Breaking News
Home / ਮੁੱਖ ਲੇਖ / ਇਨਸਾਫ ਲਈ ਜਨਤਾ ਨੂੰ ਹੀ ਸੜਕਾਂ ਉੱਤੇ ਆਉਣਾ ਪੈਣਾ

ਇਨਸਾਫ ਲਈ ਜਨਤਾ ਨੂੰ ਹੀ ਸੜਕਾਂ ਉੱਤੇ ਆਉਣਾ ਪੈਣਾ

ਅਮਨਦੀਪ ਸਿੰਘ ਸੇਖੋਂ
ਵੱਡੇ ਨਾਅਰੇ ਆਮ ਆਦਮੀ ਨੂੰ ਕਿਵੇਂ ਛੋਟਾ ਬਣਾ ਦਿੰਦੇ ਨੇ, ਇਹ ਅਸੀਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਦੇਖਿਆ ਅਤੇ ਮਹਿਸੂਸ ਕੀਤਾ ਪਰ ਇਹ ਛੋਟੇ ਛੋਟੇ ਆਦਮੀ ਜਦੋਂ ਮਿਲ ਕੇ ਇਕ ਹੋ ਜਾਂਦੇ ਨੇ ਤਾਂ ਵੱਡੇ ਸਿਸਟਮ ਨੂੰ ਕਿਸ ਤਰ੍ਹਾਂ ਝੁਕਾ ਸਕਦੇ ਹਨ, ਇਹ ਅਸੀਂ ‘ਜਸਟਿਸ ਫਾਰ ਜਸਪਾਲ’ ਵਰਗੇ ਸੰਘਰਸ਼ ਵਿਚ ਦੇਖ ਸਕਦੇ ਹਾਂ ਜੋ ਇਸ ਵੇਲੇ ਫਰੀਦਕੋਟ ਵਿਚ ਚੱਲ ਰਿਹਾ ਹੈ। ਕੀ ਹਰ ਬੇ-ਇਨਸਾਫ਼ੀ ਖਿਲਾਫ ਇੰਨਾ ਵੱਡਾ ਸੰਘਰਸ਼ ਖੜ੍ਹਾ ਕਰ ਕੇ ਹੀ ਇਨਸਾਫ ਮਿਲ ਸਕੇਗਾ?
ਇਹ ਸਵਾਲ ਫਿਕਰਮੰਦੀ ਦਾ ਬਾਇਸ ਹੈ। ਸੰਘਰਸ਼ ਲਈ ਤਿਆਰ ਰਹੋ ਕਿਉਂਕਿ ਅਜਿਹੀ ਮੰਦਭਾਗੀ ਘਟਨਾ ਧੂਰੀ ਵਿਚ ਵੀ ਹੋ ਚੁੱਕੀ ਹੈ। ਜੇ ਆਪਣੇ ਸਾਰੇ ਕੰਮ-ਕਾਰ ਛੱਡ ਕੇ ਹਰ ਘਟਨਾ ਲਈ ਇਨਸਾਫ ਦੀ ਮੰਗ ਲਈ ਜਨਤਾ ਨੂੰ ਹੀ ਸੜਕਾਂ ਉੱਤੇ ਆਉਣਾ ਪੈਣਾ ਹੈ ਤਾਂ ਇਹ ਪੁਲੀਸ ਕਿਸ ਲਈ ਹੈ ਅਤੇ ਇਨ੍ਹਾਂ ਅਦਾਲਤਾਂ ਦੀ ਕੀ ਲੋੜ ਹੈ? ਪੂਰੇ ਦੇਸ਼ ਵਿਚ ਕਿਤੇ ਕਿਸੇ ਮੁਸਲਮਾਨ ਨੂੰ ਕੁੱਟ-ਕੁੱਟ ਕੇ ‘ਜੈ ਸ੍ਰੀ ਰਾਮ’ ਆਖਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਕਿਤੇ ਕਿਸੇ ਵਿਦੇਸ਼ੀ ਸੈਲਾਨੀ ਦੇ ਗਲੇ ਉੱਤੇ ਚਾਕੂ ਫੇਰ ਦਿੱਤਾ ਜਾਂਦਾ ਹੈ ਕਿ ਉਸ ਨੇ ‘ਰਾਮ ਰਾਮ’ ਦਾ ਜਵਾਬ ਨਹੀਂ ਦਿੱਤਾ। ਕਿਤੇ ਚਾਰ-ਪੰਜ ਪੁਲੀਸ ਵਾਲੇ ਔਰਤ ਨੂੰ ਬੈਲਟਾਂ ਨਾਲ ਕੁੱਟਦੇ ਦਿਖਾਈ ਦਿੰਦੇ ਹਨ ਅਤੇ ਕਿਤੇ ਡਾਕਟਰੀ ਦੀ ਪੜ੍ਹਾਈ ਕਰ ਰਹੀ ਦੀ ਵਿਦਿਆਰਥਣ ਆਪਣੇ ਸਹਿਪਾਠੀਆਂ ਦੇ ਜਾਤੀਵਾਦੀ ਭੇਦ-ਭਾਵ ਤੋਂ ਦੁਖੀ ਹੋ ਕੇ ਆਤਮ-ਹੱਤਿਆ ਕਰ ਲੈਂਦੀ ਹੈ।
ਪੂਰਾ ਦੇਸ਼ ਵਿਚ ਇਸ ਵੇਲੇ ਹਾਲਾਤ ਵਿਸਫੋਟਕ ਹਨ। ਇਹ ਸੰਕਟ ਸਿਆਸੀ, ਸਮਾਜਿਕ ਅਤੇ ਆਰਥਿਕ ਹੀ ਨਹੀਂ, ਇਨਸਾਨੀ ਵੀ ਹੈ। ਆਦਮੀ ਨੂੰ ਇਨਸਾਨ ਬਣਾਉਣ ਦਾ ਉਹ ਪ੍ਰਾਜੈਕਟ ਜੋ ਸਦੀਆਂ ਤੋਂ ਵੱਖੋ-ਵੱਖ ਧਰਮਾਂ ਨੇ ਚਲਾਇਆ ਸੀ ਤੇ ਹੁਣ ਜਿਸ ਨੂੰ ਸਾਂਝੀ ਸਿੱਖਿਆ ਪ੍ਰਣਾਲੀ ਨੇ ਅੱਗੇ ਵਧਾਉਣਾ ਸੀ, ਫੇਲ੍ਹ ਹੋ ਗਿਆ ਜਾਪਦਾ ਹੈ। ਧਰਮ ਕੇਵਲ ਰੀਤੀ-ਰਿਵਾਜ਼ਾਂ ਤੱਕ ਅਤੇ ਸਿੱਖਿਆ ਕੇਵਲ ਡਿਗਰੀਆਂ ਦੇਣ ਤੱਕ ਸੀਮਿਤ ਹੋ ਗਈ ਹੈ। ਸਿਆਸਤ ਦੀ ਵਿਸ਼ਾਲ ਪਾਠਸ਼ਾਲਾ ਵਿਚ ਲੋਕ ਜੋ ਸਿੱਖ ਰਹੇ ਹਨ, ਉਹ ਸਿੱਖਣ ਦੇ ਬਾਕੀ ਸਾਰੇ ਵਸੀਲਿਆਂ ਉੱਤੇ ਭਾਰੂ ਹੋ ਗਿਆ ਹੈ।
ਕਹਿੰਦੇ ਹਨ ਕਿ ਸਿਆਸੀ ਨੇਤਾ ਦੀ ਨਜ਼ਰ ਅਗਲੀਆਂ ਚੋਣਾਂ ਉੱਤੇ ਰਹਿੰਦੀ ਹੈ ਪਰ ਸਮਝਦਾਰ ਨੇਤਾ ਦੀ ਨਜ਼ਰ ਅਗਲੀਆਂ ਪੀੜ੍ਹੀਆਂ ਉੱਤੇ ਹੁੰਦੀ ਹੈ। ਹੁਣ ਜਾਪਦਾ ਹੈ ਕਿ ਸਮਝਦਾਰ ਨੇਤਾ ਤਕਰੀਬਨ ਖ਼ਤਮ ਹੋ ਗਏ ਹਨ ਅਤੇ ਅਗਲੀਆਂ ਚੋਣਾਂ ਤੋਂ ਅੱਗੇ ਨਾ ਦੇਖ ਸਕਣ ਵਾਲੇ ਛੋਟੇ ਕੱਦ ਦੇ ਨੇਤਾ ਹੀ ਵੱਡੀਆਂ ਕੁਰਸੀਆਂ ਉੱਤੇ ਜਾ ਬੈਠੇ ਹਨ। ਆਦਮੀ ਦੇ ਅੰਦਰ ਅੱਛਾਈ ਵੀ ਹੈ ਅਤੇ ਬੁਰਾਈ ਵੀ। ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿਸ ਨੂੰ ਹਾਰ ਪਾਉਣੇ ਹਨ, ਕਿਸ ਨੂੰ ਉਕਸਾਉਣਾ ਹੈ ਅਤੇ ਕਿਸ ਨੂੰ ਦਬਾਉਣਾ ਹੈ।
ਅੱਜਕੱਲ੍ਹ ਦੇਸ਼ ਵਿਚ ਕਮਜ਼ੋਰ ਵਰਗਾਂ, ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਖਿਲਾਫ ਮਾਹੌਲ ਬਣਿਆ ਹੋਇਆ ਹੈ। ਹਰ ਕੋਈ ਆਪਣੇ ਆਪ ਨੂੰ ਕਾਨੂੰਨ ਅਤੇ ਇਨਸਾਫ ਤੋਂ ਉੱਤੇ ਸਮਝ ਰਿਹਾ ਹੈ। ਹੈਂਕੜ, ਮਰਦਾਨਗੀ ਅਤੇ ਹਉਮੈ ਦਾ ਨੰਗਾ ਚਿੱਟਾ ਪ੍ਰਗਟਾਵਾ ਸਿਆਸਤ, ਗੀਤਾਂ ਅਤੇ ਫਿਲਮਾਂ ਵਿਚ ਛਾਇਆ ਹੋਇਆ ਹੈ। ਪਹਿਲਾਂ ਜੋ ਧਾਰਮਿਕ ਸਿੱਖਿਆ ਹਲੀਮੀ, ਦਇਆ, ਚੰਗਿਆਈ ਦੀ ਜਿੱਤ ਅਤੇ ਬੁਰਾਈ ਦਾ ਵਿਰੋਧ ਸਿਖਾਉਂਦੀ ਸੀ, ਹੁਣ ਸਿਆਸਤ ਨਾਲ ਰਲ ਕੇ ਗੁੱਸਾ, ਭੈਅ ਅਤੇ ਭੜਕਾਹਟ ਪੈਦਾ ਕਰਨ ਦਾ ਕੰਮ ਕਰ ਰਹੀ ਹੈ। ਆਪਣੇ ਸਵਾਰਥਾਂ ਅਤੇ ਵਾਸਨਾਵਾਂ ਦੀ ਖੁੱਲ੍ਹੀ ਵਕਾਲਤ ਜੋ ਕਿਸੇ ਵੇਲੇ ਸ਼ਰਮ ਦੀ ਗੱਲ ਮੰਨੀ ਜਾਂਦੀ ਸੀ, ਹੁਣ ਸਾਧਾਰਨ ਗੱਲ ਬਣ ਗਈ ਹੈ। ਵੱਡੀ ਤੋਂ ਵੱਡੀ ਗ਼ਲਤੀ ਕਰਕੇ ਲੋਕ ਅਕਸਰ ਆਖਦੇ ਹਨ- “ਆਖਰ ਮੈਂ ਵੀ ਇਨਸਾਨ ਹਾਂ!” ਇਨਸਾਨ ਨੂੰ ਗ਼ਲਤੀਆਂ ਦਾ ਪੁਤਲਾ ਕਿਹਾ ਜਾਂਦਾ ਹੈ ਪਰ ਇਸੇ ਦੇਸ਼ ਵਿਚ ਕਿਸੇ ਵੇਲੇ ਇਨਸਾਨ ਨੂੰ ਵੱਡੀ ਸੰਭਾਵਨਾ ਮੰਨਿਆ ਜਾਂਦਾ ਸੀ। ਉਚਾਈਆਂ ਛੂਹਣ ਦਾ ਮੌਕਾ ਮੰਨਿਆ ਜਾਂਦਾ ਸੀ। ਮਨੁੱਖਾ ਜਨਮ ਚੁਰਾਸੀ ਲੱਖ ਜੂਨਾਂ ਤੋਂ ਬਾਅਦ ਮਿਲਦਾ ਹੈ, ਇਸ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ, ਇਹ ਉਪਦੇਸ਼ ਦਿੱਤਾ ਜਾਂਦਾ ਸੀ।
ਹੁਣ ਨਾ ਸਿਰਫ ਆਪਣਾ ਬਲਕਿ ਹੋਰਾਂ ਦਾ ਵੀ ਮਨੁੱਖਾ ਜਨਮ ਅਜਾਈਂ ਗੁਆਉਣ ਲੱਗਿਆਂ ਲੋਕ ਇਕ ਪਲ ਵੀ ਨਹੀਂ ਸੋਚਦੇ। ਕਿੰਨੇ ਹੀ ਜੀਵਨ, ਭਰੂਣ ਰੂਪ ਵਿਚ ਹੀ ਮਾਦਾ ਹੋਣ ਕਰਕੇ ਕਤਲ ਕਰ ਦਿੱਤੇ ਜਾਂਦੇ ਹਨ। ਅਜਿਹੇ ਸਮਿਆਂ ਵਿਚ ਇਨਸਾਨੀਅਤ ਦੇ ਭੁੱਲੇ ਵਿੱਸਰੇ ਸੋਮਿਆਂ ਵੱਲ ਮੋੜਾ ਕੱਟਣ ਦੀ ਲੋੜ ਹੈ। ਜਿਨ੍ਹਾਂ ਧਾਰਮਿਕ ਗ੍ਰੰਥਾਂ ਨੂੰ ਵੇਲਾ ਵਿਹਾ ਚੁੱਕੇ ਸਮਝ ਕੇ ਸੰਦੂਕਾਂ ਵਿਚ ਰੱਖ ਦਿੱਤਾ ਸੀ, ਉਨ੍ਹਾਂ ਨੂੰ ਦੁਬਾਰਾ ਤੋਂ ਫਰੋਲਣ ਦੀ ਲੋੜ ਹੈ।
ਧਰਮ ਕਈ ਚੀਜ਼ਾਂ ਦਾ ਸਮੂਹ ਹੈ। ਇਸ ਵਿਚ ਸਿਧਾਂਤ ਵੀ ਹੈ, ਪੂਜਾ-ਪੱਧਤੀ ਵੀ, ਰੀਤੀ-ਰਿਵਾਜ਼ ਵੀ ਅਤੇ ਅੰਧ-ਵਿਸ਼ਵਾਸ ਵੀ। ਇਨਸਾਨ ਨੂੰ ਸਮਝਣ ਅਤੇ ਉਸ ਨੂੰ ਬਿਹਤਰ ਬਣਾਉਣ ਲਈ ਹਰ ਧਰਮ ਦੇ ਗੁਰੂਆਂ, ਰਿਸ਼ੀਆਂ ਅਤੇ ਪੈਗ਼ੰਬਰਾਂ ਨੇ ਜੋ ਸਿਧਾਂਤ ਬਣਾਏ ਹਨ, ਉਹ ਸਦੀਆਂ ਤੋਂ ਇਨਸਾਨ ਨੂੰ ਰਾਹ ਦਿਖਾਉਂਦੇ ਆਏ ਹਨ। ਇਹ ਕੁਦਰਤੀ ਹੀ ਸੀ ਕਿ ਇਹ ਗੁਰੂ ਅਤੇ ਪੈਗ਼ੰਬਰ ਆਪਣੇ ਸਮੇਂ ਦੀਆਂ ਉਦਾਹਰਣਾਂ ਦੇ ਕੇ ਹੀ ਆਪਣੀਆਂ ਸਿੱਖਿਆਵਾਂ ਦਾ ਪਰਚਾਰ ਕਰਦੇ ਸਨ, ਜਿਨ੍ਹਾਂ ਵਿਚੋਂ ਕਈਆਂ ਨੂੰ ਅੱਜ ਵਿਗਿਆਨ ਨੇ ਖਾਰਿਜ ਕਰ ਦਿੱਤਾ ਹੈ। ਇਹ ਵੀ ਸੰਭਵ ਹੈ ਕਿ ਕਈ ਹੋਰ ਕੱਲ੍ਹ ਨੂੰ ਖਾਰਿਜ ਹੋ ਜਾਣ ਪਰ ਕਈ ਸ਼ਰਧਾਲੂ ਉਨ੍ਹਾਂ ਉਦਾਹਰਣਾਂ, ਮਿਸਾਲਾਂ, ਕਹਾਣੀਆਂ, ਸਾਖੀਆਂ ਅਤੇ ਚਮਤਕਾਰਾਂ ਨੂੰ ਅੱਜ ਵੀ ਸੱਚ ਮੰਨਦੇ ਹਨ; ਭਾਵ ਉਹ ਉਦਾਹਰਣ ਨੂੰ ਫੜ ਕੇ ਬੈਠ ਜਾਂਦੇ ਹਨ ਅਤੇ ਉਸ ਉਦਾਹਰਣ ਰਾਹੀਂ ਜੋ ਗੱਲ ਸਮਝਾਉਂਣੀ ਸੀ, ਉਹ ਛੱਡ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਅਸਲ ਵਿਚ ਮੱਕਾ ਘੁਮਾਇਆ ਸੀ ਜਾਂ ਨਹੀਂ, ਇਸ ਨਾਲੋਂ ਵੱਧ ਜ਼ਰੂਰੀ ਇਸ ਸਾਖੀ ਵਿਚਲਾ ਇਹ ਸਿਧਾਂਤ ਹੈ ਕਿ ਪਰਮਾਤਮਾ ਹਰ ਥਾਂ ਵਾਸ ਕਰਦਾ ਹੈ ਅਤੇ ਕਿਸੇ ਇਕ ਥਾਂ ਨੂੰ ਹੀ ਪਵਿੱਤਰ ਮੰਨਣਾ ਅੰਧ-ਵਿਸ਼ਵਾਸ ਹੈ। ਜੇ ਇਸ ਸਿਧਾਂਤ ਨੂੰ ਸਮਝ ਲਿਆ ਹੁੰਦਾ ਤਾਂ ਮੰਦਰਾਂ ਅਤੇ ਮਸਜਿਦਾਂ ਦੇ ਝਗੜੇ ਕਦੋਂ ਦੇ ਦੂਰ ਹੋ ਗਏ ਹੁੰਦੇ।
ਹਰ ਧਰਮ ਵਿਚ ਈਸ਼ਵਰ ਦੇ ਜੋ ਗੁਣ ਦੱਸੇ ਜਾਂਦੇ ਹਨ, ਉਹ ਗੁਣ ਅਸਲ ਵਿਚ ਗੁਰੂ ਅਤੇ ਪੈਗ਼ੰਬਰ ਆਪਣੇ ਸ਼ਰਧਾਲੂਆਂ ਵਿਚ ਪੈਦਾ ਕਰਨਾ ਚਾਹੁੰਦੇ ਸਨ। ਈਸ਼ਵਰ ਨਿਰਪੱਖ ਹੁੰਦਾ ਹੈ, ਨਿਆਂ-ਪਸੰਦ ਹੁੰਦਾ ਹੈ, ਦਇਆਵਾਨ ਹੁੰਦਾ ਹੈ, ਨਿਰਭੈਅ ਤੇ ਨਿਰਵੈਰ ਹੁੰਦਾ ਹੈ; ਇਹ ਮੰਨਣ ਨਾਲ ਇਨਸਾਨ ਕਿੰਨਾ ਬਿਹਤਰ ਬਣ ਸਕਦਾ ਹੈ ਪਰ ਜਦੋਂ ਪੁਜਾਰੀ ਸਾਡੇ ਘਰਾਂ ਵਿਚ ਪੂਜਾ-ਪਾਠ ਕਰਨ ਤੋਂ ਪਿੱਛੋਂ ਸਾਡੇ ਸਵਾਰਥੀ ਹਿੱਤਾਂ ਲਈ ਈਸ਼ਵਰ ਤੋਂ ਅਰਦਾਸ ਕਰਦੇ ਹਨ ਤਾਂ ਉਹ ਈਸ਼ਵਰ ਨੂੰ ਕਿੰਨਾ ਛੋਟਾ ਅਤੇ ਪੱਖਪਾਤੀ ਬਣਾ ਦਿੰਦੇ ਹਨ ।
ਪੂਜਾ-ਪਾਠ ਅਤੇ ਰੀਤੀ-ਰਿਵਾਜ਼ ਜੋ ਇਸ ਲਈ ਬਣੇ ਸਨ ਕਿ ਸਾਧਾਰਨ ਸ਼ਰਧਾਲੂ ਇਹ ਪੌੜੀਆਂ ਚੜ੍ਹਦਾ ਹੋਇਆ ਇਕ ਨਾ ਇਕ ਦਿਨ ਸਿਧਾਂਤ ਤੱਕ ਪਹੁੰਚੇਗਾ, ਹੁਣ ਜਾਪਦਾ ਹੈ ਕਿ ਸਿਧਾਂਤ ਤੱਕ ਪਹੁੰਚਣ ਦੇ ਰਾਹ ਵਿਚ ਸਭ ਤੋਂ ਵੱਡਾ ਰੋੜਾ ਬਣ ਗਏ ਹਨ। ਜੇ ਕਰੋੜਾਂ ਹੀ ਪੁਜਾਰੀ, ਟੀਵੀ ਚੈਨਲ ਅਤੇ ਸੰਸਥਾਵਾਂ ਧਰਮ ਦਾ ਪੂਜਾ, ਰੀਤੀ-ਰਿਵਾਜ਼ ਅਤੇ ਅੰਧ-ਵਿਸ਼ਵਾਸ ਵਾਲਾ ਪੱਖ ਪ੍ਰਚਾਰਨ ਉੱਤੇ ਲੱਗੀਆਂ ਹੋਈਆਂ ਹਨ ਤਾਂ ਕੁਝ ਲੋਕਾਂ ਨੂੰ ਮੂਲ ਰੂਪ ਵਿਚ ਧਾਰਮਿਕ ਗ੍ਰੰਥ ਪੜ੍ਹ ਕੇ ਧਰਮਾਂ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਦਾ ਬੀੜਾ ਚੁੱਕ ਲੈਣਾ ਚਾਹੀਦਾ ਹੈ।
ਇਹ ਸੱਚ ਹੈ ਕਿ ਧਰਮ ਦੀ ਵਰਤੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਹੁੰਦੀ ਰਹੀ ਹੈ। ਇਸ ਗੱਲ ਤੋਂ ਕਿਸ ਨੂੰ ਇਨਕਾਰ ਹੈ ਕਿ ਗਊ ਉੱਤੇ ਪੁੱਠਾ ਹੱਥ ਫੇਰਨ ਨਾਲ ਬੀਪੀ (ਬਲੱਡ ਪ੍ਰੈਸ਼ਰ) ਠੀਕ ਕਰਨ ਦਾ ਪ੍ਰਚਾਰ ਕਰਨ ਵਾਲੇ ਸਾਧੂ ਸੰਤ ਆਪਣੇ ਸਰਾਪ ਤੋਂ ਡਰਾ ਕੇ ਲੋਕਾਂ ਦੀਆਂ ਵੋਟਾਂ ਹਾਸਲ ਕਰ ਸਕਦੇ ਹਨ। ਨਾ ਹੀ ਇਸ ਤੋਂ ਕਿ ਧਰਮ ਦੇ ਨਾਂ ਉੱਤੇ ਜਜ਼ਬਾਤੀ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਰੋਜ਼ੀ-ਰੋਟੀ ਦੇ ਮਸਲੇ ਭੁਲਾਏ ਜਾ ਸਕਦੇ ਹਨ। ਉਂਜ, ਇਹ ਵੀ ਓਨਾ ਹੀ ਵੱਡਾ ਸੱਚ ਹੈ ਕਿ ਧਰਮ ਦੀ ਵਰਤੋਂ ਲੋਕਾਂ ਨੂੰ ਚੇਤਨ ਕਰਨ ਲਈ ਕੀਤੀ ਜਾ ਸਕਦੀ ਹੈ। ਗੁਰੂ ਨਾਨਕ, ਕਬੀਰ ਅਤੇ ਫਰੀਦ ਦੇ ਧਾਰਮਿਕ ਵਿਚਾਰਾਂ ਨੇ ਹੀ ਪੰਜਾਬੀ ਸਮਾਜ ਵਿਚ ਉਸ ਚੇਤਨਾ ਦਾ ਪਸਾਰ ਕੀਤਾ ਸੀ ਜਿਸ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਅਤੇ ਔਰੰਗਜ਼ੇਬ ਦੇ ਅੱਤਿਆਚਾਰੀ ਰਾਜ ਨੂੰ ਵੰਗਾਰਿਆ।
ਬਹੁਤੀ ਦੂਰ ਨਾ ਵੀ ਜਾਈਏ ਤਾਂ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਇਹ ਸਾਬਤ ਕਰਨ ਲਈ ਕਾਫੀ ਹਨ ਕਿ ਧਰਮ ਕੋਈ ਝੂਠੀ ਚੇਤਨਾ ਨਹੀਂ, ਵੱਡੀ ਸਮਾਜਿਕ ਤਾਕਤ ਹੈ ਜੋ ਲੋਕਤੰਤਰ ਦੇ ਇਸ ਦੌਰ ਵਿਚ ਲੀਡਰਾਂ ਦੇ ਹੱਥਾਂ ਆ ਗਈ ਹੈ। ਉਹ ਇਸ ਨੂੰ ਆਪਣੀ ਸਿਆਸਤ ਦਾ ਔਜ਼ਾਰ ਸਮਝਦੇ ਹਨ ਤਾਂ ਸਮਝੀ ਜਾਣ। ਸਾਡੇ ਲਈ ਜ਼ਰੂਰੀ ਹੈ ਕਿ ਇਸ ਨੂੰ ਸਮਾਜ ਨਿਰਮਾਣ ਦੇ ਪ੍ਰਾਜੈਕਟ ਦਾ ਜ਼ਰੂਰੀ ਹਿੱਸਾ ਬਣਾਈਏ। ਸਿਆਸਤ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦੇ ਨਾਲ ਨਾਲ ਸਮਾਜ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰੀਏ, ਸਿਆਸਤ ਆਪਣੇ ਆਪ ਬਦਲ ਜਾਵੇਗੀ। ਸ਼ਾਇਰ ਕੈਫੀ ਆਜ਼ਮੀ ਨੇ ਠੀਕ ਹੀ ਕਿਹਾ ਹੈ:
ਹਕੂਮਤੋਂ ਕੋ ਬਦਲਨਾ ਤੋ ਕੁਝ ਮੁਹਾਲ ਨਹੀਂ,
ਹਕੂਮਤੇਂ ਜੋ ਬਦਲਤਾ ਹੈ ਵੋ ਸਮਾਜ ਭੀ ਹੋ।

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …