Breaking News
Home / ਮੁੱਖ ਲੇਖ / ਮੋਦੀ ਆਪਣੀਆਂ ਨੀਤੀਆਂ ‘ਤੇ ਮੁੜ ਵਿਚਾਰ ਕਰਨ

ਮੋਦੀ ਆਪਣੀਆਂ ਨੀਤੀਆਂ ‘ਤੇ ਮੁੜ ਵਿਚਾਰ ਕਰਨ

316844-1rZ8qx1421419655-300x225ਕੁਲਦੀਪ ਨਈਅਰ
ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2 ਸਾਲਾਂ ਦੇ ਕਾਰਜਕਾਲ ਲਈ ਮੈਨੂੰ ਨੰਬਰ ਦੇਣ ਲਈ ਕਿਹਾ ਜਾਵੇ ਤਾਂ ਮੈਂ 10 ਵਿਚੋਂ 4 ਨੰਬਰ ਦੇਵਾਂਗਾ। ਮੈਂ ਉਨ੍ਹਾਂ ਨੂੰ ਫੇਲ ਨਹੀਂ ਕਰਾਂਗਾ ਕਿਉਂਕਿ ਉਨ੍ਹਾਂ ਨੇ ਸਰਕਾਰੀ ਤੌਰ ‘ਤੇ ਹਿੰਦੂਵਾਦ ਦੇ ਪ੍ਰੋਗਰਾਮ ਨਹੀਂ ਚਲਾਏ, ਹਾਲਾਂਕਿ ਆਰ. ਐੱਸ. ਐੱਸ. ਅਤੇ ਬਜਰੰਗ ਦਲ, ਦੋਹਾਂ ਗਰਮ ਖਿਆਲੀ ਸੰਗਠਨਾਂ ਨੂੰ ਦੌੜ ਲਾਉਣ ਦੀ ਇਜਾਜ਼ਤ ਦੇ ਦਿੱਤੀ।ઠ
ਮੈਨੂੰ ਪਤਾ ਹੈ ਕਿ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੂੰ ਆਪਣੇ ਸੌੜੇ ਅਤੇ ਹਿੰਸਕ ਵਿਚਾਰਾਂ ਨੂੰ ਆਕਾਸ਼ਵਾਣੀ ਦੇ ਜ਼ਰੀਏ ਪਰੋਸਣ ਦੀ ਇਜਾਜ਼ਤ ਦਿੱਤੀ ਗਈ। ਇਸੇ ਤਰ੍ਹਾਂ ਨਹਿਰੂ ਲਾਇਬ੍ਰੇਰੀ ਵਰਗੀਆਂ ਸਰਕਾਰੀ ਸੰਸਥਾਵਾਂ ਨੂੰ ਆਰ. ਐੱਸ. ਐੱਸ. ਦੇ ਨਾਗਪੁਰ ਅਤੇ ਨਵੀਂ ਦਿੱਲੀ ਦੇ ਝੰਡੇਵਾਲਾਨ ਵਾਲੇ ਮੁੱਖ ਦਫਤਰਾਂ ਤੋਂ ਆਉਣ ਵਾਲੇ ਸੰਦੇਸ਼ਾਂ ‘ਤੇ ਅਮਲ ਕਰਨ ਲਈ ਕਿਹਾ ਗਿਆ। ਵੱਖ-ਵੱਖ ਵਿੱਦਿਅਕ ਅਦਾਰਿਆਂ ਵਿਚ ਨਹਿਰੂਵਾਦੀ ਰੁਝਾਨ ਵਾਲੇ ਮੁਖੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ।
ਇਹ ਪ੍ਰਕਿਰਿਆ ਫਿਰ ਵੀ ਪੂਰੀ ਨਹੀਂ ਹੋਈ ਹੈ। ਇਥੋਂ ਤੱਕ ਕਿ ਕਾਂਗਰਸ ਦੇ ਸ਼ਾਸਨ ਵਾਲੇ ਸੂਬਿਆਂ ਵਿਚ ਕੇਂਦਰ ਸਰਕਾਰ ਵਲੋਂ ਚਲਾਏ ਜਾਂਦੇ ਅਦਾਰਿਆਂ ਦਾ ਯੋਜਨਾਬੱਧ ਢੰਗ ਨਾਲ ਭਗਵਾਂਕਰਨ ਕੀਤਾ ਜਾ ਰਿਹਾ ਹੈ। ਮੋਦੀ ਨੂੰ ਰੋਜ਼ਾਨਾ ਹੁਕਮ ਦੇਣ ਦੀ ਲੋੜ ਨਹੀਂ ਹੈ। ਇਹ ਸੰਦੇਸ਼ ਪਹੁੰਚ ਗਿਆ ਹੈ ਕਿ ਪੂਰੀ ਵਿਵਸਥਾ ਨੂੰ ਬਿਨਾਂ ਸੋਚੇ-ਸਮਝੇ ਹਿੰਦੂਵਾਦੀ ਸੋਚ ਅਨੁਸਾਰ ਚੱਲਣਾ ਪਵੇਗਾ, ਚਾਹੇ ਇਹ ਕਿੰਨੀ ਵੀ ਪੁਰਾਣੀ ਕਿਉਂ ਨਾ ਹੋ ਗਈ ਹੋਵੇ।
ਦਿੱਲੀ ਤੋਂ ਸਿਰਫ 50 ਕਿਲੋਮੀਟਰ ਦੂਰ ਦਾਦਰੀ ਵਿਚ ਹੋਈ ਹੱਤਿਆ ਦੀ ਮਿਸਾਲ ਲੈ ਲਓ। ਇਕ ਮੁਸਲਮਾਨ ਦੀ ਕੱਟੜਪੰਥੀਆਂ ਨੇ ਸਿਰਫ ਇਸ ਲਈ ਹੱਤਿਆ ਕਰ ਦਿੱਤੀ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਸ ਦੇ ਪਰਿਵਾਰ ਨੇ ਗਊ ਦਾ ਮਾਸ ਖਾਧਾ ਹੈ। ਭੜਕੀ ਭੀੜ ਇਕ ਵਿਅਕਤੀ ਦੀ ਹੱਤਿਆ ਤੋਂ ਸੰਤੁਸ਼ਟ ਨਹੀਂ ਸੀ, ਸਗੋਂ ਉਸ ਦੇ ਪੂਰੇ ਪਰਿਵਾਰ ਵਿਰੁੱਧ ਕਾਰਵਾਈ ਚਾਹੁੰਦੀ ਸੀ।ઠਪਰਿਵਾਰ ਵਾਲਿਆਂ ਨੇ ਵਿਰੋਧ ‘ਚ ਆਵਾਜ਼ ਵੀ ਬੁਲੰਦ ਨਹੀਂ ਕੀਤੀ। ਇਸ ਨਾਲ ਦੁਨੀਆ ਵਿਚ ਕੀ ਸੰਦੇਸ਼ ਗਿਆ ਹੋਵੇਗਾ ਕਿ ਜੋ ਰਾਸ਼ਟਰ ਚੰਦਰਮਾ ‘ਤੇ ਆਦਮੀ ਭੇਜਣ ਦੀ ਸਮਰੱਥਾ ਰੱਖਦਾ ਹੈ, ਉਹ ਸੌੜੇ ਵਿਚਾਰਾਂ ‘ਚ ਇਸ ਤਰ੍ਹਾਂ ਘਿਰਿਆ ਹੋਇਆ ਹੈ ਕਿ ਗਊ ਦਾ ਮਾਸ ਖਾਣਾ ਪਾਪ ਮੰਨਦਾ ਹੈ?ઠ
ਦੁੱਖ ਦੀ ਗੱਲ ਇਹ ਹੈ ਕਿ ਉਹ ਲੋਕ ਚੁੱਪ ਹਨ, ਜੋ ਸੈਕੁਲਰਵਾਦੀ ਹੋਣ ਦਾ ਦਾਅਵਾ ਕਰਦੇ ਹਨ। ਕੀ ਉੱਚੀ-ਉੱਚੀ ਰੌਲਾ ਪਾ ਕੇ ਸੈਕੁਲਰਵਾਦੀ ਹੋਣ ਦਾ ਦਾਅਵਾ ਕਰਨ ਵਾਲੇ ਉਦੋਂ ਵੀ ਚੁੱਪ ਰਹਿਣਗੇ, ਜਦੋਂ ਕੱਲ ਨੂੰ ਮੋਦੀ ਆਪਣੇ ਵਿਦੇਸ਼ ਮੰਤਰੀ ਨੂੰ ਜਾਪਾਨ ਨਾਲੋਂ ਸੰਬੰਧ ਤੋੜਨ ਦੀ ਇਸ ਲਈ ਇਜਾਜ਼ਤ ਦੇ ਦੇਣ ਕਿ ਜਾਪਾਨੀ ਲੋਕ ਦੁਨੀਆ ਦੇ ਸਭ ਤੋਂ ਸੁਆਦੀ ਮੰਨੇ ਜਾਣ ਵਾਲੇ ਭੋਜਨ ਕੋਬੇ ਬੀਫ (ਗਊ ਮਾਸ) ਬਣਾਉਣ ਲਈ ਮਸ਼ਹੂਰ ਹਨ?ઠ
ਬਦਕਿਸਮਤੀ ਨਾਲ ਹਿੰਦੂਵਾਦੀ ਮੰਡਲੀ ਇਹ ਨਹੀਂ ਸਮਝਦੀ ਕਿ ਭਾਰਤ ਸੰਵਿਧਾਨ ਮੁਤਾਬਿਕ ਸ਼ਾਸਨ ਚਲਾਉਂਦਾ ਹੈ ਅਤੇ ਇਹ ਹਿੰਦੂ ਰਾਸ਼ਟਰ ਨਹੀਂ ਹੈ। ਸੰਵਿਧਾਨ ਹਿੰਦੂਆਂ (ਜੋ 80 ਫੀਸਦੀ ਹਨ) ਅਤੇ ਘੱਟਗਿਣਤੀਆਂ (ਜੋ ਆਬਾਦੀ ਦੇ 20 ਫੀਸਦੀ ਹਨ) ਨੂੰ ਬਰਾਬਰ ਦੇ ਹੱਕ ਦਿੰਦਾ ਹੈ। ਦੋਹਾਂ ਨੂੰ ਮਿਲਾ ਕੇ ਦੇਸ਼ ਦਾ ਗਣਤੰਤਰ ਬਣਿਆ ਹੈ।ઠਮੋਦੀ ਉਦੋਂ ਸਹੀ ਸਨ, ਜਦੋਂ ਉਨ੍ਹਾਂ ਨੇ ‘ਸਬ ਕਾ ਸਾਥ, ਸਬ ਕਾ ਵਿਕਾਸ’ ਨਾਅਰਾ ਦਿੱਤਾ ਸੀ, ਜਿਸ ਦਾ ਅਰਥ ਹੈ ਕਿ ਸਾਰੇ ਇਕੱਠੇ ਮਿਲ ਕੇ ਰਹਿਣਗੇ ਅਤੇ ਹੱਥਾਂ ਵਿਚ ਹੱਥ ਪਾ ਕੇ ਅੱਗੇ ਵਧਣਗੇ ਪਰ ਲੱਗਦਾ ਹੈ ਕਿ ਬਾਅਦ ਵਿਚ ਉਹ ਅਤੇ ਉਨ੍ਹਾਂ ਦੀ ਪਾਰਟੀ ਰਾਹ ਭੁੱਲ ਗਈ ਅਤੇ ਅੱਜ ਉਨ੍ਹਾਂ ਨੂੰ ਪਸੰਦ ਹੋਵੇ ਜਾਂ ਨਾ, ਸਰਕਾਰ ਇਕ ਖਾਸ ਸੋਚ ਦੀ ਨੁਮਾਇੰਦਗੀ ਕਰਨ ਲੱਗੀ ਹੈਂਇਕ ਅਸਹਿਣਸ਼ੀਲ ਭਾਰਤ, ਜਿਸ ਦਾ ਸੁਰ ਹਿੰਦੂਵਾਦ ਵਰਗਾ ਹੈ।ઠਸ਼ਾਇਦ ਪਾਰਟੀ ਦੀ ਵਿਚਾਰ-ਮੰਡਲੀ ਇਹ ਸੋਚਦੀ ਹੈ ਕਿ ਸਮਾਜ ਨੂੰ ਵੰਡ ਕੇ ਉਹ ਜ਼ਿਆਦਾ ਵੋਟਾਂ ਹਾਸਿਲ ਕਰ ਸਕਦੀ ਹੈ। ਉੱਤਰ ਪ੍ਰਦੇਸ਼ ਵਿਚ ਅਗਲੇ ਸਾਲ ਦੇ ਸ਼ੁਰੂ ਵਿਚ ਚੋਣਾਂ ਹੋਣੀਆਂ ਹਨ ਅਤੇ ਬਜਰੰਗ ਦਲ ਨੇ ਮਾਹੌਲ ਨੂੰ ਦੂਸ਼ਿਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਹ ਵੱਖ-ਵੱਖ ਸ਼ਹਿਰਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਅਭਿਆਸ ਕਰ ਰਹੇ ਹਨ, ਜਿਸ ਵਿਚ ਲਾਠੀਆਂ ਅਤੇ ਹੋਰ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ। ਇਹ ਸਮਾਨਾਂਤਰ ਪੁਲਿਸ ਬਲ ਵਾਂਗ ਹੈ।ਉੱਤਰ ਪ੍ਰਦੇਸ਼ ਵਿਚ, ਜਿਥੇ ਗੈਰ-ਭਾਜਪਾ ਸਰਕਾਰ ਹੈ, ਸਵੇਰੇ-ਸ਼ਾਮ ਨੌਜਵਾਨ ਰੰਗਰੂਟਾਂ ਨੂੰ ਲਾਠੀ ਦੀ ਵਰਤੋਂ ਕਰਨੀ ਸਿਖਾਈ ਜਾ ਰਹੀ ਹੈ। ਇਸਲਾਮੀ ਗ਼ਲਬੇ ਦੇ ਡਰ ਦਾ ਪੱਛਮ ਦੀਆਂ ਦੱਖਣਪੰਥੀ ਪਾਰਟੀਆਂ ਇਸਤੇਮਾਲ ਕਰ ਰਹੀਆਂ ਹਨ। ਉਸੇ ਦੀ ਵਰਤੋਂ ਭਾਰਤ ਵਿਚ ਭਾਜਪਾ ਅਤੇ ਉਸ ਦੇ ਸਹਿਯੋਗੀ ਮੱਕਾਰੀ ਭਰੇ ਢੰਗ ਨਾਲ ਕਰ ਰਹੇ ਹਨ।ઠ
ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਿਸ ਤਰ੍ਹਾਂ ਦਾ ਸਾਡਾ ਲੋਕਤੰਤਰਿਕ ਢਾਂਚਾ ਹੈ, ਉਸ ਵਿਚ ਕੋਈ ਵੀ ਉਹ ਚੀਜ਼ ਖਾ ਸਕਦਾ ਹੈ, ਜੋ ਉਸ ਨੂੰ ਪਸੰਦ ਹੋਵੇ। ਭਾਰਤ ਵਰਗੇ ਵੱਡੇ ਦੇਸ਼ ਵਿਚ ਜਿਥੇ ਖਾਣਾ ਅਤੇ ਪਹਿਰਾਵਾ ਹਰ 50 ਕਿਲੋਮੀਟਰ ‘ਤੇ ਬਦਲ ਜਾਂਦਾ ਹੈ, ਵਨ-ਸੁਵੰਨਤਾ ਸੰਭਵ ਹੈ। ਅਸਲ ਵਿਚ ਇਹੋ ਭਾਰਤ ਦੀ ਤਾਕਤ ਹੈ। ਅਸੀਂ ਜਿਸ ਸੰਘੀ ਢਾਂਚੇ ਨੂੰ ਅਪਣਾਇਆ ਹੋਇਆ ਹੈ, ਉਸ ਵਿਚ ਵਨ-ਸੁਵੰਨਤਾ ਦਾ ਸਤਿਕਾਰ ਹੀ ਵੱਖ-ਵੱਖ ਇਕਾਈਆਂ ਨੂੰ ਇਕਜੁੱਟ ਰੱਖਦਾ ਹੈ।ઠ
ਭਾਜਪਾ ਦੇ ਉਨ੍ਹਾਂ ਕੱਟੜਪੰਥੀਆਂ ਨੂੰ ਮੁੜ ਸੋਚਣਾ ਚਾਹੀਦਾ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਕੌਮੀ ਕਦਰਾਂ-ਕੀਮਤਾਂ ਵਿਚ ਤਬਦੀਲੀ ਦੀ ਵਜ੍ਹਾ ਕਰਕੇ ਭਾਜਪਾ ਸੱਤਾ ਵਿਚ ਆਈ ਹੈ। ਇਹੋ ਜ਼ਿਆਦਾ ਸੱਚ ਹੈ ਕਿ ਲੋਕ ਕਾਂਗਰਸ ‘ਤੇ ਭਰੋਸਾ ਕਰਨੋਂ ਹਟ ਗਏ ਸਨ ਅਤੇ ਉਹ ਇਕ ਬਦਲ ਦੀ ਭਾਲ ਵਿਚ ਸਨ। ਜੇਕਰ ਭਾਜਪਾ ਵੀ ਪਰਿਵਾਰਵਾਦ ਚਲਾਉਂਦੀ ਰਹੀ ਤਾਂ ਕਾਂਗਰਸ ਅਜਿਹੇ ਲੋਕਾਂ ਨੂੰ ਅਸਫਲ ਕਰ ਦੇਵੇਗੀ। ਪਾਰਟੀ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ (ਜੇਕਰ ਇਸ ਨੇ ਅਜੇ ਤਕ ਮਹਿਸੂਸ ਨਹੀਂ ਕੀਤਾ ਹੈ) ਰਾਹੁਲ ਗਾਂਧੀ ਵਿਕ ਨਹੀਂ ਸਕਦੇ। ਦਾਅ ਲਾਉਣ ਲਈ ਸੋਨੀਆ ਗਾਂਧੀ ਪਾਰਟੀ ਕੋਲ ਮੁਹੱਈਆ ਨੇਤਾਵਾਂ ਦੇ ਮੁਕਾਬਲੇ ਕਾਫੀ ਬਿਹਤਰ ਹੈ। ਇਤਾਲਵੀ ਮੂਲ ਦੀ ਹੋਣ ਨੂੰ ਲੈ ਕੇ ਜੋ ਨੁਕਸਾਨ ਹੋਇਆ ਸੀ, ਉਹ ਇੰਨੇ ਸਾਲਾਂ ਵਿਚ ਗਾਇਬ ਹੋ ਚੁੱਕਾ ਹੈ ਅਤੇ ਸੋਨੀਆ ਓਨੀ ਹੀ ਭਾਰਤੀ ਮੰਨੀ ਜਾਂਦੀ ਹੈ, ਜਿੰਨਾ ਕੋਈ ਜਨਮ ਤੋਂ ਮੰਨਿਆ ਜਾਂਦਾ ਹੈ।
ਪਰ ਸਮੱਸਿਆ ਇਹ ਹੈ ਕਿ ਉਨ੍ਹਾਂ ਦੇ ਸੱਤਾ ਵਿਚ ਆਉਣ ਦੀ ਉਮੀਦ ਬਹੁਤ ਘੱਟ ਹੈ ਕਿਉਂਕਿ ਕਾਂਗਰਸ ਆਪਣੀ ਚਮਕ ਗੁਆ ਚੁੱਕੀ ਹੈ। ਬਿਨਾਂ ਸ਼ੱਕ ਭਾਜਪਾ ਦੀ ਸਿਆਸਤ ਹਿੰਦੂਵਾਦੀ ਹੈ ਪਰ ਇਸ ਸਮੇਂ ਇਸ ਦੀ ਸੋਚ ਦਾ ਹੀ ਗ਼ਲਬਾ ਹੈ ਕਿਉਂਕਿ ਇਹ ਲੋਕਾਂ ਨੂੰ ਪਸੰਦ ਆਈ ਹੈ। ਮੋਦੀ ਦੀ ਅਗਵਾਈ ਦੀ ਵਜ੍ਹਾ ਕਰਕੇ ਅਜਿਹਾ ਹੋਇਆ ਹੈ। ਇਹ ਸੋਚ ਜ਼ਿਆਦਾ ਸਮੇਂ ਤੱਕ ਸ਼ਾਇਦ ਹੀ ਚੱਲ ਸਕੇਗੀ ਕਿਉਂਕਿ ਭਾਰਤੀ ਰਾਸ਼ਟਰ ਬੁਨਿਆਦੀ ਤੌਰ ‘ਤੇ ਅਨੇਕਤਾਵਾਦੀ ਹੈ। ਭਾਜਪਾ ਖ਼ੁਦ ਵੀ ਇਸ ਨੂੰ ਮਹਿਸੂਸ ਕਰਦੀ ਨਜ਼ਰ ਆ ਰਹੀ ਹੈ।ઠਪਰ ਪਾਰਟੀ ਲਈ ਦੁਖਦਾਈ ਸਥਿਤੀ ਇਹ ਹੈ ਕਿ ਇਸ ਦੇ ਕਾਡਰ ਆਰ. ਐੱਸ. ਐੱਸ. ਤੋਂ ਆਉਂਦੇ ਹਨ। ਸ਼ਾਇਦ ਇਹੋ ਵਜ੍ਹਾ ਹੈ ਕਿ ਸਰਕਾਰ ਵਿਚ ਕੋਈ ਘਪਲਾ ਨਹੀਂ ਹੈ। ਹਾਲਾਂਕਿ ਕੋਈ ਵੀ ਆਰ. ਐੱਸ. ਐੱਸ. ਦੀ ਵਿਚਾਰਧਾਰਾ ਨੂੰ ਨਾਪਸੰਦ ਕਰ ਸਕਦਾ ਹੈ ਪਰ ਇਸ ‘ਤੇ ਕੋਈ ਸ਼ੱਕ ਨਹੀਂ ਕਰ ਸਕਦਾ ਕਿ ਈਮਾਨਦਾਰੀ ‘ਤੇ ਇਸ ਦਾ ਜ਼ੋਰ ਹੈ ਪਰ ਸਰਕਾਰ ਵਿਚ ਇਸ ਦੀ ਦਖ਼ਲਅੰਦਾਜ਼ੀ ਨੂੰ ਲੈ ਕੇ ਭਰਮ ਨਹੀਂ ਹੋਣਾ ਚਾਹੀਦਾ। ਇਥੋਂ ਤੱਕ ਕਿ ਉੱਚੇ ਅਹੁਦਿਆਂ ‘ਤੇ ਬੈਠੇ ਅਧਿਕਾਰੀਆਂ ਨੂੰ ਵੀ ਇਸ ਆਧਾਰ ‘ਤੇ ਪਰਖਿਆ ਜਾਂਦਾ ਹੈ ਕਿ ਹਿੰਦੂਵਾਦ ਦੀ ਵਿਚਾਰਧਾਰਾ ਨਾਲ ਉਨ੍ਹਾਂ ਦੀ ਕਿੰਨੀ ਨੇੜਤਾ ਹੈ। ਮੋਦੀ ਖੁਦ ਆਰ. ਐੱਸ. ਐੱਸ. ਦੇ ਇਕ ਪ੍ਰਚਾਰਕ ਹਨ। ਅਜੇ ਵੀ ਉਹ ਅਕਸਰ ਨਾਗਪੁਰ ਜਾਂਦੇ ਰਹਿੰਦੇ ਹਨ, ਜਿਥੇ ਆਰ. ਐੱਸ. ਐੱਸ. ਲੀਡਰਸ਼ਿਪ ਨੂੰ ਮਿਲਦੇ ਹਨ। ਉਥੋਂ ਉਹ ਕੁਝ ਵਿਚਾਰ ਗ੍ਰਹਿਣ ਕਰਦੇ ਹਨ, ਜੋ ਉਨ੍ਹਾਂ ਦੀ ਸਰਕਾਰ ਦੇ ਫੈਸਲਿਆਂ ਤੋਂ ਝਲਕਦੇ ਹਨ। ਇਸ ਚੀਜ਼ ਨੇ ਰਾਸ਼ਟਰ ਦੇ ਸੈਕੁਲਰ ਸੁਭਾਅ ਵਾਲੇ ਤਾਣੇ-ਬਾਣੇ ਨੂੰ ਤੋੜ ਦਿੱਤਾ ਹੈ ਤੇ ਵੱਖ-ਵੱਖ ਖੇਤਰਾਂ ਵਿਚ ਹਿੰਸਕ ਸਮੂਹ ਪੈਦਾ ਕਰ ਦਿੱਤੇ ਹਨ।ઠ
ਮੈਂ ਇਹੋ ਉਮੀਦ ਕਰਦਾ ਹਾਂ ਕਿ ਇਹ ਸਮਾਂ ਬੀਤ ਜਾਵੇਗਾ ਪਰ ਜਦੋਂ ਤਕ ਇਹ ਰਹੇਗਾ, ਧਰਤੀ-ਪੁੱਤਰਾਂ ਨੂੰ ਤਰਜੀਹ ਦੇਣ ਦਾ ਪਰਛਾਵਾਂ ਭਾਰਤ ਦੀ ਸੋਚ ‘ਤੇ ਮੰਡਰਾਉਂਦਾ ਰਹੇਗਾ। ਮੈਂ ਉਮੀਦ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਆਪਣੀਆਂ ਨੀਤੀਆਂ ‘ਤੇ ਮੁੜ ਵਿਚਾਰ ਕਰਨਗੇ ਤਾਂ ਕਿ ਕਿਸੇ ਵੀ ਤਰ੍ਹਾਂ ਸੰਵਿਧਾਨ ਦੇ ਬੁਨਿਆਦੀ ਢਾਂਚੇ ‘ਤੇ ਅਸਰ ਨਾ ਪਵੇ।

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …