Breaking News
Home / ਨਜ਼ਰੀਆ / ਵਾਤਾਵਰਨ ਦੀ ਸਾਂਭ ਸੰਭਾਲ ਸਾਡਾ ਨੈਤਿਕ ਫਰਜ਼

ਵਾਤਾਵਰਨ ਦੀ ਸਾਂਭ ਸੰਭਾਲ ਸਾਡਾ ਨੈਤਿਕ ਫਰਜ਼

ਵਰਸ਼ਾ ਵਰਮਾ (ਪਟਿਆਲਾ)
ਵਿਸ਼ਵ ਵਾਤਾਵਰਨ ਦਿਵਸ 5 ਜੂਨ ਨੂੰ ਇਸ ਮਕਸਦ ਨਾਲ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਅਤੇ ਇਸ ਧਰਤੀ ਨੂੰ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ। ਇਸ ਦਿਨ ਦੀ ਸ਼ੁਰੂਆਤ 1972 ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਅਯੋਜਿਤ ਕੀਤੇ ‘ਵਿਸ਼ਵ ਵਾਤਾਵਰਨ ਸੰਮੇਲਨ’ ਵਿੱਚ ਹੋਈ। ਦਰਅਸਲ ਲਗਾਤਾਰ ਵੱਧ ਰਹੀ ਆਬਾਦੀ ਕਾਰਨ ਪ੍ਰਦੂਸ਼ਣ ਵੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ, ਜਿਸਨੇ ਧਰਤੀ ‘ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ ਹਨ। ਅੱਜ ਕੱਲ੍ਹ, ਵਾਤਾਵਰਨ ਦਾ ਮਾਮਲਾ ਇੱਕ ਗੰਭੀਰ ਮੁੱਦਾ ਹੈ, ਜਿਸਦੇ ਪ੍ਰਤੀ ਸਾਰੇ ਜਾਣੂ ਹੋਣੇ ਚਾਹੀਦੇ ਹਨ ਅਤੇ ਇਸ ਸਮੱਸਿਆ ਦਾ ਸਾਹਮਣਾ ਕਰਨ ਲਈ ਸਕਾਰਾਤਮਕ ਯਤਨ ਕਰਨੇ ਚਾਹੀਦੇ ਹਨ। ਅੱਜ ਸਾਹ ਲੈਣ ਲਈ ਸਾਡੀ ਹਵਾ, ਪੀਣ ਨੂੰ ਪਾਣੀ, ਉਪਜਾਊ ਫਸਲਾਂ ਲਈ ਮਿੱਟੀ ਆਦਿ ਸੱਭ ਕੁੱਝ ਪ੍ਰਦੂਸ਼ਿਤ ਹੋ ਚੁੱਕਿਆ ਹੈ। ਇਸੇ ਕਰਕੇ ਸਮੁੱਚੇ ਸੰਸਾਰ ਵਿੱਚ ਵਾਤਾਵਰਨ ਸਬੰਧੀ ਇਸ ਅਵੇਸਲੇਪਣ ਨੂੰ ਦੂਰ ਕਰਨ ਲਈ ਅਤੇ ਆਪਣੀ ਜਿੰਮੇਵਾਰੀ ਨੂੰ ਸਮਝਣ ਅਤੇ ਦੂਜਿਆਂ ਨੂੰ ਸਮਝਾਉਣ ਲਈ ਖਾਸ ਯਤਨ ਵੱਜੋਂ ਹਰ ਸਾਲ 5 ਜੂਨ, ਵਿਸ਼ਵ ਵਾਤਾਵਰਨ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਤਾਂ ਕਿ ਅਸੀਂ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਹਿਰਦ ਹੋ ਸਕੀਏ ਅਤੇ ਸਾਨੂੰ ਯਾਦ ਰਹੇ ਕਿ ਜੋ ਅਸੀਂ ਕਰ ਰਹੇ ਹਾਂ ਉਹ ਕਿੰਨਾ ਕੁ ਸਹੀ ਹੈ।ਵਾਤਾਵਰਨ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਸਬੰਧੀ, ਅਖ਼ਬਾਰਾਂ/ਟੀ.ਵੀ. ਚੈਨਲਾਂ ਰਾਹੀਂ ਅਤੇ ਹਰ ਪੱਧਰ ‘ਤੇ ਵਾਤਾਵਰਨ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਮੇਂ ਸੰਸਾਰ ਵਿੱਚ ਪੀਣ ਵਾਲੇ ਪਾਣੀ ਦੀ ਆ ਰਹੀ ਕਿੱਲਤ, ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰਾਂ ਦਾ ਸੁੱਕਣਾ, ਰੁੱਖਾਂ/ਜੰਗਲਾਂ ਦੀ ਕਟਾਈ, ਗਰਮੀ ਦਾ ਵਧਣਾ, ਪ੍ਰਦੂਸ਼ਣ ਦਾ ਵਧਣਾ ਆਦਿ ਸਾਰੇ ਜੀਵ ਜੰਤੂਆਂ ਅਤੇ ਮਨੁੱਖੀ ਜੀਵਨ ਲਈ ਹਾਨੀਕਾਰਕ ਹਨ। ਸਾਡੀ ਸੁਰੱਖਿਆ ਪਰਤ ਓਜ਼ੋਨ ਵਿੱਚ ਛੇਕ ਹੋ ਚੁੱਕਿਆ ਹੈ ਜਿਸ ਨਾਲ ਪਰਾਂਵੈਂਗਨੀ ਕਿਰਨਾਂ ਧਰਤੀ ‘ਤੇ ਕੈਂਸਰ ਵਰਗੇ ਰੋਗ ਫੈਲਾ ਰਹੀਆਂ ਹਨ। ਗਰੀਨ ਹਾਊਸ ਪ੍ਰਭਾਵ ਵਿੱਚ ਵਾਧਾ ਹੋ ਰਿਹਾ ਹੈ। ਫਰਿੱਜ ਅਤੇ ਏਅਰ ਕੰਡੀਸ਼ਨਰ ਦੀ ਵਰਤੋਂ ਅਤੇ ਤੇਜ਼ੀ ਨਾਲ ਵੱਧ ਰਹੇ ਉਦਯੋਗੀਕਰਨ ਨਾਲ ਕਾਰਬਨ ਡਾਈਆਕਸਾਈਡ ਵਿੱਚ ਵਾਧਾ ਹੋ ਰਿਹਾ ਹੈ। ਮੌਸਮ ਵਿੱਚ ਆਏ ਵੱਡੇ ਬਦਲਾਵ ਕਾਰਣ ਮੀਂਹ ਦੀ ਕਮੀ ਹੋ ਰਹੀ ਹੈ। ਮੌਸਮ-ਵਿਗਿਆਨੀਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ‘ਇਨਸਾਨ ਹੌਲੀ-ਹੌਲੀ ਮੌਸਮ ਨੂੰ ਵਿਗਾੜ ਰਿਹਾ ਹੈ, ਜਿਸ ਨੂੰ ਰੋਕਣਾ ਸਾਡੇ ਵੱਸ ਦੀ ਗੱਲ ਨਹੀਂ।’ઠ
ਪੰਜਾਬ ਜਿਸ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਇਸੇ ਹੀ ਪਵਿੱਤਰ ਧਰਤੀ ‘ਤੇ ਰਚੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਲੋਕ ਵਿੱਚ ਵੀ ਮਨੁੱਖ ਨੂੰ ਕੁਦਰਤ ਨਾਲ ਜੋੜਿਆ ਗਿਆ ਹੈ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਇਸ ਸਲੋਕ ਵਿੱਚ ਗੁਰੂ ਸਾਹਿਬਾਨ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ। ਦੇਸ਼ ਦੀਆਂ ਲਗਭਗ ਸਾਰੀਆਂ ਨਦੀਆਂ ਤੇ ਦਰਿਆਵਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਫੈਕਟਰੀਆਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਸੁੱਟਿਆ ਜਾ ਰਿਹਾ। ਦੇਸ਼ ਵਿੱਚ ਜੋ ਕੈਮੀਕਲਾਂ ਤੇ ਕੀਟਨਾਸ਼ਕ ਦਵਾਈਆਂ ਦੀ ਧੜਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ, ਉਹਨਾਂ ਨੇ ਸਾਡੇ ਖਾਣ ਵਾਲੇ ਪਦਾਰਥਾਂ ਨੂੰ ਵੀ ਜ਼ਹਿਰੀਲਾ ਬਣਾ ਦਿਤਾ ਹੈ। ਇਹਨਾਂ ਜ਼ਹਿਰਾਂ ਕਾਰਨ ਧਰਤੀ ਹੇਠਲਾ ਪਾਣੀ ਵੀ ਗੰਧਲਾ ਹੋ ਚੁਕਿਆ ਹੈ। ਸ਼ੁੱਧ ਪਾਣੀ ਤੇ ਖੁਰਾਕ ਨਾ ਹੋਣ ਕਾਰਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ‘ਤੇ ਪ੍ਰਸ਼ਨ ਚਿੰਨ੍ਹ ਲਗ ਗਿਆ ਹੈ।
ਗਲੋਬਲ ਵਾਰਮਿੰਗ ਵਿੱਚ ਵਾਧਾ ਹੋਣ ਕਾਰਨ ਧਰੂਵਾਂ ਦੀ ਬਰਫ਼ ਪਿਘਲ ਰਹੀ ਹੈ। ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਸਮੁੰਦਰੀ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ ਅਤੇ ਤੱਟਵਰਤੀ ਇਲਾਕੇ ਇਸ ਵਿੱਚ ਡੁੱਬ ਜਾਣਗੇ। ਇਹ ਜ਼ਰੂਰੀ ਹੈ ਕਿ ਹਰ ਮਨੁੱਖ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਹਿਰਦ ਹੋਵੇ। ਯਾਦ ਰੱਖੋ ਪਾਣੀ ਬਚਾਇਆ ਤਾਂ ਜਾ ਸਕਦਾ ਹੈ, ਪਰ ਬਣਾਇਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਰੁੱਖਾਂ ਪ੍ਰਤੀ ਵੀ ਆਪਣਾ ਨਜ਼ਰੀਆ ਬਦਲਣਾ ਪਵੇਗਾ। ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣ ਅਤੇ ਆਪਣਾ ਆਲਾ-ਦੁਆਲਾ ਹਰਿਆ ਭਰਿਆ ਰੱਖਣ ਵੱਲ ਵੀ ਧਿਆਨ ਦੇਣ ਦੀ ਲੋੜ ਹੈ।
ਅਖੀਰ ਵਿਚ ਮੈਂ ਇਹੀ ਕਹਾਂਗੀ ਕਿ ਸਾਨੂੰ ਵਾਤਾਵਰਨ ਦੀ ਸਾਂਭ-ਸੰਭਾਲ ਲਈ ਆਪ ਹੱਥ ਵਟਾਉਣਾ ਚਾਹੀਦਾ ਹੈ। ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਲੋਕਾਂ ਨੂੰ ਵੀ ਪਲਾਸਟਿਕ ਦੇ ਸਾਮਾਨ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਇਸਦੀ ਥਾਂ ਹੋਰ ਵਾਤਾਵਰਨ ਪੱਖੀ ਬਦਲਾਵਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਇਸ ਧਰਤੀ ਦੇ ਸਰੋਤਾਂ ਦੀ ਜਿੰਨੀ ਅੰਨ੍ਹੇਵਾਹ ਵਰਤੋਂ ਅਸੀਂ ਕਰ ਰਹੇ ਹਾਂ, ਓਨੀ ਹੀ ਸਾਨੂੰ ਆਪਣੀ ਧਰਤੀ ਨੂੰ ਵਾਪਸ ਮੋੜ ਕੇ ਇੱਕ ਸੰਤੁਲਨ ਬਣਾਉਣ ਦੀ ਲੋੜ ਹੈ। ਆਓ ਅਸੀਂ ਸਭ ਮਿਲ ਕੇ ਵਾਤਾਵਰਣ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਈਏ। ਅੰਤ ਵਿੱਚ ਮੈਨੂੰ ਸੁਰਜੀਤ ਪਾਤਰ ਦੀਆਂ ਕੁੱਝ ਸਤਰਾਂ ਯਾਦ ਆਉਂਦੀਆਂ ਹਨ –
ਜੇ ਆਈ ਪੱਤਝੜ ਤਾਂ ਫੇਰ ਕੀ ਹੈ,
ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ…
ਮੈਂ ਲੱਭ ਕੇ ਕਿਤਿਉਂ ਲਿਆਉਨਾਂ ਕਲਮਾਂ,
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ…।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …