Breaking News
Home / ਨਜ਼ਰੀਆ / ਵਸਤੂਆਂ ਦੀ ਆਪਸੀ ਨਿਰਭਰਤਾ ਅਤੇ ਗੁਰਬਾਣੀ

ਵਸਤੂਆਂ ਦੀ ਆਪਸੀ ਨਿਰਭਰਤਾ ਅਤੇ ਗੁਰਬਾਣੀ

ਡਾ. ਦੇਵਿੰਦਰ ਪਾਲ ਸਿੰਘ
ਕੋਈ ਵੀ ਜ਼ਿੰਦਾ ਜਾਂ ਬੇਜਾਨ ਵਸਤੂ, ਜੇ ਕਿਸੇ ਹੋਰ ਵਸਤੂ ਨਾਲ ਆਪਸੀ ਸਾਂਝ ਰੱਖਦੀ ਹੈ, ਤਾਂ ਉਨ੍ਹਾਂ ਵਸਤੂਆਂ ਨੂੰ ਆਪਸੀ ਤੌਰ ਉੱਤੇ ਨਿਰਭਰ ਕਿਹਾ ਜਾਂਦਾ ਹੈ। ਸਮਾਜਿਕ, ਆਰਥਿਕ, ਵਾਤਾਵਰਣੀ ਅਤੇ ਰਾਜਨੀਤਕ ਤੌਰ ਉੱਤੇ ਇਕ ਦੂਸਰੇ ਨਾਲ ਸਬੰਧਤਾ ਰੱਖਣ ਵਾਲੇ ਦੇਸ਼ਾਂ ਨੂੰ ਵੀ ਆਪਸੀ ਤੌਰ ਉੱਤੇ ਨਿਰਭਰ ਹੀ ਮੰਨਿਆ ਜਾਂਦਾ ਹੈ । ਹਰ ਰੋਜ਼ ਦੇ ਕੰਮਾਂ-ਕਾਰਾਂ ਵਿਚ, ਇਕ ਦੂਸਰੇ ਪ੍ਰਤੀ ਜੁੰਮੇਵਾਰੀ ਦਾ ਚਲਣ ਹੀ ਆਪਸੀ ਨਿਰਭਰਤਾ ਦਾ ਆਧਾਰ ਹੁੰਦਾ ਹੈ । ਕੁਝ ਲੋਕ ਬੇਮੁਥਾਜੀ ਨੂੰ ਉੱਤਮ ਮੰਨਦੇ ਹਨ ਤੇ ਕੁਝ ਹੋਰ ਲੋਕ ਪਰਿਵਾਰ, ਸਮਾਜ ਜਾਂ ਦੇਸ਼ ਪ੍ਰਤੀ ਲਗਨ ਨੂੰ ਉੱਤਮ ਮੰਨਦੇ ਹਨ। ਆਪਸੀ ਨਿਰਭਰਤਾ ਇਨ੍ਹਾਂ ਦੋਨੋਂ ਵਿਚਾਰਾਂ ਦੀ ਸੁਮੇਲਤਾ ਦੀ ਗੱਲ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ (ਸਗਗਸ) ਵਿਚ ਵੀ ਵਸਤੂਆਂ ਦੀ ਆਪਸੀ ਨਿਰਭਰਤਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ।
ਕੁਦਰਤ ਵਿਚ ਆਪਸੀ ਨਿਰਭਰਤਾ : ਰੋਜ਼ਾਨਾ ਜੀਵਨ ਵਿਚ ਅਸੀਂ ਆਮ ਕਰ ਕੇ ਵਸਤੂਆਂ ਨੂੰ ਦੂਜੀਆਂ ਵਸਤੂਆਂ ਦੀ ਹੋਂਦ ਦੇ ਪ੍ਰਭਾਵ ਤੋਂ ਮੁਕਤ ਮੰਨਦੇ ਹਾਂ। ਜਿਵੇਂ ਕਿ ਰੁੱਖ ਦੀ ਟਹਿਣੀ ਨਾਲ ਜੁੜੇ ਪੱਤੇ ਦੀ ਹੀ ਗੱਲ ਕਰੀਏ ਤਾਂ ਅਸੀਂ ਆਮ ਤੌਰ ਉੱਤੇ ਸੋਚਦੇ ਹਾਂ ਕਿ ਪੱਤੇ ਦੀ ਹੌਂਦ, ਦਰਖਤ ਦੇ ਹੋਰ ਪੱਤਿਆਂ ਦੀ ਹੌਂਦ ਨਾਲ ਕੋਈ ਸੰਬੰਧ ਨਹੀਂ ਰੱਖਦੀ। ਅਸੀਂ ਪੱਤੇ ਦੀ ਹੋਂਦ ਦਾ, ਰੁੱਖ ਦੀ ਟਹਿਣੀ, ਤਣੇ ਤੇ ਜੜ੍ਹ ਦੀ ਹੋਂਦ ਨਾਲ ਸਬੰਧ ਵੱਲ ਕਦੇ ਧਿਆਨ ਹੀ ਨਹੀਂ ਦਿੰਦੇ। ਹਵਾ ਵਿਚ ਉੱਡ ਰਹੇ ਬੱਦਲਾਂ, ਪਾਣੀ ਨਾਲ ਭਰੇ ਸਾਗਰਾਂ, ਧਰਤੀ ਅਤੇ ਅੰਬਰ ਨਾਲ ਭਲਾ ਇਸ ਦਾ ਕੀ ਸਬੰਧ ਹੋ ਸਕਦਾ ਹੈ? ਸ਼ਾਇਦ ਕੁਝ ਨਹੀਂ। ਇਹੋ ਵਿਚਾਰ ਸਾਡੇ ਮਨ ਉੱਤੇ ਭਾਰੂ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਇਨ੍ਹਾਂ ਸਾਰੀਆਂ ਚੀਜਾਂ ਦੀ ਹੋਂਦ ਤੋਂ ਬਿਨਾ, ਇਸ ਪੱਤੇ ਦੀ ਹੌਂਦ ਹੋ ਹੀ ਨਹੀਂ ਸਕਦੀ। ਇਹ ਪੱਤਾ, ਰੁੱਖ ਦੇ ਹੋਰ ਪੱਤਿਆਂ, ਟਹਿਣੀ, ਤਣੇ ਤੇ ਜੜ੍ਹ, ਬੱਦਲਾਂ, ਸਾਗਰਾਂ, ਧਰਤੀ, ਅੰਬਰ ਤੇ ਸੂਰਜੀ ਰੌਸ਼ਨੀ ਨਾਲ ਆਪਸੀ ਤੌਰ ਉੱਤੇ ਨਿਰਭਰ ਹੈ। ਜੇ ਇਨ੍ਹਾਂ ਵਿਚੋਂ ਇਕ ਵੀ ਵਸਤੂ ਮੌਜੂਦ ਨਾ ਹੋਵੇ ਤਾਂ ਪੱਤੇ ਦੀ ਹੌਂਦ ਹੀ ਨਹੀਂ ਹੋ ਸਕਦੀ।
ਪੱਤੇ ਨੂੰ ਗੰਭੀਰਤਾ ਨਾਲ ਜਾਂਚਣ ਨਾਲ ਅਸੀਂ ਇਸ ਵਿਚ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਹੌਂਦ ਦੇਖ ਸਕਦੇ ਹਾਂ । ਦਰਅਸਲ ਪੱਤਾ ਅਤੇ ਇਹ ਸਾਰੀਆਂ ਚੀਜਾਂ ਆਪਸ ਵਿਚ ਰਲ-ਗੱਡ ਹਨ। ਇਸੇ ਨੂੰ ਹੀ ਸਹਿ-ਹੌਂਦ ਜਾਂ ਆਪਸੀ ਨਿਰਭਰਤਾ ਦਾ ਸਿਧਾਂਤ ਕਿਹਾ ਜਾਂਦਾ ਹੈ। ਇਹ ਸਿਧਾਂਤ ਸਾਨੂੰ ਦੱਸਦਾ ਹੈ ਕਿ ਵਸਤੂਆਂ ਇਕ ਦੂਸਰੇ ਦੀ ਹੋਂਦ ਤੋਂ ਸੁਤੰਤਰ ਨਹੀਂ ਹੁੰਦੀਆਂ। ਗੁਰੂ ਨਾਨਕ ਦੇਵ ਜੀ ਨੇ ‘ਜਪੁ’ ਬਾਣੀ ਵਿਚ ਆਪਸੀ ਨਿਰਭਰਤਾ ਦਾ ਸਿਧਾਂਤ ਇੰਝ ਬਿਆਨ ਕੀਤਾ ਹੈ;
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਈ ਦਾਈ ਦਾਇਆ ਖੇਲੈ ਸਗਲ ਜਗਤੁ॥ (ਮਹਲਾ 1, ਸਗਗਸ, ਪੰਨਾ 8)
ਭਾਵ : ਹਵਾ ਪ੍ਰਾਣ-ਸ਼ਕਤੀ ਹੈ, ਪਾਣੀ ਪ੍ਰਜਨਕ ਹੈ, ਵਿਸ਼ਾਲ ਧਰਤੀ ਸਭ ਦੀ ਮਾਂ ਹੈ, ਦਿਨ ਤੇ ਰਾਤ ਖਿਡਾਵੇ ਹਨ, ਜਿਨ੍ਹਾਂ ਦੀ ਗੋਦ ਵਿਚ ਸਮੂਹ ਸ਼੍ਰਿਸਟੀ ਜੀਵਨ ਬਸਰ ਕਰ ਰਹੀ ਹੈ।ਸਪਸ਼ਟ ਹੈ ਕਿ ਹਵਾ, ਪਾਣੀ, ਧਰਤੀ, ਦਿਨ (ਸੂਰਜੀ ਰੌਸ਼ਨੀ) ਤੇ ਰਾਤ (ਤਾਰਿਆਂ ਨਾਲ ਜੜ੍ਹਿਆ ਅੰਬਰ) ਦਾ ਸ੍ਰਿਸ਼ਟੀ ਅੰਦਰ ਜੀਵਨ ਹੋਂਦ ਨਾਲ ਗਹਿਰਾ ਸਬੰਧ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਭੋਤਿਕ ਜਗਤ ਦੇ ਰਵਾਇਤੀ ਤੱਤ (ਹਵਾ, ਪਾਣੀ, ਧਰਤੀ, ਅੱਗ ਤੇ ਅੰਬਰ) ਇਕ ਦੂਜੇ ਤੋਂ ਅਲੱਗ ਥਲੱਗ ਨਹੀਂ ਹਨ। ਸਗੋਂ ਉਨ੍ਹਾਂ ਦਾ ਆਪਸ ਵਿਚ ਗਹਿਰਾ ਸਬੰਧ ਹੈ ਤੇ ਉਹ ਇਕ ਦੂਜੇ ਨੂੰ ਪ੍ਰਭਾਵਿਤ ਕਰਨ ਦੇ ਸਮਰਥ ਹਨ। ਗੁਰੂ ਨਾਨਕ ਜੀ ਅਜਿਹੇ ਵਰਤਾਰੇ ਦਾ ਵਰਨਣ ਇੰਝ ਕਰਦੇ ਹਨ;
ਜੋ ਅੰਤਿਰ ਸੋ ਬਾਹਿਰ ਦੇਖਹੁ ਅਵਰੁ ਨ ਦੂਜਾ ਕੋਇ ਜੀਉ ॥ ਗੁਰਮੁਖਿ ਏਕ ਦ੍ਰਿਸਟਿ ਕਰ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ॥ (ਮਹਲਾ 1, ਸਗਗਸ, ਪੰਨਾ 599)
ਭਾਵ : ਜੋ ਕੁਝ ਸਾਡੇ ਅੰਦਰ ਮੌਜੂਦ ਹੈ ਉਹੀ ਬਾਹਰ ਵੀ ਮੌਜੂਦ ਹੈ। ਉਸ ਤੋਂ ਬਿਨ੍ਹਾਂ ਹੋਰ ਕੁਝ ਵੀ ਨਹੀਂ ਹੈ। ਗੁਰਮਤਿ ਅਨੁਸਾਰ ਸਮੂਹ ਸ੍ਰਿਸ਼ਟੀ ਨੂੰ ਇਕ-ਰੂਪ ਹੀ ਸਮਝੋ ਕਿਉਂ ਕਿ ਸਭਨਾਂ ਵਿਚ ਇਕੋ ਹੀ ਸ਼ਕਤੀ ਸਮਾਈ ਹੋਈ ਹੈ।
ਮਨੁੱਖੀ ਸਰੀਰ ਅਤੇ ਬ੍ਰਹਿਮੰਡ ਦੀ ਆਪਸੀ ਨਿਰਭਰਤਾ : ਬ੍ਰਹਿਮੰਡ ਦੇ ਸਾਰੇ ਵਰਤਾਰੇ ਹੀ ਆਪਸੀ ਨਿਰਭਰਤਾ ਰੱਖਦੇ ਹਨ। ਮਨੁੱਖੀ ਸਰੀਰ ਦੀ ਗੱਲ ਹੀ ਲੈ ਲਵੇ। ਅਸੀਂ ਆਪਣੇ ਸਰੀਰ ਵਿਚ ਹਵਾ, ਪਾਣੀ, ਅੱਗ, ਧਰਤੀ ਅਤੇ ਅੰਬਰ ਰੂਪੀ ਰਵਾਇਤੀ ਤੱਤਾਂ ਦੀ ਹੌਂਦ ਦੇਖ ਸਕਦੇ ਹਾਂ। ਇਨ੍ਹਾਂ ਤੱਤਾਂ ਨੂੰ ਕਲਾਸਿਕੀ ਜਾਂ ਮੂਲ ਤੱਤ ਵੀ ਕਿਹਾ ਜਾਂਦਾ ਹੈ। ਹਵਾ, ਹਰਕਤ ਦਾ ਪ੍ਰਗਟਾ ਹੈ। ਪਾਣੀ, ਦ੍ਰਵ ਤੇ ਪਸਾਰ ਸੁਭਾਅ ਦਾ ਪ੍ਰਗਟਾ ਹੈ। ਅੱਗ, ਗਰਮੀ ਦਾ ਪ੍ਰਗਟਾ ਹੈ। ਧਰਤੀ, ਪਦਾਰਥ ਦੇ ਸਖ਼ਤ ਤੇ ਠੋਸ ਸੁਭਾਅ ਨੂੰ ਪ੍ਰਗਟ ਕਰਦੀ ਹੈ। ਅੰਬਰ, ਵਿਸ਼ਾਲ ਪੁਲਾੜ ਜਾਂ ਖ਼ਾਲੀ ਥਾਂ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿਸ ਵਿਚ ਹਰ ਵਸਤੂ ਹੌਂਦ ਰੱਖਦੀ ਹੈ।
ਸਾਡੇ ਸਰੀਰ ਦਾ ਲਗਭਗ 75 ਪ੍ਰਤਿਸ਼ਤ ਹਿੱਸਾ ਪਾਣੀ ਹੀ ਹੈ। ਸਾਡੇ ਸਰੀਰ ਵਿਚ ਪਾਣੀ ਦੀ ਹੌਂਦ ਅਸੀਂ ਨਾ ਸਿਰਫ ਖੂਨ, ਥੁੱਕ, ਹੰਝੂ ਤੇ ਪੇਸ਼ਾਬ ਦੇ ਰੂਪ ਵਿਚ ਦੇਖ ਸਕਦੇ ਹਾਂ। ਸਗੋਂ ਸਾਡੇ ਸਰੀਰ ਦੇ ਹਰ ਸੈੱਲ ਵਿਚ ਹੀ ਪਾਣੀ ਦੀ ਹੌਂਦ ਹੈ। ਹਵਾ ਤੋਂ ਬਿਨ੍ਹਾਂ ਤਾਂ ਅਸੀਂ ਜ਼ਿੰਦਾ ਹੀ ਨਹੀਂ ਰਹਿ ਸਕਦੇ। ਉਹ ਤਾਕਤ ਜਿਸ ਦੀ ਵਰਤੋਂ ਨਾਲ ਅਸੀਂ ਰੋਜ਼ਾਨਾ ਕੰਮ-ਕਾਰ ਕਰਦੇ ਹਾਂ, ਸਾਡੇ ਸਰੀਰ ਅੰਦਰ ਮੌਜੂਦ ਊਰਜਾ (ਅੱਗ) ਦਾ ਹੀ ਪ੍ਰਗਟਾ ਹੈ। ਧਰਤੀ ਮਾਂ ਦੁਆਰਾ ਪੈਦਾ ਕੀਤੇ ਖਾਧ ਪਦਾਰਥਾਂ ਦਾ ਸੇਵਨ ਸਾਨੂੰ ਜ਼ਿੰਦਾ ਰਹਿਣ ਵਿਚ ਸਹਾਈ ਹੁੰਦਾ ਹੈ। ਇੰਝ ਸਾਡੇ ਸਰੀਰ ਵਿਚ ਧਰਤੀ ਤੱਤ ਵੀ ਮੌਜੂਦ ਹੈ। ਸਾਡਾ ਸਰੀਰ ਅੰਬਰ (ਪੁਲਾੜ, ਖ਼ਾਲੀ ਥਾਂ) ਵਿਚ ਹੀ ਹੌਂਦ ਰੱਖਦਾ ਹੈ ਤੇ ਇਸ ਅੰਦਰ ਅੰਬਰ ਦੇ ਅੰਸ਼ ਵੀ ਮੌਜੂਦ ਹਨ। ਸਰੀਰ ਅੰਦਰ ਸਾਹ ਲਿਜਾਣ ਲਈ, ਖਾਧ ਪਦਾਰਥ ਸੇਵਨ ਕਰਨ ਲਈ, ਖੂਨ ਅਤੇ ਹੋਰ ਦ੍ਰਵਾਂ ਦੇ ਵਹਾਓ ਲਈ ਥਾਂ ਮੌਜੂਦ ਹੈ। ਸਾਡੇ ਸਰੀਰ ਦੇ ਸਾਰੇ ਸੈੱਲਾਂ ਵਿਚ ਵੀ ਕਾਫੀ ਖਾਲੀ ਥਾਂ ਮੌਜੂਦ ਹੈ। ਸਪਸ਼ਟ ਹੈ ਕਿ ਮਨੁੱਖੀ ਸਰੀਰ ਅਤੇ ਬ੍ਰਹਿਮੰਡ ਵਿਚ ਗੂੜ੍ਹੀ ਆਪਸੀ ਸਬੰਧਤਾ ਹੈ। ਭਗਤ ਪੀਪਾ ਜੀ, ਗੁਰਬਾਣੀ ਵਿਚ, ਇਸ ਵਰਤਾਰੇ ਬਾਰੇ ਇੰਝ ਵਰਨਣ ਕਰਦੇ ਹਨ;
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ (ਭਗਤ ਪੀਪਾ, ਸਗਗਸ, ਪੰਨਾ 695)
ਭਾਵ : ਜੋ ਕੁਝ ਬ੍ਰਹਿਮੰਡ ਵਿਚ ਮੌਜੂਦ ਹੈ ਉਹੀ ਮਨੁੱਖੀ ਸਰੀਰ ਵਿਚ ਵੀ ਹੌਂਦਮਈ ਹੈ। ਜੋ ਕੋਈ ਵੀ ਇਸ ਤੱਥ ਨੂੰ ਜਾਨਣ ਲਈ ਖੋਜ ਕਰਦਾ ਹੈ, ਉਹ ਇਹ ਸਚਾਈ ਜਾਣ ਲੈਂਦਾ ਹੈ। ਇਸੇ ਕਾਰਣ ਸਾਡਾ ਜੀਵਨ, ਬ੍ਰਹਿਮੰਡ ਵਿਚ ਮੌਜੂਦ ਹੋਰ ਵਸਤੂਆਂ ਦੀ ਹੋਂਦ ਨਾਲ ਵੀ ਸਬੰਧ ਰੱਖਦਾ ਹੈ। ਗੁਰੂ ਤੇਗ ਬਹਾਦਰ ਜੀ ਇਸ ਸਬੰਧਤਾ ਬਾਰੇ ਇੰਝ ਬਿਆਨ ਕਰਦੇ ਹਨ;
ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤਰੁ ਸੁਜਾਨ॥ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥ (ਮਹਲਾ 9, ਸਗਗਸ, ਪੰਨਾ 1427)
ਭਾਵ : ਸੂਝਵਾਨ ਸੱਜਣੋ! ਇਹ ਗੱਲ ਚੰਗੀ ਤਰ੍ਹਾਂ ਜਾਣ ਲਵੋ ਕਿ ਮਨੁੱਖੀ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ। (ਬਾਬਾ) ਨਾਨਕ ਦਾ ਕਥਨ ਹੈ ਕਿ ਜਿਨ੍ਹਾਂ ਤੱਤਾਂ ਤੋਂ ਇਹ ਸਰੀਰ ਬਣਿਆ ਹੈ, ਇਕ ਦਿਨ ਇਹ ਉਨ੍ਹਾਂ ਤੱਤਾਂ ਵਿਚ ਹੀ ਸਮਾ ਜਾਵੇਗਾ।
ਜਦੋਂ ਅਸੀਂ, ਮਨੁੱਖੀ ਸਰੀਰ ਦੀ ਬ੍ਰਹਿਮੰਡ ਨਾਲ ਆਪਸੀ ਨਿਰਭਰਤਾ ਬਾਰੇ ਜਾਣ ਲੈਂਦੇ ਹਾਂ ਤਾਂ ਅਸੀਂ ਆਪਣੇ ਅਤੇ ਬਿਗਾਨੇ ਵਿਚਕਾਰਲੀ ਵਿੱਥ ਪਾਰ ਕਰ ਲੈਂਦੇ ਹਾਂ। ਅਜਿਹੀ ਚੇਤੰਨਤਾ ਸਾਨੂੰ ਜਨਮ ਅਤੇ ਮੌਤ ਦੀਆਂ ਸੀਮਿਤ ਧਾਰਨਾਵਾਂ ਤੋਂ ਪਾਰ ਲੈ ਜਾਂਦੀ ਹੈ। ਮੋਹ-ਮਾਇਆ ਤੋਂ ਉਪਰਾਮਤਾ, ਅਜੂਨੀ ਤੇ ਅਮਰ ਸੁਭਾਅ ਦੀ ਪ੍ਰਾਪਤੀ ਦੇ ਢੰਗਾਂ ਵਿਚੋਂ ਇਹ ਇਕ ਅਹਿਮ ਢੰਗ ਹੈ। ਵਸਤੂਆਂ ਨੂੰ ਅਜਿਹੇ ਨਜ਼ਰੀਏ ਤੋਂ ਦੇਖਣਾ ਸਾਨੂੰ ਲਾਲਸਾਵਾਂ ਤੋਂ ਮੁਕਤ ਕਰਦਾ ਹੈ।
ਵਿਸ਼ਵ-ਵਿਆਪਕ ਆਪਸੀ ਨਿਰਭਰਤਾ : ਬ੍ਰਹਿਮੰਡ ਦੀ ਹਰ ਵਸਤੂ, ਕਾਰਣ ਅਤੇ ਪ੍ਰਭਾਵ ਦੇ ਨਿਯਮ ਰਾਹੀਂ, ਇਕ ਦੂਸਰੇ ਨਾਲ ਜੁੜੀ ਹੋਈ ਹੈ। ਬ੍ਰਹਿਮੰਡ ਅਤੇ ਇਸ ਦੇ ਅੰਸ਼ ਆਪਸੀ ਤੌਰ ਉੱਤੇ ਨਿਰਭਰ ਹਨ, ਇਸੇ ਕਾਰਣ ਹਰ ਜੀਵ ਅਤੇ ਵਸਤੂ ਦਾ ਕਿਰਦਾਰ ਅਤੇ ਹਾਲਾਤ, ਕਿਸੇ ਸਮੇਂ ਵੀ, ਹੋਰ ਸਾਰੇ ਜੀਵਾਂ ਅਤੇ ਵਸਤੂਆਂ ਦੇ ਕਿਰਦਾਰਾਂ ਅਤੇ ਹਾਲਾਤਾਂ ਨਾਲ ਗਹਿਰਾ ਸਬੰਧ ਰੱਖਦੇ ਹਨ, ਭਾਵੇਂ ਇਹ ਸਾਰੇ ਜੀਵ ਅਤੇ ਵਸਤੂਆਂ ਓਪਰੀ ਨਜ਼ਰੇ ਦੇਖਣ ਵਿਚ ਕਿੰਨੇ ਵੀ ਭਿੰਨ ਲੱਗਦੇ ਹੋਣ। ਸਭ ਤੋਂ ਪਹਿਲਾਂ ਪੈਦਾ ਹੋਏ ਸੈੱਲ ਦੇ ਵੰਸ਼ਜ ਵਜੋਂ ਅਸੀਂ ਮਨੁੱਖੀ ਜੀਵ, ਸਮੂਹ ਜੀਵਨ ਹੌਂਦ ਨਾਲ ਜੁੜੇ ਹੋਏ ਹਾਂ। ਹੋਰ ਜੀਵਾਂ ਅਤੇ ਪੌਦਿਆਂ ਨਾਲ ਸਾਡਾ ਇਕ ਸਾਂਝਾ ਇਤਹਾਸ ਹੈ ਜੋ ਸਾਡੇ ਜੀਨਜ਼ ਵਿਚ ਉੱਕਰਿਆ ਹੋਇਆ ਹੈ। ਧਰਤੀ ਉੱਤੇ ਹੌਂਦਮਈ ਤਿੰਨ ਕਰੋੜ ਜੀਵ ਵੰਨਗੀਆਂ ਵਿਚ ਮਨੁੱਖ ਇਕ ਜੀਵ ਹੀ ਹੈ। ਜਿੰਦਾ ਵਸਤੂਆਂ ਦੇ ਵਿਭਿੰਨ ਵਰਗਾਂ ਦੀ ਹੌਂਦ, ਜੈਵਿਕ ਵਿਭਿੰਨਤਾ ਉੱਤੇ ਨਿਰਭਰ ਕਰਦੀ ਹੈ। ਇਸੇ ਤਾਣੇ-ਬਾਣੇ ਰਾਹੀਂ ਆਪਸ ਵਿਚ ਜੁੜੇ ਹੋਏ ਅਸੀਂ ਸਾਰੇ ਆਪਸੀ ਤੌਰ ਉੱਤੇ ਨਿਰਭਰ ਹਾਂ।
ਆਪਸੀ ਨਿਰਭਰਤਾ ਦਾ ਸਥਾਈਪਣ-ਸਮੇਂ ਦੀ ਅਹਿਮ ਲੋੜ: ਸਮੂਹ ਜੀਵ ਤੇ ਪੌਦੇ, ਸੂਰਜ ਤੋਂ ਪ੍ਰਾਪਤ ਊਰਜਾ ਅਤੇ ਧਰਤੀ ਦੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਕੁਦਰਤੀ ਸਰੋਤਾਂ ਦੀ ਮਿਕਦਾਰ ਸੀਮਿਤ ਹੈ। ਇਸ ਲਈ ਜੀਵਾਂ ਦੇ ਵਾਧੇ ਤੇ ਵਿਕਾਸ ਦੀ ਇਕ ਸੀਮਾ ਹੈ। ਅਜੋਕੇ ਸਮੇਂ ਦੌਰਾਨ ਮਨੁੱਖ ਨੇ ਇਸ ਸੀਮਾ ਨੂੰ ਛੂੰਹਣ ਦੀ ਨਾਦਾਨੀ ਕੀਤੀ ਹੈ। ਜਿਸ ਕਾਰਣ ਅਸੀਂ ਹਵਾ, ਪਾਣੀ ਤੇ ਜ਼ਮੀਨ ਵਿਖੇ ਪ੍ਰਦੂਸ਼ਣ ਪੈਦਾ ਕਰ ਕੇ ਜੀਵ ਵੰਨਗੀਆਂ ਦੇ ਵਿਨਾਸ਼ ਦਾ ਕਾਰਣ ਬਣ ਰਹੇ ਹਾਂ । ਮਨੁੱਖੀ ਆਬਾਦੀ 7।5 ਬਿਲੀਅਨ ਤਕ ਪਹੁੰਚ ਚੁੱਕੀ ਹੈ। ਜਿਸ ਦੀਆਂ ਲੋੜਾਂ ਦੀ ਪੂਰਤੀ ਲਈ ਅਸੀਂ ਕਈ ਜੀਵ ਵੰਨਗੀਆਂ ਦੇ ਵਿਨਾਸ਼ ਦਾ ਕਾਰਣ ਬਣ ਚੁੱਕੇ ਹਾਂ । ਕਈ ਵਿਸ਼ਾਲ ਦਰਿਆ ਸੁੱਕ ਚੁੱਕੇ ਹਨ, ਜੰਗਲਾਂ ਦਾ ਵਿਨਾਸ਼ ਚਰਮਸੀਮਾ ਉੱਤੇ ਹੈ। ਧਰਤੀ ਦੇ ਅਨੇਕ ਖੇਤਰਾਂ ਵਿਖੇ ਜ਼ਮੀਨ, ਹਵਾ ਅਤੇ ਬਾਰਸ਼ ਦੀ ਤਾਸੀਰ ਜ਼ਹਿਰੀਲੀ ਹੋ ਚੁੱਕੀ ਹੈ। ਧਰਤੀ ਦਾ ਸੁਰਖਿਆਂ ਕਵਚ – ਓਜ਼ੋਨ ਪਰਤ ਲੀਰੋ-ਲੀਰ ਹੋਈ ਪਈ ਹੈ। ਹੋਰ ਜੀਵਾਂ ਦੇ ਦੁਖ ਦਰਦ ਦੀ ਪ੍ਰਵਾਹ ਕੀਤੇ ਬਿਨ੍ਹਾਂ ਅਸੀਂ ਆਪਣੇ ਸੁੱਖਾਂ ਦੀ ਪ੍ਰਾਪਤੀ ਵਿਚ ਜੁੱਟੇ ਹੋਏ ਹਾਂ। ਅਜਿਹੇ ਹਾਲਤਾਂ, ਧਰਤੀ ਵਿਖੇ ਮੌਜੂਦ ਜੀਵਨ ਹੋਂਦ ਗਹਿਰੇ ਸੰਕਟ ਵਿਚ ਫਸ ਚੁੱਕੀ ਹੈ। ਅਜਿਹੇ ਹਾਲਾਤਾਂ ਦੇ ਬੁਰੇ ਨਤੀਜਿਆਂ ਬਾਰੇ ਬਾਬਾ ਫਰੀਦ ਇੰਝ ਵਰਨਣ ਕਰਦੇ ਹਨ;
ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ॥ ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ॥ (ਸ਼ੇਖ ਫਰੀਦ, ਸਗਗਸ, ਪੰਨਾ 1382)
ਭਾਵ: ਦਰਿਆ ਦੇ ਕੰਢੇ ਉੱਤੇ ਉੱਗਿਆ ਰੁੱਖ ਆਖਰ ਕਦ ਤਕ ਟਿੱਕਿਆ ਰਹਿ ਸਕਦਾ ਹੈ? ਫਰੀਦ! ਕੱਚੇ ਘੜੇ ਵਿਚ ਪਾਣੀ ਕਦ ਤਕ ਭਰਿਆ ਰਹਿ ਸਕਦਾ ਹੈ? ਇਥੇ ਬਾਬਾ ਫਰੀਦ ਜੀ ਸਵਾਲਾਂ ਦੇ ਪ੍ਰਤੀਕ ਰਾਹੀਂ ਸੁਝਾ ਰਹੇ ਹਨ ਕਿ ਹਾਲਾਤਾਂ ਦਾ ਅਸਾਵਾਂਪਣ ਕਦੇ ਵੀ ਸੁਖਦਾਈ ਨਹੀਂ ਹੋ ਸਕਦਾ। ਸਾਨੂੰ ਆਪਣੀਆਂ ਗਲਤੀਆਂ ਤੋਂ ਸਿੱਖਣਾ ਜਰੂਰੀ ਹੈ। ਅਲੋਪ ਹੋ ਰਹੀਆਂ/ਗਈਆਂ ਜੀਵ ਵੰਨਗੀਆਂ ਦਾ ਦੁੱਖ ਮਹਿਸੂਸ ਕਰਦੇ ਹੋਏ ਸ਼ਾਂਤਮਈ ਸਹਿਹੋਂਦ ਵਾਲੇ ਯੁੱਗ ਦਾ ਨਿਰਮਾਣ ਕਰਨ ਦੀ ਲੋੜ ਹੈ। ਹਵਾ,ਪਾਣੀ ਤੇ ਜ਼ਮੀਨ ਦੀ ਸ਼ੁੱਧਤਾ ਦੇ ਮਹੱਤਵ ਨੂੰ ਸਮਝਦੇ ਹੋਏ ਅਤੇ ਇਸ ਦੇ ਸਰੰਖਿਅਣ ਨੂੰ ਜੀਵਨ ਚਲਣ ਦਾ ਹਿੱਸਾ ਬਣਾਉਣਾ ਅਤਿ ਜਰੂਰੀ ਹੈ। ਵਿਕਾਸ ਕਾਰਜਾਂ ਵਿਚ ਸਮੂਹ ਵਾਤਾਵਰਣੀ ਅਤੇ ਸਮਾਜਿਕ ਤੱਥਾਂ ਦਾ ਧਿਆਨ ਰੱਖਣਾ ਅਤਿ ਜਰੂਰੀ ਹੈ। ਸਾਡੇ ਵਿਵਹਾਰ ਵਿਚ, ਧਰਤੀ ਉੱਤੇ ਕਾਬਜ਼ ਹੋਣ ਦੀ ਭਾਵਨਾ ਨਾਲੋਂ ਸਾਂਝੀਵਾਲਤਾ, ਮਿਲਾਪ ਅਤੇ ਆਪਸੀ ਭਰਾਤਰੀਪਣ ਦੀ ਭਾਵਨਾ ਦੇ ਪ੍ਰਬਲ ਹੋਣ ਦੀ ਲੋੜ ਹੈ। ਬਾਬਾ ਫਰੀਦ ਜੀ ਦਾ ਕਥਨ ਹੈ ਕਿ ਜੇ ਕਿਸੇ ਸੰਕਟ ਦੇ ਕਾਰਨਾਂ ਅਤੇ ਪ੍ਰਭਾਵ ਬਾਰੇ ਅਸੀਂ ਜਾਣੂੰ ਹਾਂ ਤਾਂ ਉਸ ਤੋਂ ਬਚਣ ਲਈ ਸਮੇਂ ਸਿਰ ਯੋਗ ਕਾਰਵਾਈ ਕਰਨ ਨਾਲ ਅਜਿਹੇ ਸੰਕਟ ਤੋਂ ਬਚਾ ਹੋ ਸਕਦਾ ਹੈ।
ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ॥ ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ॥ (ਸ਼ੇਖ ਫਰੀਦ, ਸਗਗਸ, ਪੰਨਾ 1382)
ਭਾਵ: ਹੜ੍ਹ ਦੀ ਮਾਰ ਹੇਠ ਦਰਿਆ ਆਪਣੇ ਕਿਨਾਰਿਆਂ ਨੂੰ ਢਾਹ ਰਿਹਾ ਹੈ। ਅਜਿਹੇ ਹਾਲਤ ਵਿਚ ਦਰਿਆ ਵਿਚਲਾ ਭੰਵਰ, ਤਰ ਰਹੀ ਬੇੜੀ ਦਾ, ਕੁਝ ਵੀ ਨਹੀਂ ਵਿਗਾੜ ਸਕਦਾ, ਜੇ ਅਜਿਹੀ ਹਾਲਤ ਤੋਂ ਸੁਚੇਤ ਮਲਾਹ ਸਮੇਂ ਸਿਰ ਯੋਗ ਕਾਰਵਾਈ ਕਰ ਲੈਂਦਾ ਹੈ। ਅੱਜ ਲੋੜ ਹੈ ਕਿ ਅਸੀਂ ਕੁਦਰਤ ਸੰਬੰਧੀ ਆਪਣੇ ਸਹੀ ਰੋਲ ਨੂੰ ਪਛਾਣੀਏ। ਮੌਜੂਦਾ ਵਾਤਾਵਰਣੀ ਸੰਕਟ ਵਿਚੋਂ ਨਿਕਲਣ ਲਈ ਸਮੇਂ ਸਿਰ ਲੋੜੀਂਦੇ ਕਾਰਜ ਕਰੀਏ। ਅਜਿਹਾ ਕਰਨ ਨਾਲ ਸਾਡੀ ਧਰਤੀ ਉੱਤੇ ਵਸਤੂਆਂ ਦੀ ਆਪਸੀ ਨਿਰਭਰਤਾ ਚਿਰਸਥਾਈ ਹੋ ਸਕੇਗੀ ਅਤੇ ਜੀਵਨ ਹੋਂਦ ਦੀ ਪ੍ਰਫੁੱਲਤਾ ਸਦੀਵੀਂ ਬਣ ਸਕੇਗੀ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …