ਤਲਵਿੰਦਰ ਸਿੰਘ ਬੁੱਟਰ
ਦੀਵਾਲੀ ਭਾਰਤੀਆਂ, ਖ਼ਾਸ ਕਰਕੇ ਹਿੰਦੂ ਅਤੇ ਸਿੱਖਾਂ ਦਾ ਧਾਰਮਿਕ ਤਿਓਹਾਰ ਮੰਨਿਆ ਜਾਂਦਾ ਹੈ। ਦੀਵਾਲੀ ਦਾ ਸਬੰਧ ਧਾਰਮਿਕ ਤੌਰ ‘ਤੇ ਜੈਨ ਅਤੇ ਬੁੱਧ ਧਰਮ ਨਾਲ ਵੀ ਜੁੜਿਆ ਹੋਇਆ ਹੈ ਅਤੇ ਇਹ ਕਈ ਹੋਰ ਏਸ਼ੀਆਈ ਦੇਸ਼ਾਂ ਵਿਚ ਵੀ ਸਦੀਆਂ ਤੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅੱਜ ਦੁਨੀਆਂ ਦੇ 250 ਦੇ ਕਰੀਬ ਦੇਸ਼ਾਂ ਵਿਚ ਵੱਸ ਚੁੱਕੇ ਏਸ਼ੀਆਈ ਮੂਲ ਦੇ ਲੋਕਾਂ ਕਾਰਨ ਦੀਵਾਲੀ ਦੁਨੀਆਂ ਭਰ ਵਿਚ ਮਨਾਇਆ ਜਾਣ ਵਾਲਾ ਆਲਮੀ ਸਦਭਾਵਨਾ ਦਾ ਤਿਓਹਾਰ ਬਣ ਚੁੱਕਾ ਹੈ। ਭਾਰਤੀ ਸੱਭਿਅਤਾ ਦਾ ਇਤਿਹਾਸ ਫ਼ਰੋਲਣ ‘ਤੇ ਪਤਾ ਲੱਗਦਾ ਹੈ ਕਿ ਦੀਵਾਲੀ ਦਾ ਮੁੱਢਲਾ ਸਬੰਧ ਖੇਤੀ ਪ੍ਰਧਾਨ ਭਾਰਤ ਵਿਚ ਫ਼ਸਲੀ ਮੌਸਮ ਦੇ ਨਾਲ ਜੁੜਿਆ ਹੈ। ਸਾਉਣੀ ਦੀ ਫ਼ਸਲ ਆਉਣ ਦੀ ਖੁਸ਼ੀ ਦੇ ਸ਼ੁਕਰਾਨੇ ਅਤੇ ਅਗਲੀ ਹਾੜੀ ਦੀ ਫ਼ਸਲ ਚੰਗੀ ਹੋਣ ਲਈ ਪ੍ਰਾਰਥਨਾ ਵਜੋਂ ‘ਦੀਵਾਲੀ’ ਹੋਂਦ ਵਿਚ ਆਈ ਸੀ। ਹਿੰਦੂ ਧਰਮ ਵਿਚ ਦੀਵਾਲੀ ਦੀ ਸ਼ੁਰੂਆਤ ‘ਲੱਛਮੀ ਪ੍ਰਗਟ ਦਿਵਸ’ ਵਜੋਂ ਹੋਈ। ਇਕ ਪ੍ਰਾਚੀਨ ਕਥਾ ਅਨੁਸਾਰ, ਇਸ ਦਿਨ ਦੇਵਤਿਆਂ ਵਲੋਂ ਦੁੱਧ ਦੇ ਸਮੁੰਦਰ ਕ੍ਰਿਸ਼ਨਾ ਸਾਗਰ ਵਿਚੋਂ ‘ਸਮੁੰਦਰ ਮੰਥਨ’ ਦੌਰਾਨ ਧਨ-ਦੌਲਤਾਂ ਦੀ ਦੇਵੀ ‘ਲੱਛਮੀ’ ਪ੍ਰਗਟ ਹੋਈ ਸੀ। ਦੂਜੀ ਪ੍ਰਾਚੀਨ ਕਥਾ ਅਨੁਸਾਰ, ਵਿਸ਼ਨੂੰ ਦੇ ‘ਬਾਵਨ ਅਵਤਾਰ’ (ਮੱਧਰਾ ਅਵਤਾਰ) ਨੇ ਰਾਖ਼ਸ਼ ਰਾਜਾ ਬਲੀ ਤੋਂ ਵਰ ਲੈ ਕੇ ਉਸ ਨੂੰ ਹੀ ਮਾਰ-ਮੁਕਾਇਆ ਸੀ। ਇਸ ਦਿਨ ਵਿਸ਼ਨੂੰ ਜੀ ਨੇ ਆਪਣੇ ਬੈਕੁੰਠ ਧਾਮ ‘ਚ ਵਾਪਸ ਆ ਕੇ ‘ਲੱਛਮੀ ਪੂਜਾ’ ਕੀਤੀ ਸੀ। ਦੁਆਪਰ ਯੁੱਗ ਵਿਚ ਸ੍ਰੀ ਕ੍ਰਿਸ਼ਨ ਅਤੇ ਉਨ੍ਹਾਂ ਦੀ ਪਤਨੀ ਸੱਤਿਆਭਾਮਾ ਵਲੋਂ ‘ਨਰਕਾਸੁਰਾ’ ਰਾਖ਼ਸ਼ ਨੂੰ ਮਾਰ-ਮੁਕਾਉਣ ਦੀ ਯਾਦ ‘ਚ ‘ਨਰਕਾ ਚਤੁਰਦਸ਼ੀ’ ਵੀ ਦੀਵਾਲੀ ਵਾਲੇ ਦਿਨ ਹੀ ਮਨਾਈ ਜਾਂਦੀ ਹੈ। ਹਿੰਦੂ ਪੁਰਾਤਨ ਪ੍ਰੰਪਰਾਵਾਂ ਅਨੁਸਾਰ ਭਾਰਤ ਦੇ ਕਈ ਸੂਬਿਆਂ ‘ਚ ‘ਦੀਵਾਲੀ’ ਦੇ ਰੀਤੀ-ਰਿਵਾਜ਼ ਲਗਾਤਾਰ ਪੰਜ ਦਿਨ ਚੱਲਦੇ ਹਨ। ਪਹਿਲਾ ਦਿਨ ਵਪਾਰੀ ਵਰਗ ਦੇ ਵਿੱਤੀ ਵਰ੍ਹੇ ਦੀ ਸ਼ੁਰੂਆਤ ਨਾਲ, ਦੂਜੇ ਦਿਨ ‘ਨਰਕਾ ਚਤੁਰਦਸ਼ੀ’, ਤੀਜੇ, ਮੱਸਿਆ ਵਾਲੇ ਦਿਨ ‘ਲੱਛਮੀ ਪੂਜਾ’ ਅਤੇ ਚੌਥੇ ਦਿਨ ਵਿਸ਼ਨੂੰ ਜੀ ਦੇ ‘ਮੱਧਰਾ ਅਵਤਾਰ’ ਵਲੋਂ ਰਾਖ਼ਸ਼ ਰਾਜਾ ਬਲੀ ਨੂੰ ਮਾਰਨ ਦੀ ਯਾਦ ‘ਚ ਅਤੇ ਪੰਜਵੇਂ ਦਿਨ ਭੈਣ-ਭਰਾਵਾਂ ਦੇ ਪਿਆਰ ਦਾ ਪ੍ਰਤੀਕ ‘ਭਾਈ ਦੂਜ’ ਮਨਾਇਆ ਜਾਂਦਾ ਹੈ। ਸੰਨ 1619 ਨੂੰ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਸਿੱਖਾਂ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੁਗ਼ਲ ਹਾਕਮ ਜਹਾਂਗੀਰ ਦੀ ਕੈਦ ਵਿਚੋਂ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਅੰਮ੍ਰਿਤਸਰ ਪਰਤੇ ਸਨ। ਇਸੇ ਖੁਸ਼ੀ ‘ਚ ਬਾਬਾ ਬੁੱਢਾ ਜੀ ਅਤੇ ‘ਗੁਰੂ ਮਾਤਾ’ ਗੰਗਾ ਜੀ ਨੇ ਘਿਓ ਦੇ ਦੀਵੇ ਜਗਾ ਕੇ ਦੀਪਮਾਲਾ ਕੀਤੀ ਸੀ। ਜੈਨ ਧਰਮ ਵਿਚ ਵੀ ਦੀਵਾਲੀ ਦੀ ਬਹੁਤ ਵੱਡੀ ਮਹੱਤਤਾ ਹੈ। ਜੈਨੀਆਂ ਦੇ ਅਖੀਰਲੇ ਤੀਰਥਾਂਕਰ ਮਹਾਵੀਰ ਜੈਨ ਨੇ ਪਾਵਾਪੁਰੀ ਦੇ ਸਥਾਨ ‘ਤੇ 15 ਅਕਤੂਬਰ, 527 ਈਸਵੀ ਪੂਰਵ ਨੂੰ ‘ਕੱਤਕ ਦੀ ਚੌਂਦਵੀ’ ਮੌਕੇ ਨਿਰਵਾਣ ਅਤੇ ਮੋਖ (ਮੁਕਤੀ) ਪ੍ਰਾਪਤ ਕੀਤਾ ਸੀ। ਪ੍ਰੰਪਰਾ ਅਨੁਸਾਰ ਮਹਾਂਵੀਰ ਜੀ ਦੇ ਉਤਰਾਧਿਕਾਰੀ ਗੌਤਮ ਸਵਾਮੀ ਨੇ ਵੀ ਇਸੇ ਦਿਨ ਹੀ ਗਿਆਨ ਹਾਸਲ ਕੀਤਾ ਸੀ।
ਬੁੱਧ ਧਰਮ ‘ਚ ਵੀ ਦੀਵਾਲੀ ਸਮਰਾਟ ਅਸ਼ੋਕ ਵਲੋਂ ਬੁੱਧ ਧਰਮ ਧਾਰਨ ਕਰਨ ਦੇ ਦਿਵਸ ਵਜੋਂ ਮਨਾਈ ਜਾਂਦੀ ਹੈ। ਇਸ ਦਿਨ ‘ਨੇਵਾਰਸ ਕਬੀਲੇ’ ਦੇ ਬੋਧੀ ‘ਅਸ਼ੋਕ ਵਿਜੇ ਦਸ਼ਮੀ’ ਮਨਾਉਂਦੇ ਅਤੇ ਉਨ੍ਹਾਂ ਦੇ ਮੰਦਰਾਂ ਤੇ ਮੱਠਾਂ ਨੂੰ ਸਜਾ ਕੇ ਸ਼ਰਧਾ ਨਾਲ ਬੁੱਧ ਦੀ ਅਰਾਧਨਾ ਕਰਦੇ ਹਨ। ਭਾਰਤ ਸਮੇਤ ਕਈ ਦੇਸ਼ਾਂ ਵਿਚ ਮਸ਼ੀਨੀ ਕੰਮ ਕਰਨ ਵਾਲੇ ਵਰਗ ਦੀਵਾਲੀ ਤੋਂ ਅਗਲੇ ਦਿਨ ਔਜ਼ਾਰਾਂ ਦੇ ਦੇਵਤੇ ‘ਵਿਸ਼ਵਕਰਮਾ’ ਦੀ ਪੂਜਾ ਕਰਦੇ ਹਨ।
ਨੇਪਾਲ ਵਿਚ ਦੀਵਾਲੀ ਅਕਤੂਬਰ-ਨਵੰਬਰ ਮਹੀਨੇ ਦੌਰਾਨ ਲਗਾਤਾਰ ਪੰਜ ਦਿਨ ‘ਤੀਹਾਰ’ ਅਤੇ ‘ਸਵਾਂਤੀ’ ਦੇ ਰੂਪ ‘ਚ ਮਨਾਉਂਦੇ ਹਨ। ਪਹਿਲੇ ਦਿਨ ‘ਕਾਗ ਤੀਹਾਰ’ ਵਜੋਂ ਕਾਵਾਂ ਨੂੰ ਪ੍ਰਸ਼ਾਦ ਦਿੱਤਾ ਜਾਂਦਾ ਹੈ। ਦੂਜੇ ਦਿਨ ‘ਕੂਕਰ ਤੀਹਾਰ’ ਵਜੋਂ ਕੁੱਤਿਆਂ ਨੂੰ ਵਫ਼ਾਦਾਰੀ ਲਈ ਭੋਜਨ ਦਿੱਤਾ ਜਾਂਦਾ ਹੈ। ਤੀਜੇ ਦਿਨ ਵਿੱਤੀ ਵਰ੍ਹੇ ਦਾ ਲੈਣ-ਦੇਣ ਮੁਕਾ ਕੇ ‘ਲੱਛਮੀ ਪੂਜਾ’ ਕੀਤੀ ਜਾਂਦੀ। ਚੌਥਾ ਦਿਨ ਵਿੱਤੀ ਸਾਲ ਦਾ ਨਵਾਂ ਦਿਨ ਮੰਨਦਿਆਂ ਸੱਭਿਆਚਾਰਕ ਜਲੂਸ ਅਤੇ ਹੋਰ ਸਮਾਰੋਹ ਕੀਤੇ ਜਾਂਦੇ। ‘ਨੇਵਾਰਸ ਕਬੀਲੇ’ ਦੇ ਲੋਕਾਂ ਵਲੋਂ ਸਾਲ ਭਰ ਲਈ ਸਰੀਰਕ ਤੰਦਰੁਸਤੀ ਲਈ ‘ਮਹਾਂ ਪੂਜਾ’ ਕੀਤੀ ਜਾਂਦੀ। ਪੰਜਵੇਂ ਅਤੇ ਅੰਤਮ ਦਿਨ ‘ਭਾਈ ਟਿੱਕਾ’ ਹੁੰਦਾ ਹੈ ਜਦੋਂ ਭੈਣ-ਭਰਾ ਇਕੱਠੇ ਹੁੰਦੇ ਅਤੇ ਇਕ-ਦੂਜੇ ਨੂੰ ਤੋਹਫ਼ੇ ਦਿੰਦੇ। ਨੇਪਾਲ ਦੇ ਲੋਕ ਦੀਵਾਲੀ ਮੌਕੇ ਇਕ ਵਿਸ਼ੇਸ਼ ‘ਸਮੂਹ ਗੀਤ’ ਗਾਉਂਦੇ ਅਤੇ ਖ਼ਾਸ ਕਿਸਮ ਦਾ ਨਾਚ ਕਰਦੇ ਭਾਈਚਾਰੇ ਦੇ ਘਰਾਂ ਵਿਚ ਜਾਂਦੇ ਹਨ। ਪਰਿਵਾਰ ਦਾ ਮੁਖੀ ਉਨ੍ਹਾਂ ਨੂੰ ਆਸ਼ੀਰਵਾਦ ਦੇ ਰੂਪ ਵਿਚ ਚਾਵਲ, ਅਨਾਜ ਅਤੇ ਫ਼ਲ ਦਿੰਦਾ ਹੈ। ਤਿਓਹਾਰ ਤੋਂ ਬਾਅਦ ਇਕੱਠੇ ਕੀਤੇ ਸਾਮਾਨ ਅਤੇ ਪੈਸੇ ਦਾ ਕੁਝ ਹਿੱਸਾ ਸਮਾਜ ਸੇਵਾ ਦੇ ਕੰਮਾਂ ਵਿਚ ਖਰਚ ਕੀਤਾ ਜਾਂਦਾ ਅਤੇ ਬਾਕੀ ਅਨਾਜ ਅਤੇ ਪੈਸੇ ਨਾਲ ਮਨਪ੍ਰਚਾਵੇ ਦੀ ਯਾਤਰਾ ਕੀਤੀ ਜਾਂਦੀ ਹੈ।
ਸ੍ਰੀਲੰਕਾ ਵਿਚ ਖ਼ਾਸ ਕਰਕੇ ਤਾਮਿਲ ਭਾਈਚਾਰੇ ਵਲੋਂ ਇਹ ਤਿਓਹਾਰ ‘ਦੀਪਾਵਲੀ’ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਨਵੇਂ ਕੱਪੜੇ ਪਾਉਣੇ, ਪਟਾਕੇ ਚਲਾਉਣੇ, ਖੰਡ ਦੇ ਖਿਡੌਣੇ ਬਣਾ ਕੇ ਖਾਣੇ ਅਤੇ ਹਿੰਦੂ ਭਾਈਚਾਰੇ ਵਲੋਂ ਤੇਲ ਦੇ ਦੀਵੇ ਜਗਾ ਕੇ ‘ਲੱਛਮੀ ਪੂਜਾ’ ਕਰਨ ਦਾ ਉਥੇ ਵੀ ਭਾਰਤ ਵਾਂਗ ਹੀ ਰਿਵਾਜ਼ ਹੈ। ਮਲੇਸ਼ੀਆ ਵਿਚ ਦੀਵਾਲੀ ‘ਹਰੀ ਦੀਪਾਵਲੀ’ ਦੇ ਤੌਰ ‘ਤੇ ਹਿੰਦੂ ਸੂਰਜੀ ਕੈਲੰਡਰ ਦੇ ਸੱਤਵੇਂ ਮਹੀਨੇ ਮਨਾਈ ਜਾਂਦੀ ਹੈ। ਇਸ ਦਿਨ ਪੂਰੇ ਮਲੇਸ਼ੀਆ ਵਿਚ ਜਨਤਕ ਛੁੱਟੀ ਹੁੰਦੀ ਹੈ। ਮਲੇਸ਼ੀਆਈ ਤਾਮਿਲ ਵੱਖ-ਵੱਖ ਧਰਮਾਂ ਦੇ ਮਲੇਸ਼ੀਆਈਆਂ ਨੂੰ ਆਪਣੇ ਘਰਾਂ ‘ਚ ਸ਼ਾਨਦਾਰ ਭੋਜਨ ਲਈ ਦਾਅਵਤ ਦਿੰਦੇ ਹਨ। ਇਹ ਦਿਨ ਮਲੇਸ਼ੀਆ ਵਿਚ ਸਦਭਾਵਨਾ, ਮਿੱਤਰਤਾ ਅਤੇ ਆਪਸੀ ਪਿਆਰ ਦੇ ਪ੍ਰਗਟਾਵੇ ਦਾ ਦਿਨ ਮੰਨਿਆ ਜਾਂਦਾ ਹੈ। ਸਿੰਗਾਪੁਰ ਵਿਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਹੁੰਦੀ ਹੈ। ਉਥੇ ਇਹ ਤਿਓਹਾਰ ਘੱਟ-ਗਿਣਤੀ ਭਾਰਤੀ ‘ਤਾਮਿਲ ਭਾਈਚਾਰੇ’ ਵਲੋਂ ਮਨਾਇਆ ਜਾਂਦਾ ਹੈ। ਇਸ ਦਿਨ ਰੌਸ਼ਨੀਆਂ ਜਗਾਈਆਂ ਜਾਂਦੀਆਂ, ਪ੍ਰਦਰਸ਼ਨੀਆਂ, ਜਲੂਸ ਅਤੇ ਸੰਗੀਤਕ ਸਮਾਰੋਹ ਕਰਵਾਏ ਜਾਂਦੇ। ‘ਹਿੰਦੂ ਪ੍ਰਬੰਧਕੀ ਬੋਰਡ ਆਫ਼ ਸਿੰਗਾਪੁਰ’ ਵਲੋਂ ਉਥੋਂ ਦੀ ਸਰਕਾਰ ਦੇ ਸਹਿਯੋਗ ਨਾਲ ਕਈ ਰਵਾਇਤੀ ਤੇ ਸੱਭਿਆਚਾਰਕ ਸਮਾਰੋਹ ਕਰਵਾਏ ਜਾਂਦੇ ਹਨ। ‘ਤ੍ਰੀਨੀਦਾਦ ਅਤੇ ਟੋਬੈਗੋ’ ਦੇ ਟਾਪੂਆਂ ਦੇ ਭਾਈਚਾਰੇ ਰਲ-ਮਿਲ ਕੇ ਦੀਵਾਲੀ ਮਨਾਉਂਦੇ ਹਨ। ਉਚੇਚੇ ਜਸ਼ਨ ਮਨਾਉਣ ਲਈ ਰੌਸ਼ਨੀਆਂ ਨਾਲ ਭਰਪੂਰ ਇਕ ਪਿੰਡ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ‘ਦੀਵਾਲੀ ਨਗਰ’ ਆਖਿਆ ਜਾਂਦਾ ਹੈ। ਹਿੰਦੂ ਧਾਰਮਿਕ ਜਥੇਬੰਦੀਆਂ ਵਲੋਂ ਇਥੇ ਖ਼ਾਸ ਤੌਰ ‘ਤੇ ਪੂਰਬੀ ਭਾਰਤੀਆਂ ਦੇ ਸੱਭਿਆਚਾਰਕ ਵੰਨਗੀਆਂ ਨਾਲ ਜੁੜੇ ਲੋਕ-ਨਾਚ ਅਤੇ ਨਾਟਕ ਖੇਡੇ ਜਾਂਦੇ। ਭਾਰਤੀ ਸੱਭਿਆਚਾਰ ਨਾਲ ਜੁੜੀਆਂ ਸੰਸਥਾਵਾਂ ਵਲੋਂ ਰਾਤ ਨੂੰ ਲੱਛਮੀ ਪੂਜਾ ਅਤੇ ਦੀਪਮਾਲਾ ਦਾ ਪ੍ਰਬੰਧ ਕੀਤਾ ਜਾਂਦਾ ਹੈ। ‘ਦੀਵਾਲੀ ਨਗਰ’ ਵਿਚ ਭਾਰਤੀ ਅਤੇ ਗੈਰ-ਭਾਰਤੀ ਸ਼ਾਕਾਹਾਰੀ ਵਿਅੰਜਨਾਂ ਦਾ ਭਰਪੂਰ ਸਵਾਦ ਚੱਖਣ ਨੂੰ ਮਿਲਦਾ ਹੈ। ਇਹ ਤਿਓਹਾਰ ਦਿਲਖਿੱਚਵੀਂ ਆਤਿਸ਼ਬਾਜ਼ੀ ਨਾਲ ਸਮਾਪਤ ਹੁੰਦਾ ਹੈ।
ਬਰਤਾਨੀਆ ਵਿਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਭਾਰੀ ਉਤਸ਼ਾਹ ਨਾਲ ਦੀਵਾਲੀ ਦੇ ਜਸ਼ਨ ਮਨਾਉਂਦੇ ਹਨ। ਲੋਕ ਘਰਾਂ ਦੀ ਸਫ਼ਾਈ ਕਰਦੇ ਹਨ। ਦੀਵੇ ਤੇ ਮੋਮਬੱਤੀਆਂ ਨਾਲ ਦੀਪਮਾਲਾ ਕਰਦੇ ਹਨ। ਲੋਕ ਆਪਸ ਵਿਚ ਲੱਡੂ ਅਤੇ ਬਰਫ਼ੀ ਵੰਡਦੇ ਹਨ। ਇਹ ਮੌਕਾ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਆਪਸ ਵਿਚ ਮਿਲਵਰਤਣ ਵਧਾਉਣ ਅਤੇ ਅੰਤਰ-ਧਰਮ ਸਦਭਾਵਨਾ ਕਾਇਮ ਕਰਨ ਦੀ ਮਦਦ ਕਰਦਾ ਹੈ। ਬਰਤਾਨੀਆ ਵਿਚ ਹੁਣ ਗੈਰ-ਭਾਰਤੀ ਲੋਕਾਂ ਲਈ ਵੀ ਦੀਵਾਲੀ ਮਨਭਾਉਂਦਾ ਤਿਓਹਾਰ ਬਣਦਾ ਜਾ ਰਿਹਾ ਹੈ। ਭਾਰਤ ਤੋਂ ਬਾਹਰ ਹੋਣ ਵਾਲੇ ਵੱਡੇ ਦੀਵਾਲੀ ਜਸ਼ਨਾਂ ਵਿਚੋਂ ਇਕ ਵੱਡਾ ਸਮਾਰੋਹ ‘ਲੀਸੇਸਟਰ’ ਵਿਚ ਹੁੰਦਾ ਹੈ। ਬਰਤਾਨਵੀ ਮੂਲ ਦੇ ਲੋਕਾਂ ਵਲੋਂ ਵੀ ਦੀਵਾਲੀ ਵਰਗਾ ਇਕ ਰਵਾਇਤੀ ਤਿਓਹਾਰ ‘ਬ੍ਰਿਟਿਸ਼ ਬੌਨਫ਼ਾਇਰ ਨਾਈਟ’ 5 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸੇ ਕਰਕੇ ਲੰਦਨ ਦੇ ਪੂਰਬੀ ਹਿੱਸੇ ਵੱਲ ਦੀਵਾਲੀ ਸਾਂਝਾ ਤਿਓਹਾਰ ਹੈ, ਜਿਥੇ ਭਾਰਤੀ ਮੂਲ ਅਤੇ ਬਰਤਾਨਵੀ ਮੂਲ ਦੇ ਲੋਕ ਆਪੋ-ਆਪਣੀਆਂ ਰਵਾਇਤਾਂ ਨੂੰ ਯਾਦ ਕਰਦਿਆਂ ਇਕੱਠੇ ਆਤਿਸ਼ਬਾਜ਼ੀ ਕਰਦੇ ਹਨ।
ਸੰਯੁਕਤ ਰਾਸ਼ਟਰ ਅਮਰੀਕਾ ਵਿਚ ਦੀਵਾਲੀ ਸਾਲ ਦੇ ਅਖ਼ੀਰ ‘ਚ ਮਨਾਇਆ ਜਾਣ ਵਾਲਾ ਮਹੱਤਵਪੂਰਨ ਤਿਓਹਾਰ ਬਣ ਚੁੱਕਾ ਹੈ। ਸਾਲ 2003 ਵਿਚ ਪਹਿਲੀ ਵਾਰ ਦੀਵਾਲੀ ਅਮਰੀਕਾ ਦੇ ਵਾੲ੍ਹੀਟ ਹਾਊਸ ਵਿਚ ਮਨਾਈ ਗਈ ਅਤੇ ਸਾਲ 2007 ਵਿਚ ਸੰਯੁਕਤ ਰਾਜ ਅਮਰੀਕਾ ਕਾਂਗਰਸ ਵਲੋਂ ਦੀਵਾਲੀ ਨੂੰ ਅਧਿਕਾਰਤ ਮਾਨਤਾ ਦੇ ਦਿੱਤੀ ਗਈ। ਸਾਲ 2009 ਦੌਰਾਨ ਵਾੲ੍ਹੀਟ ਹਾਊਸ ਵਿਚ ਦੀਵਾਲੀ ਜਸ਼ਨਾਂ ਦੌਰਾਨ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਹੋਏ। ਇਸੇ ਸਾਲ ਅਮਰੀਕਾ ਵਿਚਲੇ ਦੁਨੀਆਂ ਦੇ ਸਭ ਤੋਂ ਵੱਡੇ ਕਾਓਬਾਏ ਸਟੇਡੀਅਮ, ਟੈਕਸਾਸ ਵਿਚ ਦੀਵਾਲੀ ਮੌਕੇ ਇਕ ਲੱਖ ਲੋਕਾਂ ਦਾ ਰਿਕਾਰਡਤੋੜ ਇਕੱਠ ਹੋਇਆ ਸੀ। ਸੇਨ ਐਂਟੋਨੀਓ ਸ਼ਹਿਰ ਅਮਰੀਕਾ ਦਾ ਪਹਿਲਾ ਅਜਿਹਾ ਸ਼ਹਿਰ ਹੈ, ਜਿਥੇ ਸਾਲ 2009 ਦੌਰਾਨ 5 ਹਜ਼ਾਰ ਲੋਕਾਂ ਦੇ ਇਕੱਠ ਦੌਰਾਨ ਦੀਵਾਲੀ ਜਸ਼ਨ ਮਨਾਉਣ ਅਤੇ ਆਤਿਸ਼ਬਾਜ਼ੀ ਕਰਨ ਦੀ ਅਧਿਕਾਰਤ ਤੌਰ ‘ਤੇ ਆਗਿਆ ਦਿੱਤੀ ਗਈ ਸੀ। ਕੈਨੇਡਾ ਵਿਚ ਭਾਵੇਂ ਜਨਤਕ ਤੌਰ ‘ਤੇ ਪਟਾਕੇ ਚਲਾਉਣ ‘ਤੇ ਪਾਬੰਦੀ ਹੈ, ਪਰ ਭਾਰਤੀ ਭਾਈਚਾਰੇ ਬੜੇ ਜ਼ੋਸ਼ੋ-ਖਰੋਸ਼ ਨਾਲ ਦੀਵਾਲੀ ਮਨਾਉਂਦੇ ਹਨ। ਟੋਰਾਂਟੋ ਅਤੇ ਵੈਨਕੂਵਰ ਖੇਤਰ ਵਿਚ ਪੰਜਾਬੀ ਅਤੇ ਹਿੰਦੂ ਮੂਲ ਦੇ ਲੋਕ ਖਾਣ-ਪੀਣ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਦੀਵਾਲੀ ਦੇ ਜਸ਼ਨ ਮਨਾਉਂਦੇ ਹਨ।
ਆਸਟਰੇਲੀਆ ਵਿਚ ਦੀਵਾਲੀ ਦਾ ਤਿਓਹਾਰ ਭਾਰਤੀ ਮੂਲ ਦੇ ਲੋਕਾਂ ਅਤੇ ਮੈਲਬਰਨ ਦੇ ਸਥਾਨਕ ਲੋਕਾਂ ਵਲੋਂ ਜਨਤਕ ਤਿਓਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਮੈਲਬਰਨ ਵਿਚ ‘ਦ ਆਸਟਰੇਲੀਅਨ ਇੰਡੀਅਨ ਇਨੋਵੇਸ਼ਨਜ਼ ਇਨਕਾਰਪੋਰੇਟਡ’ ਨਾਂ ਦੀ ਜਥੇਬੰਦੀ ਨੇ 13 ਅਕਤੂਬਰ, 2002 ਨੂੰ ਪਹਿਲਾ ਵੱਡਾ ਦੀਵਾਲੀ ਮੇਲਾ ਸੈਨਡੋਨ ਰੇਸਕੋਰਸ ਵਿਚ ਕਰਵਾਇਆ। ਦਸ ਘੰਟੇ ਤੱਕ ਚੱਲਣ ਵਾਲੇ ਇਸ ਮੇਲੇ ‘ਚ ਭਾਰਤੀ ਸੱਭਿਆਚਾਰ, ਖਾਣ-ਪੀਣ ਅਤੇ ਰਵਾਇਤੀ ਵਸਤਾਂ ਨਾਲ ਸਬੰਧਤ ਸਟਾਲ ਲਗਾਏ ਜਾਂਦੇ ਤੇ 8 ਘੰਟੇ ਲਗਾਤਾਰ ਮਨੋਰੰਜਕ ਪ੍ਰੋਗਰਾਮ ਚੱਲਦੇ ਹਨ। ਮਨਪ੍ਰਚਾਵੇ ਲਈ ਖੇਡਾਂ ਤੇ ਸਰਕਸਾਂ ਵੀ ਲਗਾਈਆਂ ਜਾਂਦੀਆਂ ਹਨ।
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …