ਦਿੱਲੀ ਵਾਂਗ ਪੰਜਾਬ ਵਿੱਚ ਵੀ ਹੂੰਝਾ ਫੇਰ ਜਿੱਤ ਹਾਸਲ ਕਰਾਂਗੇ : ਸੰਜੇ ਸਿੰਘ
117ਸੀਟਾਂ ਜਿੱਤਣ ਦਾ ਕੀਤਾ ਦਾਅਵਾ
ਕਿਹਾ : ਬਾਗੀਆਂ ਦੇ ਵਿਦਰੋਹ ਦਾ ਖ਼ਤਰਾ ਪੈਦਾ ਹੋ ਸਕਦਾ ਹੈ, ਛੋਟੇਪੁਰ ਵੀ ਪਾਰਟੀ ਨਾਲ ਹੀ ਹਨ
ਮਿੱਸੀਸਾਗਾ/ਪਰਵਾਸੀ ਬਿਊਰੋ : ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਮੰਨਿਆ ਹੈ ਕਿ ਬਾਕੀ ਪਾਰਟੀਆਂ ਵਾਂਗ ਉਨ੍ਹਾਂ ਦੀ ਪਾਰਟੀ ਨੂੰ ਵੀ ਬਾਗੀ ਉਮੀਦਵਾਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੰਜਾਬ ਵਿੱਚ 19 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਨ ਤੋਂ ਤੁਰੰਤ ਬਾਅਦ ਟੋਰਾਂਟੋ ਤੋਂ ਪ੍ਰਸਾਰਤ ਹੁੰਦੇ ‘ਰੇਡੀਓ ਪਰਵਾਸੀ’ ਨਾਲ ਇਕ ਖਾਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ ਦਿੱਲੀ ਵਾਂਗ ਹੂੰਝਾ ਫੇਰ ਜਿੱਤ ਹਾਸਲ ਕਰੇਗੀ ਅਤੇ ਸਾਰੀਆਂ 117 ਸੀਟਾਂ ਵੀ ਹਾਸਲ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕ ਮੌਜੂਦਾ ਬਾਦਲ ਸਰਕਾਰ ਤੋਂ ਇਸ ਕਦਰ ਤੰਗ ਹਨ ਕਿ ਉਹ ਬਾਦਲਾਂ ਨੂੰ ਸਬਕ ਸਿਖਾਉਣ ਲਈ ਸਿਰਫ਼ ਚੋਣਾਂ ਦੀ ਉਡੀਕ ਹੀ ਕਰ ਰਹੇ ਹਨ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਸੂਚੀ ਰਿਲੀਜ਼ ਕਰਨ ਮੌਕੇ ਹਾਜ਼ਰ ਨਾ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਫੈਸਲੇ ਦੇ ਨਾਲ ਹੀ ਹਨ ਅਤੇ ਕੁਝ ਨਿੱਜੀ ਕਾਰਨਾਂ ਕਰਕੇ ਪ੍ਰੈੱਸ ਕਾਰਨਫਰੰਸ ਵਿੱਚ ਮੌਜੂਦ ਨਹੀਂ ਸਨ। ਵਰਨਣਯੋਗ ਹੈ ਕਿ ਪੰਜਾਬ ਵਿੱਚ ਇਸ ਖ਼ਬਰ ਦੀ ਕਾਫੀ ਚਰਚਾ ਹੈ ਕਿ ਟਿਕਟ ਨਾ ਮਿਲਣ ਕਾਰਨ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ ‘ਚੋਂ ਅਸਤੀਫਾ ਦੇ ਸਕਦੇ ਹਨ। ਸੰਜੇ ਸਿੰਘ ਹੋਰਾਂ ਐਲਾਨ ਕੀਤਾ ਕਿ ਭਗਵੰਤ ਮਾਨ ਪਾਰਟੀ ਦੀ ਚੋਣ ਕੰਪੇਨ ਕਮੇਟੀ ਦੇ ਇੰਚਾਰਜ ਹੋਣਗੇ ਅਤੇ ਪਾਰਟੀ ਦਿੱਲੀ ਦੀਆਂ ਚੋਣਾਂ ਵਾਂਗ ਇਕ ਵਿਸ਼ੇਸ਼ ਰਣਨੀਤੀ ਤਹਿਤ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰੇਗੀ।
ਉਨ੍ਹਾਂ ਮੰਨਿਆ ਕਿ ਆਮ ਆਦਮੀ ਪਾਰਟੀ ਦੀ ਚੜ੍ਹਤ ਨੂੰ ਦੇਖਦਿਆਂ ਇਸ ਸਮੇਂ ਟਿਕਟਾਂ ਦੇ ਸੈਂਕੜੇ ਹੀ ਲੋਕ ਚਾਹਵਾਨ ਹਨ ਅਤੇ ਉਹ ਸਿਰਫ਼ 117 ਲੋਕਾਂ ਨੂੰ ਹੀ ਟਿਕਟ ਦੇ ਸਕਦੇ ਹਨ। ਇਸ ਲਈ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਲੋਕ ਬਗਾਵਤ ਕਰਕੇ ਪਾਰਟੀ ਦਾ ਵਿਰੋਧ ਕਰ ਸਕਦੇ ਹਨ। ਪਰੰਤੂ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅਜਿਹੇ ਲੋਕ ਜੇਕਰ ਚੋਣਾਂ ਵਿੱਚ ਖੜ੍ਹੇ ਹੋਣਗੇ ਤਾਂ ਲੋਕ ਉਨ੍ਹਾਂ ਨੂੰ ਨਕਾਰ ਦੇਣਗੇ।
ਉਨ੍ਹਾਂ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਟਿਕਟ ਦੇਣ ਲੱਗਿਆਂ ਉਸ ਵਿਅਕਤੀ ਦੇ ਪਿਛੋਕੜ ਨੂੰ ਚੰਗੀ ਤਰ੍ਹਾਂ ਘੋਖਿਆ ਜਾਵੇਗਾ ਤਾਂ ਕਿ ਭਵਿੱਖ ਵਿੱਚ ਅਜਿਹੇ ਵਿਅਕਤੀ ਪਾਰਟੀ ਲਈ ਨਮੋਸ਼ੀ ਦਾ ਕਾਰਨ ਨਾ ਬਣ ਸਕਣ।ਉਨ੍ਹਾਂ ਦੱਸਿਆ ਕਿ ਜਲਦੀ ਹੀ ਪਾਰਟੀ ਆਪਣੀ ਅਗਲੀ ਸੂਚੀ ਦਾ ਵੀ ਐਲਾਨ ਕਰ ਦੇਵੇਗੀ। ਉਨ੍ਹਾਂ ਵਿਦੇਸ਼ਾਂ ਵਿੱਚ ਬੈਠੈ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਪੰਜਾਬ ਆ ਕੇ ਜਾਂ ਬਾਹਰਲੇ ਮੁਲਕਾਂ ਵਿੱਚ ਬੈਠ ਕੇ ਵੀ ਆਮ ਆਦਮੀ ਪਾਰਟੀ ਦਾ ਸਾਥ ਦੇਣ।