Breaking News
Home / ਮੁੱਖ ਲੇਖ / ਗੁਰਮਤਿ ਸੰਗੀਤ ਪਰੰਪਰਾ ‘ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੇਣ

ਗੁਰਮਤਿ ਸੰਗੀਤ ਪਰੰਪਰਾ ‘ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੇਣ

ਤਲਵਿੰਦਰ ਸਿੰਘ ਬੁੱਟਰ
‘ਸ਼ਹੀਦਾਂ ਦੇ ਸਿਰਤਾਜ’ ਅਤੇ ‘ਬਾਣੀ ਕੇ ਬੋਹਿਥ’ ਲਫ਼ਜ਼ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਦੇ ਮੁਥਾਜ ਹਨ ਪਰ ਗੁਰਮਤਿ ਸੰਗੀਤ ਪਰੰਪਰਾ ਦੇ ਵਿਕਾਸ ਤੇ ਸਥਾਪਤੀ ਵਿਚ ਪੰਜਵੀਂ ਪਾਤਸ਼ਾਹੀ ਦਾ ਜਿਹੜਾ ਬਹੁ-ਪੱਖੀ ਤੇ ਸਰਵੋਤਮ ਯੋਗਦਾਨ ਹੈ, ਭਾਰਤੀ ਸ਼ਾਸਤਰੀ ਸੰਗੀਤ ਅਤੇ ਭਗਤੀ ਸੰਗੀਤ ਦੀ ਮੌਲਿਕਤਾ ਤੇ ਵਿਸ਼ੇਸ਼ਤਾ ‘ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੋ ਦੇਣ ਹੈ, ਉਸ ਨੂੰ ਹਾਲੇ ਤੱਕ ਸਮਝਣ ਦਾ ਯਤਨ ਹੀ ਨਹੀਂ ਕੀਤਾ ਗਿਆ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗ ਆਧਾਰਿਤ ਸੰਗੀਤਕ ਸੰਪਾਦਨਾ ਕਰਕੇ ਗੁਰਮਤਿ ਸੰਗੀਤ ਨੂੰ ਬੁਨਿਆਦੀ ਸਿਧਾਂਤ ਅਤੇ ਆਧਾਰ ਪ੍ਰਦਾਨ ਕੀਤਾ, ਉਥੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਸਿੱਖੀ ਦੀ ਮੌਲਿਕ ਸੰਗੀਤ ਪਰੰਪਰਾ ਨੂੰ ਮਰਿਯਾਦਾਬੱਧ ਕਾਰਜਸ਼ੀਲਤਾ ਅਤੇ ਸਥਾਈ ਸਥਾਪਤੀ ਵੀ ਬਖ਼ਸ਼ੀ। ਇਸ ਪਰੰਪਰਾ ਦੇ ਵਿਭਿੰਨ ਸਿਧਾਂਤਕ ਤੇ ਵਿਹਾਰਕ ਆਧਾਰ ਨੂੰ ਮਾਨਵੀ ਅਧਿਆਤਮ ਚਿੰਤਨ ਪ੍ਰੰਪਰਾਵਾਂ ਦਾ ਸਦੀਵ ਕਾਰਜਸ਼ੀਲ ਹਿੱਸਾ ਬਣਾਉਣ ਲਈ ਆਪ ਜੀ ਨੇ ਮਹੱਤਵਪੂਰਨ ਯੋਗਦਾਨ ਪਾਇਆ।
ਚੌਥੇ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਦੀ ਦੇਖ-ਰੇਖ ਅਤੇ ਭਾਈ ਗੁਰਦਾਸ ਜੀ ਦੇ ਸੰਗ-ਸਾਥ ਵਿਚ ਵਿੱਦਿਆ ਹਾਸਲ ਕਰਦਿਆਂ ਭਾਰਤ ਦੀਆਂ ਕਈ ਪ੍ਰਮੁੱਖ ਭਾਸ਼ਾਵਾਂ ਜਿਵੇਂ ਸੰਸਕ੍ਰਿਤ, ਸਿੰਧੀ, ਫ਼ਾਰਸੀ ਆਦਿ ਵਿਚ ਵੀ ਮੁਹਾਰਤ ਹਾਸਲ ਕੀਤੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਹਿਲੇ ਚਾਰ ਗੁਰੂ ਸਾਹਿਬਾਨ ਦੁਆਰਾ ਸਿਰਜੇ ਤੇ ਵਿਕਸਿਤ ਕੀਤੇ ਅਖੁੱਟ ਖਜ਼ਾਨੇ ਵਿਚੋਂ ਗੁਰਮਤਿ ਸੰਗੀਤ ਦੀ ਅਗੰਮੀ ਮਰਿਯਾਦਤ ਦਾਤ, ਸ਼ਬਦ ਕੀਰਤਨ ਪਰੰਪਰਾ ਦੇ ਰੂਪ ਵਿਚ ਪ੍ਰਾਪਤ ਹੋਈ। ਸੰਨ ੧੫੮੧ ‘ਚ ਗੁਰਗੱਦੀ ਮਿਲਣ ਤੋਂ ਬਾਅਦ ਆਪ ਨੇ ਆਪਣਾ ਨਿਵਾਸ ਰਾਮਦਾਸਪੁਰ (ਅੰਮ੍ਰਿਤਸਰ) ਬਣਾ ਲਿਆ ਜਿੱਥੇ ਸਿੱਖ ਸੰਗਤਾਂ ਦੀ ਆਮਦ ਤੇਜ਼ੀ ਨਾਲ ਵੱਧਣ ਲੱਗੀ। ਇਥੇ ਹੀ ਆਪ ਜੀ ਨੇ ਸਿੱਖਾਂ ਵਿਚ ਸਿੱਖ ਸੰਸਥਾਵਾਂ ਦੀਆਂ ਨਵੀਆਂ ਬੁਨਿਆਦਾਂ ਦੀ ਸਮਝ ਤੇ ਉਨ੍ਹਾਂ ਦੀ ਮਹੱਤਤਾ ਦਾ ਵਿਲੱਖਣ ਰੂਪ ਪੇਸ਼ ਕੀਤਾ, ਜਿਨ੍ਹਾਂ ਵਿਚੋਂ ਗੁਰਮਤਿ ਸੰਗੀਤ ਪਰੰਪਰਾ ਵੀ ਪ੍ਰਮੁੱਖ ਰਹੀ।
ਗੁਰਮਤਿ ਸੰਗੀਤ ਦੇ ਵਿਕਾਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗ ਆਧਾਰਿਤ ਸੰਪਾਦਨਾ ਬੁਨਿਆਦੀ ਅਤੇ ਅਹਿਮ ਪਹਿਲੂ ਹੈ। ਸੰਨ ੧੬੦੪ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਤੋਂ ਇਲਾਵਾ ਗੁਰੂ ਸਾਹਿਬਾਨ ਦੇ ਸਮਕਾਲੀਨ ਤੇ ਪਹਿਲਾਂ ਹੋਏ ਸੰਤਾਂ, ਭਗਤਾਂ, ਰਬਾਬੀਆਂ, ਭੱਟਾਂ ਅਤੇ ਗੁਰੂ ਸਬੰਧੀਆਂ ਦੀ ਬਾਣੀ ਨੂੰ ਵਿਸ਼ੇਸ਼ ਸੰਪਾਦਨ ਜੁਗਤ ਨਾਲ ਸੰਪਾਦਿਤ ਕੀਤਾ। ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ‘ਚ ਰਾਗਾਂ ਦੀ ਪ੍ਰਧਾਨਤਾ ਰੱਖੀ ਤੇ ਸਾਰੀ ਬਾਣੀ ਰਾਗਾਂ ਅਨੁਸਾਰ ਕੀਤੀ। ਰਾਗਾਂ ਆਧਾਰਿਤ ਸੰਪਾਦਨ ਜੁਗਤ ਲਈ ੩੦ ਰਾਗ ਵਰਤੇ। ਗੁਰੂ ਸਾਹਿਬ ਨੇ ਖੁਦ ੩੦ ਰਾਗਾਂ ਅਤੇ ੧੬ ਰਾਗ ਪ੍ਰਕਾਰ, ਵਿਚ ਕੁੱਲ ੨੨੧੮ ਸ਼ਬਦਾਂ ਦੀ ਰਚਨਾ ਕੀਤੀ। ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ੩੧ ਰਾਗਾਂ ‘ਚ ਰਚੀ ਗਈ ਹੈ, ਜਿਨ੍ਹਾਂ ਵਿਚੋਂ ੩੧ਵੇਂ ਰਾਗ ਜੈਜਾਵੰਤੀ ਵਿਚ ਸਿਰਫ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੀ ਬਾਣੀ ਹੈ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਦੀ ਸੰਪਾਦਨਾ ਵੇਲੇ ਆਪਣੇ ਹੱਥੀਂ ਦਰਜ ਕੀਤੀ ਸੀ। ਮੁੱਖ ੩੧ ਰਾਗਾਂ ਦੇ ਵੀ ਅੱਗੋਂ ੩੧ ਵੱਖਰੇ ਰਾਗ ਪ੍ਰਕਾਰ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਨਾ ਕੀਤੀ ਅਤੇ ਉਥੇ ਗੁਰਮਤਿ ਸੰਗੀਤ ਨੂੰ ਸਥਾਈ ਮਰਿਯਾਦਾਬੱਧ ਸਥਾਪਨਾ ਦਿੰਦਿਆਂ ਅਖੰਡ ਕੀਰਤਨ ਦਾ ਪ੍ਰਵਾਹ ਸ਼ੁਰੂ ਕੀਤਾ, ਜੋ ਬੁਨਿਆਦੀ ਰੂਪ ‘ਚ ਅੱਜ ਤੱਕ ਨਿਰੰਤਰ ਜਾਰੀ ਹੈ। ਗੁਰਦੁਆਰਿਆਂ ‘ਚ ਰੋਜ਼ਾਨਾ ਮਰਿਯਾਦਾ ਸਹਿਤ ਅੰਮ੍ਰਿਤ ਵੇਲੇ ਗਾਇਨ ਕੀਤੀ ਜਾਂਦੀ ਆਸਾ ਦੀ ਵਾਰ ਦੀ ਰੀਤ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਆਰੰਭ ਕੀਤੀ ਸੀ। ਇਸ ਦੇ ਨਾਲ ਹੀ ਚਰਨ ਕਮਲ ਦੀ ਚੌਂਕੀ, ਜੋ ਸਵਾ ਪਹਿਰ ਦਿਨ ਚੜ੍ਹੇ ਲੱਗਦੀ ਹੈ ਅਤੇ ਸੋਦਰੁ ਦੀ ਚੌਂਕੀ ਸੰਞ ਵੇਲੇ (ਸੂਰਜ ਡੁੱਬਣ ਵੇਲੇ), ਆਰਤੀ ਦੀ ਚੌਂਕੀ, ਜਿਹੜੀ ‘ਸੋਦਰੁ’ ਦੀ ਚੌਂਕੀ ਤੋਂ ਬਾਅਦ ਅਰਦਾਸ ਉਪਰੰਤ ਲਗਾਈ ਜਾਂਦੀ ਹੈ ਅਤੇ ਕਾਨੜੇ ਜਾਂ ਕਲਿਆਣ ਦੀ ਚੌਂਕੀ, ਜੋ ਚਾਰ ਘੜੀ ਰਾਤ ਬੀਤਣ ‘ਤੇ ਲਗਾਈ ਜਾਂਦੀ ਹੈ ਤੇ ਇਸ ‘ਚ ਕਲਿਆਣ ਰਾਗ ਦੇ ਸ਼ਬਦ ਪੜ੍ਹੇ ਜਾਂਦੇ ਹਨ, ਇਨ੍ਹਾਂ ਰਾਗਾਤਮਕ ਚਾਰ ਕੀਰਤਨ ਚੌਂਕੀਆਂ ਨੂੰ ਸੰਸਥਾਗਤ ਰੂਪ ਵਿਚ ਸਥਾਪਿਤ ਤੇ ਵਿਕਸਿਤ ਕੀਤਾ। ਇਹ ਵਰਤਮਾਨ ਕਾਲ ਤੱਕ ਗੁਰਮਤਿ ਸੰਗੀਤ ਦੀ ਨਿਰੰਤਰ ਸਜੀਵ ਪਰੰਪਰਾ ਹੈ, ਜੋ ਹਰੇਕ ਗੁਰੂ-ਘਰ ਵਿਚ ਮਰਿਯਾਦਾ ਸਹਿਤ ਨਿਭਾਈ ਜਾਂਦੀ ਹੈ। ਇਹ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਗੁਰਮਤਿ ਸੰਗੀਤ ਨੂੰ ਬਖ਼ਸ਼ੀ ਇਕ ਮੌਲਿਕ ਖੂਬਸੂਰਤੀ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਸਥਾਪਿਤ ਕੀਤੀ ਕੀਰਤਨ ਮਰਿਯਾਦਾ ਅਨੁਸਾਰ ਸਰਦੀਆਂ ਵਿਚ ਘੱਟ ਤੋਂ ਘੱਟ ੧੯ ਘੰਟੇ ਤੇ ਗਰਮੀਆਂ ਵਿਚ ੨੧ ਘੰਟੇ ਗੁਰਬਾਣੀ ਦਾ ਨਿਰੰਤਰ ਕੀਰਤਨ ਹੁੰਦਾ ਹੈ, ਜਿਸ ਦੌਰਾਨ ਕੀਰਤਨਕਾਰ ਕੋਈ ਵਿਆਖਿਆ ਨਹੀਂ ਕਰ ਸਕਦਾ, ਨਾ ਹੀ ਸਟੇਜਾਂ ਵਾਂਗ ਕੋਈ ਸੂਚਨਾ ਹੀ ਦੇ ਸਕਦਾ ਹੈ। ਇਥੇ ਗੁਰਮਤਿ ਦੇ ਨਿਰਧਾਰਿਤ ਰਾਗਾਂ ਉੱਤੇ ਆਧਾਰਿਤ ਗੁਰਬਾਣੀ ਦੇ ਅਖੰਡ ਕੀਰਤਨ, ਅਰਦਾਸ ਅਤੇ ਮਹਾਂਵਾਕ ਤੋਂ ਛੁੱਟ ਕਿਸੇ ਪ੍ਰਕਾਰ ਦੇ ਬਚਨ-ਬਿਲਾਸ ਨਹੀਂ ਕੀਤੇ ਜਾ ਸਕਦੇ। ਦੁਨੀਆ ‘ਚ ਹੋਰ ਕਿਸੇ ਵੀ ਸ਼ਾਸਤਰੀ ਜਾਂ ਭਗਤੀ ਸੰਗੀਤ ਨੂੰ ਇੰਨੀ ਪ੍ਰਧਾਨਤਾ ਅਤੇ ਮੌਲਿਕਤਾ ਨਹੀਂ ਮਿਲੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਬਾਬੀ ਭਾਈ ਮਰਦਾਨਾ ਜੀ ਦੇ ਹੀ ਦੋ ਸ਼ਾਗਿਰਦ ਭਾਈ ਬਾਦੂ ਤੇ ਦਾਦੂ (ਜੋ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ‘ਚ ਕੀਰਤਨ ਕਰਦੇ ਸਨ) ਦੇ ਸਪੁੱਤਰ ਭਾਈ ਸੱਤਾ ਤੇ ਬਲਵੰਡ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹਜ਼ੂਰੀ ਰਾਗੀ ਨੀਯਤ ਕੀਤੇ ਗਏ। ਭਾਈ ਸੱਤਾ ਤੇ ਬਲਵੰਡ ਵਲੋਂ ਕੀਰਤਨ ਭੇਟਾ ਥੋੜ੍ਹੀ ਮਿਲਣ ਕਾਰਨ ਰੁੱਸ ਕੇ ਚਲੇ ਜਾਣ ਦੀ ਘਟਨਾ ਨੇ ਗੁਰਮਤਿ ਸੰਗੀਤ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਬੰਧ ਨੂੰ ਨਵਾਂ ਮੋੜ ਦਿੱਤਾ। ਭਾਵੇਂ ਕਿ ਬਾਅਦ ਵਿਚ ਗਲਤੀ ਦਾ ਅਹਿਸਾਸ ਹੋਣ ‘ਤੇ ਭਾਈ ਸੱਤਾ ਤੇ ਬਲਵੰਡ ‘ਬਖਸ਼ੰਦ’ ਗੁਰੂ ਅਰਜਨ ਦੇਵ ਜੀ ਤੋਂ ਮੁਆਫ਼ੀ ਮੰਗ ਕੇ ਫੇਰ ਗੁਰੂ-ਦਰਬਾਰ ਵਿਚ ਆ ਗਏ ਅਤੇ ਗੁਰੂ-ਉਸਤਤਿ ਹਿਤ ‘ਰਾਮਕਲੀ ਕੀ ਵਾਰ’ ਉਚਾਰਨ ਕੀਤੀ। ਪਰ ਇਸ ਘਟਨਾ ਤੋਂ ਬਾਅਦ ਗੁਰਮਤਿ ਸੰਗੀਤ ਤੇ ਕੀਰਤਨ ਪਰੰਪਰਾ ਦਾ ਸੰਕਲਪ ਤੇ ਮਨੋਰਥ ਬੜੇ ਨਿਰਾਲੇ ਤੇ ਨਾਯਾਬ ਰੂਪ ‘ਚ ਸਾਹਮਣੇ ਆਇਆ, ਜਿਸ ਤੋਂ ਸਪੱਸ਼ਟ ਹੋਇਆ ਕਿ ਗੁਰਬਾਣੀ ਕੀਰਤਨ ਦਾ ਸੰਚਾਰ ਰੂਪ, ਸੰਚਾਰ ਸੁਭਾਅ, ਸੰਚਾਰ ਪ੍ਰਭਾਵ ਅਤੇ ਸੰਚਾਰ ਮੰਤਵ, ਬ੍ਰਹਮ ਕੇਂਦਰਤ ਹੈ। ਇਹ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਸਾਧਨ ਹੈ। ਕੀਰਤਨ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ‘ਧੁਰ ਕੀ ਬਾਣੀ’ ਦੇ ਗੁਹਜ ਅਰਥ ਭਾਵ ਪ੍ਰਗਟਾਉਣਾ ਹੈ। ਇਹ ਗਾ ਕੇ ਪੈਸੇ ਕਮਾਉਣ ਵਾਲੀ ਕੋਈ ਆਮ ਰਾਗ ਵਿੱਦਿਆ ਨਹੀਂ, ਸਗੋਂ ਪਰਮਾਤਮਾ ਦੇ ਭਗਤਾਂ ਦਾ ਇਸ਼ਕ ਹੈ, ਇਬਾਦਤ ਹੈ।
ਭਾਈ ਸੱਤਾ ਤੇ ਬਲਵੰਡ ਦੇ ਰੁੱਸ ਕੇ ਚਲੇ ਜਾਣ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਆਪੂੰ ਸਿਰੰਦਾ ਪਕੜ ਕੀਰਤਨ ਕਰਨ ਲੱਗ ਪਏ ਤੇ ਸੰਗਤਾਂ ਨਾਲ ਰਲ ਪਈਆਂ। ਆਪ ਜੀ ਨੇ ਗੁਰਮਤਿ ਸੰਗੀਤ ਗਾਇਨ ਨੂੰ ਕਿਸੇ ਵਿਸ਼ੇਸ਼ ਸ਼੍ਰੇਣੀ ਲਈ ਰਾਖ਼ਵਾਂ ਰੱਖਣ ਦੀ ਥਾਂ ਆਮ ਸਿੱਖਾਂ ਨੂੰ ਵੀ ਕੀਰਤਨ ਕਰਨ ਵੱਲ ਉਤਸ਼ਾਹਿਤ ਕਰਦਿਆਂ ਖੁਦ ਕੀਰਤਨ ਸਿਖਾਉਣਾ ਸ਼ੁਰੂ ਕੀਤਾ। ਇਸ ਸੁਚੇਤ ਯਤਨ ਅਧੀਨ ਸਿੱਖ ਸੰਗਤਾਂ ਵਿਚ ਕੀਰਤਨ ਗਾਇਨ, ਸਾਜ਼ਾਂ ਦੀ ਸਿਖਲਾਈ ਅਤੇ ਕੀਰਤਨ ਗਾਇਨ ਦੇ ਲੋਕ ਸੰਗੀਤਕ ਪ੍ਰਵਾਹ ਦਾ ਆਗਾਜ਼ ਹੋਇਆ। ਇਸ ਦੌਰਾਨ ਕਈ ਨਿਸ਼ਕਾਮ ਕੀਰਤਨੀਏ ਸਾਹਮਣੇ ਆਏ ਜਿਨ੍ਹਾਂ ਵਿਚ ਭਾਈ ਦੀਪਾ, ਭਾਈ ਰੁਲਾ, ਭਾਈ ਨਾਰਾਇਣ ਦਾਸ, ਭਾਈ ਉਗਰਸੈਨ, ਭਾਈ ਝਾਜੂ, ਭਾਈ ਮੁਕੰਦ, ਭਾਈ ਕੇਦਾਰਾ ਆਦਿ ਉਸ ਸਮੇਂ ਦੇ ਇਤਿਹਾਸਕ ਤੌਰ ‘ਤੇ ਜ਼ਿਕਰਯੋਗ ਕੀਰਤਨੀਏ ਹਨ।
ਗੁਰਮਤਿ ਸੰਗੀਤ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੂਜੀਆਂ ਸੰਗੀਤ ਕਲਾਵਾਂ ਵਾਂਗ ਸਿਰਫ਼ ਕਲਾਕਾਰਾਂ ਦੀ ਗਾਉਣ ਕਲਾ ਅਤੇ ਸਰੋਤਿਆਂ ਦੇ ਕੰਨ ਰਸ ਤੱਕ ਹੀ ਸੀਮਤ ਨਹੀਂ ਰਹਿਣ ਦਿੱਤਾ ਸਗੋਂ ਗੁਰਮਤਿ ਸੰਗੀਤ ਨੂੰ ‘ਕੀਰਤਨ ਨਿਰਮੋਲਕ ਹੀਰਾ’ ਆਖ ਕੇ ਅਨੂਠੀ ਤੇ ਅਗੰਮੀ ਨੁਹਾਰ ਦਿੱਤੀ। ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ, ਇਕ ਵਾਰ ਭਾਈ ਝਾਜੂ, ਭਾਈ ਮੁਕੰਦਾ, ਭਾਈ ਕੇਦਾਰਾ ਅਤੇ ਕਲਿਆਨਾ ਜੀ ਨੇ ਜਦ ਗੁਰੂ ਜੀ ਕੋਲੋਂ ਪੁੱਛਿਆ ਕਿ ਉਨ੍ਹਾਂ ਦਾ ਉਧਾਰ ਕਿਵੇਂ ਹੋਵੇਗਾ ਤਾਂ ਮਹਾਰਾਜ ਨੇ ਫ਼ਰਮਾਇਆ : ਰਾਗਾਂ ਦੀ ਤੁਹਾਨੂੰ ਸੂਝ ਹੈ। ਕੀਰਤਨ ਕਰਿਆ ਕਰੋ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਲਜੁਗ ਵਿਚ ਕੀਰਤਨ ਦੀ ਮਹਾਨਤਾ ਨੂੰ ਇਉਂ ਉਜਾਗਰ ਕੀਤਾ :
ਕਲਜੁਗ ਮਹਿ ਕੀਰਤਨੁ ਪਰਧਾਨਾ॥
ਗੁਰਮੁਖਿ ਜਪੀਐ ਲਾਇ ਧਿਆਨਾ॥…॥੬॥ (੧੬॥੧॥੫॥)
(ਮਾਰੂ ਸੋਲਹੇ ਮਹਲਾ ੫, ਪੰਨਾ : ੧੦੭੫)
***
ਗੁਰਬਾਣੀ ਗਾਵਹ ਭਾਈ॥ ਓਹ ਸਫਲ ਸਦਾ ਸੁਖਦਾਈ…॥ ੨॥੧੭॥੮੧॥
(ਸੋਰਠਿ ਮ. ੫, ਪੰਨਾ : ੬੨੮)
***
ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ॥
ਕਹੁ ਨਾਨਕ ਜਿਸੁ ਸਤਿਗੁਰੁ ਪੂਰਾ॥੮॥੨॥
(ਗਉੜੀ ਮ. ੫, ਪੰਨਾ : ੨੩੬)
***
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥੧॥ (॥੪॥੩॥੫੦॥)
(ਸੂਹੀ ਮਹਲਾ ੫, ਪੰਨਾ : ੭੪੭)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਥੇ ਆਪਣੀ ਬਾਣੀ ‘ਚ ਰਾਗ ਵਿਸ਼ੇਸ਼ ਦੀ ਵਰਤੋਂ ਕਰਕੇ ਇਨ੍ਹਾਂ ਰਾਗਾਂ ਦੇ ਮਹੱਤਵ ਨੂੰ ਗੁਰਮਤਿ ਦ੍ਰਿਸ਼ਟੀਕੋਣ ਤੋਂ ਪ੍ਰਕਾਸ਼ਮਾਨ ਕੀਤਾ, ਉਥੇ ਬਾਣੀ ਰਾਹੀਂ ਕੀਰਤਨ ਦੀ ਮਹਾਨਤਾ ਦਾ ਵੀ ਬਾਖੂਬ ਵਿਖਿਆਨ ਕੀਤਾ।
ਹਾਲਾਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਗੁਰਬਾਣੀ ਕੀਰਤਨ ਲਈ ਵਿਸ਼ੇਸ਼ ਤੰਤੀ ਸਾਜ਼- ਰਬਾਬ, ਸਰੰਦਾ ਦੀ ਵਰਤੋਂ ਸ਼ੁਰੂ ਹੋਈ ਸੀ ਪਰ ਭਾਈ ਕਾਨ੍ਹ ਸਿੰਘ ਨਾਭਾ ਤੰਤੀ ਸਾਜ਼ ‘ਸਰੰਦਾ’ ਬਾਰੇ ਮਹਾਨ ਕੋਸ਼ ‘ਚ ਲਿਖਦੇ ਹਨ, ”ਇਹ ਉਤਮ ਸਵਰ ਦੇਣ ਵਾਲਾ ਤਾਰਦਾਰ ਸਾਜ਼ ਹੈ, ਜਿਸ ਨੂੰ ਗਜ਼ ਨਾਲ ਵਜਾਈਦਾ ਹੈ, ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਤਜਵੀਜ਼ ਨਾਲ ਬਣਾ ਕੇ ਸਿੱਖ ਰਾਗੀਆਂ ਨੂੰ ਬਖ਼ਸ਼ਿਆ ਅਤੇ ਵਜਾਉਣਾ ਸਿਖਾਇਆ।” ਕਈ ਪੁਰਾਤਨ ਸਾਖ਼ੀਆਂ ਵਿਚ ਵੀ ਮਿਲਦਾ ਹੈ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਲਈ ਸ੍ਰੀ ਗੁਰੂ ਅਮਰਦਾਸ ਜੀ ਦੇ ਵੱਡੇ ਸਪੁੱਤਰ ਭਾਈ ਮੋਹਨ ਜੀ ਕੋਲੋਂ ਗੋਇੰਦਵਾਲ ਸਾਹਿਬ ਵਿਖੇ ਪੂਰਬਲੇ ਗੁਰੂ ਸਾਹਿਬਾਨ ਦੀ ਬਾਣੀ ਦੀਆਂ ਪੋਥੀਆਂ ਲੈਣ ਗਏ ਤਾਂ ਉਨ੍ਹਾਂ ਉਥੇ ਸਰੰਦੇ ਨਾਲ ਅਗੰਮੀ ਕੀਰਤਨ ਵੀ ਕੀਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਰੰਦਾ ਅਤੇ ਇਕ ਤਬਲਾ ਅੱਜ ਵੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਥਿਤ ਕੇਂਦਰੀ ਸਿੱਖ ਅਜਾਇਬ ਘਰ ‘ਚ ਸ਼ੁਸ਼ੋਭਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੰਗੀਤ ਪ੍ਰਬੀਨਤਾ ਦੀ ਸਾਖ਼ੀ ਭਰਦਾ ਹੈ।
ਪ੍ਰਸਿੱਧ ਗੁਰਮਤਿ ਸੰਗੀਤ ਸ਼ਾਸਤਰੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਦੇ ਮੁਖੀ ਡਾ. ਗੁਰਨਾਮ ਸਿੰਘ ਅਨੁਸਾਰ, ਰਾਗ ਦੇ ਅਮੂਰਤ ਸਰੂਪ ਨੂੰ ਗੁਰਮਤਿ ਅਨੁਸਾਰ ‘ਧਿਆਨ’ ਰੂਪ ਵਿਚ ਵਰਣਿਤ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਰਤੀ ਸੰਗੀਤ ਦੀ ਰਾਗ ਧਿਆਨ ਪਰੰਪਰਾ ਨੂੰ ਵੀ ਨਵੀਂ ਦਿਸ਼ਾ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਵੱਖ-ਵੱਖ ਬਾਣੀ ਰੂਪਾਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਨੂੰ ਸਨਾਤਨੀ ਅਤੇ ਦੇਸੀ ਕਾਵਿ ਵਿਵਿਧਤਾ ਅਨੁਸਾਰ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਇਹ ਸਨਾਤਨੀ ਅਤੇ ਦੇਸੀ ਕਾਵਿ ਸ਼ਬਦ ਕੀਰਤਨ ਗਾਇਨ ਵਜੋਂ ਗੁਰਮਤਿ ਸੰਗੀਤ ਦੀਆਂ ਸ਼ਾਸਤਰੀ ਲੋਕ ਅੰਗ ਦੀਆਂ ਗਾਇਨ ਸ਼ੈਲੀਆਂ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਾਸਤੇ ਅਸ਼ਟਪਦੀ, ਪਦੇ, ਪੜਤਾਲ ਆਦਿ ਸਨਾਤਨੀ ਬਾਣੀ ਰੂਪ/ ਗਾਇਨ ਰੂਪ ਅਤੇ ਵਾਰਾਂ, ਛੰਤ, ਘੋੜੀਆਂ, ਅਲਾਹੁਣੀਆਂ ਆਦਿ ਲੋਕ ਬਾਣੀ ਰੂਪ/ਗਾਇਨ ਰੂਪਾਂ ਦੀ ਵਰਤੋਂ ਕੀਤੀ, ਜੋ ਗੁਰਮਤਿ ਸੰਗੀਤ ਦੀ ਖੁਬਸੂਰਤੀ ਦਾ ਇਕ ਨਿਵੇਕਲਾ ਰੂਪ ਹਨ। ਉਕਤ ਬਾਣੀ ਰੂਪਾਂ ਵਿਚੋਂ ਪੜਤਾਲ ਸ਼ਾਸਤਰੀ ਅੰਗ ਦੀ ਨਿਵੇਕਲੀ ਗਾਇਨ ਸ਼ੈਲੀ ਹੈ ਜੋ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਪ੍ਰਗਟ ਹੁੰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਇਕੋ-ਇਕ ਧਾਰਮਿਕ ਗ੍ਰੰਥ ਹੈ, ਜਿਸ ਦੀ ਸੰਪਾਦਨਾ ਰਾਗ ਆਧਾਰਿਤ ਖੂਬਸੂਰਤੀ ਦੀ ਲਖਾਇਕ ਹੈ। ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ ਆਧਾਰਿਤ ਕੀਤੀ ਸੰਪਾਦਨਾ ਅਤੇ ਗੁਰਮਤਿ ਸੰਗੀਤ ਪਰੰਪਰਾ ਦੀ ਸਥਾਈ ਤੇ ਮਰਿਯਾਦਾਬੱਧ ਰੂਪ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਸਥਾਪਤੀ, ਸਮੁੱਚੇ ਗੁਰਮਤਿ ਸੰਗੀਤ ਦੇ ਵਿਕਾਸ ਅਤੇ ਸਥਾਪਤੀ ਲਈ ਸਦੀਵੀ, ਮੌਲਿਕ ਅਤੇ ਮਹਾਨ ਦੇਣ ਹੈ।

Check Also

ਸਿੱਖ ਬੀਬੀਆਂ ਲਈ ਦਸਤਾਰ ਸਜਾਉਣ ਦਾ ਮਹੱਤਵ

ਤਲਵਿੰਦਰ ਸਿੰਘ ਬੁੱਟਰ ਪ੍ਰੋ. ਪੂਰਨ ਸਿੰਘ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ …