13.1 C
Toronto
Wednesday, October 15, 2025
spot_img
Homeਮੁੱਖ ਲੇਖਏਅਰ ਇੰਡੀਆ ਬੰਬ ਧਮਾਕੇ ਦੇ 40 ਸਾਲ ਬੀਤਣ ਬਾਅਦ ਵੀ ਸੱਚ ਸਾਹਮਣੇ...

ਏਅਰ ਇੰਡੀਆ ਬੰਬ ਧਮਾਕੇ ਦੇ 40 ਸਾਲ ਬੀਤਣ ਬਾਅਦ ਵੀ ਸੱਚ ਸਾਹਮਣੇ ਕਿਉਂ ਨਹੀਂ ਆਇਆ?

ਡਾ. ਗੁਰਵਿੰਦਰ ਸਿੰਘ
23 ਜੂਨ 2025 ਦੇ ਦਿਨ, ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ 40 ਸਾਲ ਪਹਿਲਾਂ ਕੈਨੇਡਾ ਨੇ ਆਪਣੇ ਇਤਿਹਾਸ ਦੇ ਸਭ ਤੋਂ ਘਾਤਕ ਅੱਤਵਾਦੀ ਹਮਲੇ ਦਾ ਸਾਹਮਣਾ ਕੀਤਾ ਸੀ। ਉਨ੍ਹਾਂ ਕਿਹਾ, ”ਅਸੀਂ ਏਅਰ ਇੰਡੀਆ ਬੰਬ ਧਮਾਕੇ ਦੇ 268 ਕੈਨੇਡੀਅਨ ਪੀੜਤਾਂ ਅਤੇ ਅੱਤਵਾਦ ਦੀਆਂ ਕਾਰਵਾਈਆਂ ਵਿਚ ਮਾਰੇ ਗਏ ਸਾਰੇ ਲੋਕਾਂ ਲਈ ਸੋਗ ਮਨਾਉਂਦੇ ਹਾਂ। ਇਹ ਹਿੰਸਕ ਕੱਟੜਵਾਦ ਨਾਲ ਲੜਨ ਅਤੇ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣ ਦੀ ਸਾਡੀ ਵਚਨਬੱਧਤਾ ਦੀ ਇਕ ਗੰਭੀਰ ਯਾਦ ਦਿਵਾਉਂਦਾ ਹੈ।” 40 ਸਾਲ ਪਹਿਲਾਂ, 23 ਜੂਨ 1985 ਦੇ ਦਿਨ, ਮੌਂਟਰੀਅਲ-ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਕਨਿਸ਼ਕ ਉਡਾਣ 182 ਵਿੱਚ ਬਰਤਾਨੀਆ ਦੇ ਹੀਥਰੋ ਹਵਾਈ ਅੱਡੇ ‘ਤੇ ਉਤਰਨ ਤੋਂ 45 ਮਿੰਟ ਪਹਿਲਾਂ ਬੰਬ ਧਮਾਕਾ ਹੋਇਆ ਸੀ, ਜਿਸ ‘ਚ ਜਹਾਜ਼ ਵਿੱਚ ਸਵਾਰ ਸਾਰੇ 329 ਵਿਅਕਤੀ ਮਾਰੇ ਗਏ ਸਨ। ਇਨ੍ਹਾਂ ‘ਚ ਘੱਟੋ-ਘੱਟ 268 ਕੈਨੇਡੀਅਨ ਨਾਗਰਿਕ ਸਨ, ਜਿਨ੍ਹਾਂ ‘ਚੋਂ ਵਧੇਰੇ ਭਾਰਤੀ ਮੂਲ ਦੇ ਸਨ।
ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਦਰਦਨਾਕ ਦਹਿਸ਼ਤਗਰਦੀ ਹਮਲਾ, ਏਅਰ ਇੰਡੀਆ ਜਹਾਜ਼ ਨੂੰ ਬੰਬ ਨਾਲ ਉਡਾਉਣ ਦਾ ਮੰਦਭਾਗਾ ਕਾਰਾ ਸੀ। ਦੁਖਦਾਇਕ ਗੱਲ ਇਹ ਹੈ ਕਿ 40 ਸਾਲ ਬੀਤਣ ਦੇ ਬਾਵਜੂਦ ਨਾ ਤਾਂ ਭਾਰਤ ਨੇ ਕਦੇ ਏਅਰ ਇੰਡੀਆ ਬੰਬ ਧਮਾਕੇ ਦੇ ਦੁਖਾਂਤ ਦੀ ਮੁਕੰਮਲ ਜਾਂਚ ਦਾ ਜ਼ੋਰ ਪਾਇਆ ਹੈ ਅਤੇ ਨਾ ਹੀ ਕੈਨੇਡਾ ਨੇ ਸੁਹਿਰਦਤਾ ਨਾਲ ਇਹ ਜਾਂਚ ਕੀਤੀ ਹੈ। ਰਿਟਾਇਰਡ ਜੱਜ ਜੌਹਨ ਮੇਜਰ ਦੀ ਅਗਵਾਈ ਵਿੱਚ ਕੀਤੀ ਗਈ ਜਾਂਚ ਵੀ ਮੁਕੰਮਲ ਨਹੀਂ ਕਹੀ ਜਾ ਸਕਦੀ। ਇੰਡੀਅਨ ਸਟੇਟ ਅਤੇ ਮੀਡੀਆ ਇਸ ਸਾਰੇ ਘਟਨਾਕ੍ਰਮ ਨੂੰ ਖਾਲਿਸਤਾਨ ਪੱਖੀ ਸਿੱਖਾਂ ਦੇ ਸਿਰ ਮੜ ਕੇ ਸੁਰਖਰੂ ਹੋਣ ਦੀ ਕੋਸ਼ਿਸ਼ ਵਿੱਚ ਹੈ। ਹਕੀਕਤ ਇਹ ਹੈ ਕਿ ਜੂਨ 1984 ਵਿੱਚ ਦਰਬਾਰ ਸਾਹਿਬ ਉੱਪਰ ਭਾਰਤ ਸਰਕਾਰ ਵੱਲੋਂ ਆਪਣੀਆਂ ਫੌਜਾਂ ਰਾਹੀਂ ਕੀਤੇ ਹਮਲੇ ਮਗਰੋਂ, ਦੁਨੀਆਂ ਭਰ ਵਿੱਚ ਸਿੱਖ ਕੌਮ ਨੂੰ ‘ਪੀੜਤ’ ਮੰਨਿਆ ਜਾ ਰਿਹਾ ਸੀ, ਪਰ ਇੱਕ ਸਾਲ ਦੇ ਵਿਚ-ਵਿਚ ਹੀ ਸਿੱਖਾਂ ਦਾ ਬਿਰਤਾਂਤ ਬਦਲਣਾ ਅਤੇ ਸਾਜਿਸ਼ੀ ਢੰਗ ਨਾਲ ਏਜੰਸੀਆਂ ਵੱਲੋਂ ਏਅਰ ਇੰਡੀਆ ਬੰਬ ਧਮਾਕਾ ਕੀਤਾ ਜਾਣਾ, ਸਿੱਖਾਂ ਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼ ਸੀ।
ਸਿਤਮਜ਼ਰੀਫੀ ਇਹ ਹੈ ਕਿ ਇਸ ਧਮਾਕੇ ਵਿਚ ਮਾਰੇ ਜਾਣ ਵਾਲੇ ਬਹੁਤਾਤ ਕੈਨੇਡੀਅਨ ਹੋਣ ਦੇ ਬਾਵਜੂਦ, ਕੈਨੇਡਾ ਨੇ ਵੀ ਇਸ ਨੂੰ ‘ਕੈਨੇਡੀਅਨ ਦੁਖਾਂਤ’ ਨਹੀਂ ਸਮਝਿਆ ਤੇ ਮੁਕੰਮਲ ਸੱਚਾਈ ਸਾਹਮਣੇ ਨਹੀਂ ਲਿਆਂਦੀ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨਾਲ ਜੁੜੇ ਹੋਏ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਇੰਕਸ਼ਾਫ ਕੀਤਾ ਹੈ ਕਿ ਉਹਨਾਂ ਜਸਟਿਸ ਜੌਹਨ ਮੇਜਰ ਸਾਹਮਣੇ ਇੱਕ ਅਜਿਹਾ ਗਵਾਹ ਪੇਸ਼ ਕਰਨ ਦਾ ਉਪਰਾਲਾ ਕੀਤਾ, ਜਿਸ ਨੇ ਏਅਰ ਇੰਡੀਆ ਮਾਮਲੇ ਬਾਰੇ ਡੂੰਘਾ ਸੱਚ ਸਾਹਮਣੇ ਲਿਆਂਦਾ ਸੀ। ਉਹ ਸਾਬਕਾ ਡੀਐਸਪੀ ਹਰਮੇਲ ਸਿੰਘ ਚੰਦੀ ਸੀ, ਜਿਸ ਦੀ ਮੌਜੂਦਗੀ ਵਿੱਚ ਬਬਰ ਖਾਲਸਾ ਜਥੇਬੰਦੀ ਮੁਖੀ ਤਲਵਿੰਦਰ ਸਿੰਘ ਬਬਰ ‘ਤੇ ਪੰਜਾਬ ਪੁਲਿਸ ਮੁਖੀ ਕੇਪੀਐਸ ਗਿੱਲ ਸਮੇਤ ਵੱਡੇ ਅਫਸਰਾਂ ਨੇ ਤਸ਼ਦਦ ਕੀਤਾ ਅਤੇ ਮਗਰੋਂ ਭਾਰਤੀ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਉੰਝ ਭਾਰਤ ਵੱਲੋਂ ਤਲਵਿੰਦਰ ਸਿੰਘ ਨੂੰ ਏਅਰ ਇੰਡੀਆ ਬੰਬ ਧਮਾਕੇ ਦੀ ਸਾਜਿਸ਼ ਦਾ ਮੁੱਖ ਘਾੜਾ ਕਿਹਾ ਜਾ ਰਿਹਾ ਸੀ, ਪਰ ਖੁਦ ਹੀ ਉਸ ਦਾ ਮੁਕਾਬਲਾ ਬਣਾ ਕੇ ਸਬੂਤ ਮਿਟਾ ਦਿੱਤੇ ਗਏ, ਤਾਂ ਕਿ ਸੱਚ ਸਾਹਮਣੇ ਨਾ ਸਕੇ। ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਅਤੇ ਸੀਨੀਅਰ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਸਾਬਕਾ ਡੀਐਸਪੀ ਹਰਮੇਲ ਸਿੰਘ ਚੰਦੀ ਨੂੰ ‘ਗਵਾਹ’ ਵਜੋਂ ਜੌਹਨ ਮੇਜਰ ਸਾਹਮਣੇ ਪੇਸ਼ ਕਰਨ ਲਈ ਕੈਨੇਡਾ ਲਿਆਂਦਾ, ਪਰ ਹੈਰਾਨੀ ਦੀ ਗੱਲ ਇਹ ਸੀ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਇਹ ਗਵਾਹ ਕੈਨੇਡੀਅਨ ਏਜੰਸੀਆਂ ਨੇ ਆਪਣੇ ਹੱਥ ਵਿਚ ਕਰ ਲਿਆ ਅਤੇ ਅਤੇ ਤਲਵਿੰਦਰ ਸਿੰਘ ਬਬਰ ਦੇ ਝੂਠੇ ਪੁਲਿਸ ਮੁਕਾਬਲੇ ਦਾ ਮਾਮਲਾ ਹੀ ਰਫਾ-ਦਫਾ ਕਰ ਦਿੱਤਾ।
ਸਚਾਈ ਇਹ ਹੈ ਕਿ ਸੁਣਵਾਈ ਦੌਰਾਨ ਇਸ ਗਵਾਹ ਨੇ ਓਹ ਟੇਪਾਂ ਵੀ ਪੇਸ਼ ਕੀਤੀਆਂ, ਜਿਸ ਵਿੱਚ ਤਲਵਿੰਦਰ ਸਿੰਘ ਬਬਰ ਨੂੰ ਜਿਉਂਦਿਆਂ ਫੜੇ ਹੋਣ ਦੀ ਆਡੀਓ ਰਿਕਾਰਡਿੰਗ ਵੀ ਮੌਜੂਦ ਸੀ। ਰਾਜਵਿੰਦਰ ਸਿੰਘ ਬੈਂਸ ਹੋਰਾਂ ਨੇ ਹੈਰਾਨੀ ਪ੍ਰਗਟਾਈ ਕਿ ਏਅਰ ਇੰਡੀਆ ਮਾਮਲੇ ਸਬੰਧੀ ਡੂੰਘੇ ਇੰਕਸ਼ਾਫ਼ ਦੇ ਬਾਵਜੂਦ ਕੈਨੇਡਾ ਦੀ, ਜਾਂਚ ਕਰ ਰਹੀ ਧਿਰ ਨੇ ਉਹਨਾਂ ਦੀ ਗੱਲ ਤੱਕ ਨਹੀਂ ਗੌਲੀ। ਇਸ ਤੋਂ ਲੱਗਦਾ ਹੈ ਕਿ ਇਹ ਬੰਬ ਧਮਾਕੇ ਦੇ ਮਾਮਲੇ ਵਿੱਚ ਭਾਰਤ ਦੇ ਨਾਲ-ਨਾਲ ਕੈਨੇਡਾ ਦੀਆਂ ਏਜੰਸੀਆਂ ਦੀ ਵੀ ਸੁਹਿਰਦਤਾ ਨਾਲ ਜਾਂਚ ਨਾ ਕਰਨ ਪ੍ਰਤੀ ਸਹਿਮਤੀ ਸੀ। ਕੌਮਾਂਤਰੀ ਮੰਚ ‘ਤੇ ਜੀਓ ਪੋਲਿਟਿਕਸ ਦੇ ਮੱਦੇਨਜ਼ਰ ਅਜਿਹੀਆਂ ਨਾਪਾਕ ਸਹਿਮਤੀਆਂ ਹੈਰਾਨੀਜਨਕ ਨਹੀਂ। ਸ਼ਾਇਦ ਇਸੇ ਕਾਰਨ ਹੀ ਸੀਸਸ ਵੱਲੋਂ ਏਅਰ ਇੰਡੀਆ ਬੰਬ ਧਮਾਕੇ ਸਬੰਧੀ ਟੇਪਾਂ ਨਸ਼ਟ ਕੀਤੀਆਂ ਜਾਣੀਆਂ, ਗਵਾਹਾਂ ਨੂੰ ਖੁਰਦ-ਬੁਰਦ ਕੀਤਾ ਜਾਣਾ ਅਤੇ ਮਾਮਲੇ ਪ੍ਰਤੀ ਸੰਜੀਦਗੀ ਨਾ ਹੋਣੀ ਕਿਹਾ ਜਾ ਸਕਦਾ ਹੈ।
ਏਅਰ ਇੰਡੀਆ ਬੰਬ ਧਮਾਕੇ ਦੇ ਸਬੰਧ ਵਿੱਚ ਕਈ ਪੱਤਰਕਾਰਾਂ ਅਤੇ ਲੇਖਕਾਂ ਦੀਆਂ ਟਿੱਪਣੀਆਂ ਇਸ ਲੇਖ ਵਿੱਚ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ, ਤਾਂ ਕਿ ਸਚਾਈ ਸਾਹਮਣੇ ਆ ਸਕੇ। ’84 ਦੇ ਦੌਰ ਵਿੱਚ ਮਲੋਏ ਕ੍ਰਿਸ਼ਨ ਧਰ, ਰਾਅ ਦਾ ਕੈਨੇਡਾ ਵਿੱਚ ਏਜੰਟ ਸੀ, ਜਿਸ ਨੇ ‘ਖੁੱਲੇ ਭੇਦ’ ਕਿਤਾਬ ਵਿੱਚ ਲਿਖਿਆ ਹੈ ਕਿ ਏਅਰ ਇੰਡੀਆ ਬੰਬ ਧਮਾਕੇ ਵਰਗੇ ਖਤਰੇ ਤੋਂ ਉਹਨਾਂ ਪਹਿਲਾਂ ਹੀ ਭਾਰਤ ਨੂੰ ਜਾਣੂੰ ਕਰਵਾ ਦਿੱਤਾ ਸੀ, ਪਰ ਇਸ ਨੂੰ ਰੋਕਣ ਲਈ ਕੋਈ ਉਪਾਅ ਨਹੀਂ ਕੀਤਾ ਗਿਆ। ਇਸ ਪੱਤਰਕਾਰ ਨਾਲ ਇੱਕ ਵਾਰ ਇੰਟਰਵਿਊ ਦੌਰਾਨ ਐਮ. ਕੇ. ਧਰ ਨੇ ਇਥੋਂ ਤੱਕ ਦੱਸਿਆ ਕਿ ਸਿੱਖਾਂ ਵਿੱਚ ਘੁਸਪੈਠ ਕਰਨ ਲਈ ਉਹਨਾਂ ਭਾਰਤੀ ਏਜੰਟਾਂ ਨੇ ਪੰਜਾਬੀ ਸਿੱਖੀ, ਗੁਰਬਾਣੀ ਕੀਰਤਨ ਸਿੱਖਿਆ ਅਤੇ ਸਿੱਖ ਜਥੇਬੰਦੀਆਂ ਨਾਲ ਤਾਲ-ਮੇਲ ਸਥਾਪਿਤ ਕੀਤਾ। ਕਿਤਾਬ ਵਿੱਚ ਉਸ ਨੇ ਇਹ ਵੀ ਇੰਕਸ਼ਾਫ ਕੀਤਾ ਕਿ ਇਹ ਇੰਡੀਆ ਬੰਬ ਧਮਾਕੇ ਦੇ ਖਤਰੇ ਤੋਂ ਭਾਰਤੀ ਐਂਬੈਸੀ ਨੂੰ ਜਾਣੂੰ ਕਰਵਾਉਣ ਮਗਰੋਂ ਵੀ, ਭਾਰਤ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਕਿ ਅਜਿਹਾ ਰੋਕਿਆ ਜਾਏ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਦਰਬਾਰ ਸਾਹਿਬ ਦੇ ਹਮਲੇ ਅਤੇ ਸਿੱਖ ਨਸਲਕੁਸ਼ੀ ਦੇ ਦੁਖਾਂਤ ਮਗਰੋਂ ਸਿੱਖਾਂ ਦੇ ਜਜ਼ਬਾਤ ਦਾ ਲਾਹਾ ਲੈਣ ਲਈ ਅਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਵੱਲੋਂ ਵੱਡੇ ਪੱਧਰ ਤੇ ਸਾਜਿਸ਼ ਘੜੀ ਗਈ ਸੀ।
ਏਅਰ ਇੰਡੀਆ ਬੰਬ ਧਮਾਕੇ ਤੋਂ ਤੁਰੰਤ ਬਾਅਦ ਕੈਨੇਡਾ ਦੇ ਪੰਜਾਬੀ ਅਖਬਾਰਾਂ ਵਿੱਚ ਜੋ ਰਿਪੋਰਟਾਂ ਛਪੀਆਂ, ਉਨ੍ਹਾਂ ਵਿੱਚੋਂ 28 ਜੂਨ 1985 ਦੇ ਇੰਡੋ-ਕਨੇਡੀਅਨ ਟਾਇਮਜ਼ ਸਮਾਚਾਰ ਪੱਤਰ ਦੇ ਮੁੱਖ ਸੰਪਾਦਕ ਪੱਤਰਕਾਰ ਤਾਰਾ ਸਿੰਘ ਹੇਅਰ ਦੀ ਲਿਖਤ ਗੌਰ ਕਰਨਯੋਗ ਹੈ, ਜਿਸ ਵਿੱਚ ਇਹ ਲਿਖਿਆ ਮਿਲਦਾ ਹੈ, ”ਉੱਤਰੀ ਅਮਰੀਕਾ ਵਿਚ ਰਹਿਣ ਵਾਲੇ ਭਾਰਤ ਸਰਕਾਰ ਦੇ ਚਮਚਿਆਂ ਨੇ, ਇਹ ਜ਼ਿੰਮੇਵਾਰੀ ਬਦੋ-ਬਦੀ ਸਿੱਖ ਕੌਮ ਦੇ ਸਿਰ ਮੜ੍ਹਨੀ ਚਾਹੀ ਹੈ, ਹਾਲਾਂ ਕਿ ਸਿੱਖ ਕੌਮ ਦੇ ਸਾਡੇ ਲੀਡਰਾਂ ਨੇ ਇਸ ਦੀ ਨਿਖੇਧੀ ਕੀਤੀ ਹੈ।” ਇੰਡੋ-ਕਨੇਡੀਅਨ ਟਾਇਮਜ਼ ਸਮਾਚਾਰ ਦੀ ਇਸ ਖਬਰ ਤੋਂ ਸਪੱਸ਼ਟ ਹੈ ਕਿ ਏਅਰ ਇੰਡੀਆ ਹਮਲਾ ਸਿੱਖਾਂ ਨਾਲ ਜੋੜਨਾ, ਸਰਕਾਰ ਦੀ ਡੂੰਘੀ ਚਾਲ ਸੀ। ਸਮਾਚਾਰ ਪੱਤਰ ਵਿਚ ਸਥਿਤੀ ਹੋਰ ਸਪੱਸ਼ਟ ਕਰਦਿਆਂ ਇਉਂ ਅੰਕਿਤ ਕੀਤਾ ਗਿਆ ਹੈ, ”ਕੁਝ ਸਿੱਖ ਵਿਰੋਧੀ ਅਨਸਰਾਂ ਨੇ ਕਿਹਾ ਹੈ ਕਿ ਇੱਥੇ (ਕੈਨੇਡਾ ਵਿੱਚ) ਦਸ਼ਮੇਸ਼ ਰੈਜਮੈਂਟ ਹੈ, ਪਰ ਇੰਡੋ-ਕਨੇਡੀਅਨ ਟਾਇਮਜ਼ ਦੀ ਖੋਜ ਤੋਂ ਪਤਾ ਲੱਗਾ ਹੈ ਕਿ ਇਹ ਸੰਸਥਾ ਨੌਜਵਾਨਾਂ ਦੇ ਮਨਾਂ ਵਿਚ ਹੀ ਹੈ, ਜਿਸ ਦੀ ਹੋਂਦ ਉਨ੍ਹਾਂ ਪੰਜਾਬ ਵਿਚ ਇਸ ਰੈਜਮੈਂਟ ਵੱਲੋਂ ਸੋਧੇ ਸਿੱਖ ਵਿਰੋਧੀ ਅਨਸਰਾਂ ਤੋਂ ਲਾਈ ਹੈ। ਜੇ ਇੱਥੇ ਦਸ਼ਮੇਸ਼ ਰੈਜਮੈਂਟ ਹੁੰਦੀ, ਤਾਂ ਵੈਨਕੂਵਰ ਵਿਚ ਸਿੱਖ ਵਿਰੋਧੀ ਅਨਸਰ ਸਰਗਰਮ ਰਹਿੰਦਾ? ਹਾਂ, ਇਸ ਤਰ੍ਹਾਂ ਦੀਆਂ ਤੁਖਣੀਆਂ ਦੇ ਕੇ ਸਿੱਖ ਵਿਰੋਧੀ ਅਨਸਰ ਦਸ਼ਮੇਸ਼ ਰੈਜਮੈਂਟ ਪੈਦਾ ਭਾਵੇਂ ਕਰ ਦੇਣ।”
ਏਅਰ ਇੰਡੀਆ ਦੁਖਾਂਤ ਦੇ ਹਫਤੇ ਦੇ ਅੰਦਰ ਪ੍ਰਕਾਸ਼ਤ ਹੋਣ ਵਾਲੇ ਇੰਡੋ-ਕਨੇਡੀਅਨ ਟਾਇਮਜ਼ ਅਖ਼ਬਾਰ ਵਿੱਚ ਭਾਰਤ ਸਰਕਾਰ ਅਤੇ ਭਾਰਤੀ ਏਜੰਸੀਆਂ ਵੱਲੋਂ ਸਿੱਖਾਂ ਨੂੰ ਬਦਨਾਮ ਕਰਨ ਲਈ ਘੜ ਜਾ ਰਹੇ ਬਿਰਤਾਂਤ ਨੂੰ ਬਹੁਤ ਸਪਸ਼ਟ ਰੂਪ ਵਿੱਚ ਬਿਆਨ ਕੀਤਾ ਗਿਆ ਹੈ, ”ਜਿਹੜਾ ਦੋਸ਼ ਸਿੱਖਾਂ ਉਪਰ ਥੋਪਿਆ ਜਾ ਰਿਹਾ ਹੈ, ਸਿੱਖ ਵਿਰੋਧੀ ਅਨਸਰਾਂ ਨੂੰ ਸਿੱਖਾਂ ਵਿਰੁੱਧ ਕਾਰਵਾਈ ਕਰਵਾਈ ਜਾਣ ਵਿਚ ਫਾਇਦਾ ਹੈ, ਕਿਉਂਕਿ ਤਾਂ ਹੀ ਉਨ੍ਹਾਂ ਲਈ ਸਰਕਾਰੀ ਤਿਜੌਰੀਆਂ ਦੇ ਮੂੰਹ ਖੁੱਲ੍ਹਦੇ ਹਨ ਅਤੇ ਅਖ਼ਬਾਰ, ਟੀਵੀ ਵਾਲੇ ਵੀ ਉਨ੍ਹਾਂ ਪਿੱਛੇ ਫਿਰਨਗੇ। ਇਹੀ ਕਾਰਨ ਹੈ ਕਿ ਇਹ ਲੋਕ ‘ਕਿਸੇ ਘਟਨਾ ਦੇ ਵਾਪਰਨ ਤੋਂ ਮਿੰਟਾਂ ਪਿੱਛੋਂ ਹੀ’ ਸਿੱਖਾਂ ‘ਤੇ ਦੋਸ਼ ਥੱਪਣ ਦੀ ਕਾਰਵਾਈ ਸ਼ੁਰੂ ਕਰ ਦਿੰਦੇ ਹਨ।” 23 ਜੂਨ 1985 ਨੂੰ ਏਅਰ ਇੰਡੀਆ ਬੰਬ ਧਮਾਕਾ ਹੁੰਦਾ ਹੈ ਅਤੇ 28 ਜੂਨ 1985 ਨੂੰ ਇੰਡੋ-ਕਨੇਡੀਅਨ ਟਾਇਮਜ਼ ਦਾ ਮੁੱਖ ਸੰਪਾਦਕ ਪੱਤਰਕਾਰ ਤਾਰਾ ਸਿੰਘ ਹੇਅਰ ਲਿਖਦਾ ਹੈ; ”ਕੁਝ ਸਿੱਖ ਲੀਡਰਾਂ ਨੇ ਇਸ ਗੱਲ ਦਾ ਤੌਖਲਾ ਵੀ ਜ਼ਾਹਰ ਕੀਤਾ ਹੈ ਕਿ ਇਹ ਕੰਮ ਹਿੰਦ ਸਰਕਾਰ ਦੇ ਇਸ਼ਾਰੇ ‘ਤੇ ਵੀ ਹੋ ਸਕਦਾ ਹੈ, ਕਿਉਂਕਿ ਉਹ ਦੁਨੀਆਂ ਵਿਚ ਸਿੱਖਾਂ ਨੂੰ ਅੱਤਵਾਦੀ ਬਣਾਉਣ ਤੇ ਤੁਲੀ ਹਈ ਹੈ।”
ਏਅਰ ਇੰਡੀਆ ਬੰਬ ਧਮਾਕੇ ਦੇ ਦੁਖਾਂਤ ਨੂੰ ਅੰਜਾਮ ਦੇਣ ਲਈ ਇੰਡੀਅਨ ਏਜੰਸੀਆਂ ਕਿਥੋਂ ਤੱਕ ਜਾ ਸਕਦੀਆਂ ਹਨ, ਇਸ ਬਾਰੇ ਇੰਡੋ-ਕਨੇਡੀਅਨ ਟਾਇਮਜ਼ ਅਖਬਾਰ ਵਿੱਚ ਇਹ ਲਿਖਿਆ ਮਿਲਦਾ ਹੈ, ”ਸਰਕਾਰ ਆਪਣੀਆਂ ਨੀਹਾਂ ਮਜ਼ਬੂਤ ਕਰਨ ਲਈ ਸਿੱਖ ਕੌਮ ਨੂੰ ਖਤਮ ਕਰਨਾ ਚਾਹੰਦੀ ਹੈ ਅਤੇ ਅਜਿਹਾ ਕਰਨ ਲਈ ਘੜੀਆਂ ਸਾਜ਼ਿਸ਼ਾਂ ਦੇ ਅੰਤਰਗਤ ਤਿੰਨ-ਸਾਢੇ ਤਿੰਨ ਸੌ ਮੁਸਾਫ਼ਰਾਂ ਦੀ ਹੱਤਿਆ ਕਰ ਦੇਣਾ ਕੋਈ ਵੱਡੀ ਗੱਲ ਨਹੀਂ, ਕਿਉਂਕਿ ਰਾਜ ਸੱਤਾ ਲਈ ਪਹਿਲਾਂ ਵੀ ਲੱਖਾਂ ਬੋਧੀਆਂ ਨੂੰ ਮੁਕਾਏ ਜਾਣ ਅਤੇ ਕਈ ਹੋਰ ਕਤਲੇਆਮ ਕੀਤੇ ਜਾਣ ਦੀਆਂ ਸਾਜ਼ਿਸ਼ਾਂ ਵਾਪਰ ਚੁੱਕੀਆਂ ਹਨ।”
ਲੱਖਾਂ ਬੋਧੀਆਂ ਨੂੰ ਖਤਮ ਕਰਨ ਦਾ ਬਿਰਤਾਂਤ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਨਸਲਕੁਸ਼ੀ ਨੂੰ ਸਮਝਣ ਲਈ ਬੇਹੱਦ ਗੌਰਕਰਨ ਯੋਗ ਹੈ। ਅਖਬਾਰ ਦੇ ਸੰਪਾਦਕ ਤਾਰਾ ਸਿੰਘ ਹੇਅਰ ਵੱਲੋਂ ਏਅਰ ਇੰਡੀਆ ਦੁਖਾਂਤ ਤੋਂ ਬਾਅਦ ਪ੍ਰਕਾਸ਼ਤ ਇੰਡੋ-ਕਨੇਡੀਅਨ ਟਾਇਮਜ਼ ਅਖ਼ਬਾਰ ਦੇ ਅੰਕਾਂ ਵਿੱਚ ਅਜਿਹੇ ਤੱਤ ਬਿਆਨ ਕੀਤੇ ਗਏ ਹਨ, ਜੋ ਦਰਸਾਉਂਦੇ ਹਨ ਕਿ ਅਜਿਹਾ ਬੰਬ ਧਮਾਕਾ ਭਾਰਤੀ ਏਜੰਸੀਆਂ ਵੱਲੋਂ ਕੀਤੇ ਜਾਣ ਦੇ ਗੰਭੀਰ ਖ਼ਦਸ਼ੇ ਨਜ਼ਰ ਆਉਂਦੇ ਸਨ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ 90ਵਿਆਂ ਵਿੱਚ ਇੰਡੋ-ਕੈਨੇਡੀਅਨ ਟਾਈਮਜ਼ ਦੇ ਮੁੱਖ ਸੰਪਾਦਕ ਤਾਰਾ ਸਿੰਘ ਹੇਅਰ ਦੀ ਯੂ-ਟਰਨ ਵਾਲੀ ਗੱਲ ਹੈਰਾਨੀਜਨਕ ਵੀ ਹੈ ਅਤੇ ਸ਼ੱਕੀ ਵੀ, ਜਿੱਥੇ ਉਹ ਲਿਖਦਾ ਹੈ ਕਿ ਇਹ ਬੰਬ ਧਮਾਕਾ ਗਰਮ ਖਿਆਲੀ ਸਿੱਖ ਖਾੜਕੂਆਂ ਵੱਲੋਂ ਕਰਵਾਇਆ ਗਿਆ।
ਏਅਰ ਇੰਡੀਆ ਬੰਬ ਧਮਾਕੇ ਲਈ ਭਾਰਤੀ ਏਜੰਸੀਆਂ ਦੀ ਸ਼ੱਕੀ ਭੂਮਿਕਾ ਬਾਰੇ ਇੰਡੋ-ਕਨੇਡੀਅਨ ਟਾਇਮਜ਼ ਦੀ ਸਮਕਾਲੀ ਬਿਆਨਬਾਜ਼ੀ ਅਤੇ ਇਕ ਦਹਾਕਾ ਮਗਰੋਂ ਦੇ ਬਿਆਨ ਵਿਚ, ਵੱਡਾ ਅੰਤਰ ਨਜ਼ਰ ਆਉਂਦਾ ਹੈ। ਸਵਾਲ ਇਹ ਉੱਠਦਾ ਹੈ ਕਿ ਜੇਕਰ ਏਅਰ ਇੰਡੀਆ ਬੰਬ ਧਮਾਕੇ ਤੋਂ ਮਗਰੋਂ ਇੰਡੋ-ਕਨੇਡੀਅਨ ਟਾਇਮਜ਼ ਅਖ਼ਬਾਰ ਇਹ ਨਿਰਣਾ ਦਿੰਦਾ ਹੈ ਕਿ ਹਮਲਾ ਸਿੱਖਾਂ ਨੂੰ ਬਦਨਾਮ ਕਰਨ ਦੀ ਚਾਲ ਹੈ, ਤਦ ਕਈ ਵਰ੍ਹੇ ਮਗਰੋਂ ਇਹ ਨਤੀਜਾ ਕੱਢੇ ਜਾਣ ਪਿੱਛੇ ਕੀ ਕਾਰਨ ਹੈ ਕਿ ਇਹ ਹਮਲਾ ਸਿੱਖ ਖਾੜਕੂਆਂ ਵੱਲੋਂ ਕਰਵਾਇਆ ਗਿਆ ਸੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 2 ਨਵੰਬਰ 1998 ਨੂੰ ਪੱਤਰਕਾਰ ਤਾਰਾ ਸਿੰਘ ਹੇਅਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਬਾਰੇ ਅਜੇ ਤਕ ਕੋਈ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ। ਪਰ ‘ਇਹ ਧਾਰਨਾ’ ਬਣਾ ਲਈ ਹੈ ਕਿ ਇਹ ਕਤਲ ਖਾਲਿਸਤਾਨੀਆਂ ਵੱਲੋਂ ਕੀਤਾ ਗਿਆ ਹੋ ਸਕਦਾ ਹੈ, ਕਿਉਂਕਿ ਤਾਰਾ ਸਿੰਘ ਹੇਅਰ ਉਨ੍ਹਾਂ ਵਿਰੁੱਧ ਏਅਰ ਇੰਡੀਆ ਬੰਬ ਧਮਾਕੇ ਦਾ ਗਵਾਹ ਬਣ ਗਿਆ ਸੀ।
ਇਹ ਸੱਚ ਹੈ ਕਿ ਏਅਰ ਇੰਡੀਆ ਬੰਬ ਧਮਾਕੇ ਦੇ ਦੁਖਾਂਤ, ਕੈਨੇਡੀਅਨ ਦੁਖਾਂਤ ਸੀ, ਨਾ ਕਿ ਨਿਰਾ ਭਾਰਤੀ, ਪਰ ਇਸ ਨੂੰ ਕਦੇ ਵੀ ਇਨਸਾਫ ਲਈ ਕੈਨੇਡੀਅਨ ਦੁਖਾਂਤ ਨਹੀਂ ਸਮਝਿਆ ਗਿਆ। ਕੈਨੇਡੀਅਨ ਏਜੰਸੀਆਂ ਦੀ ਭੂਮਿਕਾ ਸਾਰਥਕ ਨਹੀਂ ਰਹੀ ਅਤੇ ਖਾਸ ਤੌਰ ‘ਤੇ ਭਾਰਤੀ ਏਜੰਸੀਆਂ ਦੀ ਸ਼ੱਕੀ ਭੂਮਿਕਾ ਬਾਰੇ ਬਣਦੀ ਜਾਂਚ ਨਹੀਂ ਕੀਤੀ ਗਈ। ਏਅਰ ਇੰਡੀਆ ਬੰਬ ਧਮਾਕੇ ਦੇ ਦੁਖਾਂਤ ਬਾਰੇ ਲੇਖਕ ਤੇ ਪੱਤਰਕਾਰ ਜ਼ੁਹੈਰ ਕਸ਼ਮੀਰੀ ਦੀ ਕਿਤਾਬ ‘ਸਾਫਟ ਟਾਰਗੇਟ’ ਖੋਜ ਭਰਪੂਰ ਹੈ, ਇਸ ਰਾਹੀਂ ਪੱਤਰਕਾਰ ਨੇ ਗੁੱਝੇ ਭੇਦ ਅਤੇ ਲੁਕਵੇਂ ਸੱਚ ਸਾਹਮਣੇ ਲਿਆਉਣ ਦੀ ਕੋਸ ਿਕੀਤੀ ਹੈ। ਜ਼ੁਹੈਰ ਕਸ਼ਮੀਰੀ ਦਾ ਜਨਮ ਮੁੰਬਈ ਵਿਚ ਹੋਇਆ ਤੇ ਕਸ਼ਮੀਰੀ ਨੇ ਆਪਣਾ ਪੱਤਰਕਾਰੀ ਦਾ ਸਫਰ ਇੰਡੀਅਨ ਐਕਸਪ੍ਰੈਸ ਅਖਬਾਰ ਤੋਂ ਸ਼ੁਰੂ ਕੀਤਾ। ਉਸਨੇ ਕੈਨੇਡਾ ਜਾ ਕੇ ਵੀ ਪੱਤਰਕਾਰੀ ਕਿੱਤਾ ਜਾਰੀ ਰੱਖਿਆ ਤੇ ਪੱਤਰਕਾਰੀ ਦੇ ਖੇਤਰ ਵਿਚ ਵੱਡਾ ਮੁਕਾਮ ਹਾਸਲ ਕੀਤਾ। ਇਸ ਪੱਤਰਕਾਰ ਨੇ 23 ਜੂਨ 1985 ਵਿਚ ਏਅਰ ਇੰਡੀਆ ਦੇ ਜਹਾਜ਼ ਵਿਚ ਹੋਏ ਬੰਬ ਧਮਾਕੇ ਬਾਰੇ ਬੇਬਾਕੀ ਨਾਲ ਲਿਖਿਆ। ਜ਼ੁਹੈਰ ਕਸ਼ਮੀਰੀ ਨੇ ਆਪਣੀਆਂ ਖਬਰਾਂ ਤੇ ਲੇਖਾਂ ਰਾਹੀਂ ਇਹ ਗੱਲ ਸਾਹਮਣੇ ਲਿਆਂਦੀ ਕਿ ਭਾਰਤ ਸਰਕਾਰ ਕੈਨੇਡਾ ਵਿਚ ਇਕ ਖੁਫੀਆ ਮੁਹਿੰਮ ਚਲਾ ਕੇ, ਸਿੱਖਾਂ ਨੂੰ ਬਦਨਾਮ ਕਰਨ ਦੀਆਂ ਚਾਲਾਂ ਚਲ ਰਹੀ ਸੀ।
23 ਜੂਨ 1985 ਨੂੰ ਹੋਏ ਇੰਡੀਆ ਬੰਬ ਧਮਾਕੇ ਤੋਂ ਚਾਰ ਸਾਲ ਬਾਅਦ ਪੱਤਰਕਾਰ ਕਸ਼ਮੀਰੀ ਨੇ ਆਪਣੇ ਸਾਥੀ ਪੱਤਕਾਰ ਬਰਾਇਨ ਮੈਕਐਂਡਰਿਊ ਨਾਲ ਘੋਖ ਪੜਤਾਲ ਕਰਕੇ ”ਸੋਫਟ ਟਾਰਗਟ: ਹਓ ਦਾ ਇੰਡੀਅਨ ਇੰਟੈਲੀਜੈਂਸ ਸਰਵਸਿਸ ਪੈਨੀਟਰੇਟਿਡ ਕੈਨੇਡਾ” (ਸੁਖਾਲਾ ਨਿਸ਼ਾਨਾ: ਭਾਰਤੀ ਖੂਫੀਆ ਏਜੰਸੀਆਂ ਦੀ ਕੈਨੇਡਾ ਵਿਚ ਦਖਲ ਅੰਦਾਜ਼ੀ) ਨਾਂ ਦੀ ਕਿਤਾਬ ਲਿਖੀ, ਜਿਸ ਵਿਚ ਇਹ ਗੱਲ ਸਾਹਮਣੇ ਲਿਆਂਦੀ ਗਈ ਕਿ ਕਿਵੇਂ ਕੈਨੇਡਾ ਵਿਚ, ਭਾਰਤੀ ਜਸੂਸ ਸਾਲਾਂ ਤੋਂ ਸ਼ੱਕੀ ਤੇ ਖਤਰਨਾਕ ਕਾਰਵਾਈਆਂ ਕਰਕੇ, ਕੈਨੇਡਾ ਦੇ ਸਿੱਖਾਂ ਵਿਚ ਦਖਲ-ਅੰਦਾਜ਼ੀ ਕਰ ਰਹੇ ਸਨ ਤੇ ਉਹਨ੍ਹਾਂ ਨੂੰ ਪੈਰੋਂ ਉਖੇੜਨ ਦੀਆਂ ਕਾਰਵਾਈਆਂ ਕਰ ਰਹੇ ਸਨ।
ਇਹ ਕਿਤਾਬ ਦੂਜੀ ਵਾਰ 2005 ਵਿਚ ਛਪੀ ਤੇ ਇਸ ਕਿਤਾਬ ਦਾ ਉੱਪ-ਸਿਰਲੇਖ ”ਦਾ ਰੀਅਲ ਸਟੋਰੀ ਬਿਹਾਈਂਡ ਦਾ ਏਅਰ ਇੰਡੀਆ ਡਿਜ਼ਾਸਟਰ” (ਏਅਰ ਇੰਡੀਆ ਧਮਾਕੇ ਦੀ ਅਸਲ ਕਹਾਣੀ) ਰੱਖਿਆ ਗਿਆ। ਇਸ ਤੋਂ ਇਲਾਵਾ ਇਸ ਬੰਬ ਧਮਾਕੇ ਬਾਰੇ ਹੋਰ ਵੀ ਕਈ ਲਿਖਤਾਂ ਮਿਲਦੀਆਂ ਹਨ।
ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਵੱਲੋਂ ਲਿਖੀ ਇਕ ਹੋਰ ਕਿਤਾਬ 6}{ht}n{ 8atred W}th *ove ਜ਼ਿਕਰਯੋਗ ਹੈ, ਜਿਸ ਵਿਚ ਪੀੜਤ ਪਰਿਵਾਰਾਂ ਨਾਲ ਇੰਟਰਵਿਊ ਸ਼ਾਮਿਲ ਕੀਤੀਆਂ ਗਈਆਂ ਹਨ। ਅਜੇ ਤੱਕ ‘ਗੁੱਝਾ ਭੇਦ’ ਕਿ ਇਸ ਧਮਾਕੇ ਪਿੱਛੇ ਭਾਰਤੀ ਏਜੰਸੀਆਂ ਦੀ ਕੈਨੇਡਾ ਦੀ ਸਰਕਾਰ ਵੱਲੋਂ ਖੁੱਲ੍ਹੇ ਪੱਧਰ ਤੇ ਜਾਂਚ ਨਾ ਕਰਨਾ ਬੁਝਾਰਤ ਬਣਿਆ ਹੋਇਆ ਹੈ, ਜਿਸ ਨੇ ਪੀੜਤ ਪਰਿਵਾਰਾਂ ਨੂੰ ਘੋਰ ਨਿਰਾਸ਼ ਕੀਤਾ ਹੈ। ਅਜਿਹੀ ਮੁੜ ਜਾਂਚ ਦੀ ਇੱਕ ਪਟੀਸ਼ਨ ‘ਰੈਡੀਕਲ ਦੇਸੀ’ ਵੱਲੋਂ ਪੱਤਰਕਾਰ ਗੁਰਪ੍ਰੀਤ ਸਿੰਘ ਵੱਲੋਂ ਸ਼ੁਰੂ ਵੀ ਕੀਤੀ ਗਈ ਹੈ, ਜੋ ਕਿ ਆਨਲਾਈਨ ਵੀ ਹੈ। ਏਅਰ ਇੰਡੀਆ ਬੰਬ ਧਮਾਕੇ ਦੀ ਮੁੜ ਜਾਂਚ ਦੀ ਇਸ ਪਟੀਸ਼ਨ ਲਈ ਵੱਡੀ ਗਿਣਤੀ ਵਿੱਚ ਲੋਕਾਂ ਨੇ ਦਸਤਖਤ ਕੀਤੇ ਹਨ। ਇਸ ਵਿੱਚ ‘ਇੰਡੀਅਨ ਸਟੇਟ ਦੀ ਸ਼ੱਕੀ ਭੂਮਿਕਾ’ ਨੂੰ ਲੈ ਕੇ ਏਅਰ ਇੰਡੀਆ ਦੀ ਮੁੜ ਜਾਂਚ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ ਗਈ ਹੈ। ਉਹਨਾਂ ਦਾ ਮੰਨਣਾ ਹੈ ਕਿ ਭਾਰਤ ਦੀ ਬੇਕਿਰਕ ਸਰਕਾਰ ਤਾਂ 1984 ‘ਚ ਸਿੱਖ ਨਸਲਕੁਸ਼ੀ ਦੌਰਾਨ ਆਪਣੇ ਹੀ ਲੋਕਾਂ ਦੇ ਕਤਲ ਕਰਾਉਣ ‘ਚ ਪਿੱਛੇ ਨਹੀਂ ਹਟੀ ਸੀ, ਤਾਂ ਉਹ 331 ਮਨੁੱਖੀ ਜਾਨਾਂ ਲੈਣ ਵਾਲੇ ਜ਼ਾਲਮ ਕਰਿੰਦਿਆਂ ਦੀਆਂ ਸੇਵਾਵਾਂ ਲੈਣ ਸਮੇਂ ਬਹੁਤਾ ਨਹੀਂ ਸੋਚੇਗੀ, ਜੇ ਇਹ ਉਸ ਨੂੰ ਰਾਸ ਆਉਦਾ ਹੈ। ਆਖ਼ਿਰਕਾਰ, ਸੱਚ ਤਾਂ ਇਹ ਹੈ ਕਿ ਏਅਰ ਇੰਡੀਆ ਬੰਬ ਕਾਂਡ ਨੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਦਾ ਨਿਆਂ ਹਾਸਲ ਕਰਨ ਦਾ ਕਾਰਜ ਹੀ ਬੇਅਸਰ ਬਣਾ ਦਿੱਤਾ ਸੀ।
ਇੱਥੇ ਜ਼ਿਕਰਯੋਗ ਹੈ ਕਿ ਏਅਰ ਇੰਡੀਆ ਬੰਬ ਧਮਾਕੇ ਦੇ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਰਿਪਦਮਨ ਸਿੰਘ ਮਲਿਕ ਅਤੇ ਅਜੈਬ ਸਿੰਘ ਬਾਗੜੀ ਨੂੰ ਕੈਨੇਡਾ ਦੀ ਅਦਾਲਤ ਨੇ ਬਰੀ ਕਰ ਦਿੱਤਾ ਸੀ, ਜਦ ਕਿ ਇੱਕੋ ਇੱਕ ਵਿਅਕਤੀ ਇੰਦਰਜੀਤ ਸਿੰਘ ਰਿਆਤ ਨੂੰ ਸਜ਼ਾ ਸੁਣਾਈ ਸੀ। ਬੰਬ ਧਮਾਕੇ ਦੇ ਮਾਮਲੇ ਦੇ ਸ਼ੁਰੂਆਤੀ ਦੌਰ ਵਿੱਚ ਬੱਬਰ ਖਾਲਸਾ ਆਗੂ ਤਲਵਿੰਦਰ ਸਿੰਘ ਬਬਰ ਨੂੰ ਕੈਨੇਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ, ਪਰ ਮਗਰੋਂ ਰਿਹਾਅ ਕਰ ਦਿੱਤਾ ਗਿਆ ਸੀ। ਬਾਅਦ ਵਿਚ ਜਦੋਂ ਤਲਵਿੰਦਰ ਸਿੰਘ ਬਬਰ ਕੈਨੇਡਾ ਤੋਂ ਪਾਕਿਸਤਾਨ ਅਤੇ ਕਾਠਮੰਡੂ ਹੁੰਦਾ ਹੋਇਆ, ਭਾਰਤ ਪਹੁੰਚਿਆ, ਤਾਂ 7 ਅਕਤੂਬਰ 1992 ‘ਚ ਭਾਰਤੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ, ਉਸ ਉੱਪਰ ਸੱਤ ਦਿਨ ਤਸ਼ਦਦ ਕਰਨ ਮਗਰੋਂ 14 ਅਕਤੂਬਰ 1992 ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ, ਉਸ ਨੂੰ ਖਤਮ ਕਰ ਦਿੱਤਾ।
ਸਵਾਲ ਇਹ ਹੈ ਕਿ ਤਲਵਿੰਦਰ ਸਿੰਘ ਬਬਰ ਕੈਨੇਡਾ ਦਾ ਨਾਗਰਿਕ ਸੀ, ਤਾਂ ਫਿਰ ਭਾਰਤ ਨੇ ਉਸ ਨੂੰ ਕੈਨੇਡਾ ਦੇ ਹਵਾਲੇ ਕਿਉਂ ਨਹੀਂ ਕੀਤਾ ਅਤੇ ਕੈਨੇਡਾ ਨੇ ਆਪਣੇ ਨਾਗਰਿਕ ਦੇ ਭਾਰਤੀ ਪੁਲਿਸ ਵੱਲੋਂ ਝੂਠੇ ਮੁਕਾਬਲੇ ਦੇ ਮਸਲੇ ਨੂੰ ਕਿਉਂ ਨਹੀਂ ਉਠਾਇਆ? ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੀ ਸਰਕਾਰ ਅਤੇ ਪੁਲਿਸ ਇਸ ਘਿਣਾਉਣੇ ਕਾਰੇ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਸੀ।
ਇਸ ਮਾਮਲੇ ਦਾ ਹੋਰ ਬਰੀਕੀ ਨਾਲ ਵਿਸ਼ਲੇਸ਼ਣ ਕਰਨ ‘ਤੇ ਪਤਾ ਲੱਗਦਾ ਹੈ ਕਿ ਕੈਨੇਡਾ ਵੱਲੋਂ ਟਰਾਂਟੋ ਸਥਿਤ ਭਾਰਤੀ ਰਾਜਦੂਤ ਸੁਰਿੰਦਰ ਮਲਿਕ, ਬ੍ਰਿਜ ਮੋਹਨ ਅਤੇ ਦਵਿੰਦਰ ਆਹਲੂਵਾਲੀਆ ਨੂੰ ਕੈਨੇਡਾ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਜਿੱਥੇ ਭਾਰਤੀ ਰਾਜਦੂਤ ਸੁਰਿੰਦਰ ਮਲਿਕ ਨੇ ਆਪਣੇ ਪਰਿਵਾਰ ਨੂੰ ਏਅਰ ਇੰਡੀਆ ਦੀ ਫਲਾਈਟ 182 ਵਿੱਚੋਂ ਆਖ਼ਰੀ ਵਕਤ ‘ਤੇ ਬਾਹਰ ਕੱਢ ਲਿਆ ਸੀ, ਉੱਥੇ ਭਾਰਤੀ ਅਫਸਰ ਸਿਥਾਰਥਾ ਸਿੰਘ ਅਤੇ ਕੈਨੇਡੀਅਨ ਰਾਜਨੀਤਕ ਲੀਡਰ ਅਤੇ ਬੀਸੀ ਦੇ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਨੇ ਵੀ ਆਖ਼ਰੀ ਪਲਾਂ ਵਿਚ ਆਪਣੀ ਫਲਾਈਟ 182 ਦੀਆਂ ਟਿਕਟਾਂ ਰੱਦ ਕਰਵਾ ਦਿੱਤੀਆਂ ਸਨ। ਜੇਕਰ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਦੁਖਾਂਤ ਨੂੰ ਸੱਚਮੁੱਚ ਕੈਨੇਡੀਅਨ ਤ੍ਰਾਸਦੀ ਮੰਨਦੇ ਹਨ, ਤਾਂ ਫਿਰ ਕੈਨੇਡਾ ਸਰਕਾਰ ਏਅਰ ਇੰਡੀਆ ਬੰਬ ਧਮਾਕੇ ਵਿੱਚ ਭਾਰਤ ਦੀ ਭੂਮਿਕਾ ਦੀ ਨਵੇਂ ਸਿਰਿਉਂ ਮੁਕੰਮਲ ਜਾਂਚ ਕਰੇ। ਬੰਬ ਧਮਾਕੇ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਮੁਕੰਮਲ ਜਾਂਚ ਹੀ ਸੱਚੀ ਸ਼ਰਧਾਂਜਲੀ ਅਤੇ ਇਨਸਾਫ ਹੋਵੇਗੀ।
***

 

RELATED ARTICLES
POPULAR POSTS