ਟੋਰਾਂਟੋ : ਓਨਟਾਰੀਓ ਫਰੈਂਡਜ਼ ਕਲੱਬ, ਟਰਾਂਟੋ ਵੱਲੋਂ ਨੈਤਿਕਤਾ ਅਤੇ ਪੰਜਾਬੀ ਭਾਸ਼ਾ ਦਾ ਭਵਿੱਖ ਵਿਸ਼ੇ ‘ਤੇ ਸੈਂਚਰੀ ਗਾਰਡਨ ਜੀਕਰੇਸ਼ਨ ਸੈਂਟਰ ਬਰੈਂਪਟਨ ਵਿਖੇ ਮਿਤੀ 31 ਜੁਲਾਈ 2016 ਨੂੰ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਹ ਸੈਮੀਨਾਰ ਕੈਨੇਡਾ ਦੇ ਇਤਿਹਾਸ ਵਿੱਚ ਇੱਕ ਅਮਿੱਟ ਪੈੜ ਛੱਡ ਗਿਆ ਭਾਵੇਂ ਓਨਟਾਰੀਓ ਫਰੈਂਡਜ਼ ਕਲੱਬ ਦੁਆਰਾ ਅੰਤਰਰਾਸ਼ਟਰੀ ਪੱਧਰ ਦਾ ਗਿਣਤੀ ਪੱਖੋਂ ਇਹ ਪੰਜਵਾਂ ਸਮਾਗਮ ਸੀ ਪਰ ਗੁਣਾਤਮਕ ਪੱਖੋਂ ਇਹ ਸਮਾਗਮ ਆਪਣੇ ਆਪ ਵਿਚ ਇੱਕ ਮੀਲ ਪੱਥਰ ਹੋ ਨਿਬੜਿਆ ਅਤੇ ਇਸ ਪਿੱਛੇ ਓਨਟਾਰੀਓ ਫਰੈਂਡਜ਼ ਕਲੱਬ ਦੇ ਨਾਲ ਸਥਾਨਕ ਸਹਿਯੋਗੀ ਸੰਸਥਾਵਾਂ ਜਿਨ੍ਹਾਂ ਵਿਚ ਪੰਜਾਬੀ ਪ੍ਰੋਫੈਸ਼ਨਲ ਐਸੋਸੀਏਸ਼ਨ, ਕਲਮ ਫਾਉਂਡੇਸ਼ਨ, ਟੈਗ ਟੀ ਵੀ, ਪੰਜਾਬੀ ਪੀਪਲ ਆਰਗੇਨਾਈਜੇਸ਼ਨ, ਪੰਜਾਬੀ ਫਾਰਮ ਕੈਨੇਡਾ, ਅਜੀਤ ਵੀਕਲੀ, ਸਿੱਖ ਸਪਰਿਉਚਲ ਸੈਂਟਰ, ਗ੍ਰੀਨੀਚ ਨੈਚੂਰਲ ਹੈਲਥ ਸੰਸਥਾਵਾਂ ਨੇ ਦਿਨ ਰਾਤ ਇਕ ਕਰਕੇ ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ।
ਸਮਾਗਮ ਦਾ ਉਦਘਾਟਨ ਰਿਬਨ ਕੱਟ ਕੇ ਸਾਬਕਾ ਐਮ.ਪੀ.ਪਰਮ ਗਿੱਲ ਦੁਆਰਾ ਕੀਤਾ ਗਿਆ ਅਤੇ ਸ਼ਮਾ ਰੋਸ਼ਨ ਕਰਨ ਦੀ ਰਸਮ ਡਾ: ਦੀਪਕ ਮਨਮੋਹਨ ਸਿੰਘ ਸਾਬਕਾ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ, ਡਾ: ਦਲਬੀਰ ਸਿੰਘ ਢਿੱਲੋਂ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਅਤੇ ਕੁਲਬਿੰਦਰ ਰਾਏ ਯੂ.ਕੇ. ਵੱਲੋਂ ਕੀਤੀ ਗਈ। ਇਸ ਸਮੇਂ ਉਹਨਾਂ ਦੇ ਨਾਲ ਹਾਜਰ ਪ੍ਰਮੱਖ ਸ਼ਖਸੀਅਤਾਂ ਵਿੱਚ ਮੰਚ ਉੱਤੇ ਦਲਬੀਰ ਸਿੰਘ ਕਥੂਰੀਆ, ਕੁਲਵੀਰ ਸਿੰਘ ਢਿੱਲੋਂ ਡੀਨ ਕਾਲਜਿਜ਼, ਗਿਆਨ ਸਿੰਘ ਕੰਗ, ਕੁਲਬਿੰਦਰ ਰਾਏ ਯੂ.ਕੇ., ਅਜਵਿੰਦਰ ਸਿੰਘ ਚੱਠਾ, ਉਜਮਾ ਮਹਿਮੂਦ ਸੁਸ਼ੋਭਿਤ ਸਨ। ਸਭ ਤੋਂ ਪਹਿਲਾਂ ਓ ਕੈਨੇਡਾ ਐਨਥਮ ਨਾਲ ਸਮਾਗਮ ਦੀ ਸ਼ੁਰੁਆਤ ਹੋਈ ਅਤੇ ਫਿਰ ਦੇਹ ਸ਼ਿਵਾ ਵਰ ਮੋਹਿ ਏਹ ਦੇ ਪਵਿੱਤਰ ਸ਼ਬਦ ਨਾਲ ਸਮਾਗਮ ਦੀ ਰਸਮੀ ਸ਼ੁਰੁਆਤ ਹੋਈ। ਦਲਬੀਰ ਸਿੰਘ ਕਥੂਰੀਆ ਵੱਲੋਂ ਜੀ ਆਇਆਂ ਸ਼ਬਦ ਕਹੇ ਗਏ ਅਤੇ ਪਰਮ ਗਿੱਲ ਸਾਬਕਾ ਐਮ.ਪੀ. ਨੇ ਪੰਜਾਬੀ ਬੋਲੀ ਪ੍ਰਤੀ ਆਪਣੇ ਮੋਹ ਦਾ ਇਜਹਾਰ ਕੀਤਾ ਅਤੇ ਪੰਜਾਬੀ ਦੇ ਵਿਕਾਸ ਦੀ ਗੱਲ ਕੀਤੀ। ਗਿਆਨ ਸਿੰਘ ਕੰਗ ਨੇ ਧੰਨਵਾਦੀ ਸ਼ਬਦ ਕਹੇ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਸੈਮੀਨਾਰ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਪੰਜਾਬੀ ਜਗਤ ਦੀ ਮਾਣਮੱਤੀ ਸ਼ਖਸ਼ੀਅਤ ਡਾ: ਦੀਪਕ ਮਨਮੋਹਨ ਸਿੰਘ ਅਤੇ ਦਲਬੀਰ ਸਿੰਘ ਢਿੱਲੋਂ ਨੂੰ ਸਨਮਾਨਤ ਕੀਤਾ ਗਿਆ। ਡਾ: ਦੀਪਕ ਮਨਮੋਹਨ ਦਾ ਸਨਮਾਨ ਪੱਤਰ ਡਾ: ਬਿਜਨਸ ਰਮਨੀ ਬੱਤਰਾ ਦੁਆਰਾ ਅਤੇ ਡਾ: ਢਿੱਲੋਂ ਦਾ ਸਨਮਾਨ ਪੱਤਰ ਸੰਤੋਖ ਸਿੰਘ ਸੰਧੂ ਵਲੋਂ ਪੇਸ਼ ਕੀਤੇ ਗਏ ਉਸ ਤੋਂ ਪਿੱਛੋਂ ਸਮਾਗਮ ਵਿਚ ਸ਼ਾਮਲ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ।
ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਨੈਤਿਕਤਾ ਵਿਸ਼ੇ ਨਾਲ ਅਰੰਭ ਹੋਈ ਜਿਸਦੀ ਪ੍ਰਧਾਨਗੀ ਡਾ: ਦੀਪਕ ਮਨਮੋਹਨ ਸਿੰਘ ਸੀਨੀਅਰ ਫੈਲੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਕੀਤੀ ਗਈ। ਅਜੈਬ ਸਿੰਘ ਚੱਠਾ ਨੇ ਸ਼ੁਰੂਆਤ ਕਰਦਿਆਂ ਕਿਹਾ ਕਿ ਨੈਤਿਕਤਾ ਦੀ ਲੋੜ ਅੱਜ ਆਲਮੀ ਪੱਧਰ ਤੇ ਹੈ। ਪਰ ਸਾਡਾ ਸਭਿਅਚਾਰ ਸੰਯੁਕਤ ਪਰਿਵਾਰਾਂ ਦਾ ਸਭਿਅਚਾਰ ਹੋਣ ਕਾਰਨ ਸਾਨੂੰ ਪਹਿਲਾਂ ਇਸ ਦੀ ਲੋੜ ਮਹਿਸੂਸ ਨਹੀਂ ਹੋਈ ਪਰ ਅੱਜ ਪੰਜਾਬੀ ਸਮਾਜ ਸੰਯੁਕਤ ਪਰਿਵਾਰਾਂ ਦੀ ਅਣਹੋਂਦ ਕਾਰਣ ਇਸ ਵਿਸ਼ੇ ਤੋਂ ਦੂਰ ਜਾ ਰਿਹਾ ਹੈ। ਸਦਾਚਾਰਕ ਨਿਯਮ ਉਹ ਨਹੀਂ ਹਨ ਜਿਹੜੇ ਅਸੀਂ ਕਿਸੇ ਲਾਲਚ ਹਿੱਤ ਅਤੇ ਨਾ ਕਿਸੇ ਜੁਰਮਾਨੇ ਤੋਂ ਡਰ ਕੇ ਕਰਦੇ ਹਾਂ ਸਦਾਚਾਰਕ ਨਿਯਮ ਉਹ ਹਨ ਜਿਹੜੇ ਕਾਨੂੰਨ ਨਹੀਂ ਬਣੇ ਜਿਵੇਂ ਕਿ ਮਾਂ ਬਾਪ ਦਾ ਸਤਿਕਾਰ, ਦੂਜਿਆ ਨਾਲ ਪਿਆਰ, ਮਿੱਠਾ ਬੋਲਣਾ, ਇਮਾਨਦਾਰੀ, ਕਹਿਣੀ ਤੇ ਕਰਨੀ ਇਕ ਹੋਣਾ, ਆਤਮਾ ਦੀ ਅਵਾਜ ਸੁਣ ਕੇ ਸਹੀ ਕੰਮ ਕਰਨ ਨੂੰ ਅਸੀਂ ਨੈਕਿਤਕਾ ਸਮਝਦੇ ਹਾਂ। ਇਸ ਸੈਸ਼ਨ ਵਿਚ ਅਜੈਬ ਸਿੰਘ ਸੰਘਾ ਕੈਨੇਡਾ, ਡਾ: ਹਰਮਿੰਦਰ ਸਿੰਘ ਸੰਧੂ ਯੂ.ਐਸ.ਏ., ਬਲਦੇਵ ਸਿੰਘ ਮੁੱਤਾ, ਡਾ: ਰਮਨੀ ਬਤਰਾ ਆਦਿ ਵਿਦਵਾਨਾਂ ਨੇ ਆਪਣੇ ਖੋਜ ਪੱਤਰਾਂ ਰਾਹੀਂ ਨੈਤਿਕਤਾ ਅਤੇ ਇਸ ਜਰੂਰਤ ਤੇ ਬਹੁਤ ਵਿਸਥਾਰ ਵਿਚ ਜਾਣਕਾਰੀ ਭਰਪੂਰ ਵਿਚਾਰ ਪੇਸ਼ ਕੀਤੇ। ਡਾ: ਦੀਪਕ ਮਨਮੋਹਨ ਸਿੰਘ ਵੱਲੋਂ ਆਪਣੀ ਸੰਖੇਪ ਤੇ ਬਹੁਤ ਹੀ ਭਾਵਪੂਰਤ ਟਿੱਪਣੀ ਰਾਹੀਂ ਵਿਸ਼ੇ ਦੀ ਸੂਖਮਤਾ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਬਾਲ ਪੁਸਤਕਾਂ ਅਤੇ ਨੈਤਿਕਤਾ ਸੰਬਧੀ ਪੁਸਤਕਾਂ ਸਕੂਲਾਂ ਵਿੱਚ ਲਗਾਉਣ ਲਈ ਸਮੇਂ ਸਮੇਂ ਤੇ ਛਪਵਾ ਕੇ ਬੱਚਿਆਂ ਵਿਚ ਨੈਤਿਕਤਾ ਪੈਦਾ ਕਰ ਸਕੀਏ ਅਤੇ ਇਸ ਨੂੰ ਇਕ ਵਿਸ਼ੇ ਵਜੋਂ ਲਾਗੂ ਕਰਵਾਇਆ ਜਾ ਸਕੇ ਅਤੇ ਉਹਨਾਂ ਨੇ ਬਹੁਤ ਖੂਬਸੂਰਤ ਢੰਗ ਨਾਲ ਸਰੋਤਿਆਂ ਦੇ ਸਵਾਲਾਂ ਦੇ ਜੁਆਬ ਦਿੱਤੇ ਅਤੇ ਹਾਜਰ ਸਰੋਤਿਆਂ ਵੱਲੋਂ ਵੀ ਵਿਸ਼ੇ ਦੀ ਮਹੱਤਤਾ ਅਤੇ ਸਮੇਂ ਦੀ ਲੋੜ ਸਮਝਣ ਦੀ ਵਕਾਲਤ ਕੀਤੀ ਗਈ ਅਤੇ ਓਨਟਾਰੀਓ ਫਰਡੈਂਜ਼ ਕਲੱਬ ਦੇ ਇਸ ਯਤਨ ਦੀ ਬੇਹੱਦ ਸ਼ਲਾਘਾ ਕੀਤੀ ਗਈ ਅਤੇ ਹਰ ਤਰ੍ਹਾਂ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ ਗਈ। ਇਸ ਉਪਰੰਤ ਖਾਣੇ ਲਈ ਸੱਦਾ ਦਿੱਤਾ ਗਿਆ। ਦੂਸਰੇ ਸ਼ੈਸ਼ਨ ਦੀ ਵਿਸ਼ਾ ਪੰਜਾਬੀ ਭਾਸ਼ਾ ਦਾ ਭਵਿੱਖ ਦੁਪਹਿਰ ਤੋਂ ਬਾਅਦ ਸ਼ੁਰੂ ਹੋਇਆ ਜਿਸਦੀ ਪ੍ਰਧਾਨਗੀ ਡਾ: ਦਲਬੀਰ ਸਿੰਘ ਢਿੱਲੋਂ ਡਾਇਰੈਕਟਰ ਵਰਲਡ ਵਲੋਂ ਕੀਤੀ ਗਈ ਪ੍ਰੋਗਰਾਮ ਡਾ: ਜਤਿੰਦਰ ਰੰਧਾਵਾ ਵੱਲੋਂ ਮੰਚ ਸੰਚਾਲਕ ਦੀ ਕਾਰਵਾਈ ਚਲਾਈ ਗਈ।
ਪੰਜਾਬੀ ਸੈਂਟਰ ਦਾ ਸੰਚਾਲਨ ਤਾਹਰ ਅਸਲਮ ਗੋਰਾ ਐਡੀਟਰ ਟੈਗ ਟੀ.ਵੀ. ਅਤੇ ਐਗਜੈਕਟਿਵ ਡਾਇਰੈਕਟਰ ਪੰਜਾਬੀ ਫਾਰਮ ਕੈਨੇਡਾ ਵੱਲੋਂ ਕੀਤੀ ਗਈ ਇਸ ਸੈਸ਼ਨ ਵਿੱਚ ਕੁਲਵਿੰਦਰ ਖਹਿਰਾ, ਅਮਰ ਸਿੰਘ ਭੁੱਲਰ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਅਮਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਚੁਣੌਤੀਆਂ ਭਰਪੂਰ ਅਤੇ ਧੁੰਦਲਾ ਦਿਖਾਈ ਦੇ ਰਿਹਾ ਹੈ। ਡਾ: ਸੁਖਦੀਪ ਕੌਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਉੱਜਵਲ ਹੈ ਡਾ: ਦਲਬੀਰ ਸਿੰਘ ਢਿੱਲੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ ਹੈ ਪਰ ਇਹ ਸ਼ਾਹੀ ਫਰਮਾਨਾ ਨਾਲ ਨਹੀਂ ਸਗੋਂ ਸਾਡੇ ਸਾਂਝੇ ਯਤਨਾਂ ਨਾਲ ਬਚ ਸਕਦੀ ਹੈ ਅਤੇ ਉਹਨਾਂ ਨੇ ਕਿਹਾ ਕਿ ਅਜਿਹੇ ਸਮਾਗਮਾਂ ਰਾਹੀ ਅਸੀਂ ਭਾਸ਼ਾ ਨੂੰ ਮਜਬੂਤ ਅਤੇ ਵਿਕਾਸ ਵੱਲ ਲਿਜਾ ਸਕਦੇ ਹਾਂ ਤਾਹਰ ਅਸਲਮ ਗੋਰਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਚਨੋਤਿਆਂ ਭਰਪੂਰ ਦੌਰ ਵਿੱਚੋਂ ਲੰਘ ਰਹੀ ਹੈ ਇਸ ਦਾ ਚਿੰਤਨ ਕਰਨਾ ਅਤੀ ਜਰੂਰੀ ਹੈ ਅਤੇ ਸਰੋਤਿਆਂ ਵੱਲੋਂ ਵਧੀਆ ਤਰੀਕੇ ਨਾਲ ਸੈਸ਼ਨ ਦਾ ਅਨੰਦ ਮਾਣਿਆ ਗਿਆ ਅਖੀਰ ਵਿਚ ਇਹਨਾਂ ਸੈਸ਼ਨਾਂ ਤੇ ਬਹਿਸ ਲਈ ਇਕ ਪੈਨਲ ਤਿਆਰ ਕੀਤਾ ਗਿਆ ਜਿਸ ਵਿਚ ਅਜੈਬ ਸਿੰਘ ਚੱਠਾ, ਮਨਜੀਤ ਸਿੰਘ ਮਾਂਗਟ, ਸਰਦੂਲ ਸਿੰਘ ਥਿਆੜਾ, ਪਿਆਰਾ ਸਿੰਘ ਕੁਦੋਵਾਲ, ਕੁਲਵਿੰਦਰ ਰਾਏ ਸ਼ਾਮਲ ਹੋਏ ਇਸ ਸੈਸ਼ਨ ਦੀ ਪ੍ਰਧਾਨਗੀ ਡਾ: ਕੁਲਵੀਰ ਸਿੰਘ ਢਿੱਲੋਂ ਡੀਨ ਕਾਲਜਿਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ ਅਤੇ ਪ੍ਰਾਪਤ ਸਿੱਟਿਆਂ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ ਗਿਆ ਡਾ: ਢਿੱਲੋਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਸੈਮੀਨਾਰ ਸਮਾਜ ਵਿਚ ਵਿਚਰ ਰਹੇ ਮਾਨਵ ਨੂੰ ਯੋਗ ਦਿਸ਼ਾ ਅਤੇ ਦਸ਼ਾ ਦੇ ਸਕਦੇ ਹਨ।
ਅਖੀਰ ਵਿਚ ਸਥਾਨਕ ਕਲਾਕਾਰਾਂ ਅਤੇ ਯੂ.ਕੇ. ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਕੁਲਬਿੰਦਰ ਰਾਏ ਵੱਲੋਂ ਸਭਿਆਚਾਰਕ ਪ੍ਰੋਗਰਾਮ ਰਾਹੀਂ ਸਰੋਤਿਆਂ ਦਾ ਮੰਨੋਰੰਜਨ ਕੀਤਾ ਗਿਆ।ਸਥਾਨਕ ਕਲਾਕਾਰਾਂ ਵਿਚ ਵਿਸ਼ੇਸ਼ ਤੌਰ ਤੇ ਸਿਮਰਨ, ਹਰਨੂਰ ਰੰਧਾਵਾ, ਸ਼੍ਰੀਮਤੀ ਭਾਟੀਆ, ਹਲੀਮਾ ਸਾਦੀਆ, ਤੇਜਿੰਦਰ ਪਾਲ ਚੀਮਾ, ਪ੍ਰਭਜੋਤ ਸਿੰਘ ਰਾਠੌਰ ਦੇ ਨਾਂ ਵਰਣਨਯੋਗ ਹਨ।ਸਥਾਨਕ ਕਲਾਕਾਰਾਂ ਵਲੋਂ ਸਮਾਪਤੀ ਉੱਤੇ ਗਿੱਧਾ ਪਾ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਗਏ ਇਹਨਾਂ ਵਿਚ ਸ਼ਾਮਲ ਬਲਵਿੰਦਰ ਕੌਰ ਚੱਠਾ, ਪਰਮਜੀਤ ਦਿਓਲ, ਗਗਨਦੀਪ ਸੰਧੂ, ਸਮੀਤ, ਮਨਦੀਪ ਮੰਣਕੂ, ਗਗਨਦੀਪ, ਰਾਣੀ, ਜਿੰਦਰ, ਜਸਵਿੰਦਰ ਵੱਲੋਂ ਇਸ ਵਿਚ ਭਾਗ ਲਿਆ ਗਿਆ। ਸਮਾਪਤੀ ਉਪਰੰਤ ਸਮਾਗਮ ਦੀਆਂ ਮਿੱਠੀਆਂ ਯਾਦਾਂ ਲੈ ਕੇ ਸਰੋਤੇ ਵਿਦਾ ਹੋਏ ਅਤੇ ਰਾਤ ਨੂੰ ਵਿਲਜ ਆਫ ਇੰਡੀਆ ਦੇ ਮਾਲਕ ਦਲਬੀਰ ਸਿੰਘ ਕਥੂਰੀਆ ਵੱਲੋਂ ਰਾਤ ਦੇ ਖਾਣੇ ਨਾਲ ਇਹ ਸਮਾਗਮ ਅੰਤਮਾਂ ਚਰਨਾਂ ਨੂੰ ਛੂੰਹਦਾ ਅਭੁੱਲ ਅਤੇ ਸਦੀਵੀ ਯਾਦਾਂ ਛੱਡ ਗਿਆ।
Check Also
ਚਿੱਤਰ ਕਲਾ ਖੇਤਰ ਦੀ ਸੰਸਾਰ ਪ੍ਰਸਿੱਧ ਸ਼ਖਸੀਅਤ ਸ. ਜਰਨੈਲ ਸਿੰਘ ਆਰਟਿਸਟ ਦਾ ਦੇਹਾਂਤ
ਪੰਜਾਬੀ ਕਲਾ ਅਤੇ ਸਾਹਿਤ ਖੇਤਰ ਦੇ ਪ੍ਰੇਮੀਆਂ ਲਈ ਇਹ ਦੁਖਦਾਈ ਖਬਰ ਹੈ ਕਿ ਸਰਦਾਰ ਜਰਨੈਲ …