Breaking News
Home / ਨਜ਼ਰੀਆ / ਕੈਨੇਡਾ ‘ਚ ਚੋਣਾਂ ਲਈ ਭਖਿਆ ਦੰਗਲ

ਕੈਨੇਡਾ ‘ਚ ਚੋਣਾਂ ਲਈ ਭਖਿਆ ਦੰਗਲ

ਦਰਬਾਰਾ ਸਿੰਘ ਕਾਹਲੋਂ
ਪਿਛਲੀ ਵਾਰ ਵਿਸ਼ਵ ਦੇ ਖ਼ੂਬਸੂਰਤ ਲੋਕਤੰਤਰੀ ਦੇਸ਼ ਕੈਨੇਡਾ ਵਿਚ ਪਾਰਲੀਮੈਂਟਰੀ ਚੋਣਾਂ 21 ਅਕਤੂਬਰ 2019 ਨੂੰ ਹੋਈਆਂ ਸਨ, ਪਰ ਇਨ੍ਹਾਂ ਚੋਣਾਂ ਵਿਚ 338 ਮੈਂਬਰੀ ਸੰਸਦ ਅੰਦਰ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਸੀ ਹੋ ਸਕਿਆ। ਹੈਰਾਨੀ ਵਾਲੀ ਗੱਲ ਇਹ ਹੋਈ ਸੀ ਕਿ ਮੁੱਖ ਵਿਰੋਧੀ ਕੰਸਰਵੇਟਿਵ ਪਾਰਟੀ ਨੂੰ ਸੱਤਾਧਾਰੀ ਲਿਬਰਲ ਪਾਰਟੀ ਨਾਲੋਂ ਵੱਧ ਵੋਟਾਂ ਪ੍ਰਾਪਤ ਹੋਣ ਦੇ ਬਾਵਜੂਦ ਘੱਟ ਸੀਟਾਂ ਮਿਲੀਆਂ ਸਨ। ਲਿਬਰਲ ਪਾਰਟੀ ਨੇ 33.12 ਪ੍ਰਤੀਸ਼ਤ ਵੋਟਾਂ ਲੈ ਕੇ 157, ਕੰਸਰਵੇਟਿਵ ਪਾਰਟੀ ਨੇ 34.34% ਵੋਟਾਂ ਲੈ ਕੇ 121, ਬਲਾਕ ਕਿਊਬੈਕ ਨੇ 7.63 ਪ੍ਰਤੀਸ਼ਤ ਵੋਟਾਂ ਲੈ ਕੇ 32, ਨਿਊ ਡੈਮੋਕ੍ਰੈਟਿਕ ਪਾਰਟੀ ਨੇ 15.98% ਵੋਟਾਂ ਲੈ ਕੇ 24 ਜਦਕਿ ਗਰੀਨ ਪਾਰਟੀ ਨੇ 6.55% ਵੋਟਾਂ ਲੈ ਕੇ 2 ਸੀਟਾਂ ਪ੍ਰਾਪਤ ਕੀਤੀਆਂ ਸਨ।
ਸਭ ਤੋਂ ਵੱਡੀ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਘੱਟ-ਗਿਣਤੀ ਸਰਕਾਰ ਗਠਿਤ ਕੀਤੀ ਜੋ ਸੰਨ 2015 ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਚਲੇ ਆ ਰਹੇ ਸਨ। ਕੋਵਿਡ-19 ਮਹਾਮਾਰੀ, ਅਫ਼ਗਾਨਿਸਤਾਨ ਜੰਗ ਅਤੇ ਹੋਰ ਘਰੇਲੂ ਸਮੱਸਿਆਵਾਂ ਦੇ ਚੱਲਦੇ ਜਸਟਿਨ ਟਰੂਡੋ ਫੈਡਰਲ ਸਰਕਾਰ ਚਲਾਉਂਦੇ ਨਹੀਂ ਬਲਕਿ ਬਾਹਰੀ ਹਮਾਇਤ ਨਾਲ ਖਿੱਚਦੇ ਚਲੇ ਗਏ।
ਸੋ, ਹੁਣ ਕੋਵਿਡ-19 ਮਹਾਮਾਰੀ ਤੋਂ ਜ਼ਰਾ ਰਾਹਤ ਮਿਲਣ ਕਰਕੇ ਉਨ੍ਹਾਂ ਨੇ ਮੱਧਕਾਲੀ ਚੋਣਾਂ ਵਿਚ ਕੁੱਦਣ ਦਾ ਨਿਰਣਾ ਲਿਆ ਤਾਂ ਕਿ ਉਹ ਬਹੁਮਤ ਹਾਸਲ ਕਰਕੇ ਆਪਣੀ ਪਾਰਟੀ ਦੇ ਪ੍ਰੋਗਰਾਮ ਅਤੇ ਨੀਤੀਆਂ ਮੁਤਾਬਕ ਵਧੀਆ ਸਰਕਾਰ ਚਲਾ ਸਕਣ। ਸੋ 15 ਅਗਸਤ 2021 ਨੂੰ ਉਨ੍ਹਾਂ ਦੀ ਸਿਫ਼ਾਰਸ਼ ‘ਤੇ ਗਵਰਨਰ ਜਨਰਲ ਮੇਰੀ ਸਾਈਮਨ ਨੇ ਸੰਸਦ ਨੂੰ ਭੰਗ ਕਰਦਿਆਂ 20 ਸਤੰਬਰ 2021 ਨੂੰ 44ਵੀਆਂ ਸੰਸਦੀ ਚੋਣਾਂ ਦਾ ਐਲਾਨ ਕਰ ਦਿੱਤਾ। ਇਹ ਫੈਡਰਲ ਚੋਣਾਂ ਕੈਨੇਡਾ ਅੰਦਰ ਉਵੇਂ ਹੀ ਨਿਵੇਕਲਾ ਮਹੱਤਵ ਰੱਖਦੀਆਂ ਹਨ ਜਿਵੇਂ ਇਸ ਤੋਂ ਪਹਿਲਾਂ ਹੋਈਆਂ ਚੋਣਾਂ ਰੱਖਦੀਆਂ ਸਨ। ਜਿਉਂ-ਜਿਉਂ 20 ਸਤੰਬਰ ਦੀ ਤਾਰੀਖ ਨੇੜੇ ਆ ਰਹੀ ਹੈ ਰਾਜਨੀਤਕ ਪਾਰਟੀਆਂ ਦੀਆਂ ਗਤੀਵਿਧੀਆਂ ਤੇਜ਼ ਹੋ ਰਹੀਆਂ ਹਨ ਅਤੇ ਰਾਜਨੀਤਕ ਆਗੂਆਂ ਦੇ ਦਿਲਾਂ ਦੀਆਂ ਧੜਕਣਾਂ ਦੀ ਗਤੀ ਵੀ ਤੇਜ਼ ਹੁੰਦੀ ਵਿਖਾਈ ਦੇ ਰਹੀ ਹੈ। ਹਰ ਪਾਰਟੀ ਆਪੋ-ਆਪਣੇ ਪ੍ਰੋਗਰਾਮ, ਚੋਣ ਮੈਨੀਫੈਸਟੋ ਅਤੇ ਵਲੰਟੀਅਰਾਂ ਰਾਹੀਂ ਵੋਟਰਾਂ ਨੂੰ ਟੈਲੀਵਿਜ਼ਨ, ਸੋਸ਼ਲ ਮੀਡੀਆ, ਸਿੱਧੇ ਜਾਂ ਅਸਿੱਧੇ ਜਨ-ਸੰਪਰਕ ਰਾਹੀਂ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੀਆਂ ਹਨ। ਇਸ ਕਾਰਜ ਵਿਚ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਦੀ ਸਿੱਧੀ ਡਿਬੇਟ ਨੇ ਅਤਿ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਜਾਤ-ਪਾਤ ਬਨਾਮ ਰਾਜਨੀਤੀ : ਮੁੱਖ ਮੁਕਾਬਲਾ ਸੱਤਾਧਾਰੀ ਲਿਬਰਲ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਵਿਚ ਹੈ। ਪਰ ਇਨ੍ਹਾਂ ਦੇ ਭਵਿੱਖ ਅਤੇ ਸੱਤਾ ਦੀ ਇਬਾਰਤ ਕਿਤੇ ਨਾ ਕਿਤੇ ਐੱਨਡੀਪੀ ਲਿਖਦੀ ਨਜ਼ਰ ਆ ਰਹੀ ਹੈ। ਸੰਸਦ ‘ਚ ਪਿਛਲੀ ਵਾਰ ਵਾਂਗ ਜੇ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਭਾਵ ਲਟਕਵੀਂ ਸੰਸਦ ਹੋਂਦ ‘ਚ ਆਉਂਦੀ ਹੈ ਤਾਂ ਨਿਸ਼ਚਿਤ ਤੌਰ ‘ਤੇ ਐੱਨਡੀਪੀ ਤੇ ਬਲਾਕ ਕਿਊਬੈਕ ਮਹੱਤਵਪੂਰਨ ਭੂਮਿਕਾ ਅਦਾ ਕਰਨਗੀਆਂ ਜਿਵੇਂ ਉਨ੍ਹਾਂ ਨੇ ਘੱਟ-ਗਿਣਤੀ ਜਸਟਿਨ ਟਰੂਡੋ ਸਰਕਾਰ ਨੂੰ ਕਰੀਬ ਦੋ ਸਾਲ ਚਲਾਉਣ ਵਿਚ ਅਦਾ ਕੀਤੀ ਸੀ। ਇਨ੍ਹਾਂ ਚੋਣਾਂ ਦੀ ਖ਼ੂਬਸੂਰਤੀ ਇਹ ਹੈ ਕਿ ਇਨ੍ਹਾਂ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਅੰਦਰ ਵੱਖ-ਵੱਖ ਵਰਗਾਂ, ਧਰਮਾਂ, ਖਿੱਤਿਆਂ, ਪਰਵਾਸੀਆਂ ਨਾਲ ਸਬੰਧਤ 1465 ਉਮੀਦਵਾਰ ਚੋਣ ਮੈਦਾਨ ਵਿਚ ਹਨ। ਲਿਬਰਲਾਂ ਨੇ ਪੰਜਾਬੀ ਮੂਲ ਦੇ 15, ਕੰਸਰਵੇਟਿਵਾਂ ਨੇ 12, ਐੱਨਡੀਪੀ ਨੇ 5 ਅਤੇ ਹੋਰਨਾਂ ਨੇ 7 ਉਮੀਦਵਾਰ ਖੜ੍ਹੇ ਕਰ ਰੱਖੇ ਹਨ। ਜਸਟਿਨ ਟਰੂਡੋ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਤੀਜੀ ਵਾਰ ਆਪਣੀ ਲਿਬਰਲ ਪਾਰਟੀ ਦੀ ਅਗਵਾਈ ਫੈਡਰਲ ਚੋਣਾਂ ਵਿਚ ਕਰ ਰਹੇ ਹਨ।
ਇਨ੍ਹਾਂ ਚੋਣਾਂ ਲਈ ਲਿਬਰਲ ਪਾਰਟੀ ਨੇ ਕੈਨੇਡੀਅਨ ਵੋਟਰਾਂ ਨਾਲ ਵਾਅਦਿਆਂ ਦੀ ਝੜੀ ਲਗਾਈ ਹੈ। ਉਸ ਦਾ 78 ਬਿਲੀਅਨ ਬੋਨਾਂਜ਼ਾ ਕੁਝ ਇਵੇਂ ਹੈ : 30 ਬਿਲੀਅਨ ਵਾਲਾ ਚਾਈਲਡ ਕੇਅਰ ਪ੍ਰੋਗਰਾਮ ਜਿਸ ਤਹਿਤ ਪ੍ਰਤੀ ਬੱਚਾ ਪ੍ਰਤੀ ਦਿਨ 10 ਡਾਲਰ ਦਿੱਤੇ ਜਾਣਗੇ। ਇਸੇ ਤਰ੍ਹਾਂ 2.6 ਬਿਲੀਅਨ ਡਾਲਰ ਕੋਵਿਡ-19 ਮਹਾਮਾਰੀ ਦੀ ਪਿਛਲੀ ਪੂਰਤੀ ਲਈ, 3.6 ਬਿਲੀਅਨ ਡਾਲਰ ਟੈਕਸ ਮੁਕਤੀ ਲਈ ਪਹਿਲੀ ਵਾਰ ਘਰ ਖ਼ਰੀਦਣ ਲਈ। ਮੈਂਟਲ ਹੈਲਥ ਸਬੰਧੀ ਰਾਜਾਂ ਨੂੰ 4.5 ਬਿਲੀਅਨ ਡਾਲਰ ਦੀ ਅਦਾਇਗੀ। ਲੰਬਾ ਸਮਾਂ ਕੇਅਰ ਸੁਧਾਰ ਲਈ 4.4 ਬਿਲੀਅਨ ਡਾਲਰ। ਸਥਾਨਕ ਲੋਕਾਂ ਦੇ ਹਾਊਸਿੰਗ ਪ੍ਰੋਗਰਾਮ ਲਈ 2 ਬਿਲੀਅਨ ਡਾਲਰ। ਕਰੀਬ 40,000 ਅਫ਼ਗਾਨ ਰਫਿਊਜੀਆਂ ਦੇ ਵਸੇਬੇ ਲਈ 325 ਮਿਲੀਅਨ ਡਾਲਰ।
ਅੰਦੋਲਨ ਦਾ ਸੇਕ : ਜਲਵਾਯੂ ਸੁਧਾਰ ਲਈ 2 ਬਿਲੀਅਨ ਡਾਲਰ ਦਾ ਜ਼ੀਰੋ ਨਿਕਾਸ ਪ੍ਰੋਗਰਾਮ, 815 ਮਿਲੀਅਨ ਡਾਲਰ ਕਲੀਨ ਤਕਨੀਕ ਲਈ। ਬਜਟ ਘਾਟਾ 157 ਬਿਲੀਅਨ ਡਾਲਰ ਨੂੰ ਸੰਨ 2025-26 ਤਕ 32 ਬਿਲੀਅਨ ਘਾਟੇ ‘ਤੇ ਲਿਆਉਣਾ। ਕੰਸਰਵੇਟਿਵ ਪਾਰਟੀ ਆਪਣੇ ਆਗੂ ਐਰਿਨ ਓਟੂਲ ਦੀ ਅਗਵਾਈ ਹੇਠ ਸੱਤਾ ਪ੍ਰਾਪਤੀ ਲਈ ਯਤਨਸ਼ੀਲ ਹੈ ਜਿਨ੍ਹਾਂ ਨੂੰ ਸੰਨ 2019 ਦੀਆਂ ਚੋਣਾਂ ਵਿਚ ਹਾਰ ਕਾਰਨ ਐਂਡਰਿਊ ਸ਼ੀਰ ਦੇ ਅਸਤੀਫ਼ੇ ਤੋਂ ਬਾਅਦ ਚੁਣਿਆ ਗਿਆ ਸੀ। ਆਮ ਆਦਮੀ ਦੇ ਜੀਵਨ ਦਾ ਖ਼ਰਚ ਘਟਾਉਣਾ, ਟੈਲੀਕਾਮ ਖ਼ਰਚਾ ਘਟਾਉਣਾ, ਕਾਮਿਆਂ ਨੂੰ ਸਿੱਧਾ ਲਾਭ 5000 ਡਾਲਰ ਦੇਣਾ, ਇਕ ਮਿਲੀਅਨ ਘਰਾਂ ਦੀ ਉਸਾਰੀ, ਸਥਾਨਕ ਲੋਕਾਂ ਨੂੰ ਊਰਜਾ ਸਬੰਧੀ ਮਦਦ ਲਈ ਬਿਲੀਅਨ ਡਾਲਰ ਬੋਨਾਜ਼ਾ, ਜਲਵਾਯੂ ਸੰਭਾਲ ਜ਼ੀਰੋ ਨਿਕਾਸੀ ਵਾਹਨ, ਕਾਰਬਨ ਟੈਕਸ 40 ਡਾਲਰ ਤੋਂ 20 ਡਾਲਰ ਪ੍ਰਤੀ ਟਨ ਕਰਨਾ, ਆਰਥਿਕ ਵਿਕਾਸ ਦੀ ਰੱਖਿਆ ਦੇ ਨਾਲ-ਨਾਲ ਕਾਰਬਨ ਨਿਕਾਸੀ ‘ਤੇ ਕਾਬੂ ਪਾਉਣਾ, ਡਰੱਗ ਕੰਟਰੋਲ ਲਈ 325 ਮਿਲੀਅਨ ਡਾਲਰਾਂ ਦੇ ਖ਼ਰਚੇ ਨਾਲ 1000 ਰਿਹਾਇਸ਼ੀ ਡਰੱਗ ਇਲਾਜ ਬਿਸਤਰਿਆਂ ਅਤੇ 50 ਰਿਕਵਰੀ ਕੇਂਦਰਾਂ ਦਾ ਪ੍ਰਬੰਧ ਕਰਨਾ, ਲਘੂ ਉਦਯੋਗਾਂ ਲਈ 2 ਲੱਖ ਅਤੇ ਛੋਟੇ ਉਦਯੋਗਾਂ ਲਈ ਇਕ ਲੱਖ ਡਾਲਰਾਂ ਦੇ ਨਿਵੇਸ਼ ਦਾ 25 ਪ੍ਰਤੀਸ਼ਤ ਟੈਕਸ ਲਾਭ ਵਾਲੇ ਨਿਵੇਸ਼ ਦਾ ਪ੍ਰਬੰਧ, ਸਥਾਨਕ ਲੋਕਾਂ ਸਬੰਧੀ ਸਾਬਕਾ ਰਿਹਾਇਸ਼ੀ ਸਕੂਲਾਂ ਦੀਆਂ ਕਬਰਾਂ ਦੀ ਜਾਂਚ, ਉਨ੍ਹਾਂ ਦੀ ਖ਼ੁਸ਼ਹਾਲੀ ਲਈ ਭਾਈਵਾਲੀ ਪ੍ਰੋਗਰਾਮ ਆਦਿ ਕੰਸਰਵੇਟਿਵਾਂ ਦਾ ਮੁੱਖ ਏਜੰਡਾ ਹੈ।
ਭਾਰਤੀ ਮੂਲ ਦਾ ਪੰਜਾਬੀ ਐੱਨਡੀਪੀ ਆਗੂ ਜਗਮੀਤ ਸਿੰਘ ਸੰਨ 2011 ਵਿਚ ਇਸ ਪਾਰਟੀ ਨੂੰ ਫੈਡਰਲ ਪੱਧਰ ‘ਤੇ ਦੂਸਰੇ ਵੱਡੇ ਦਲ ਵਜੋਂ ਲਿਬਰਲਾਂ ਨੂੰ ਲਤਾੜ ਕੇ ਬਣਾਉਣ ਵਾਲੇ ਆਗੂ ਜੈਕ ਲੇਟਨ ਵਾਂਗ ਉੱਭਰ ਰਿਹਾ ਹੈ। ਕਾਰਬਨ ਟੈਕਸ, ਅਮੀਰ ਲੋਕਾਂ ‘ਤੇ ਟੈਕਸ, ਲੰਬਾ ਸਮਾਂ ਕੇਅਰ ਸੁਧਾਰ, ਯੂਨੀਵਰਸਲ ਫਾਰਮਾ, ਸੈੱਲਫੋਨ ਦੀਆਂ ਕੀਮਤਾਂ ਘਟਾਉਣਾ, ਵਿਦੇਸ਼ੀ ਕੰਪਨੀਆਂ ‘ਤੇ ਰੀਅਲ ਐਸਟੇਟ ਖੇਤਰ ‘ਚ ਪਾਬੰਦੀ, ਹਾਊਸਿੰਗ ਵਪਾਰ ‘ਤੇ ਪਾਬੰਦੀ, ਰੁਜ਼ਗਾਰ ਦੇ ਮੌਕੇ ਵਧਾਉਣ, ਡਰੱਗ ਕੰਟਰੋਲ ਆਦਿ ਉਸ ਦੀ ਪਾਰਟੀ ਦਾ ਮੁੱਖ ਏਜੰਡਾ ਹੈ। ਗਰੀਨ ਪਾਰਟੀ ਨਵੀਂ ਸਿਆਹਫਾਮ ਆਗੂ ਅਨਾਮੀ ਪਾਲ ਪਾਰਟੀ ਦੀ ਖ਼ਾਨਾਜੰਗੀ ਦੀ ਸ਼ਿਕਾਰ ਹੈ। ਉਸ ਦੇ ਦੋ ਸੰਸਦ ਮੈਂਬਰਾਂ ‘ਚੋਂ ਇਕ ਜੈਨਕਾ ਐਟਵਿਨ ਜੂਨ 2021 ਵਿਚ ਲਿਬਰਲ ਪਾਰਟੀ ਵਿਚ ਸ਼ਾਮਲ ਹੋ ਗਈ। ਇਸ ਪਾਰਟੀ ਦਾ ਮੁੱਖ ਏਜੰਡਾ ਜਲਵਾਯੂ ਸੰਭਾਲ, ਇੰਪਲਾਇਮੈਂਟ ਇੰਸ਼ੋਰੈਂਸ, 10.2 ਬਿਲੀਅਨ ਡਾਲਰ ਸੈਕੰਡਰੀ ਸਿੱਖਿਆ ਬਾਅਦ ਟਿਊਸ਼ਨ ਮਾਫ਼ੀ ਪ੍ਰਤੀ ਸਾਲ, 3 ਲੱਖ ਘਰ ਘੱਟ ਆਮਦਨ ਨਾਗਰਿਕਾਂ ਲਈ, ਪਬਲਿਕ ਹੈਲਥ ਸੁਧਾਰ ਆਦਿ ਹੈ। ਬਲਾਕ ਕਿਊਬੈਕਸ ਫਰੈਂਚ ਭਾਸ਼ੀ ਕਿਊਬੈਕ ਸਬੰਧਤ ਤਾਕਤਵਰ ਇਲਾਕਾਈ ਪਾਰਟੀ ਹੈ ਜੋ ਕਿਊਬੈਕ ਨੂੰ ਇਕ ਰਾਸ਼ਟਰ ਮੰਨਦੀ ਹੈ। ਆਪਣੀ ਵੱਖਰੀ ਪਛਾਣ, ਸੱਭਿਆਚਾਰ, ਭਾਸ਼ਾ ਦੀ ਰਾਖੀ, ਜਲਵਾਯੂ ਸੰਭਾਲ, ਸੂਬਾਈ ਪ੍ਰੋਗਰਾਮ ਲਈ ਧਨ ਵਿਵਸਥਾ, ਬੱਚਾ-ਬੁਢਾਪਾ ਕੇਅਰ, ਸਥਾਨਕ ਮੂਲ ਦੇ ਨਿਵਾਸੀਆਂ ਦਾ ਵਿਕਾਸ ਆਦਿ ਇਸ ਦਾ ਪ੍ਰਮੁੱਖ ਏਜੰਡਾ ਹੈ।
ਇਸ ਪਾਰਟੀ ਦਾ ਪ੍ਰਧਾਨ ਫਰਾਕੋ ਬਲਾਂਚੇ ਕਿਊਬੈਕ ਵਿਚ ਵੱਡੀ ਜਿੱਤ ਦਾ ਭਰੋਸਾ ਰੱਖਦਾ ਹੈ। ਹਰ ਵਾਰ ਦੀ ਤਰ੍ਹਾਂ ਇਕ ਫਰੈਂਚ ਅਤੇ ਦੋ ਇੰਗਲਿਸ਼ ਭਾਸ਼ਾ ਦੇ ਡਿਬੇਟ ਕੈਨੇਡੀਅਨ ਲੋਕਤੰਤਰ ਦੀ ਖੂਬਸੂਰਤੀ ਦਾ ਪ੍ਰਗਟਾਵਾ ਕਰਦੇ ਦਿਖੇ ਜਿਸ ਵਿਚ ਟੈਲੀਵਿਜ਼ਨ ਕੰਪੀਅਰਾਂ, ਵਿਸ਼ੇਸ਼ਗਾਂ ਅਤੇ ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਅਤੇ ਇਕ-ਦੂਸਰੇ ‘ਤੇ ਨੀਤੀਗਤ ਹਮਲੇ ਪੂਰੇ ਜ਼ਾਬਤੇ ਵਿਚ ਵੇਖਣ ਨੂੰ ਮਿਲੇ। ਵਿਰੋਧੀ ਧਿਰ ਦੇ ਆਗੂ ਪ੍ਰਧਾਨ ਮੰਤਰੀ ਟਰੂਡੋ ਨੂੰ ਮੱਧਕਾਲੀ ਚੋਣਾਂ, ਕੋਵਿਡ-19 ਮਹਾਮਾਰੀ ਅਤੇ ਅਫ਼ਗਾਨਿਸਤਾਨ ਤੋਂ ਅਮਰੀਕੀ ਤੇ ਸਹਿਯੋਗੀ ਫ਼ੌਜਾਂ ਦੀ ਵਾਪਸੀ ਦੇ ਸੰਕਟ ਵੇਲੇ ਕਰਾਉਣ ਸਬੰਧੀ ਘੇਰਦੇ ਵੇਖੇ ਗਏ।
ਹਰ ਰੋਜ਼ ਸਰਵੇਖਣਾਂ ਦੇ ਸਮੀਕਰਨ ਬਦਲ ਰਹੇ ਹਨ। ਕੰਸਰਵੇਟਿਵ ਸਥਿਤੀ ਸੁਧਾਰ ਰਹੇ ਹਨ ਭਾਵੇਂ ਲਿਬਰਲ ਅਜੇ ਵੀ ਅੱਗੇ ਚੱਲ ਰਹੇ ਹਨ। ਬਹੁਤੇ ਸਰਵੇਖਣ ਫਿਰ ਲਟਕਵੀਂ ਸੰਸਦ ਦਾ ਸੰਕੇਤ ਦੇ ਰਹੇ ਹਨ। ਪਰ ਰਾਸ਼ਟਰੀ ਵਿਕਾਸ, ਠੋਸ ਵਿਦੇਸ਼ ਨੀਤੀ ਅਤੇ ਉੱਚ ਮਿਆਰ ਲਈ ਬਹੁਮਤ ਵਾਲੀ ਸਰਕਾਰ ਜ਼ਰੂਰੀ ਹੁੰਦੀ ਹੈ। ਖ਼ੈਰ! ਨਤੀਜੇ ਭਾਵੇਂ ਕੁਝ ਵੀ ਹੋਣ, ਕੈਨੇਡਾ ਦੀ ਨਵੀਂ ਸਰਕਾਰ ਦੇ ਸਨਮੁੱਖ ਪ੍ਰਮੁੱਖ 6 ਚੁਣੌਤੀਆਂ ਹੋਣਗੀਆਂ ਜਿਵੇਂ ਕਿ ਆਰਥਿਕ-ਸਮਾਜਿਕ ਨਾ ਬਰਾਬਰੀ, ਬੁੱਢੀ ਹੋ ਰਹੀ ਆਬਾਦੀ, ਗਲੋਬਲ ਮੁਕਾਬਲੇਬਾਜ਼ੀ, ਜਲਵਾਯੂ ਤਬਦੀਲੀ, ਡਾਟਾ ਆਧਾਰਿਤ ਕੰਮਕਾਜ, ਜਨਤਕ ਖ਼ਰਚੇ।

 

Check Also

ਜਨਮ ਦਿਨ’ਤੇ ਵਿਸ਼ੇਸ਼

ਗ਼ਦਰੀ ਯੋਧਿਆਂ ਦੇ ਤਾਰਾ ਮੰਡਲ ਦੇ ਚੰਦ : ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਕੈਨੇਡਾ …