Breaking News
Home / ਮੁੱਖ ਲੇਖ / ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਸਚਾਈ ਚਸ਼ਮਦੀਦਾਂ ਦੀ ਜ਼ਬਾਨੀ

ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਸਚਾਈ ਚਸ਼ਮਦੀਦਾਂ ਦੀ ਜ਼ਬਾਨੀ

ਸੁਰਿੰਦਰ ਕੋਛੜ
ਜਲ੍ਹਿਆਂਵਾਲਾ ਬਾਗ਼ ਸਾਕੇ ਨੂੰ ਵਾਪਰਿਆਂ 104 ਵਰ੍ਹੇ ਬੀਤ ਚੁੱਕੇ ਹਨ। ਉਸ ਦਿਨ ਬਾਗ਼ ਵਿਚ ਕੀ ਹੋਇਆ ਅਤੇ ਉਸ ਦੇ ਪਿੱਛੇ ਕੀ-ਕੀ ਕਾਰਨ ਰਹੇ, ਇਸ ‘ਤੇ ਅਨੇਕਾਂ ਵਾਰ ਚਰਚਾ ਹੋ ਚੁੱਕੀ ਹੈ। ਇਸ ਸਾਕੇ ਨੂੰ ਸਕੂਲੀ ਕਿਤਾਬਾਂ ਦੇ ਸਿਲੇਬਸ ਵਿਚ ਵੀ ਸ਼ਾਮਿਲ ਕੀਤਾ ਗਿਆ ਹੈ, ਕਈ ਫ਼ਿਲਮਾਂ ਵੀ ਬਣਾਈਆਂ ਜਾ ਚੁੱਕੀਆਂ ਹਨ, ਪਰੰਤੂ ਇਸ ਸਭ ਦੇ ਬਾਵਜੂਦ ਲੋਕਾਂ ਦੇ ਪਾਸ ਉਹੀਓ ਜਾਣਕਾਰੀਆਂ ਪਹੁੰਚ ਸਕੀਆਂ ਹਨ, ਜੋ ਆਪਣੇ-ਆਪ ਵਿਚ ਅਧੂਰੀਆਂ ਮਹਿਸੂਸ ਹੁੰਦੀਆਂ ਹਨ ਜਾਂ ਜਿਨ੍ਹਾਂ ‘ਤੇ ਪੂਰੀ ਤਰ੍ਹਾਂ ਨਾਲ ਖੋਜ ਨਹੀਂ ਕੀਤੀ ਜਾ ਸਕੀ। ਇਸ ਲੇਖ ਵਿਚ ਉਨ੍ਹਾਂ ਲੋਕਾਂ ਦੁਆਰਾ ਦਿੱਤੀਆਂ ਜਾਣਕਾਰੀਆਂ ‘ਤੇ ਚਰਚਾ ਕਰ ਰਹੇ ਹਾਂ, ਜੋ ਇਸ ਕਾਂਡ ਦੇ ਚਸ਼ਮਦੀਦ ਗਵਾਹ ਹੀ ਨਹੀਂ ਸਗੋਂ ਇਸ ਕਾਂਡ ਦੇ ਭੋਗੀ ਵੀ ਰਹੇ ਹਨ।
ਜਦੋਂ ਜਨਰਲ ਆਰ. ਈ. ਐਚ. (ਰਿਨਾਲਡ ਏਡਵਰਡ ਹੈਨਰੀ) ਡਾਇਰ ਦੁਆਰਾ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਚ ਹਜ਼ਾਰਾਂ ਬੇਗੁਨਾਹਾਂ ਦੇ ਨਾਲ ਖੂਨੀ ਖੇਡ ਖੇਡਿਆ ਜਾ ਰਿਹਾ ਸੀ ਤਾਂ ਉਸ ਭੀੜ ਵਿਚ ਇਕ ਚਾਰ ਸਾਲਾਂ ਦਾ ਬਾਲਕ ਵੀ ਮੂਕ ਦਰਸ਼ਕ ਬਣ ਕੇ ਇਹ ਦਿਲਾਂ ਨੂੰ ਕੰਬਾਅ ਦੇਣ ਵਾਲਾ ਮੰਜ਼ਰ ਵੇਖ ਰਿਹਾ ਸੀ। ਗੋਲੀ ਚੱਲਣ ਤੋਂ ਬਾਅਦ ਬਾਗ਼ ਵਿਚ ਭਗਦੜ ਮਚਣ ‘ਤੇ ਉਸ ਦਾ ਇਕ ਹੱਥ ਉਸ ਦੇ ਰਿਸ਼ਤੇ ਵਿਚ ਲਗਦੇ ਚਾਚੇ ਅਤੇ ਇਕ ਹੱਥ ਦਾਦੇ ਨੇ ਫੜਿਆ ਹੋਇਆ ਸੀ। ਬਾਗ਼ ਦੇ ਦੱਖਣ ਵੱਲ ਬਣੀਆਂ ਧੋਬੀਆਂ ਦੀਆਂ ਝੌਂਪੜੀਆਂ ਤੋਂ ਟੱਪ ਕੇ ਕਿਸੇ ਤਰ੍ਹਾਂ ਨਾਲ ਇਹ ਲੋਕ ਉਥੋਂ ਜਾਨ ਬਚਾ ਕੇ ਭੱਜਣ ਵਿਚ ਕਾਮਯਾਬ ਹੋ ਗਏ। ਆਸਟ੍ਰੇਲੀਆ ਵਿਚ ਰਹਿ ਰਹੇ ਜਲ੍ਹਿਆਂਵਾਲਾ ਬਾਗ਼ ਕਾਂਡ ਦੇ ਇਸ ਚਸ਼ਮਦੀਦ ਗ਼ਵਾਹ ਸ. ਭਰਪੂਰ ਸਿੰਘ ਮੋਕਲ ਅਨੁਸਾਰ ਉਪਰੋਕਤ ਕਾਂਡ ਦੇ ਸਮੇਂ ਉਨ੍ਹਾਂ ਦੀ ਉਮਰ ਚਾਰ ਸਾਲ ਦੀ ਰਹੀ ਹੋਣ ਕਰਕੇ ਉਸ ਦਿਨ ਬਾਗ਼ ਵਿਚ ਕੀ-ਕੀ ਹੋਇਆ, ਇਹ ਭਾਵੇਂ ਉਨ੍ਹਾਂ ਨੂੰ ਯਾਦ ਨਹੀਂ ਰਿਹਾ, ਪਰ ਬਾਗ਼ ਵਿਚ ਮੌਜੂਦ ਹਜ਼ਾਰਾਂ ਜ਼ਖਮੀਆਂ ਦੇ ਦਿਲਾਂ ਨੂੰ ਕੰਬਾਅ ਦੇਣ ਵਾਲੀ ਹੂਕ ਅੱਜ ਵੀ ਉਨ੍ਹਾਂ ਦੇ ਕੰਨਾਂ ਵਿਚ ਗੂੰਜਦੀ ਹੈ, ਜਿਸ ਨਾਲ ਧੁੰਦਲੇ-ਧੁੰਦਲੇ ਜਿਹੇ ਖ਼ੌਫ਼ਨਾਕ ਦ੍ਰਿਸ਼ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਆਉਣ ਲਗਦੇ ਹਨ। ਉਹ ਉਸ ਦਿਨ ਨੂੰ ਇਕ ਵਾਰ ਫਿਰ ਯਾਦ ਕਰਕੇ ਦੱਸਣਾ ਸ਼ੁਰੂ ਕਰਦੇ ਹਨ-’13 ਅਪ੍ਰੈਲ ਨੂੰ ਜਦੋਂ ਮੇਰੇ ਦਾਦਾ ਚੌਧਰੀ ਸੁੰਦਰ ਸਿੰਘ ਅਤੇ ਉਨ੍ਹਾਂ ਦੇ ਭਤੀਜੇ ਹਰਸ਼ਾ ਸਿੰਘ ਜਲਸਾ ਵੇਖਣ ਲਈ ਬਾਗ਼ ਵਿਚ ਜਾਣ ਲੱਗੇ ਤਾਂ ਜਾਂਦੇ ਹੋਏ ਉਹ ਮੈਨੂੰ ਵੀ ਨਾਲ ਲੈ ਗਏ। ਜਦੋਂ ਬਾਗ਼ ਵਿਚ ਗੋਲੀ ਚੱਲਣੀ ਸ਼ੁਰੂ ਹੋਈ ਤਾਂ ਮੇਰੇ ਚਾਚਾ ਮੈਨੂੰ ਚੁੱਕ ਕੇ ਉਥੋਂ ਭੱਜ ਨਿਕਲੇ। ਬਾਗ਼ ਦੀ ਦੀਵਾਰ ਟੱਪਦਿਆਂ ਉਨ੍ਹਾਂ ਦੀ ਖੱਬੀ ਬਾਂਹ ਦੀ ਹੱਡੀ ਟੁੱਟ ਗਈ, ਜਿਸ ਦਾ ਉਹ ਇਲਾਜ ਨਹੀਂ ਸਨ ਕਰਵਾ ਸਕਦੇ, ਕਿਉਂਕਿ ਕੋਈ ਵੀ ਜ਼ਖਮੀ ਵਿਅਕਤੀ ਪੁਲਿਸ ਵਾਲਿਆਂ ਨੂੰ ਰਸਤੇ ਵਿਚ ਮਿਲ ਜਾਂਦਾ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਸੀ। ਉਹ ਸੋਚਦੇ ਸਨ ਕਿ ਇਹ ਵਿਅਕਤੀ ਜ਼ਰੂਰ ਉਸ ਦਿਨ ਜਲ੍ਹਿਆਂਵਾਲਾ ਬਾਗ਼ ਵਿਚ ਹੀ ਹੋਵੇਗਾ। ਇਸ ਡਰ ਨਾਲ ਘਰ ਵਿਚ ਹੀ ਮੱਲ੍ਹਮ-ਪੱਟੀ ਕਰਦੇ ਰਹਿਣ ਕਰਕੇ ਉਨ੍ਹਾਂ ਦੀ ਸਾਰੀ ਉਮਰ ਬਾਂਹ ਟੇਢੀ ਹੀ ਰਹਿ ਗਈ।’ ਇਸ ਕਾਂਡ ਦੇ ਇਕ ਹੋਰ ਚਸ਼ਮਦੀਦ ਗਵਾਹ ਸੇਠ ਰਾਧਾ ਕ੍ਰਿਸ਼ਨ ਦੇ ਜੀਵਨ ‘ਤੇ ਪੁਸਤਕ ਲਿਖਦਿਆਂ ਮੈਨੂੰ ਬਹੁਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਮਿਲੀਆਂ ਜੋ ਨਾ ਤਾਂ ਇਤਿਹਾਸ ਦੀਆਂ ਕਿਤਾਬਾਂ ਵਿਚ ਦਰਜ ਹਨ ਅਤੇ ਨਾ ਹੀ ਆਮ ਜਨਤਾ ਦੀ ਜ਼ਬਾਨ ‘ਤੇ ਹਨ। ਜਲ੍ਹਿਆਂਵਾਲਾ ਬਾਗ਼ ਵਿਚ ਹੋਏ ਖੂਨ-ਖਰਾਬੇ ਦੇ ਸਮੇਂ ਰਾਧਾ ਕ੍ਰਿਸ਼ਨ ਦੀ ਉਮਰ 14 ਵਰ੍ਹੇ ਸੀ। ਉਹ ਉਸ ਸਮੇਂ ਬਾਗ਼ ਤੋਂ ਥੋੜੇ ਜਿਹੇ ਕਦਮਾਂ ਦੀ ਦੂਰੀ ‘ਤੇ ਚਾਕ ਫੁਆਰਾ ਬਾਗ਼ ਵਿਚੋਂ ਆ ਰਹੀਆਂ ਬੇਵੱਸ ਜ਼ਖ਼ਮੀਆਂ ਦੀਆਂ ਚੀਖ਼ਾਂ ਸੁਣ ਰਹੇ ਸਨ। ਸੇਠ ਰਾਧਾ ਕ੍ਰਿਸ਼ਨ ਨੇ ਆਪਣੀ ਡਾਇਰੀ ਵਿਚ ਲਿਖਿਆ ਹੈ-‘ਮੈਂ ਉਸ ਮੰਦਭਾਗੇ ਦਿਨ ਸ਼ਾਮ ਸਾਢੇ ਚਾਰ ਵਜੇ ਚੌਂਕ ਫੁਆਰਾ ਵਿਚ ਖੜ੍ਹਾ ਸਾਂ। ਜਨਰਲ ਡਾਇਰ ਅਤੇ ਉਸ ਦਾ ਚਹੇਤਾ ਕੈਪਟਨ ਬ੍ਰਿਗਸ ਦੋਵੇਂ ਸਭ ਤੋਂ ਅੱਗੇ ਵਾਲੀ ਕਾਰ ਵਿਚ ਬੈਠੇ ਹੋਏ ਸਨ। ਉਨ੍ਹਾਂ ਦੇ ਪਿੱਛੇ ਦੋ ਬਖ਼ਤਰਬੰਦ ਜੀਪਾਂ ਅਤੇ ਇਕ ਪੁਲਿਸ ਕਾਰ ਸੀ ਜਿਸ ਵਿਚ ਡੀ. ਐਸ. ਪੀ. ਪਲੂਮਰ ਅਤੇ ਸੁਪਰਰਿੰਟੈਡੈਂਟ ਆਫ਼ ਪੁਲਿਸ ਰੀਹਿਲ ਬੈਠੇ ਸਨ। ਇਨ੍ਹਾਂ ਕਾਰਾਂ ਦੇ ਪਿੱਛੇ ਪੈਦਲ ਸਿਪਾਹੀ ਤੇਜ਼ ਰਫ਼ਤਾਰ ਦੌੜ ਕੇ ਆ ਰਹੇ ਸਨ। ਸਭ ਤੋਂ ਅੱਗੇ ਇਕ ਰਸਤਾ ਦੱਸਣ ਵਾਲਾ ਸਿਪਾਹੀ ਮੋਟਰ ਸਾਈਕਲ ‘ਤੇ ਜਾ ਰਿਹਾ ਸੀ। ਇਹ ਸੈਨਿਕ ਜਲੂਸ ਹਾਲ ਬਾਜ਼ਾਰ ਵਿਚੋਂ ਦੀ ਹੁੰਦਾ ਹੋਇਆ ਚੌਕ ਫੁਆਰਾ ਵਿਚ ਪਹੁੰਚਿਆ ਸੀ। ਸਭ ਕਾਰਾਂ ਸਹਿਤ ਉਹ ਜੀਪ ਜਿਸ ‘ਤੇ ਮਸ਼ੀਨਗਨ ਲਗਾਈ ਗਈ ਸੀ, ਨੂੰ ਚੌਕ ਵਿਚ ਹੀ ਖੜ੍ਹਾ ਕਰਨਾ ਪਿਆ, ਕਿਉਂਕਿ ਅੱਗੇ ਰਸਤਾ ਬਹੁਤ ਤੰਗ ਸੀ। ਜਦੋਂ ਬਾਗ਼ ਵਿਚ ਗੋਲੀਆਂ ਚੱਲਣ ਦੀ ਆਵਾਜ਼ ਆਈ ਤਾਂ ਦੂਸਰੇ ਲੋਕਾਂ ਦੀ ਤਰ੍ਹਾਂ ਮੈਂ ਵੀ ਬਾਜ਼ਾਰ ਵਲ ਭੱਜਿਆ ਅਤੇ ਲੁਕ ਗਿਆ। ਸੈਨਿਕਾਂ ਦੇ ਬਾਗ਼ ਵਿਚੋਂ ਚਲੇ ਜਾਣ ਦੇ ਬਾਅਦ ਹੋਰਨਾਂ ਲੋਕਾਂ ਦੀ ਤਰ੍ਹਾਂ ਮੈਂ ਵੀ ਜ਼ਖਮੀਆਂ ਨੂੰ ਪਾਣੀ ਪਿਆਉਣ ਜਾਂ ਕਿਸੇ ਪ੍ਰਕਾਰ ਦੀ ਹੋਰ ਸਹਾਇਤਾ ਦੇਣ ਦੀ ਹਿੰਮਤ ਨਾ ਕਰ ਸਕਿਆ।ਜਨਰਲ ਡਾਇਰ ਦੇ ਸੈਨਿਕਾਂ ਦੁਆਰਾ ਚਲਾਈਆਂ ਗੋਲੀਆਂ ਦੇ ਬਾਅਦ ਬਾਗ਼ ਦੀ ਭੂਮੀ ‘ਤੇ ਲਾਸ਼ਾਂ ਦੇ ਢੇਰ ਲੱਗ ਗਏ। ਬਾਗ਼ ਵਿਚੋਂ ਸੈਨਿਕਾਂ ਦੇ ਜਾਣ ਦੇ ਬਾਅਦ ਡਰੇ ਤੇ ਸਹਿਮੇ ਹੋਏ ਕੁਝ ਲੋਕ ਬਾਗ਼ ਵਿਚੋਂ ਨਿਕਲੇ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਨੂੰ ਗੋਲੀ ਕਿੱਥੇ ਲੱਗੀ ਹੈ। ਇਸ ਲਈ ਬਹੁਤ ਸਾਰੇ ਲੋਕਾਂ ਦੀਆਂ ਲਾਸ਼ਾਂ ਕਾਂਡ ਦੇ ਅਗਲੇ ਦਿਨ ਬਾਗ਼ ਦੇ ਨਾਲ ਲਗਦੀ ਨੀਵੀਂ ਗਲੀ ਅਤੇ ਹੋਰਨਾਂ ਗਲੀਆਂ ਵਿਚੋਂ ਮਿਲੀਆਂ। ਸਮੇਂ ‘ਤੇ ਡਾਕਟਰੀ ਸਹਾਇਤਾ ਨਾ ਮਿਲਣ ਕਰਕੇ ਬਹੁਤ ਸਾਰੇ ਲੋਕ ਮਾਰੇ ਗਏ। ਬਹੁਤ ਸਾਰੇ ਲੋਕ ਲਾਸ਼ਾਂ ਦੇ ਹੇਠਾਂ ਦੱਬੇ ਰਹੇ। ਉਨ੍ਹਾਂ ਨੂੰ ਪਾਣੀ ਪਿਆਉਣ ਵਾਲਾ ਵੀ ਕੋਈ ਨਹੀਂ ਸੀ। ‘ਵਾਕਿਆ ਹੀ 13 ਅਪ੍ਰੈਲ 1919 ਦੇ ਦਿਨ ਜਲ੍ਹਿਆਂਵਾਲਾ ਬਾਗ਼ ਵਿਚ ਜਨਰਲ ਡਾਇਰ ਦੁਆਰਾ ਨਿਹੱਥੇ ਭਾਰਤੀਆਂ ‘ਤੇ ਜ਼ੁਲਮ ਢਾਹੁਣ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ, ਉਸ ਸਭ ਦੀ ਰੜਕ ਸ਼ਾਇਦ ਹੀ ਕਦੇ ਘੱਟ ਹੋ ਸਕੇ। ਦੁੱਖ ਇਸ ਗੱਲ ਦਾ ਹੈ ਕਿ ਉਸ ਕਾਂਡ ਵਿਚ ਮਾਰੇ ਗਏ ਲੋਕ ਅੱਜ ਵੀ ਆਮ ਜਨਤਾ ਲਈ ਅਗਿਆਤ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜਲ੍ਹਿਆਂਵਾਲਾ ਬਾਗ਼ ਕਾਂਡ ਵਿਚ ਸ਼ਹੀਦ ਹੋਣ ਵਾਲੇ ਨਾਗਰਿਕਾਂ ਨੂੰ ਅਗਿਆਤ ਨਾ ਰਹਿਣ ਦਵੇ, ਸਗੋਂ ਉਨ੍ਹਾਂ ਦੇ ਨਾਂ ਅਤੇ ਤਸਵੀਰਾਂ ਸਨਮਾਨ ਸਹਿਤ ਬਾਗ਼ ਵਿਚ ਲਗਾਈਆਂ ਜਾਣ। ਕਿਉਂਕਿ ਅੱਜ ਲੋਕ ਉਪਰੋਕਤ ਯਾਦਗਾਰ ‘ਤੇ ਜਲ੍ਹਿਆਂਵਾਲਾ ਬਾਗ਼ ਕਾਂਡ ਦੇ ਅਗਿਆਤ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਤਾਂ ਭੇਟ ਕਰ ਰਹੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਚਲ ਰਿਹਾ ਕਿ ਉਹ ਸ਼ਰਧਾਂਜਲੀ ਦੇਣ ਤਾਂ ਕਿਸ ਨੂੰ ਦੇਣ? ਹਰੇਕ ਭਾਰਤੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਜਲ੍ਹਿਆਂਵਾਲਾ ਬਾਗ਼ ਕਾਂਡ ਦੇ ਉਪਰੋਕਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਜ਼ਰੂਰ ਕਰੇ, ਜਿਨ੍ਹਾਂ ਦੇ ਨਾਂ ਹੋਰਨਾਂ ਸ਼ਹੀਦਾਂ ਦੀ ਤਰ੍ਹਾਂ ਜਨਤਾ ਦੀ ਜ਼ਬਾਨ ‘ਤੇ ਭਾਵੇਂ ਨਹੀਂ ਹਨ, ਪਰ ਉਹ ਸ਼ਹੀਦ ਆਜ਼ਾਦੀ ਦੇ ਭਵਨ ਦੀ ਨੀਂਹ ਦੇ ਉਨ੍ਹਾਂ ਪੱਥਰਾਂ ਦੀ ਤਰ੍ਹਾਂ ਹਨ ਜੋ ਉਪਰੋਂ ਵਿਖਾਈ ਨਹੀਂ ਦਿੰਦੇ, ਪਰ ਇਹ ਸੱਚ ਹੈ ਕਿ ਉਨ੍ਹਾਂ ਦੀ ਨੀਂਹ ਰੂਪੀ ਸ਼ਹਾਦਤ ਦੇ ਬਗ਼ੈਰ ਆਜ਼ਾਦ ਭਾਰਤ ਦੀ ਇਹ ਇਮਾਰਤ ਕਦੇ ਖੜ੍ਹੀ ਨਹੀਂ ਹੋ ਸਕਦੀ ਸੀ।

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …