੰਤ ਅਚਾਨਕ ਹੀ ਆ ਗਿਆ। ਪੰਜ-ਸੱਤ ਦਿਨ ਤੋਂ ਥਕਾਵਟ ਮਹਿਸੂਸ ਕਰਦੇ ਸਨ। ਹਸਪਤਾਲ ਜਾ ਕੇ ਈ. ਸੀ. ਜੀ. ਵੀ ਕਰਵਾਇਆ। ਕੁਝ ਨਹੀਂ ਨਿਕਲਿਆ। ਅੰਤਲੀ ਰਾਤ ਜਦੋਂ ਰਾਤ ਗਈ ਮੈਨੂੰ ਜਗਾਇਆ ਤਾਂ ਪਸੀਨੇ ਨਾਲ ਭਿੱਜੇ ਪਏ ਸਨ। ਬਿਸਤਰਾ, ਨਾਈਟ ਸੂਟ, ਕੱਛਾ-ਬੁਨੈਣ, ਸਾਰੇ ਕਪੜੇ ਤਰੋ-ਤਰ। ਮੈਂ ਪੁੱਛਿਆ, ਕੋਈ ਤਕਲੀਫ਼ ਹੈ ਤਾਂ ਮੂੰਹੋਂ ਦ…ਦ…ਦ ਹੀ ਨਿਕਲਿਆ। ਮੈਂ ਸੋਚਿਆ ਕਿ ਦੁੱਧ ਮੰਗਦੇ ਹਨ। ਮੈਂ ਸੋਚ ਹੀ ਰਹੀ ਸਾਂ ਕਿ ਢਹਿ ਪਏ। ਖ਼ਤਮ। ‘ਦੁੱਧ’ ਨਹੀਂ ‘ਦਰਦ’ ਕਹਿਣਾ ਚਾਹੁੰਦੇ ਸਨ।”
ਗੁਲਜ਼ਾਰ ਸਿੰਘ ਸੰਧੂ ਦੁਆਰਾ ਸੰਪਾਦਤ ਪੁਸਤਕ ‘ਪੰਜਾਬ ਦਾ ਛੇਵਾਂ ਦਰਿਆ’ ਵਿਚ ਉਸ ਦੀ ਸਰਦਾਰਨੀ ਇਕਬਾਲ ਕੌਰ ਨਾਲ ਇੰਟਰਵਿਊ ਦਰਜ ਹੈ। ਸੰਧੂ, ਰੰਧਾਵਾ ਸਾਹਿਬ ਦੀ ਪਤਨੀ ਨੂੰ ਬੀਜੀ ਕਹਿੰਦਾ ਆਇਆ ਹੈ। ਬੀਜੀ ਹੁਣ ਸੌ ਸਾਲ ਦੇ ਹੋ ਗਏ ਹਨ ਜੋ ਚੰਡੀਗੜ੍ਹ ਆਪਣੇ ਛੋਟੇ ਪੁੱਤਰ ਨਾਲ ਰਹਿੰਦੇ ਹਨ। ਵੱਡਾ ਪੁੱਤਰ ਗੁਜ਼ਰ ਚੁੱਕੈ। ਧੀ ਆਪਣੇ ਘਰ ਵੱਸਦੀ ਹੈ।
ਡਾ. ਰੰਧਾਵਾ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ/ਲਿਖਵਾਈਆਂ ਜਿਨ੍ਹਾਂ ਵਿਚ ਸਵੈਜੀਵਨੀ ‘ਆਪ ਬੀਤੀ’ ਵੀ ਹੈ। ਇਕ ਲੇਖਕ ਨੇ ਜੀਵਨੀ ਲਿਖਣ ਦੀ ਇੱਛਾ ਪਰਗਟ ਕੀਤੀ ਤਾਂ ਰੰਧਾਵਾ ਸਾਹਿਬ ਨੇ ਕਿਹਾ ਸੀ, ”ਤੁਸੀਂ ਜੀਵਨੀ ਵਿਚ ਮੇਰੀਆਂ ਤਾਰੀਫ਼ਾਂ ਹੀ ਕਰੋਗੇ, ਇਸ ਤਰ੍ਹਾਂ ਇਕ ਫੋਕੀ ਜਿਹੀ ਕਿਤਾਬ ਬਣੇਗੀ। ਜੀਵਨੀ ਦਾ ਮਤਲਬ ਇਹ ਹੈ ਕਿ ਜੋ ਚੰਗਾ ਮਾੜਾ ਬੀਤਿਆ ਹੈ, ਸੱਚਾਈ ਨਾਲ ਲਿਖਿਆ ਜਾਵੇ ਤੇ ਇਹ ਕੰਮ ਮੈਨੂੰ ਆਪ ਹੀ ਕਰਨਾ ਚਾਹੀਦਾ ਹੈ।”
ਉਸ ਨੇ ‘ਆਪ ਬੀਤੀ’ ਦੇ ਮੁੱਖਬੰਦ ਵਿਚ ਲਿਖਿਆ, ”ਪੰਜਾਬੀ ਲੋਕਾਂ ਵਿਚ ਇਹ ਅਨੁਭਵ ਸੀ ਕਿ ਮੈਂ ਪੰਜਾਬ ਦੀ ਉੱਨਤੀ ਵਿਚ ਬੜਾ ਹਿੱਸਾ ਪਾਇਆ ਹੈ। ਪੰਜਾਬ ਦੇ ਉੱਜੜਨ ਤੇ ਸ਼ਰਨਾਰਥੀਆਂ ਨੂੰ ਵਸਾਇਆ, ਜ਼ਮੀਨਾਂ ਵੰਡੀਆਂ, ਟਿਊਬਵੈਲਾਂ ਦਾ ਰਿਵਾਜ ਪਾਇਆ, ਖਿਲਰੀਆਂ ਪੁਲਰੀਆਂ ਜ਼ਮੀਨਾਂ ਦੀ ਚੱਕਬੰਦੀ ਕੀਤੀ, ਪਿੰਡਾਂ ਨੂੰ ਪੱਕੀਆਂ ਸੜਕਾਂ ਨਾਲ ਜੋੜਿਆ, ਨਵੇਂ ਢੰਗ ਦੀ ਖੇਤੀ ਦਾ ਰਿਵਾਜ ਪਾਇਆ ਤੇ ਲੋਕਾਂ ਦੇ ਜੀਵਨ ਵਿਚ ਪਲਟਾ ਲਿਆਂਦਾ। ਚੰਡੀਗੜ੍ਹ ਨੂੰ ਫੁੱਲਦਾਰ ਬੂਟਿਆਂ ਨਾਲ ਸਜਾਇਆ, ਮਿਊਜ਼ਅਮ ਬਣਾਏ ਤੇ ਡਾਕਟਰਾਂ, ਸਾਇੰਸਦਾਨਾਂ, ਲਿਖਾਰੀਆਂ ਤੇ ਚਿਤਰਕਾਰਾਂ ਨੂੰ ਸਸਤੇ ਪਲਾਟ ਦਿੱਤੇ ਅਤੇ ਨਵੇਂ ਸ਼ਹਿਰ ਵਿਚ ਵਸਾਇਆ। ਸਭ ਤੋਂ ਉੱਤਮ ਕੰਮ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਨੂੰ ਉਸਾਰਨਾ ਸੀ ਤੇ ਇਸ ਨੂੰ ਪੰਜਾਬ ਦੇ ਪਿੰਡਾਂ ਦੀ ਉਸਾਰੀ ਦਾ ਸੋਮਾ ਬਣਾਇਆ।”
ਮੁੱਖਬੰਦ ਦੇ ਅਖ਼ੀਰ ਵਿਚ ਲਿਖਿਆ, ”ਜਦ ਲੋਕ ਇਕ ਕਾਮਯਾਬ ਵਿਅਕਤੀ ਵੱਲ ਵੇਖਦੇ ਹਨ ਤਾਂ ਸਮਝਦੇ ਹਨ ਕਿ ਇਸ ਦਾ ਜੀਵਨ ਬੜਾ ਸੁਖੀ ਰਿਹਾ ਹੋਵੇਗਾ ਤੇ ਏਸ ਨੇ ਕੋਈ ਵੀ ਤਕਲੀਫ਼ ਨਹੀਂ ਵੇਖੀ ਹੋਣੀ। ਉਹ ਇਹ ਨਹੀਂ ਸਮਝਦੇ ਕਿ ਕਾਮਯਾਬੀ ਕਿੰਨੀਆਂ ਮੁਸੀਬਤਾਂ ਨਾਲ ਸਾਹਮਣਾ ਕਰ ਕੇ ਹਾਸਲ ਹੁੰਦੀ ਹੈ। ਮੈਂ ਤਾਂ ਦੇਖਿਆ ਹੈ ਕਿ ਇਨਸਾਨ ਬਣਦਾ ਹੀ ਮੁਸੀਬਤਾਂ ਦਾ ਮੁਕਾਬਲਾ ਕਰ ਕੇ ਹੈ। ਜਿਵੇਂ ਲੋਹਾ ਅੱਗ ਦੇ ਸੇਕ ਨਾਲ ਬਣਦਾ ਹੈ ਏਵੇਂ ਹੀ ਇਨਸਾਨੀ ਜ਼ਿੰਦਗੀ ਬੜਾ ਭਾਰੀ ਘੋਲ ਹੈ ਤੇ ਔਕੜਾਂ ਦਾ ਸਾਹਮਣਾ ਕਰ ਕੇ ਹੀ ਆਦਮੀ, ਆਦਮੀ ਬਣਦਾ ਹੈ। ਮੈਂ ਖ਼ਿਆਲ ਕਰਦਾ ਹਾਂ ਕਿ ਅੱਜ ਕੱਲ੍ਹ ਦੇ ਵਿਦਿਆਰਥੀ ਮੇਰੀਆਂ ਔਕੜਾਂ ਤੇ ਮੁਸ਼ਕਲਾਂ ਦਾ ਵਰਣਨ ਪੜ੍ਹ ਕੇ ਉਤਸ਼ਾਹਿਤ ਹੋਣਗੇ ਤੇ ਆਪਣੇ ਜੀਵਨ ਦੇ ਘੋਲ ਵਿਚ ਕਾਮਯਾਬ ਹੋਣਗੇ।”
ਡਾ. ਰੰਧਾਵਾ ਦੇ ਪਿਤਾ ਸਰਦਾਰ ਸ਼ੇਰ ਸਿੰਘ ਤਹਿਸੀਲਦਾਰ ਸਨ। ਉਨ੍ਹਾਂ ਦਾ ਪਿੰਡ ਬੋਦਲਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦਾ ਹੈ। ਜਦੋਂ ਉਹ ਜ਼ੀਰੇ ਸਨ ਤਾਂ ਉਨ੍ਹਾਂ ਦੀ ਪਤਨੀ ਸਰਦਾਰਨੀ ਬਚਿੰਤ ਕੌਰ ਦੀ ਕੁੱਖੋਂ 23-24 ਸਤੰਬਰ 1908 ਦੀ ਅੱਧੀ ਰਾਤ ਨੂੰ ਜੌੜੇ ਬੱਚਿਆਂ ਨੇ ਜਨਮ ਲਿਆ। ਉਨ੍ਹਾਂ ਦੇ ਜਨਮ ਦੀ ਖ਼ੁਸ਼ੀ ਵਿਚ ਪਾਠ ਕਰਾਇਆ ਗਿਆ। ਨਾਮ ਰੱਖਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਰ ਤੇ ਮ ਅੱਖਰ ਆਏ। ਰਾਰੇ ਅੱਖਰ ‘ਤੇ ਪਹਿਲੇ ਲੜਕੇ ਦਾ ਨਾਂ ਰਾਜਿੰਦਰ ਸਿੰਘ ਤੇ ਦੂਜੇ ਦਾ ਮਹਿੰਦਰ ਸਿੰਘ ਰੱਖਿਆ ਗਿਆ। ਪਰ ਉਨ੍ਹਾਂ ਦੇ ਪਿਤਾ ਜੀ ਪਿਆਰ ਨਾਲ ਜੁੰਗੋ ਤੇ ਮੁੰਗੋ ਕਹਿ ਕੇ ਹੀ ਬੁਲਾਉਂਦੇ। ਜਿਥੇ-ਜਿਥੇ ਪਿਤਾ ਦੀ ਬਦਲੀ ਹੁੰਦੀ ਰਹੀ ਉਥੇ-ਉਥੇ ਜੁੰਗੋ-ਮੁੰਗੋ ਪੜ੍ਹਦੇ ਰਹੇ। ਉਹ ਵੱਖ-ਵੱਖ ਇਲਾਕਿਆਂ ਤੇ ਵੱਖ-ਵੱਖ ਧਰਮਾਂ ਦੇ ਸਕੂ਼ਲਾਂ ਵਿਚ ਪੜ੍ਹੇ ਜਿਸ ਕਰਕੇ ਉਨ੍ਹਾਂ ਦੀ ਸੋਚ ਖੁੱਲ੍ਹੀ-ਡੁੱਲ੍ਹੀ ਹੋ ਗਈ।
ਉਨ੍ਹਾਂ ਦੀ ਵੱਡੀ ਭੈਣ ਹਰਬੰਸ ਕੌਰ ਨੇ ਲਿਖਿਆ ਕਿ ਜਦੋਂ ਪਿਤਾ ਜੀ ਕਰਤਾਰਪੁਰ ਤਹਿਸੀਲਦਾਰ ਸਨ ਰਾਜਿੰਦਰ ਮਹਿੰਦਰ ਦੋਹਾਂ ਨੂੰ ਗੌਰਮਿੰਟ ਹਾਈ ਸਕੂਲ ਵਿਚ ਪੜ੍ਹਨ ਲਾ ਦਿੱਤਾ। ਪਹਿਲੇ ਦਿਨ ਪੜ੍ਹਨ ਭੇਜੇ ਤਾਂ ਮਾਤਾ ਜੀ ਨੇ ਚੌਲ ਉਬਾਲ ਕੇ ਦਹੀਂ ਵਿਚ ਖੰਡ ਪਾ ਕੇ ਖੁਆਏ। ਚਰਨ ਕੰਵਲ ਗੁਰਦਵਾਰੇ ਤਲਾਅ ਥੱਲੇ ਉੱਲੀ ਲੱਗੀ ਹੋਈ ਸੀ ਜਿਥੇ ਮਹਿੰਦਰ ਦਾ ਪੈਰ ਤਿਲ੍ਹਕ ਗਿਆ। ਕਈ ਗੋਤੇ ਖਾਧੇ ਪਰ ਇਕ ਯਾਤਰੀ ਨੇ ਬਚਾ ਲਿਆ। ਫਿਰ ਊਨੇ ਸਨਾਤਨ ਧਰਮ ਹਾਈ ਸਕੂਲ ਵਿਚ ਪੜ੍ਹਨ ਲਾਏ। ਮਹਿੰਦਰ ਨੇ ਘੋਟਾ ਲਾ ਕੇ ਸੰਸਕ੍ਰਿਤ ਦਾ ਪਾਠ ਯਾਦ ਕੀਤਾ। ਫਿਰ ਬਲੱਗਣੀ ਆਰੀਆ ਸਕੂਲ ਵਿਚ ਪੜ੍ਹਨ ਲੱਗੇ। ਫਿਰ ਮੁਕਤਸਰ ਦੇ ਖ਼ਾਲਸਾ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਸਕੂ਼ਲ ਦੀ ਇਮਾਰਤ ਲਈ ਹੈੱਡ ਮਾਸਟਰ ਨੇ ਸਾਰੇ ਵਿਦਿਆਰਥੀਆਂ ਦੀ ਡਿਊਟੀ ਚੰਦਾ ਜਮ੍ਹਾਂ ਕਰਨ ‘ਤੇ ਲਾ ਦਿੱਤੀ। ਮਹਿੰਦਰ ਨੇ 300 ਰੁਪਏ ਜਮ੍ਹਾਂ ਕਰ ਕੇ ਸਕੂਲ ਬਿਲਡਿੰਗ ਫੰਡ ਵਿਚ ਦਿੱਤੇ। ਦਸਵੀਂ ‘ਚ ਹੱਥ ਲਿਖਤ ਅਖ਼ਬਾਰ ਕੱਢਿਆ ਜਿਸ ਦਾ ਨਾਂ ਖ਼ਾਲਸਾ ਹਾਈ ਸਕੂਲ ਟਾਈਮਜ਼ ਰੱਖਿਆ। ਉਹ ਇੰਨਾ ਪੜ੍ਹਦਾ ਕਿ ਰੋਟੀ ਖਾਂਦਾ ਵੀ ਅੱਖਾਂ ਮੂਹਰੇ ਕਿਤਾਬ ਰੱਖ ਲੈਂਦਾ। ਨਪੋਲੀਅਨ ਦੀ ਕਿਤਾਬ ਬਹੁਤ ਪੜ੍ਹਦਾ ਸੀ। ਕਹਿੰਦਾ ਹੁੰਦਾ ਸੀ ਕਿ ਮੈਂ ਵੀ ਕੁਝ ਬਣਾਂਗਾ।
ਬਚਪਨ ਵਿਚ ਬੜੀ ਦਿਲਚਸਪ ਘਟਨਾ ਘਟੀ। ਸੰਧਵਾਂ ਫਰਾਲਾ ਦਾ ਠੇਕੇਦਾਰ ਸ਼ੇਰ ਸਿੰਘ ਬਰਮਾ ਵਿਚੋਂ ਬਹੁਤ ਸਾਰਾ ਧੰਨ ਕਮਾ ਲਿਆਇਆ। ਉਸ ਨੇ ਨਵਾਂਸ਼ਹਿਰ ਦੇ ਤਹਿਸੀਲਦਾਰ ਸ਼ੇਰ ਸਿੰਘ ਦੇ ਮੁੰਡੇ ਨੂੰ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਚਾਹਿਆ, ਪਰ ਚਾਰ-ਚਾਰ ਸਾਲਾਂ ਦੇ ਜੁੰਗੋ-ਮੁੰਗੋ ਵਿਚੋਂ ਕੀਹਨੂੰ ਰਿਸ਼ਤਾ ਕਰੇ? ਇਸ ਗੱਲ ਦਾ ਫੈਸਲਾ ਗੁਣਿਆਂ ਰਾਹੀਂ ਕੀਤਾ ਗਿਆ। ਗੁਣਾ ਰਾਜਿੰਦਰ ਸਿੰਘ ਦੇ ਹੱਕ ਵਿਚ ਪੈ ਗਿਆ ਤੇ ਉਹਨੂੰ ਰਿਸ਼ਤਾ ਕਰ ਦਿੱਤਾ ਗਿਆ।
ਮਹਿੰਦਰ ਸਿੰਘ ਨਾਲ ਮੁੱਕੇਬਾਜ਼ ਮੁਹੰਮਦ ਅਲੀ ਤੇ ਹਾਕੀ ਦੇ ਖਿਡਾਰੀ ਬਲਬੀਰ ਸਿੰਘ ਸੀਨੀਅਰ ਵਾਲੀ ਹੋਈ। ਮੁਹੰਮਦ ਅਲੀ ਦੇ ਤਿੰਨ ਵਿਆਹ ਹੋਏ ਪਰ ਵਸੀ ਚੌਥੀ। ਬਲਬੀਰ ਸਿੰਘ ਦੀਆਂ ਤਿੰਨ ਮੰਗਣੀਆਂ ਟੁੱਟੀਆਂ, ਵਿਆਹ ਚੌਥੀ ਥਾਂ ਹੋਇਆ। ਮਹਿੰਦਰ ਸਿੰਘ ਦਾ ਪਹਿਲਾ ਮੰਗਣਾ ਉੱਗੀ ਚਿੱਟੀ ਦੇ ਬੇਅੰਤ ਸਿੰਘ ਦੀ ਲੜਕੀ ਨਾਲ ਹੋਇਆ। ਲੜਕੀ ਨੂੰ ਪੜ੍ਹਨੇ ਨਾ ਪਾਉਣ ਤੋਂ ਮੰਗਣੀ ਟੁੱਟ ਗਈ। ਫਿਰ ਲਾਹੌਰ ਤੋਂ ਗੁਪਾਲ ਸਿੰਘ ਡਿਪਟੀ ਸੁਪਰਡੰਟ ਪੁਲਿਸ ਦੀ ਲੜਕੀ ਦਾ ਸ਼ਗਨ ਆ ਗਿਆ। ਇਕੱਤੀ ਮੋਹਰਾਂ ‘ਚੋਂ ਇਕ ਰੱਖੀ ਗਈ। ਛੇ ਮਹੀਨੇ ਬਾਅਦ ਮੰਗਣੀ ਕੈਂਸਲ। ਤੀਜੇ ਮੰਗਣੇ ਦੀ ਗੱਲ ਪਟਿਆਲੇ ਗੱਜਣ ਸਿੰਘ ਠੇਕੇਦਾਰ ਦੀ ਲੜਕੀ ਨਾਲ ਚੱਲੀ। ਰਿਸ਼ਤੇ ਹੋਰ ਵੀ ਬਹੁਤ ਆਏ ਪਰ ਨਾਂਹ ਹੁੰਦੀ ਗਈ। ਮਹਿੰਦਰ ਸਿੰਘ ਨੇ ਕਿਤਾਬਾਂ ਚੁੱਕੀ ਬੋਦਲੀਂ ਭੀਖੇ ਖਾਂ ਦੀ ਝਿੜੀ ਵੱਲ ਪੜ੍ਹਨ ਜਾਣਾ ਤਾਂ ਦਰਸ਼ਨ ਸਿੰਘ ਮਸੰਦ ਨੇ ਪੁੱਛਣਾ, ”ਸਰਦਾਰ ਜੀ ਕੀ ਤੁਸੀਂ ਪੜ੍ਹੀ ਹੀ ਜਾਣਾ ਹੈ, ਵਿਆਹ ਨਹੀਂ ਕਰਾਉਣਾ?” ਆਖ਼ਰ ਆਈ. ਏ. ਐੱਸ. ਬਣ ਕੇ ਵਿਆਹ ਕਰਾਇਆ ਜੋ 15 ਅਗੱਸਤ 1932 ਨੂੰ ਡਾ. ਹਰਭਜਨ ਸਿੰਘ ਦੀ ਲੜਕੀ ਇਕਬਾਲ ਨਾਲ ਹੋਇਆ। ਬਰਾਤ ਲਾਰੀ ‘ਚ ਬੈਠ ਕੇ ਨਾਰੰਗਵਾਲ ਗਈ।
ਡਾ. ਰੰਧਾਵਾ ਨੇ ਖ਼ੁੁਦ ਆਪਣੇ ਬਾਰੇ ਕਾਫੀ ਕੁਝ ਲਿਖਿਆ, ਵੱਡੀ ਭੈਣ ਹਰਬੰਸ ਕੌਰ ਨੇ ਲਿਖਿਆ, ਬਹੁਤ ਸਾਰੇ ਲੇਖਕਾਂ ਨੇ ਲਿਖਿਆ ਤੇ ਹੋਰ ਵੀ ਲਿਖਿਆ ਜਾਂਦਾ ਰਹੇਗਾ। ਉਹ ਵੱਡਾ ਬੰਦਾ ਸੀ, ਵੱਡੀ ਹਸਤੀ ਸੀ। ਹਸਤੀ ਕੀ, ਸੰਸਥਾ ਸੀ। ਉਹਦਾ ਮਿਲਣ ਗਿਲਣ ਵਾਲਿਆਂ ਨੂੰ ‘ਤੂੰ’ ਕਹਿ ਕੇ ਬੁਲਾਉਣਾ ਅਪਣੱਤ ਜਤਾਉਣਾ ਸੀ। ਉਹ ਠੇਠ ਪੰਜਾਬੀ ‘ਚ ਗੱਲ ਕਰ ਕੇ ਖ਼ੁਸ਼ ਸੀ। ਪੰਜਾਬੀਅਤ ਦਾ ਮੁਦੱਈ ਸੀ।
ਮੈਨੂੰ ਖ਼ੁਦ ਰੰਧਾਵਾ ਸਾਹਿਬ ਨੂੰ ਮਿਲਣ ਦੇ ਮੌਕੇ ਮਿਲੇ। 70ਵਿਆਂ ਦੀ ਗੱਲ ਹੈ।  ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦਾ ਵਾਈਸ ਚਾਂਸਲਰ ਸੀ। ਯੂਨੀਵਰਸਿਟੀ ਨੇ ਉਦੋਂ ਡਬਲਯੂ ਐਲ 711 ਕਣਕ ਦਾ ਨਵਾਂ ਬੀਜ ਕੱਢਿਆ ਜਿਸ ਦਾ ਝਾੜ ਪਹਿਲਾਂ ਨਾਲੋਂ ਵੱਧ ਸੀ। ਮੈਂ ਉਹ ਬੀਜ ਹਾਸਲ ਕਰਨਾ ਚਾਹੁੰਦਾ ਸਾਂ, ਇਸ ਲਈ ਡਾ. ਰੰਧਾਵਾ ਤਕ ਪਹੁੰਚ ਕਰਨ ਦੀ ਸੋਚੀ। ਮੈਨੂੰ ਪਤਾ ਸੀ ਕਿ ਉਹ ਪੰਜਾਬੀ ਲੇਖਕਾਂ ਦੀ ਕਦਰ ਕਰਦੈ।
ਮੈਂ ਉਦੋਂ ਲਾਲਾ ਲਾਜਪਤ ਰਾਏ ਕਾਲਜ ਢੁੱਡੀਕੇ ਲੈਕਚਰਾਰ ਸਾਂ। ਢੁੱਡੀਕੇ ਦੇ ਜਸਵੰਤ ਸਿੰਘ ਕੰਵਲ ਨੇ ਹੀ ਮੈਨੂੰ ਦਿੱਲੀ ਤੋਂ ਪੱਟਿਆ ਸੀ। ਮੈਂ ਸੋਚਿਆ, ਕੰਵਲ ਦੀ ਸਿਫ਼ਾਰਸ਼ੀ ਚਿੱਠੀ ਲੈ ਕੇ ਰੰਧਾਵਾ ਸਾਹਿਬ ਨੂੰ ਮਿਲਾਂ। ਇਸ ਨਾਲ ਚੰਗਾ ਪ੍ਰਭਾਵ ਪਵੇਗਾ ਤੇ ਬੀਜ ਵਧੇਰੇ ਮਿਲ ਜਾਵੇਗਾ। ਬੀਜ ਵੰਡਣ ਤੋਂ ਕੁਝ ਦਿਨ ਪਹਿਲਾਂ ਮੈਂ ਕੰਵਲ ਦਾ ਰੁੱਕਾ ਲੈ ਕੇ ਰੰਧਾਵਾ ਸਾਹਿਬ ਨੂੰ ਜਾ ਮਿਲਿਆ। ਡਾ. ਰੰਧਾਵੇ ਦਾ ਪਹਿਲਾ ਸਵਾਲ ਸੀ, ”ਤੂੰ ਹੈ ਕੌਣ?” ਮੈਨੂੰ ਅਜਿਹੇ ਸਵਾਲ ਦਾ ਅਗਾਊਂ ਪਤਾ ਸੀ।
ਮੈਂ ਸਿੱਧਾ ਦੱਸਿਆ, ”ਸੰਧੂ ਜੱਟ ਆਂ, ਘਰ ਦੇ ਖੇਤਾਂ ਵਾਸਤੇ ਨਵਾਂ ਬੀ ਲੈਣ ਆਇਆਂ। ਊਂ ਮੈਂ ਮਾੜਾ ਮੋਟਾ ਲੇਖਕ ਵੀ ਆਂ। ਖੇਡਾਂ-ਖਿਡਾਰੀਆਂ ਬਾਰੇ ‘ਆਰਸੀ’ ਵਿਚ ਲਿਖਦਾ ਰਹਿਨਾਂ।”
ਰੰਧਾਵਾ ਐਨਕਾਂ ਵਿਚੋਂ ਮੁਸਕਰਾਇਆ, ”ਫੇਰ ਕੰਵਲ ਦਾ ਰੁੱਕਾ ਲਿਆਉਣ ਦੀ ਕੀ ਲੋੜ ਸੀ? ਸਿੱਧਾ ਆ ਜਾਂਦਾ।”
ਮੈਂ ਸਿੱਧਾ ਕਿਹਾ, ”ਦੋ ਚਾਰ ਥੈਲੀਆਂ ਵੱਧ ਲੈਣ ਦਾ ਲਾਲਚ ਐ, ਡਾ. ਸਾਹਬ!”
ਉਸ ਦਾ ਜਵਾਬ ਵੀ ਸਿੱਧਾ ਸੀ, ”ਇਕ ਬੰਦੇ ਨੂੰ ਚਾਰ ਕਿਲੋ ਦੀ ਇਕੋ ਥੈਲੀ ਮਿਲਣੀ ਐਂ। ਇਹ ਅਸੂਲ ਦੀ ਗੱਲ ਆ। ਤੂੰ ਘਰ ਦੇ ਜੀਅ ਲਾਈਨ ‘ਚ ਲਾ ਦੇਈਂ ਤੇ ਵੱਧ ਥੈਲੀਆਂ ਲੈ ਜਾਈਂ।” ਉਸ ਨੇ ਕੰਵਲ ਦੇ ਰੁੱਕੇ ਦੀ ਲਾਜ ਵੀ ਰੱਖ ਲਈ ਸੀ ਤੇ ਆਪਣਾ ਅਸੂਲ ਵੀ ਨਹੀਂ ਸੀ ਤੋੜਿਆ। ਬਾਅਦ ਵਿਚ ਮੈਂ ਉਹ ਬੀਜ ਹਾਸਲ ਕਰਨ ਦੇ ਧੱਕੋ-ਧੱਕੀ ਦੇ ਨਜ਼ਾਰਿਆਂ ਬਾਰੇ ਇਕ ਕਹਾਣੀ ਵੀ ਲਿਖੀ ਜਿਸ ਦਾ ਨਾਂ ‘ਬੁੱਢਾ ਤੇ ਬੀਜ’ ਰੱਖਿਆ ਜੋ ‘ਆਰਸੀ’ ਵਿਚ ਛਪੀ। ਉਹਦੇ ਵਿਚ ਪੰਜਾਬ ਦੇ ਬੁੱਢੇ ਕਿਸਾਨ ਵੱਲੋਂ ਨਵਾਂ ਬੀ ਹਾਸਲ ਕਰਨ ਦਾ ਸੰਘਰਸ਼ ਵਿਖਾਉਣ ਦੀ ਕੋਸ਼ਿਸ਼ ਕੀਤੀ। 1982 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੈਥੋਂ ਲਿਖਵਾਈ ਕਿਤਾਬ ‘ਪੰਜਾਬੀ ਖਿਡਾਰੀ’ ਡਾ. ਰੰਧਾਵਾ ਤੋਂ ਰਿਲੀਜ਼ ਕਰਵਾਈ। ਉਥੇ ਮੈਨੂੰ ਦੂਜੀ ਵਾਰ ਉਸ ਨੂੰ ਮਿਲਣ ਦਾ ਮੌਕਾ ਮਿਲਿਆ। ਕੁਝ ਗੱਲਾਂ ਬਾਤਾਂ ਵੀ ਹੋਈਆਂ।
ਮੈਨੂੰ ਸਲਾਹ ਮਿਲੀ ਕਿ ਖੇਡਾਂ ਖਿਡਾਰੀਆਂ ਦੀਆਂ ਗੱਲਾਂ ਟੀ. ਵੀ. ਤੋਂ ਵੀ ਕਰਾਂ। ਪਰ ਮੈਂ ਉਸ ਪਾਸੇ ਨਾ ਜਾ ਸਕਿਆ।  ਬਾਅਦ ਵਿਚ ਡਾ. ਰੰਧਾਵੇ ਨੂੰ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਵਜੋਂ ਕਈ ਵਾਰ ਵੇਖਿਆ ਪਰ ਸਿੱਧੀਆਂ ਗੱਲਾਂ ਨਾ ਹੋਈਆਂ। ਫਿਰ ਐਸਾ ਸਮਾਂ ਆਇਆ ਜਦੋਂ ਪੰਜਾਬ ਵਿਚ ਜਿਊਣਾ ਦੁੱਭਰ ਹੋ ਗਿਆ। ਮਾਰ-ਧਾੜ ਦਾ ਹੱਦ-ਬੰਨਾ ਨਾ ਰਿਹਾ। ਅੱਗੇ ਵਧਦਾ ਪੰਜਾਬ ਕਈ ਦਹਾਕੇ ਪਛੜ ਗਿਆ। ਡਾ. ਰੰਧਾਵੇ ਨੇ 1947 ਵਿਚ ਦਿੱਲੀ ਦੇ ਡਿਪਟੀ ਕਮਿਸ਼ਨਰ ਵਜੋਂ ਜਨੂੰਨੀਆਂ ਤੇ ਗੁੰਡਿਆਂ ਦੀ ਮਾਰ-ਧਾੜ ‘ਤੇ ਕਾਬੂ ਪਾ ਲਿਆ ਸੀ। ਪਹਿਲਾਂ ਯੂ. ਪੀ. ਦੇ ਤੁੱਤਨ ਖ਼ਾਂ ਵਰਗੇ ਬਦਮਾਸ਼ ਸੋਧੇ ਸਨ। ਜੇ ਅਕਤੂਬਰ ਨਵੰਬਰ 1984 ਵਿਚ ਉਹ ਦਿੱਲੀ ਦਾ ਐਡਮਨਿਸਟ੍ਰੇਟਰ ਹੁੰਦਾ ਤਾਂ ਇਕ ਵੀ ਸਿੱਖ ਅਨਿਆਈ ਮੌਤ ਨਾ ਮਰਨ ਦਿੰਦਾ।  ਕਾਸ਼! ਪੰਜਾਬ ਦੇ ਦਹਿਸ਼ਤੀ ਦੌਰ ਸਮੇਂ ਦਿੱਲੀ ਤੇ ਪੰਜਾਬ ਦੇ ਸਿਆਸਤਦਾਨ ਡਾ. ਮਹਿੰਦਰ ਸਿੰਘ ਰੰਧਾਵੇ ਨੂੰ ਪੰਜਾਬ ਦਾ ਗਵਰਨਰ ਲਾਉਣ ਲਈ ਸਹਿਮਤ ਹੋ ਜਾਂਦੇ। ਫਿਰ ਪੰਜਾਬ ਉਹ ਨਹੀਂ ਸੀ ਹੋਣਾ ਜੋ ਅੱਜ ਹੈ। ਪੰਜਾਬ ਰੰਗਲਾ ਹੋਣਾ ਸੀ, ਕੰਗਲਾ ਨਹੀਂ। ਅੱਜ ਵੀ ਪੰਜਾਬ ਨੂੰ ਡਾ. ਰੰਧਾਵੇ ਵਰਗੇ ਕਰਨੀ ਵਾਲੇ ਬੰਦਿਆਂ ਦੀ ਲੋੜ ਹੈ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …