Breaking News
Home / ਮੁੱਖ ਲੇਖ / ਆਨਲਾਈਨ ਪੜ੍ਹਾਈ ਅਤੇ ਅਧਿਆਪਕ ਦਾ ਸਥਾਨ

ਆਨਲਾਈਨ ਪੜ੍ਹਾਈ ਅਤੇ ਅਧਿਆਪਕ ਦਾ ਸਥਾਨ

ਕੰਵਲਜੀਤ ਕੌਰ ਗਿੱਲ
ਜਦੋਂ ਵਿਦਿਆਰਥੀ ਕਲਾਸ ਰੂਮ ਅੰਦਰ ਬੈਠ ਕੇ ਆਪਣੇ ਅਧਿਆਪਕ ਤੋਂ ਵਿਸ਼ੇ ਨਾਲ ਸਬੰਧਤ ਪਾਠਕ੍ਰਮ ਅਨੁਸਾਰ ਪੜ੍ਹਾਈ ਕਰਨ ਦੀ ਥਾਂ ਆਪਣੇ ਘਰ ਬੈਠਿਆਂ ਹੀ ਰੇਡੀਓ, ਮੋਬਾਇਲ ਫ਼ੋਨ ਜਾਂ ਲੈਪਟਾਪ ਦੀ ਸਹਾਇਤਾ ਨਾਲ ਲੈਕਚਰ ਸੁਣਦੇ ਹਨ, ਇਸ ਨੂੰ ਅਸੀਂ ਆਨਲਾਈਨ ਪੜ੍ਹਾਈ ਕਹਿ ਲੈਂਦੇ ਹਾਂ। ਅੱਜ ਦੇ ਹਾਲਾਤ ਦੀ ਨਜ਼ਾਕਤ ਦੇ ਮੱਦੇਨਜ਼ਰ ਆਨਲਾਈਨ ਪੜ੍ਹਾਈ ਦਾ ਰੁਝਾਨ ਵਧ ਰਿਹਾ ਹੈ। ਮੱਧ ਮਾਰਚ ਤੋਂ ਬਾਅਦ ਸਾਰੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਸਨ। ਵਰਲਡ ਇਕਨਾਮਿਕ ਫੋਰਮ ਕੋਵਿਡ ਐਕਸ਼ਨ ਪਲੇਟਫ਼ਾਰਮ ਦੇ ਅੰਦਾਜ਼ੇ ਅਨੁਸਾਰ ਕੁਲ 186 ਦੇਸ਼ਾਂ ਦੇ ਤਕਰੀਬਨ 120 ਕਰੋੜ ਬੱਚੇ ਵਿੱਦਿਅਕ ਅਦਾਰਿਆਂ ਵਿਚ ਜਾ ਕੇ ਪੜ੍ਹਾਈ ਕਰਨ ਤੋਂ ਅਸਮਰਥ ਹੋ ਗਏ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੀ ਸਹਾਇਤਾ ਨਾਲ ਆਡੀਓ-ਵੀਡੀਓ ਕਲਾਸਾਂ ਦੁਆਰਾ ਪੜ੍ਹਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਭਾਵੇਂ ਪੜ੍ਹਾਈ ਦੇ ਤਰੀਕਿਆਂ ਵਿਚ ਤਬਦੀਲੀ ਆ ਰਹੀ ਸੀ ਪਰ ਹੁਣ ਕੋਵਿਡ-19 ਦੀ ਮਾਰ ਕਾਰਨ ਵਿਦਿਆਰਥੀਆਂ ਨੂੰ ਘਰੇ ਰਹਿ ਕੇ ਪੜ੍ਹਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਾਂ ਉਨ੍ਹਾਂ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਈ-ਟੀਚਿੰਗ ਅਤੇ ਈ-ਲਰਨਿੰਗ ਲਈ ਡਿਜਿਟਲ ਉਪਕਰਨਾਂ ਦੀ ਵਰਤੋਂ ਵਧ ਰਹੀ ਹੈ। ਆਨਲਾਈਨ ਪੜ੍ਹਨਾ/ਪੜ੍ਹਾਉਣਾ ਇੰਨਾ ਆਸਾਨ ਨਹੀਂ ਜਿੰਨਾ ਲੱਗਦਾ ਹੈ। ਇਕ ਪਾਸੇ ਸਿਰ ‘ਤੇ ਹੈੱਡਫੋਨ ਲਾ ਕੇ ਮਾਈਕ੍ਰੋਫ਼ੋਨ ਦੁਆਰਾ ਸੰਪਰਕ ਕਰੋ, ਦੂਜੇ ਪਾਸੇ ਵਿਦਿਆਰਥੀ ਆਪੋ-ਆਪਣੇ ਮੋਬਾਇਲ/ਲੈਪਟਾਪ ਜਾਂ ਆਈਪੈਡ ਨਾਲ ਘੰਟਾ ਭਰ ਸੁਣਦੇ ਰਹਿਣ। ਇਸ ਦੇ ਹੱਕ ਵਿਚ ਤਰਕ ਦਿੱਤਾ ਜਾਂਦਾ ਹੈ ਕਿ ਇਸ ਵਿਧੀ ਨਾਲ ਪੜ੍ਹਦੇ ਹੋਏ ਬੱਚੇ ਨੂੰ 25 ਤੋਂ 60% ਵਧੇਰੇ ਗਿਆਨ ਪ੍ਰਾਪਤੀ ਹੁੰਦੀ ਹੈ ਅਤੇ ਸਮਾਂ ਵੀ ਘੱਟ ਲਗਦਾ ਹੈ। ਅਧਿਆਪਕ ਨਵੇਂ ਅਤੇ ਆਧੁਨਿਕ ਤਰੀਕਿਆਂ ਦੀ ਸਹਾਇਤਾ ਨਾਲ ਪੜ੍ਹਾਉਂਦੇ ਹਨ। ਕਲਾਸ ਵਿਚ ਵੱਧ ਤੋਂ ਵੱਧ 40-50 ਬੱਚੇ ਹੋਣਗੇ, ਹੁਣ ਸੈਂਕੜਿਆਂ ਦੀ ਗਿਣਤੀ ਵਿਚ ਦੂਰ ਦੁਰਾਡੇ ਬੈਠੇ ਵਿਦਿਆਰਥੀਆਂ ਨੂੰ ਵੀ ਪੜ੍ਹਾਇਆ ਜਾ ਸਕਦਾ ਹੈ। ਸਾਡੀ ਵਿੱਦਿਅਕ ਪ੍ਰਣਾਲੀ ਵਿਚ ਪ੍ਰਾਈਵੇਟ ਅਤੇ ਸਰਕਾਰੀ, ਦੋਵੇਂ ਪ੍ਰਕਾਰ ਦੇ ਵਿੱਦਿਅਕ ਅਦਾਰੇ ਹਨ। ਭਾਰੀ ਫ਼ੀਸਾਂ ਦੇ ਬਦਲੇ ਪ੍ਰਾਈਵੇਟ ਅਦਾਰੇ ਵਿਦਿਆਰਥੀ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਦੇ ਹੋਏ ਨਿੱਤ ਨਵੇਂ ਢੰਗ ਤਰੀਕਿਆਂ ਦੀ ਸਹਾਇਤਾ ਨਾਲ ਅਧਿਆਪਨ ਕਾਰਜ ਕਰਦੇ ਹਨ। ਵਿਦਿਆਰਥੀ ਵੀ ਖੁਸ਼ ਹਨ ਕਿ ਘਰ ਬੈਠਿਆਂ ਹੀ ਬਿਨਾ ਕਿਸੇ ਅੜਿੱਕੇ ਜਾਂ ਮੁਸ਼ਕਿਲ ਦੇ ਆਪਣੀ ਪੜ੍ਹਾਈ ਜਾਰੀ ਰੱਖ ਰਹੇ ਹਨ। ਮਨੁੱਖੀ ਵਸੀਲੇ ਵਿਕਾਸ ਮੰਤਰਾਲੇ (ਮਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ), ਐੱਨਸੀਆਰਟੀ, ਸਵਾਇਮ, ਪੀਟੀਯੂ ਆਦਿ ਸੰਸਥਾਵਾਂ ਨੇ ਭਾਵੇਂ ਆਨਲਾਈਨ ਪੜ੍ਹਾਈ ਦੇ ਕੋਰਸ ਤਿਆਰ ਕੀਤੇ ਹੋਏ ਹਨ ਅਤੇ ਉਚੇਰੀ ਸਿੱਖਿਆ ਵਾਸਤੇ ਆਈਆਈਟੀ ਨੇ ਤਕਨੀਕੀ ਸਿੱਖਿਆ, ਮੈਨੇਜਮੈਂਟ ਅਤੇ ਇੰਜਨੀਅਰਿੰਗ ਦੇ ਕੋਰਸ ਵੀ ਦਿੱਤੇ ਹੋਏ ਹਨ ਪਰ ਆਨਲਾਈਨ ਅਧਿਆਪਨ ਕਲਾਸ ਰੂਮ ਅਧਿਆਪਨ ਦਾ ਬਦਲ ਨਹੀਂ ਹੋ ਸਕਿਆ। ਕੁਝ ਦੇਰ ਲਈ ਜੇਐੱਨਯੂ ਅਤੇ ਦਿੱਲੀ ਯੂਨੀਵਰਸਿਟੀ ਨੇ ਆਨਲਾਈਨ ਕਲਾਸਾਂ ਲਗਾ ਕੇ ਲੋੜੀਂਦੇ ਸਿਲੇਬਸ ਆਦਿ ਪੂਰੇ ਕਰਨ ਦੇ ਯਤਨ ਕੀਤੇ ਪਰ ਉਨ੍ਹਾਂ ਨੂੰ ਵੀ ਬਾਅਦ ਵਿਚ ਲੋੜੀਂਦੀਆਂ ਸੰਰਚਨਾਤਮਕ ਸਹੂਲਤਾਂ ਦੀ ਘਾਟ ਮਹਿਸੂਸ ਹੋਣ ਲੱਗੀ। ਆਖਿਰ ਇੰਜ ਕਦੋਂ ਤੱਕ ਚੱਲਦਾ ਰਹੇਗਾ? ਭਵਿਖ ਵਿਚ ਕਲਾਸਾਂ ਦਾ ਕੀ ਰੂਪ ਹੋਵੇਗਾ, ਇਮਤਿਹਾਨ ਕਰਵਾਉਣੇ, ਪਰਚਿਆਂ ਦਾ ਮੁਲੰਕਣ ਕਰਨਾ, ਨਤੀਜੇ ਕੱਢਣੇ, ਅਗਲੀਆਂ ਕਲਾਸਾਂ ਵਿਚ ਵਿਦਿਆਰਥੀਆਂ ਨੂੰ ਪਾਸ ਕਰਨ ਉਪਰੰਤ ਭੇਜਣਾ, ਫ਼ੀਸਾਂ ਦੀ ਅਦਾਇਗੀ ਆਦਿ ਅਨੇਕਾਂ ਮੁੱਦੇ ਹਨ ਜਿਨ੍ਹਾਂ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ। ਕੀ ਆਨਲਾਈਨ ਸਿੱਖਿਆ ਪ੍ਰਣਾਲੀ ਹਰ ਪ੍ਰਕਾਰ ਦੇ ਵਿਦਿਆਰਥੀਆਂ ਦੀ ਪਹੁੰਚ ਵਿਚ ਹੈ? ਕੀ ਸਾਡੇ ਅਧਿਆਪਕ ਇਸ ਵਿਧੀ ਦੁਆਰਾ ਅਧਿਆਪਨ ਕਾਰਜ ਕਰਨ ਦੇ ਸਮਰੱਥ ਹਨ ਜਾਂ ਉਨ੍ਹਾਂ ਪਾਸ ਲੋੜੀਂਦੀ ਸਿਖਲਾਈ ਹੈ ਕਿ ਜ਼ਰੂਰਤ ਪੈਣ ਤੇ ਇਸ ਵਿਧੀ (ਢੰਗ-ਤਰੀਕੇ) ਤੇ ਤਬਦੀਲ ਕੀਤਾ ਜਾ ਸਕੇ? ਕੀ ਹਰ ਪ੍ਰਕਾਰ ਦੇ ਵਿਸ਼ੇ, ਖਾਸ ਤੌਰ ‘ਤੇ ਜਿਨ੍ਹਾਂ ਵਾਸਤੇ ਲੈਬਾਰਟਰੀ ਆਦਿ ਵਿਚ ਆਪ ਪ੍ਰੈਕਟੀਕਲ ਕਰਨੇ ਲਾਜ਼ਮੀ ਹਨ, ਵੀ ਪੜ੍ਹਾਏ ਜਾ ਸਕਦੇ ਹਨ? ਕੀ ਸਾਡੇ ਵਿੱਦਿਅਕ ਅਦਾਰਿਆਂ (ਸਰਕਾਰੀ) ਕੋਲ ਲੋੜੀਂਦਾ ਬੁਨਿਆਦੀ ਢਾਂਚਾ (ਇਨਫਰਾ-ਸਟਰਕਚਰ) ਹੈ ਜਿਸ ਵਿਚ ਲਗਾਤਾਰ ਇੰਟਰਨੈੱਟ ਦੀ ਮੁਫ਼ਤ ਸਹੂਲਤ ਹੋਵੇ? ਦੂਜੇ ਪਾਸੇ, ਆਨਲਾਈਨ ਪੜ੍ਹਾਈ ਵਾਸਤੇ ਘਰ ਦਾ ਮਾਹੌਲ ਵੀ ਖਾਸ ਪ੍ਰਕਾਰ ਦਾ ਚਾਹੀਦਾ ਹੈ; ਜਿਥੇ ਕਿਸੇ ਕਿਸਮ ਦੀ ਹੋਰ ਆਵਾਜ਼ ਨਾ ਆ ਰਹੀ ਹੋਵੇ, ਭਾਵ ਵੱਖਰਾ ਕਮਰਾ, ਆਪਣਾ ਸਮਾਰਟ ਫੋਨ ਜਾਂ ਲੈਪਟਾਪ, ਵਾਈ-ਫਾਈ ਦੀ ਸਹੂਲਤ ਆਦਿ। ਕੀ ਆਮਦਨ ਪੱਖੋਂ ਨਾ-ਬਰਾਬਰੀ ਵਾਲੇ ਸਾਡੇ ਸਮਾਜ ਵਿਚ ਸਾਰੇ ਵਿਦਿਆਰਥੀਆਂ ਕੋਲ ਇਹ ਜ਼ਰੂਰੀ (ਮੁੱਢਲੀਆਂ) ਸਹੂਲਤਾਂ ਹਨ? ਇਹ ਕੁਝ ਸੁਆਲ ਹਨ ਜੋ ਵਿਸ਼ੇਸ਼ ਧਿਆਨ ਮੰਗਦੇ ਹਨ। ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿਚ ਜਾ ਕੇ ਵਿਦਿਆਰਥੀ ਕੇਵਲ ਪੜ੍ਹਾਈ ਹੀ ਨਹੀਂ ਕਰਦਾ, ਹੋਰ ਵੀ ਬਹੁਤ ਕੁਝ ਸਿੱਖਦਾ ਹੈ ਜੋ ਉਸ ਨੂੰ ਸਮਾਜ ਅਤੇ ਭਵਿੱਖ ਦੀ ਜ਼ਿੰਦਗੀ ਵਿਚ ਸੁਚੱਜੇ ਢੰਗ ਨਾਲ ਵਿਚਰਨ ਲਈ ਤਿਆਰ ਕਰਦਾ ਹੈ। ਸੀਮਤ ਸਾਧਨਾਂ ਨੂੰ ਆਪਸ ਵਿਚ ਵੰਡ ਕੇ ਸਦਉਪਯੋਗ ਕਰਨਾ, ਸਮੇਂ ਦੀ ਕਦਰ ਕਰਨੀ, ਬੋਲ-ਬਾਣੀ ਵਿਚ ਤਹਿਜ਼ੀਬ, ਆਪਸੀ ਮੇਲ ਮਿਲਾਪ, ਇਕ ਦੂਜੇ ਦੀ ਕਦਰ ਕਰਨੀ ਆਦਿ ਮੁੱਢਲੀਆਂ ਕਦਰਾਂ ਕੀਮਤਾਂ ਹਨ ਜਿਨ੍ਹਾਂ ਨੂੰ ਅਸਲ ਜ਼ਿੰਦਗੀ ਵਿਚ ਵਿਚਰਦਿਆਂ ਹੀ ਸਿੱਖਿਆ ਜਾ ਸਕਦਾ ਹੈ। ਕਲਾਸ ਵਿਚ ਵਿਦਿਆਰਥੀ ਦਾ ਆਪਣੇ ਅਧਿਆਪਕ ਨਾਲ ਸਿਧਾ ਸੰਪਰਕ ਹੁੰਦਾ ਹੈ। ਉਥੇ ਭਾਵੇਂ ਬਲੈਕ ਬੋਰਡ ਦੀ ਵਰਤੋਂ ਹੋ ਰਹੀ ਹੋਵੇ ਜਾਂ ਲੈਪਟਾਪ ਦੁਆਰਾ ਰੇਖਾ ਚਿੱਤਰ ਜਾਂ ਹੋਰ ਕੋਈ ਸਾਰਨੀਆਂ ਆਦਿ ਦੀ ਸਹਾਇਤਾ ਨਾਲ ਲੈਕਚਰ ਚੱਲ ਰਿਹਾ ਹੋਵੇ, ਆਨਲਾਈਨ ਅਧਿਆਪਨ ਦੇ ਮੁਕਾਬਲੇ ਇਹ ਤਰੀਕਾ ਨਿਸਚੇ ਹੀ ਬਿਹਤਰ ਗਿਣਿਆ ਜਾਵੇਗਾ। ਹੁਣ ਛੋਟੀਆਂ, ਸਕੂਲ ਪੱਧਰ ਦੀਆਂ ਕਲਾਸਾਂ ਟੀਵੀ/ਰੇਡੀਓ ਉਪਰ ਚੱਲ ਰਹੀਆਂ ਹਨ। ਇਹ ਸਿਲੇਬਸ ਪੂਰਾ ਕਰਨ ਦਾ ਇਕ ਪਾਸੜ ਜ਼ਰੀਆ ਹੈ। ਆਈਆਈਟੀ ਕਾਨਪੁਰ ਨੇ ਹਾਲ ਹੀ ਵਿਚ ਸਰਵੇਖਣ ਕਰਵਾਇਆ ਜਿਸ ਵਿਚ ਇਹ ਸਾਬਤ ਹੋਇਆ ਕਿ ਯੂਨੀਵਰਸਿਟੀ ਪੱਧਰ ਤੱਕ ਦੇ 34% ਵਿਦਿਆਰਥੀਆਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਸੀ। ਇਸ ਤੋਂ ਇਲਾਵਾ 9.3% ਵਿਦਿਆਰਥੀ ਅਧਿਆਪਕ ਦੁਆਰਾ ਦਿੱਤਾ ਮੈਟਰ ਡਾਊਨਲੋਡ ਹੀ ਨਹੀਂ ਕਰ ਸਕੇ। ਹੈਦਰਾਬਾਦ ਦੀ ਸੈਂਟਰਲ ਯੂਨੀਵਰਸਿਟੀ ਦੇ ਯੂਓਐੱਚ ਹੈਰਾਲਡ 2020 ਦੇ ਸਰਵੇਖਣ ਅਨੁਸਾਰ ਕੇਵਲ 50% ਵਿਦਿਆਰਥੀਆਂ ਕੋਲ ਲੈਪਟਾਪ ਹੈ ਅਤੇ 45% ਹੀ ਇੰਟਰਨੈੱਟ ਵਰਤਦੇ ਸਨ। 18% ਬੱਚਿਆਂ ਕੋਲ ਤਾਂ ਆਪਣਾ ਲੈਪਟਾਪ ਵੀ ਨਹੀਂ। ਜੇਕਰ ਸੈਂਟਰਲ ਯੂਨੀਵਰਸਿਟੀਆਂ ਅਤੇ ਵੱਡੇ ਸ਼ਹਿਰਾਂ ਦੇ ਇਹ ਹਾਲਾਤ ਹਨ ਤਾਂ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿਚ ਦੂਰ ਦੁਰਾਡੇ ਸਥਾਨਾਂ ‘ਤੇ ਬੈਠੇ ਵਿਦਿਆਰਥੀਆਂ ਦੀ ਹਾਲਤ ਦਾ ਭਲੀ-ਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਜਿੱਥੇ ਵੱਖਰੇ ਕਮਰੇ ਦੀ ਸਹੂਲਤ ਨਹੀਂ, ਇੰਟਰਨੈੱਟ ਦਾ ਸਿਗਨਲ ਵਾਰ-ਵਾਰ ਟੁੱਟਦਾ ਹੈ, ਵਾਈ-ਫਾਈ ਵੀ ਅਸੀਮਤ ਘੰਟਿਆਂ ਲਈ ਨਹੀਂ, ਉਥੇ ਘੰਟਿਆਂ ਬੱਧੀ ਹੈੱਡਫੋਨ ਲਗਾ ਕੇ ਕਲਾਸ ਲਗਾਉਣੀ ਔਖੀ ਹੀ ਨਹੀਂ, ਨਾ-ਮੁਮਕਿਨ ਹੈ। ਆਮਦਨ ਪੱਖੋਂ ਗਰੀਬ, ਨਿਮਨ ਵਰਗ, ਸਰਕਾਰੀ ਵਿੱਦਿਅਕ ਅਦਾਰਿਆਂ ਅਤੇ ਦੂਰ ਦੁਰਾਡੇ ਪਿੰਡਾਂ ਵਿਚ ਬੈਠੇ ਵਿਦਿਆਰਥੀਆਂ ਨਾਲ ਇਹ ਆਨਲਾਈਨ ਪੜ੍ਹਾਈ ਵਿਤਕਰਾ ਹੀ ਹੋਵੇਗਾ। ਇਸ ਪ੍ਰਕਾਰ ਦੀ ਪੜ੍ਹਾਈ ਵਾਸਤੇ ਵੱਖੋ-ਵੱਖਰੇ ਕਮਰਿਆਂ, ਲੈਪਟਾਪ ਜਾਂ ਸਮਾਰਟ ਫ਼ੋਨ ਮੁਹੱਈਆ ਕਰਵਾਉਣਾ ਤਾਂ ਆਮ ਮੱਧ ਵਰਗ ਦੇ ਮਾਪਿਆਂ ਲਈ ਵੀ ਮੁਸ਼ਕਿਲ ਹੀ ਨਹੀਂ, ਮਹਿੰਗਾ ਵੀ ਹੈ। ਇਸ ਵਿਸ਼ੇ ਬਾਰੇ ਕੁਝ ਸਕੂਲ ਅਧਿਆਪਕਾਂ ਨਾਲ ਗੱਲਬਾਤ ਹੋਈ ਜਿਸ ਵਿਚੋਂ ਤਕਰੀਬਨ ਸਾਰਿਆਂ ਦਾ ਹੀ ਇਹ ਤਜਰਬਾ ਹੈ ਕਿ ਸਰਕਾਰੀ ਸਕੂਲਾਂ ਵਿਚ ਸਾਰੇ ਬੱਚੇ ਮੋਬਾਇਲ ਫ਼ੋਨ ਦੁਆਰਾ ਕਲਾਸ ਨਹੀਂ ਲਗਾ ਸਕਦੇ, ਇੱਕੋ ਹੀ ਨੁਕਤੇ/ਸੁਆਲ ਨੂੰ ਮੁੜ ਮੁੜ ਦੱਸਣਾ ਪੈਂਦਾ ਹੈ। ਇਕ ਪਾਸੇ ਤੁਸੀਂ ਸਰਕਾਰੀ ਡਿਊਟੀ (ਪੂਰੀ ਤਨਦੇਹੀ ਨਾਲ) ਕਰ ਰਹੇ ਹੋ ਅਤੇ ਦੂਜੇ ਪਾਸੇ ਘਰ ਦੇ ਕੰਮ ਕਾਜ ਵੀ ਨਿਬੇੜ ਰਹੇ ਹੋ, ਕਿਉਂਕਿ ਤੁਸੀਂ ਘਰ ਦੇ ਕੰਮ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਮਹਿਲਾ ਅਧਿਆਪਕਾਂ ਦਾ ਉਸ ਹਾਲਤ ਵਿਚ ਬੋਝ ਹੋਰ ਵੀ ਵਧ ਜਾਂਦਾ ਹੈ ਜਦੋਂ ਘਰ ਵਿਚ ਬਜ਼ੁਰਗ, ਕੋਈ ਬਿਮਾਰ ਜਾਂ ਬਹੁਤ ਛੋਟੇ ਬੱਚੇ ਹਨ। ਛੋਟੇ ਅਤੇ ਮੱਧ ਵਰਗੀ ਪਰਿਵਾਰਾਂ ਵਿਚ ਥਾਂ ਦੀ ਵੱਡੀ ਸਮੱਸਿਆ ਆਉਂਦੀ ਹੈ। ਕੁਝ ਆਲੋਚਕ ਤਰਕ ਦਿੰਦੇ ਹਨ ਕਿ ਆਮ ਹਾਲਾਤ ਵਿਚ ਕਿਹੜਾ ਸਾਰੇ ਬੱਚੇ ਕਲਾਸਾਂ ਲਗਾਉਂਦੇ ਹਨ, ਜਾਂ ਹਾਜ਼ਰੀ ਸੌ ਫ਼ੀਸਦ ਹੁੰਦੀ ਹੈ! ਪਰ ਆਪਣੀ ਮਰਜ਼ੀ/ਖ਼ੁਸ਼ੀ ਨਾਲ ਗ਼ੈਰ ਹਾਜ਼ਰ ਹੋਏ ਜਾਂ ਮਜਬੂਰੀ ਵਿਚ ਲੋੜੀਂਦੀਆਂ ਸਹੂਲਤਾਂ ਦੀ ਅਣਹੋਂਦ ਕਾਰਨ ਕਲਾਸ ਨਹੀਂ ਲਗਾ ਸਕੇ, ਦੋਹਾਂ ਹਾਲਾਤ ਵਿਚ ਵੱਡਾ ਫ਼ਰਕ ਹੈ। ਸਮਾਜਿਕ ਤੌਰ ‘ਤੇ ਪਛੜੇ, ਗਰੀਬ ਬੱਚੇ ਆਧੁਨਿਕ ਤਕਨੀਕਾਂ ਦੁਆਰਾ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਣਗੇ। ਉੱਚ ਵਰਗ, ਸ਼ਹਿਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਪੜ੍ਹਾਉਂਦੇ ਮਾਪੇ ਅਤੇ ਅਧਿਆਪਕ ਇਸ ਪੱਖ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਕਲਾਸ ਰੂਮ ਵਿਚ ਬਹਿ ਕੇ ਪੜ੍ਹਾਈ ਕਰਨ ਦਾ ਇਕ ਪਹਿਲੂ ਇਹ ਵੀ ਹੈ ਕਿ ਬੱਚਿਆਂ ਦਾ ਆਪਸ ਵਿਚ ਵਿਚਾਰ-ਵਟਾਂਦਰਾ ਹੁੰਦਾ ਹੈ, ਉਨ੍ਹਾਂ ਦੇ ਦੋਸਤ ਮਿੱਤਰ ਬਣਦੇ ਹਨ, ਵੱਖੋ-ਵੱਖ ਪਿਛੋਕੜ ਦੇ ਬੱਚੇ ਇੱਕੋ ਪਲੇਟਫ਼ਾਰਮ ‘ਤੇ ਵਿਚਰਦੇ ਹਨ ਅਤੇ ਸਿੱਧੇ ਅਧਿਆਪਕ ਦੇ ਸੰਪਰਕ ਵਿਚ ਹੁੰਦੇ ਹਨ। ਆਨਲਾਈਨ ਪੜ੍ਹਾਈ ਕਰ ਰਹੇ ਬੱਚਿਆਂ ਦੇ ਮਾਪੇ ਫਿਕਰਮੰਦ ਹਨ ਕਿ ਹੁਣ ਬੱਚੇ ਸਾਰਾ ਦਿਨ ਫ਼ੋਨ ਨਾਲ ਲੱਗੇ ਰਹਿੰਦੇ ਹਨ। ਸਰੀਰਕ ਸਰਗਰਮੀ ਘਟਣ ਕਰ ਕੇ ਮੋਟੇ ਹੋ ਰਹੇ ਹਨ ਅਤੇ ਅੱਖਾਂ/ਨਿਗਾਹ ‘ਤੇ ਮਾੜਾ ਅਸਰ ਪੈ ਰਿਹਾ ਹੈ। ਇਹ ਕੋਈ ਆਧੁਨਿਕਤਾ ਦਾ ਚਿੰਨ੍ਹ ਨਹੀਂ, ਬੱਚੇ ਰੋਬੋਟ ਬਣ ਰਹੇ ਹਨ। ਕੁਝ ਬੱਚਿਆਂ ਵੱਲੋਂ ਸਮਾਰਟ ਫ਼ੋਨਾਂ ਦੀ ਗਲਤ ਵਰਤੋਂ ਵੀ ਹੋ ਰਹੀ ਹੈ ਜੋ ਉਨ੍ਹਾਂ ਨੂੰ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਕਰ ਸਕਦੀ ਹੈ। ਬੱਚਿਆਂ ਦਾ ਆਪਣੇ ਦੋਸਤਾਂ ਮਿੱਤਰਾਂ ਨਾਲ ਮੇਲ ਮਿਲਾਪ ਵੀ ਤਕਰੀਬਨ ਬੰਦ ਹੈ। ਸੋ ਸਾਨੂੰ ਇਸ ਬਾਰੇ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਮੌਜੂਦਾ ਡਿਜੀਟਾਈਜੇਸ਼ਨ ਸਮਾਜ ਵਿਚ ਅਮੀਰ-ਗਰੀਬ, ਉੱਚ ਵਰਗ-ਨਿਮਨ ਵਰਗ ਵਿਚਾਲੇ ਹੀ ਡਿਜੀਟਲ ਵੰਡ ਨਾ ਕਰ ਦੇਵੇ! ਆਨਲਾਈਨ ਪੜ੍ਹਾਈ ਦੀ ਵਿਧੀ ਮਾੜੀ ਨਹੀਂ ਪਰ ਸਾਨੂੰ ਉਹ ਢੰਗ-ਤਰੀਕੇ ਅਤੇ ਨੀਤੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਵੱਧ ਤੋਂ ਵੱਧ ਜਣਿਆਂ ਦੀ ਸ਼ਮੂਲੀਅਤ ਹੋਵੇ। ਸੋਸ਼ਲ ਡਿਸਟੈਂਸਿੰਗ (ਸਰੀਰਕ ਦੂਰੀ) ਰੱਖਦੇ ਰੱਖਦੇ ਅਸੀਂ ਕਿਤੇ ਆਪਣੇ ਬੱਚਿਆਂ ਨੂੰ ਸੋਸ਼ਲ ਲਰਨਿੰਗ (ਸਮਾਜਿਕ ਸਿਖਲਾਈ) ਤੋਂ ਵੀ ਵਾਂਝੇ ਨਾ ਕਰ ਬੈਠੀਏ। ਆਨਲਾਈਨ ਪੜ੍ਹਾਈ ਕਲਾਸ ਰੂਮ ਦੀ ਪੜ੍ਹਾਈ ਦਾ ਕਦੇ ਵੀ ਬਦਲ ਨਹੀਂ ਹੋ ਸਕਦੀ। ਟੈਕਨੋਲੋਜੀ ਅਧਿਆਪਕ ਦਾ ਸਥਾਨ ਨਹੀਂ ਲੈ ਸਕਦੀ। ੲੲੲੲੲ

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …