Breaking News
Home / ਨਜ਼ਰੀਆ / ਕਿਤਾਬ ‘ਗਿਆਨ ਸਾਗਰ’ ਵਿਚ ਗੁਰਮਤਿ ਸਿਧਾਂਤਾਂ ਦੀ ਬੜੇ ਰੌਚਿਕ ਢੰਗ ਨਾਲ ਵਿਆਖਿਆ

ਕਿਤਾਬ ‘ਗਿਆਨ ਸਾਗਰ’ ਵਿਚ ਗੁਰਮਤਿ ਸਿਧਾਂਤਾਂ ਦੀ ਬੜੇ ਰੌਚਿਕ ਢੰਗ ਨਾਲ ਵਿਆਖਿਆ

ਪੁਸਤਕ ਰਿਵਿਊ
ਰਿਵਿਊ ਕਰਤਾ
ਡਾ. ਡੀ ਪੀ ਸਿੰਘ
416-859-1856
ਪੁਸਤਕ ਦਾ ਨਾਮ : ਗਿਆਨ ਸਾਗਰ
ਲੇਖਕ : ਰਣਜੀਤ ਸਿੰਘ
ਪ੍ਰਕਾਸ਼ਕ : ਗੋਰਕੀ ਪਬਲਿਸਰਜ਼, ਲੁਧਿਆਣਾ, ਇੰਡੀਆ
ਪ੍ਰਕਾਸ਼ ਸਾਲ : 2018, ਕੀਮਤ : ਅੰਕਿਤ ; ਪੰਨੇ : 220
ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਉਨਟਾਰੀਓ, ਕੈਨੇਡਾ।
‘ਗਿਆਨ ਸਾਗਰ’ ਕਿਤਾਬ ਦੇ ਲੇਖਕ ਸ. ਰਣਜੀਤ ਸਿੰਘ, ਜਿੱਥੇ ਪੰਜਾਬ ਸਰਕਾਰ ਦੁਆਰਾ ਸੰਨ 1997 ਵਿਚ ਰਾਜ ਪੱਧਰ ਦੇ ਇਨਾਮ ਨਾਲ ਸਨਮਾਨੇ ਗਏ ਅਧਿਆਪਕ ਹਨ, ਉਥੇ ਉਨ੍ਹਾਂ ਨੂੰ ਵਿੱਦਿਅਕ ਖੇਤਰ ਵਿਚ ਵਿਲੱਖਣ ਯੋਗਦਾਨ ਲਈ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ.ਏ.ਪੀ.ਜੇ.ਅਬਦੁਲ ਕਲਾਮ ਵਲੋਂ ਸੰਨ 2003 ਵਿਚ ਰਾਸ਼ਟਰ ਪੱਧਰ ‘ਤੇ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੰਨ 1947 ਵਿਚ ਜਨਮੇ ਬਾਲਕ ਰਣਜੀਤ ਨੇ ਵਿਗਿਆਨ ਦੇ ਖੇਤਰ ਵਿਚ ਬੀ.ਐਸ.ਸੀ.ਅਤੇ ਬੀ.ਐਡ.ਦੀ ਪੜ੍ਹਾਈ ਪੂਰੀ ਕਰਨ ਪਿੱਛੋਂ ਸੰਨ 1972 ਵਿਚ ਸਰਕਾਰੀ ਸਾਇੰਸ ਮਾਸਟਰ ਵਜੋਂ ਸੇਵਾ ਸੰਭਾਲੀ। ਗਿਆਨ ਪ੍ਰਾਪਤੀ ਦੀ ਲਲਕ ਕਾਰਨ ਉਨ੍ਹਾਂ ਸਮੇਂ ਨਾਲ ਐਮ.ਏ. (ਪੰਜਾਬੀ) ਅਤੇ ਐਮ.ਐਡ.ਵੀ ਕਰ ਲਈ।
ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਧਾਰਮਿਕ ਸੰਸਕਾਰਾਂ ਨੇ ਰਣਜੀਤ ਨੂੰ ਸਿੱਖ ਮਿਸ਼ਨਰੀ ਕੋਰਸ ਕਰਨ ਲਈ ਪ੍ਰੇਰਿਤ ਕੀਤਾ। ਜੋ ਉਨ੍ਹਾਂ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਬਾਖੂਬੀ ਪਾਸ ਕਰ ਲਿਆ। ਸਰਕਾਰੀ ਸੀਨੀਅਰ ਮਾਡਲ ਸਕੂਲ, ਮਿਲਰ ਗੰਜ, ਲੁਧਿਆਣਾ ਵਿਖੇ ਆਪਣੀ 25 ਸਾਲ ਦੀ ਨੌਕਰੀ ਦੌਰਾਨ ਉਨ੍ਹਾਂ ਆਪਣੇ ਵਿਦਿਆਰਥੀਆਂ ਦੀ ਰਹਿਨੁਮਾਈ ਕਰਦੇ ਹੋਏ ਅਨੇਕ ਵਿਗਿਆਨ ਪ੍ਰਦਰਸ਼ਨੀਆਂ, ਸੈਮੀਨਾਰਾਂ ਤੇ ਵਰਕਸ਼ਾਪਸ ਵਿਚ ਸ਼ਮੂਲੀਅਤ ਕੀਤੀ।
ਧਾਰਮਿਕ ਰੰਗਣ ਵਿਚ ਰੰਗੇ ਸ. ਰਣਜੀਤ ਸਿੰਘ ਨੇ, ਆਪਣੇ ਸੇਵਾ ਕਾਲ ਦੌਰਾਨ ਹੀ, ਸਿੱਖ ਧਰਮ ਸਬੰਧਤ ਸਾਹਿਤ ਦਾ ਗਹਿਨ ਅਧਿਐਨ ਵੀ ਕੀਤਾ। ਸਿੱਖ ਧਰਮ ਦੇ ਵਿਭਿੰਨ ਸੰਕਲਪਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ। ਇਨ੍ਹਾਂ ਖੋਜਾਂ ਸਬੰਧਤ, ਉਨ੍ਹਾਂ ਦੁਆਰਾ ਰਚਿਤ ਅਨੇਕ ਲੇਖ, ਸਮੇਂ-ਸਮੇਂ ਸਮਕਾਲੀਨ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੇ ਰਹੇ ਹਨ। ਉਨ੍ਹਾਂ ਦੀਆਂ ਅਨੇਕ ਰਚਨਾਵਾਂ ਆਲ ਇੰਡੀਆ ਰੇਡੀਓ ਜਲੰਧਰ ਤੋਂ ਵੀ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ। ਸ. ਰਣਜੀਤ ਸਿੰਘ ਇਕ ਅਜਿਹੀ ਵਿਲੱਖਣ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸਮਾਜ ਭਲਾਈ ਤੇ ਗੁਰਮਤਿ ਪ੍ਰਚਾਰ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ।
‘ਗਿਆਨ ਸਾਗਰ’ ਸ. ਰਣਜੀਤ ਸਿੰਘ ਦੀ ਪਲੇਠੀ ਪੁਸਤਕ ਹੈ, ਜਿਸ ਵਿਚ ਵਿਭਿੰਨ ਵਿਸ਼ਿਆਂ ਸਬੰਧਤ 32 ਲੇਖ ਸ਼ਾਮਲ ਕੀਤੇ ਗਏ ਹਨ। ਇਹ ਪੁਸਤਕ ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਦੀ ਬੜੇ ਰੌਚਿਕ ਢੰਗ ਨਾਲ ਵਿਆਖਿਆ ਕਰਦੀ ਹੈ। ਲੇਖਕ ਨੇ ਕਿਤਾਬ ਦੇ ਪਹਿਲੇ ਲੇਖਕ ਵਿਚ ਸਿੱਖ ਧਰਮ ਵਿਚ ਅਰਦਾਸ ਦੇ ਸੰਕਲਪ ਅਤੇ ਮਹੱਤਵ ਬਾਰੇ ਵਿਸਥਾਰਪੂਰਣ ਜਾਣਕਾਰੀ ਮੁਹੱਈਆ ਕਰਵਾਈ ਹੈ। ਪੁਸਤਕ ਦੇ ਦੂਜੇ ਲੇਖ ਦਾ ਵਿਸ਼ਾ ਹੈ -ਜੀਵਨ ਮਨੋਰਥ। ਇਸ ਲੇਖ ਵਿਚ ਲੇਖਕ ਨੇ ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵਨ ਜਿਊਣ ਦੀ ਵਿਧੀ ਨੂੰ ਸਫਲ ਜੀਵਨ ਜਾਚ ਦਾ ਅਧਾਰ ਦਰਸਾਇਆ ਹੈ। ਇਸ ਕਿਤਾਬ ਦੇ ਅਗਲੇ ਗਿਆਰਾਂ ਲੇਖ ਗੁਰੂ ਸਾਹਿਬਾਨ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਦੇ ਵਰਨਣ ਦੇ ਨਾਲ-ਨਾਲ ਗੁਰਮਤਿ ਸਿਧਾਂਤਾਂ ਦਾ ਵਿਖਿਆਨ ਵੀ ਕਰਦੇ ਹਨ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਲੇਖਕ ਨੇ ਅਗਲੇ ਪੰਜ ਲੇਖਾਂ ਵਿਚ ਸਿੱਖ ਧਰਮ ਨਾਲ ਸਬੰਧਤ ਵਿਚਾਰਧਾਰਾ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ, ਰਹਿਤ ਮਰਿਆਦਾ, ਨਿਸ਼ਾਨਿ ਸਿੱਖੀ ਅਤੇ ਦਸਤਾਰ ਵਰਗੇ ਮਹੱਤਵਪੂਰਨ ਵਿਸ਼ਿਆਂ ਬਾਰੇ ਵੀ ਗੁਰਬਾਣੀ ਦੀ ਰੌਸ਼ਨੀ ਵਿਚ ਵਿਸਤਾਰਿਤ ਜਾਣਕਾਰੀ ਉਪਲਬਧ ਕਰਾਈ ਹੈ। ਕਿਉਂਕਿ ਲੇਖਕ ਇਕ ਸਿੱਖਿਆ ਸ਼ਾਸ਼ਤਰੀ ਹੈ ਇਸੇ ਕਾਰਣ ਉਸ ਨੇ ਅਗਲੇ ਦਸ ਲੇਖਾਂ ਵਿਚ ਧਰਮ ਅਤੇ ਵਿੱਦਿਆ, ਵਿੱਦਿਆ ਦਾ ਮੰਤਵ, ਆਦਰਸ਼ ਅਧਿਆਪਕ, ਧਰਮ ਅਤੇ ਵਿਗਿਆਨ ਦੇ ਵਿਭਿੰਨ ਪੱਖਾਂ ਬਾਰੇ, ਗੁਰਬਾਣੀ ਦੇ ਯਥਾਯੁਕਤ ਹਵਾਲਿਆਂ ਨਾਲ ਆਪਣੀ ਰਾਏ ਪੇਸ਼ ਕੀਤੀ ਹੈ।
ਇਸ ਉਪਰੰਤ, ਗੁਰਬਾਣੀ ਦੇ ਕਥਨ ”ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣ ਪਾਈਐ॥” ਦੀ ਸਾਕਰਤਾ ਦੀ ਪੁਸ਼ਟੀ ਵਜੋਂ ਆਪਣੇ ਅਗਲੇ ਲੇਖ ਵਿਚ, ਸ. ਰਣਜੀਤ ਸਿੰਘ ਨੇ ਅਬਦੁਲ ਸਿਤਾਰ ਈਦੀ ਦੇ ਜੀਵਨ ਅਤੇ ਸਮਾਜ ਸੇਵੀ ਘਾਲਣਾ ਦਾ ਵਰਨਣ ਕਰਦੇ ਹੋਏ ਉਸ ਨੂੰ ਸੇਵਾ ਦਾ ਮੁਜੱਸਮਾ ਦਰਸਾਇਆ ਹੈ। ਪਾਠਕਾਂ ਨੂੰ ਸਮਾਜ ਸੇਵੀ ਕਾਰਜਾਂ ਲਈ ਪ੍ਰੇਰਿਤ ਕਰਨ ਦੇ ਆਸ਼ੇ ਨਾਲ, ਲੇਖਕ ਨੇ ਮਹਾਨ ਵਿਗਿਆਨਿਕਾ ਮੇਰੀ ਕਿਊਰੀ ਦੇ ਜੀਵਨ ਤੇ ਕਾਰਜਾਂ ਦਾ ਵਿਖਿਆਨ ਕਰਦੇ ਹੋਏ ਉਸ ਨੂੰ ਮਨੁੱਖੀ ਜੀਵਨ ਦੇ ਅਸਲ ਮਨੋਰਥ ਬਾਰੇ ਚੇਤੰਨ ਹੋਣ ਦੀ ਦੱਸ ਪਾਈ ਹੈ।
ਇਸ ਲੇਖ ਲੜੀ ਦੇ ਅਗਲੇ ਦੋ ਲੇਖ, ਪਾਠਕਾਂ ਨੂੰ ਜਨਮ-ਮੌਤ ਦਾ ਵਰਤਾਰਾ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਮਾਇਆ ਨਗਰ ਦੀ ਵਿਲੱਖਣਤਾ ਨਾਲ ਰੂਬਰੂ ਕਰਵਾਉਂਦੇ ਹਨ। ਇਸ ਕਿਤਾਬ ਦੀ ਆਖਰੀ ਰਚਨਾ ‘ਭੇਂਟ ਵਾਰਤਾ’ ਪ੍ਰੋ. ਬਲਵਿੰਦਰ ਸਿੰਘ ਵਲੋਂ ਲੇਖਕ ਨਾਲ ਕੀਤੀ ਗਈ ਵਾਰਤਾਲਾਪ ਦਾ ਜ਼ਿਕਰ ਕਰਦੀ ਹੈ। ਇਸ ਵਾਰਤਾਲਾਪ ਵਿਚ ਲੇਖਕ ਦਾ ਪਿਛੋਕੜ, ਜੀਵਨ ਘਾਲਣਾ ਤੇ ਪ੍ਰਾਪਤੀਆਂ, ਧਰਮ ਤੇ ਵਿਗਿਆਨ ਨਾਲ ਉਸ ਦਾ ਲਗਾਓ, ਲੇਖਕ ਦੀ ਵਿਚਾਰਧਾਰਾ, ਸਮਕਾਲੀ ਵਿਦਿਅਕ ਤੇ ਸਮਾਜਿਕ ਸਮੱਸਿਆਵਾਂ ਬਾਰੇ ਲੇਖਕ ਤੇ ਵਿਚਾਰ ਅਤੇ ਸੁਝਾਅ ਖੁੱਲ੍ਹ ਕੇ ਸਾਹਮਣੇ ਆਉਂਦੇ ਹਨ। ਵਾਰਤਾਕਾਰ ਨੇ ਲੇਖਕ ਦੇ ਜੀਵਨ ਉਤੇ ਪੈਨੀ ਪੰਛੀ ਝਾਤ ਪੁਆਈ ਹੈ।
ਸ. ਰਣਜੀਤ ਸਿੰਘ ਦੀ ਲੇਖਣ ਸ਼ੈਲੀ ਸਰਲ ਅਤੇ ਸਪੱਸ਼ਟਤਾਪੂਰਣ ਹੈ। ਉਸ ਨੇ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਲਈ ਗੁਰਬਾਣੀ ਦੇ ਉਚਿਤ ਹਵਾਲੇ ਪੇਸ਼ ਕੀਤੇ ਹਨ। ਕਦੀ-ਕਦੀ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ, ਪਰ ਇਹ ਪਾਠਕ ਦਾ ਧਿਆਨ ਭੰਗ ਨਹੀਂ ਕਰਦਾ। ਇਕ ਇਕ ਵਧੀਆ ਕਿਤਾਬ ਹੈ ਜੋ ਗੁਰਬਾਣੀ ਦੇ ਵਿਭਿੰਨ ਪਹਿਲੂਆਂ ਉਤੇ ਵਿਸਤਾਰਿਤ ਜਾਣਕਾਰੀ ਪੇਸ਼ ਕਰਦੀ ਹੈ। ਗੁਰਬਾਣੀ ਦੇ ਅਨੇਕ ਸੰਕਲਪਾਂ/ਧਾਰਨਾਵਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦੀ ਹੈ। ਸ. ਰਣਜੀਤ ਸਿੰਘ ਇਕ ਸਿੱਖਿਆ-ਸ਼ਾਸਤਰੀ ਵਜੋਂ, ਧਾਰਮਿਕ ਖੋਜ, ਸਾਹਿਤਕ ਸਰਗਰਮੀਆਂ ਤੇ ਸਮਾਜ ਸੇਵਾ ਦਾ ਮਾਡਲ ਹਨ। ਉਨ੍ਹਾਂ ਦੀ ਇਹ ਰਚਨਾ ਗੁਰਬਾਣੀ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਨ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਨ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰੱਥ ਹੈ। ਸ. ਰਣਜੀਤ ਸਿੰਘ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਮਾਇਆ ਨਗਰ ਵਲੋਂ ਇਸ ਕਿਤਾਬ ਦੀ ਛਪਾਈ ਦਾ ਉਦਮ ਪ੍ਰਸੰਸਾਯੋਗ ਹੈ ਜੋ ਸਿੱਖ ਧਰਮ ਸਬੰਧਤ ਉਚਿਤ ਸਾਹਿਤ ਦੀ ਉਪਲਬਧੀ ਲਈ ਨਵੀਂ ਪਿਰਤ ਪਾਉਂਦਾ ਨਜ਼ਰ ਆਉਂਦਾ ਹੈ। ਆਸ ਹੈ ਕਿ ਹੋਰ ਗੁਰਦੁਆਰਾ ਕਮੇਟੀਆਂ ਵੀ ਇਸ ਉਦਮ ਦਾ ਅਨੁਸਰਣ ਕਰਦੇ ਹੋਏ ਸਿੱਖ ਧਰਮ ਦੇ ਵਿਭਿੰਨ ਪਹਿਲੂਆਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਪੂਰ ਸਾਹਿਤ ਆਮ ਪਾਠਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਪਾਉਣੀਆਂ। ‘ਗਿਆਨ ਸਾਗਰ’ ਇਕ ਅਜਿਹੀ ਕਿਤਾਬ ਹੈ, ਜੋ ਹਰ ਗੁਰਦੁਆਰੇ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਨ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਸ਼ਰਧਾਲੂ, ਮਹਾਨ ਗੁਰੂ ਸਾਹਿਬਾਨ ਦੇ ਆਸ਼ਿਆਂ ਦਾ ਸਹੀ ਰੂਪ ਸਮਝ, ਅਤੇ ਉਨ੍ਹਾਂ ਉਪਰ ਚੱਲ ਕੇ ਆਪਣਾ ਜੀਵਨ ਸਫਰ ਸਫਲ ਕਰ ਸਕਣ।
…………..
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛਪ ਚੁੱਕੀਆਂ ਹਨ। ਉਸ ਦੇ 60 ਟੈਲੀਵਿਜ਼ਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈਟ ਉਤੇ ਵੀ ਉਪਲਬਧ ਹਨ। ਅੱਜਕੱਲ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਂਬ੍ਰਿਜ਼ ਲਰਨਿੰਗ ਸੰਸਥਾ ਦੇ ਡਾਇਰੈਕਟਰ ਵਜੋਂ ਅਤੇ ਕਈ ਸੈਕੰਡਰੀ ਤੇ ਪੋਸਟ ਸੈਕੰਡਰੀ ਵਿਦਿਅਕ ਸੰਸਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ।
ਈਮੇਲ :[email protected]

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …