ਹਰਦੇਵ ਸਿੰਘ ਧਾਲੀਵਾਲ
ਐਸ.ਐਸ.ਪੀ. (ਰਿਟਾ.)
98150-37279
ਮਾਨਸਾ ਤੋਂ ਪਿੱਛੋਂ ਮੈਂ ਡੀ.ਐਸ.ਪੀ. ਦਿਹਾਤੀ, ਸੰਗਰੂਰ ਰਿਹਾ, 31 ਮਾਰਚ 1990 ਨੂੰ ਮੇਰੀ ਬਦਲੀ ਡੀ.ਐਸ.ਪੀ. ਬਰਨਾਲਾ ਦੀ ਹੋ ਗਈ, ਉਸ ਸਮੇਂ ਬਰਨਾਲਾ ਸਡ-ਡਵੀਜਨ ਹੀ ਸੀ। ਖਿਆਲ ਸੀ ਕਿ ਸਮੇਂ ਦੇ ਮੈਂਬਰ ਲੋਕ ਸਭਾ ਸੁਖਦੇਵ ਸਿੰਘ ਛੀਨਾਂ ਡੀ.ਐਸ.ਪੀ. ਬਰਨਾਲਾ ਨਾਲ ਨਰਾਜ ਸਨ। 1 ਅਪ੍ਰੈਲ ਨੂੰ ਮੈਂ ਹੁਕਮਨ ਬਰਨਾਲੇ ਪਹੁੰਚ ਗਿਆ। ਮੈਂ ਸਿਆਸੀ ਆਦਮੀਆਂ ਨੂੰ ਘੱਟ ਹੀ ਮਿਲਦਾ ਰਿਹਾ ਹਾਂ, ਅੱਜ-ਕੱਲ ਅਫਸਰ ਮਜਬੂਰੀ ਕਾਰਨ ਵੀ ਸਿਆਸੀ ਮਹਾਰਥੀਆਂ ਨੂੰ ਮਿਲਦੇ ਹਨ। ਅੱਤਵਾਦ ਪੂਰੇ ਜੋਰ ਤੇ ਸੀ, ਹਰ ਰੋਜ ਕੁੱਝ ਨਾ ਕੁੱਝ ਹੁੰਦਾ ਸੀ, ਮੈਂ ਸਾਰੀ ਨੌਕਰੀ ਵਿੱਚ ਗਲਤ ਆਦਮੀ ਦਾ ਚਲਾਨ ਨਹੀਂ ਕੀਤਾ। ਬਰਨਾਲੇ ਮੇਰਾ ਦਫਤਰ ਪੁਰਾਣੇ ਕਿਲੇ ਵਿੱਚ ਤੇ ਰਿਹਾਇਸ ਉਪਰ ਸੀ। ਜੂਨ-ਜੁਲਾਈ ਦਾ ਮਹੀਨਾ ਹੋਏਗਾ ਰਾਤ ਦੇ 10 ਵਜੇ ਸ੍ਰੀ ਸੋਮ ਦੱਤ ਕਾਂਗਰਸੀ ਲੀਡਰ ਜੋ ਬਾਅਦ ਵਿੱਚ ਮੰਤਰੀ ਵੀ ਬਣੇ ਦਾ ਟੈਲੀਫੋਨ ਆਇਆ, ਉਹ ਚੰਗੇ ਬੁਲਾਰੇ ਤੇ ਹੰਗਾਮਾ ਖੇਜ ਇਨਸ਼ਾਨ ਸਨ ਤੇ ਕਿਹਾ ਕਿ ਇੱਕ ਬਿਸਵੇਦਾਰ ਮੈਡਮ ਦੇ ਫਾਰਮ ਤੇ ਕਤਲ ਹੋ ਗਿਆ ਹੈ। ਲਾਸ਼ ਬਾਗ ਵਿੱਚ ਹੀ ਹੈ। ਮੈਡਮ ਮੈਨੂੰ ਮਿਲਣ ਆਈ ਸੀ ਤੇ ਮੈਂ ਕਿਹਾ ਕਿ ਦਫਤਰ ਵਿੱਚ ਮਿਲਣ। ਇਸ ਕਰਕੇ ਮੇਰੇ ਤੇ ਕੁੱਝ ਨਰਾਜ ਸਨ। ਸ. ਗੁਰਨਾਮ ਸਿੰਘ ਤੀਰ ਦੇ ਸੰਪਰਕ ਵਿੱਚ ਮੈਂ 1986 ਵਿੱਚ ਡੀ.ਐਸ.ਪੀ. ਮਾਨਸਾ ਸਮੇਂ ਆਇਆ। ਅਖੀਰ ਤੱਕ ਉਹ ਮੇਰੇ ਪੂਰੇ ਹਮਦਰਦ ਰਹੇ ਤੇ ਵੱਡੇ ਭਰਾ ਵਾਂਗ ਨਿਭਦੇ ਸਨ। ਉਹ ਮੇਰੇ ਚਾਚਾ ਜੀ ਗਿਆਨੀ ਸ਼ੇਰ ਸਿੰਘ ਦੇ ਪੱਤਰਕਾਰੀ ਦੇ ਸ਼ਗਿਰਦ ਸਨ, ਇਸ ਕਰਕੇ ਵਿਸ਼ੇਸ਼ ਸਨੇਹ ਵੀ ਸੀ। ਮੈਨੂੰ ਉਨ੍ਹਾਂ ਨੇ ਮੈਡਮ ਦੀ ਸਿਫਾਰਸ਼ ਵੱਡੇ ਭਰਾ ਵਾਂਗ ਕੀਤੀ।
ਮੈਂ ਸਬੰਧਤ ਮੁੱਖ ਅਫਸਰ ਨੂੰ ਮੌਕੇ ਤੇ ਵਾਇਰਲੈਸ ਰਾਹੀਂ ਸੱਦ ਲਿਆ। ਅਸੀਂ ਅੰਗੂਰਾਂ ਦੇ ਬਾਗ ਨੂੰ ਇੱਕ ਘੰਟਾ ਲਾ ਕੇ ਫਰੋਲਦੇ ਰਹੇ, ਇੱਕ ਕਮਰੇ ਨੂੰ ਜਿੰਦਾ ਲੱਗਿਆ ਹੋਇਆ ਸੀ। ਮੈਂ ਆਲੇ ਦੁਆਲੇ ਖੋਜ ਕਰਵਾਈ, ਮੈਨੂੰ ਪੰਡਤ ਸੋਮ ਦੱਤ ਨੇ ਦੱਸਿਆ ਕਿ ਬਾਗ ਵਿੱਚ ਕਿਸੇ ਨੇ ਰਾਤ ਸਮੇਂ ਅੰਗੂਰ ਚੋਰੀ ਕਰਦੇ ਨੂੰ ਫਾਇਰ ਮਾਰਿਆ ਹੈ। ਮੈਂ ਉਨ੍ਹਾਂ ਦੀ ਸੋਹਰਤ ਤੇ ਤੀਰ ਸਾਹਿਬ ਦੇ ਕਹਿਣ ਕਰਕੇ ਰਾਤ ਨੂੰ ਜਿੰਦਾ ਨਾ ਤੁੜਵਾਇਆ ਤੇ ਮੁੱਖ ਅਫਸਰ ਨੂੰ ਹਦਾਇਤ ਕਰ ਦਿੱਤੀ ਕਿ ਪੱਕੀ ਗਾਰਦ ਲਾ ਦੇਵੇ। ਮੈਨੂੰ ਸਵੇਰੇ 8 ਕੁ ਵਜੇ ਮੁੱਖ ਅਫਸਰ ਦਾ ਟੈਲੀਫੋਨ ਆਇਆ, ਕਿ ਬਾਗ ਦੇ ਬਾਹਰ ਘਾਹ ਵਿੱਚ ਨਾਲੇ ਕੋਲ ਲਾਸ਼ ਮਿਲ ਗਈ ਹੈ। ਮੈਂ ਮੌਕੇ ਤੇ ਪੁੱਜ ਕੇ ਕਾਰਵਾਈ ਕਰਵਾਈ, ਮੈਨੂੰ ਉਹਦੀ ਗੱਲ ਤੇ ਪੂਰਾ ਭਰੋਸਾ ਨਹੀਂ ਸੀ ਹੋ ਰਿਹਾ, ਕੁੱਝ ਸ਼ੱਕੀ ਜਿਹੀ ਗੱਲ ਸੀ। ਪਰ ਇਹ ਗੱਲ ਸਿੱਧ ਹੋ ਗਈ ਕਿ ਬਾਗ ਦੇ ਠੇਕੇਦਾਰ ਨੇ ਬਾਰਾਂ ਬੋਰ ਦੀ ਬੰਦੂਕ ਨਾਲ ਅੰਗੂਰ ਤੋੜਦੇ ਤੇ ਫਾਇਰ ਕਰ ਦਿੱਤਾ, ਜਿਸ ਨਾਲ ਉਹਦੀ ਮੌਤ ਹੋ ਗਈ। ਸਮਾਂ ਗਵਰਨਰੀ ਰਾਜ ਦਾ ਸੀ, ਪਰ ਸੋਮ ਦੱਤ ਦੂਜੇ ਪਾਸੇ ਪਿੱਛੇ ਰਹਿ ਕੇ ਪੈਰਵੀ ਕਰਦੇ ਸਨ, ਅੱਗੇ ਉਹ ਭੀ ਨਹੀਂ ਸੀ ਲੱਗਣਾ ਚਾਹੁੰਦੇ। ਮੈਂ ਮੌਕੇ ਤੇ ਮੁੱਖ ਅਫਸਰ ਤੇ ਭਰੋਸਾ ਨਹੀਂ ਸੀ ਕਰ ਰਿਹਾ ਤੇ ਉਸ ਦੇ ਕੰਮ ਤੇ ਸ਼ੱਕ ਜਾਹਰ ਕੀਤਾ ਕਿ ਲਾਸ਼ ਪੂਰੀ ਭਾਲ ਸਮੇਂ ਰਾਤ ਸਮੇਂ ਕਿਉਂ ਨਾ ਲੱਭੀ, ਸਵੇਰ ਨੂੰ ਉਹ ਘਾਹ ਵਿੱਚ ਹੀ ਮਿਲ ਗਈ ਹੈ।
ਮੇਰਾ ਮੁੱਖ ਅਫਸਰ ਕਾਫੀ ਚੁਸਤ ਤੇ ਹੁਸ਼ਿਆਰ ਸੀ, ਮਹਿਕਮੇ ਵਿੱਚ ਇਹ ਗੱਲ ਚਲਦੀ ਸੀ ਕਿ ਉਹਦਾ ਸਬੰਧ ਖਾੜਕੂਆਂ ਨਾਲ ਵੀ ਹੈ, ਪਰ ਅਜਿਹੀ ਕੋਈ ਸਹਾਦਤ ਨਹੀਂ ਸੀ। ਉਹਦਾ ਕਤਲ ਮੇਰੇ ਪਿੱਛੋਂ ਇੱਕ ਖਾੜਕੂ ਵਾਰਦਾਤ ਹੋਣ ਤੇ ਇੱਕ ਸ਼ਹਿਰੀ ਨੇ ਕੀਤਾ। ਇਹ ਗੱਲ ਸਿੱਧ ਹੋ ਗਈ ਕਿ ਠੇਕੇਦਾਰ ਕੋਲ ਮਾਲਕਾਂ ਵੱਲੋਂ ਦਿੱਤੀ 12 ਬੋਰ ਬੰਦੂਕ ਨਾਲ ਇਹ ਜੁਰਮ ਹੋਇਆ। ਜਿਹੜੀ ਉਸ ਨੂੰ ਦੇਣੀ ਵਾਜਿਬ ਨਹੀਂ ਸੀ। ਠੇਕੇਦਾਰ ਤਾਂ ਦੋਸ਼ੀ ਹੈ ਹੀ ਸੀ, ਬੰਦੂਕ ਵਾਲਾ ਵੀ ਜੁਰਮ ਦੇ ਘੇਰੇ ਵਿੱਚ ਆਉਂਦਾ ਸੀ। ਇਹ ਬੰਦੂਕ ਉਸ ਮੈਡਮ ਦੇ ਲੜਕੇ ਦੇ ਨਾਂ ਹੈ। ਮੈਨੂੰ ਮੁੱਖ ਅਫਸਰ ਨੇ ਸੁਝਾਅ ਦੇਣ ਦੀ ਕੋਸਿਸ ਕੀਤੀ, ਕਿ ਬੰਦੂਕ ਕਿਸੇ ਹੋਰ ਦੀ ਦਿਖਾ ਦਿੱਤੀ ਜਾਏ, ਆਮ ਲੋਕ ਸ਼ੱਕ ਕਰਦੇ ਸਨ ਕਿ ਪੈਸਾ ਖਰਚ ਕੇ ਇਹ ਕੰਮ ਹੋ ਜਾਏਗਾ। ਮੈਂ ਮੁੱਖ ਅਫਸਰ ਨੂੰ ਸੱਚ ਤੇ ਠੀਕ ਲਿਖਣ ਦੀ ਹਦਾਇਤ ਦਿੱਤੀ, ਜਿਹੜੀ ਮੈਂ ਤਸਦੀਕ ਕਰ ਚੁੱਕਿਆ ਸੀ। ਮੈਨੂੰ ਸ. ਗੁਰਨਾਮ ਸਿੰਘ ਤੀਰ ਹੋਰਾਂ ਦਾ ਟੈਲੀਫੋਨ ਆਇਆ ਤੇ ਉਨ੍ਹਾਂ ਨੇ ਫੇਰ ਉਸ ਪਰਿਵਾਰ ਦੀ ਸਿਫਾਰਸ਼ ਕੀਤੀ। ਮੈਂ ਤੀਰ ਸਾਹਿਬ ਦਾ ਬਹੁਤ ਆਦਰ ਕਰਦਾ ਸੀ, ਮੈਨੂੰ ਉਨ੍ਹਾਂ ਨੇ ਜੋਰ ਨਾਲ ਕਿਹਾ ਕਿ ਇਹ ਇਲਾਕੇ ਵਿੱਚ ਚੰਗੀ ਤਕੜੀ ਸੋਹਰਤ ਦੇ ਮਾਲਕ ਹਨ, ਇਹ ਠੀਕ ਹੈ ਕਿ ਇਨ੍ਹਾਂ ਨੂੰ ਆਪਣੀ ਬੰਦੂਕ 12 ਬੋਰ ਰਾਖੀ ਲਈ ਠੇਕੇਦਾਰ ਨੂੰ ਨਹੀਂ ਸੀ ਦੇਣੀ ਚਾਹੀਦੀ, ਪਰ ਇਨ੍ਹਾਂ ਦੀ ਮਦਤ ਕਰ, ਮੈਂ ਕਿਹਾ ਕਿ ਮਦਤ ਪਹਿਲਾਂ ਵੀ ਹੋ ਗਈ ਹੈ। ਮੈਨੂੰ ਉਨ੍ਹਾਂ ਨੇ ਕੋਠੀ ਤੇ ਜਾਣ ਲਈ ਮਨਾ ਲਿਆ।
ਸਾਮ ਦੇ 7 ਕੁ ਵਜੇ ਮੈਂ ਉਨ੍ਹਾਂ ਦੇ ਨਿਵਾਸ ਤੇ ਗਿਆ ਤੇ ਵਰਦੀ ਵਿੱਚ ਹੀ ਚਲਿਆ ਗਿਆ, ਕੁੱਝ ਚਿਰ ਪਿੱਛੋਂ ਇੱਕ ਨੌਕਰ ਹੇਠਲੇ ਕਮਰੇ ਵਿੱਚ ਲੈ ਗਿਆ, ਉੱਥੇ ਕੋਈ ਕੁਰਸੀ ਆਦਿ ਨਹੀਂ ਸੀ, ਗੱਦਿਆਂ ਤੇ ਬੈਠ ਗਏ। ਪਹਿਲਾਂ ਠੰਢਾ ਆਇਆ, ਫੇਰ ਵਿਸਕੀ ਦੀ ਬੋਤਲ ਦੇ ਨਾਲ ਬਰਫ ਆਦਿ ਆ ਗਈ। ਮੈਨੂੰ ਕਿਹਾ ਗਿਆ ਕਿ ਬੰਦੂਕ ਲੜਕੇ ਦੀ ਥਾਂ, ਉਸ ਦੇ ਪਿਤਾ ਦੀ ਮੁਕੱਦਮੇ ਵਿੱਚ ਪਾ ਦਿੱਤੀ ਜਾਏ। ਮੈਂ ਇਸ ਨੂੰ ਪਾਪ ਸਮਝਦਾ ਸੀ। ਇੱਕ ਪੈਗ ਮੈਂ ਵੀ ਪੀਤਾ, ਅੰਗਰੇਜ਼ੀ ਅਖਬਾਰ ਦੇ ਵਿੱਚ ਲਪੇਟੇ 5 ਗੱਠੀਆਂ ਤੋਂ ਪ੍ਰਤੀਤ ਹੋਇਆ ਕਿ ਇਸ ਵਿੱਚ ਪੈਸੇ ਹਨ, ਮੈਨੂੰ ਇਹ ਆਸ ਨਹੀਂ ਸੀ। ਮੈਂ ਕਿਹਾ ਆਪ ਦੀ ਪਹਿਲਾ ਮਦਤ ਹੋ ਗਈ ਹੈ, ਹੋਰ ਸੰਭਵ ਵੀ ਕਰਾਂਗੇ, ਪਰ ਮੈਂ ਇਹ ਨਹੀਂ ਲੈਣੇ, ਨਾ ਲਏ ਹਨ। ਤੁਹਾਡੀ ਸਿਫਾਰਸ਼ ਹੈ ਉਨ੍ਹਾਂ ਦੇ ਜੋਰ ਦੇਣ ਤੇ ਮੈਂ ਉਠ ਕੇ ਆ ਗਿਆ। ਮੁੱਖ ਅਫਸਰ ਨੂੰ ਕਿਹਾ ਸਹੀ ਹਥਿਆਰ ਪਾਉਣਾ ਹੈ। ਦੂਜੇ ਦਿਨ ਮੈਨੂੰ ਤੀਰ ਸਾਹਿਬ ਦਾ ਟੈਲੀਫੋਨ ਆਇਆ, ਕਿ ਤੂੰ ਜਦੋਂ ਗਿਆ ਸੀ, ਉਠ ਕੇ ਕਿਉਂ ਆ ਗਿਆ। ਤੇਰੇ ਸਾਹਮਣੇ 50 ਹਜ਼ਾਰ ਸਨ, ਵਿਸਕੀ ਸੀ, …… ਹੋਰ ਸਹੂਲਤਾਂ ਵੀ ਸਨ। ਇਕ ਬੰਦੂਕ ਬਦਲਣ ਵਿੱਚ ਕੀ ਲੱਗਦਾ ਸੀ। ਤੂੰ ਵੀ ਤੇਰੇ ਬਜੁਰਗਾਂ ਵਾਂਗ ਹਠੀ ਤੇ ਜਿੱਦੀ ਹੀ ਰਿਹਾ, ਹੁਣ ਤੇਰੀ ਬਦਲੀ ਹੋਏਗੀ। ਮੈਂ ਵੀ ਤੇਰੀ ਮਦਤ ਨਹੀਂ ਕਰ ਸਕਾਂਗਾ, ਗਵਰਨਰੀ ਰਾਜ ਹੈ, ਮੈਂ ਕਿਹਾ ਕਿ, ”ਭਾਈ ਸਾਹਿਬ ਕੋਈ ਗੱਲ ਨਹੀਂ ਬਦਲੀ ਹੋ ਜਾਏਗੀ, ਪਰ ਮੈਂ ਕੁੱਝ ਗਲਤ ਨਹੀਂ ਕੀਤਾ।”
ਸ. ਸਿਮਰਨਜੀਤ ਸਿੰਘ ਦੇ ਆਉਣ ਕਾਰਨ ਹਲਕੇ ਦੇ ਐਮ.ਪੀ. ਮੇਰੇ ਤੇ ਕੁੱਝ ਨਰਾਜ ਸਨ। ਮੈਂ ਉਨ੍ਹਾਂ ਨੂੰ ਕਦੇ ਮਿਲਿਆ ਵੀ ਨਹੀਂ ਸੀ। ਪਾਰਟੀ ਦੀ ਪਹੁੰਚ ਸ. ਪ੍ਰਕਾਸ਼ ਤੱਕ ਸੀ, ਭਾਵੇਂ ਗਵਰਨਰੀ ਰਾਜ ਹੋਣ ਕਾਰਨ ਬਹੁਤੀ ਨਹੀਂ ਸੀ ਚਲਦੀ, ਪਰ ਬਾਦਲ ਸਾਹਿਬ ਤਕੜੀ ਹਸਤੀ ਦੇ ਮਾਲਕ ਸਨ। ਮਾਨ ਸਾਹਿਬ ਦਾ ਬਰਨਾਲੇ ਦਾ ਪ੍ਰੋਗਰਾਮ ਆਇਆ, ਉਨ੍ਹਾਂ ਨੇ 2 ਰਾਤਾਂ ਤੇ 3 ਦਿਨ ਠਹਿਰਨਾ ਸੀ। ਮੈਨੂੰ ਡੀ.ਜੀ.ਪੀ. ਸਾਹਿਬ ਦੇ ਹੁਕਮ ਆਇਆ ਕਿ, ”ਸਿਮਰਨਜੀਤ ਸਿੰਘ ਮਾਨ ਦੀ ਸਕਿਉਰਟੀ ਦਾ ਬਰਨਾਲੇ ਸਮੇਂ ਤੂੰ ਜਾਤੀ ਤੌਰ ਤੇ ਜਿੰਮੇਵਾਰ ਹੈਂ। ਉਨ੍ਹਾਂ ਤੇ ਇੱਥੇ ਹਮਲਾ ਹੋ ਸਕਦਾ ਹੈ। ਘਟਨਾ ਦੀ ਜਿੰਮੇਵਾਰੀ ਤੇਰੀ ਹੋਏਗੀ।”ਜਾਤੀ ਸਕਿਉਰਟੀ ਕਾਰਨ ਮੈਂ ਉਨ੍ਹਾਂ ਨੂੰ ਰਸਤੇ ਬਦਲ ਕੇ ਲਿਜਾਂਦਾ ਰਿਹਾ। ਹਲਕੇ ਦੇ ਐਮ.ਪੀ. ਇਸ ਗੱਲ ਤੇ ਨਰਾਜ ਸਨ ਕਿ ਮੈਂ ਮਾਨ ਨੂੰ ਵੀ.ਵੀ.ਆਈ.ਪੀ. ਸਕਿਉਰਟੀ ਦਿੱਤੀ ਹੈ, ਉਸ ਦੀ ਸ਼ਾਨ ਬਹੁਤ ਵਧ ਗਈ ਹੈ। ਮੈਂ ਦੱਸਿਆ ਕਿ ਮੇਰੀ ਇਹ ਮਜਬੂਰੀ ਸੀ। ਉਪਰਲੇ ਤੇ ਇਸ ਕਾਰਨ ਮੇਰੀ ਬਦਲੀ ਦਾ ਹੁਕਮ ਆ ਗਿਆ। ਮੈਨੂੰ ਇੱਕ ਉੱਚ ਅਫਸਰ ਨੇ ਕਿਹਾ ਕਿ ਤੈਨੂੰ ਅਜੇ ਕਿਤੇ ਲਾਇਆ ਨਹੀਂ, ਤੂੰ ਐਮ.ਪੀ. ਸਾਹਿਬ ਨੂੰ ਮਿਲ ਲੈ। ਮੈਂ ਕੁੱਝ ਦਿਨ ਲੱਡਾ ਕੋਠੀ ਰਿਹਾ ਤੇ ਫੇਰ ਬੀ.ਪੀ. ਤਿਵਾੜੀ ਮੈਨੂੰ ਡੀ.ਐਸ.ਪੀ. ਵਿਜੀਲੈਂਸ ਬਠਿੰਡਾ ਲੈ ਗਏ।
ਮੈਨੂੰ ਮੇਰੇ 1-2 ਨਜਦੀਕੀ ਦੋਸਤਾਂ ਨੇ ਕਿਹਾ ਕਿ ਤੂੰ ਜਿੱਦ ਵਿੱਚ ਕੀ ਖੱਟਿਆ, ਬਰਨਾਲੇ ਦੀ ਸਬ-ਡਵੀਜਨ ਸੀ, ਥੋੜੀ ਲਚਕ ਵਰਤ ਲੈਂਦਾ। ਮੈਂ ਖੁਸ਼ ਸੀ ਕਿ ਮੈਂ ਇਸ ਤੋਂ ਪਹਿਲਾਂ ਮਾਨਸਾ ਤੇ ਦਿਹਾਤੀ ਸੰਗਰੂਰ ਕੱਟ ਚੁੱਕਿਆ ਹਾਂ। ਪੁਲਿਸ ਵਿੱਚ ਮੈਨੂੰ ਕਈ ਅਫਸਰ ਟੈਕਟ ਲੈਸ, ਕਹਿ ਦਿੰਦੇ ਸਨ। ਸੋਮ ਦੱਤ ਆਪਣੇ ਅਖੀਰੀ ਸਮੇਂ ਤੱਕ ਮੇਰੀ ਤਾਰੀਫ ਹੀ ਕਰਦੇ ਰਹੇ ਤੇ ਇਹ ਗੱਲ ਮਸਾਲਾ ਲਾ ਕੇ ਸੁਣਾਉਂਦੇ ਸਨ।