Home / ਜੀ.ਟੀ.ਏ. ਨਿਊਜ਼ / ਓਨਟਾਰੀਓ ਸੂਬਾਈ ਚੋਣਾਂ ਅਤੇ ਬਰੈਂਪਟਨ ਸਿਟੀ ਕੌਂਸਲ ਚੋਣ ਲਈ ਸਰਗਰਮੀਆਂ ਸ਼ੁਰੂ

ਓਨਟਾਰੀਓ ਸੂਬਾਈ ਚੋਣਾਂ ਅਤੇ ਬਰੈਂਪਟਨ ਸਿਟੀ ਕੌਂਸਲ ਚੋਣ ਲਈ ਸਰਗਰਮੀਆਂ ਸ਼ੁਰੂ

ਬਰੈਂਪਟਨ/ਡਾ. ਝੰਡ : ਓਨਟਾਰੀਓ ਸੂਬਾਈ ਅਸੈਂਬਲੀ ਚੋਣਾਂ ਅਤੇ ਬਰੈਂਪਟਨ ਮਿਊਂਸਪਲ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਇਹ ਕ੍ਰਮਵਾਰ 7 ਜੂਨ ਅਤੇ 23 ਅਕਤੂਬਰ ਨੂੰ ਹੋ ਰਹੀਆਂ ਹਨ। ਇਹ ਚੋਣਾਂ ਲੜਨ ਲਈ ਵੱਖ-ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣੇ ਪਰ ਤੋਲ ਰਹੇ ਹਨ। ਕਈਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ ਅਤੇ ਬਹੁਤ ਸਾਰਿਆਂ ਦੇ ਅਜੇ ਆਉਣੇ ਬਾਕੀ ਹਨ। ਇੰਜ ਲੱਗਦਾ ਹੈ ਕਿ ਸਾਲ 2018 ਦੀਆਂ ਪ੍ਰੋਵਿੰਸ਼ੀਅਲ ਅਤੇ ਮਿਊਂਸਪਲ ਚੋਣਾਂ ਕਾਫ਼ੀ ਦਿਲਚਸਪ ਹੋਣਗੀਆਂ। ਪ੍ਰੋਵਿੰਸ਼ੀਅਲ ਚੋਣ ਲਈ ਲਿਬਰਲ ਪਾਰਟੀ ਵੱਲੋਂ ਮੌਜੂਦਾ ਪ੍ਰੀਮੀਅਰ ਕੈਥਲੀਨ ਵਿੰਨ ਵੱਲੋਂ ਕੁਝ ਪੁਰਾਣੇ ਅਤੇ ਕੁਝ ਨਵੇਂ ਉਮੀਦਵਾਰ ਵੀ ਚੋਣ ਮੈਦਾਨ ਵਿਚ ਉਤਾਰੇ ਜਾ ਰਹੇ ਹਨ ਅਤੇ ਉਹ ਆਪਣੀ ਪਿਛਲੀ ਕਾਰਗ਼ੁਜ਼ਾਰੀ ਦੇ ਬਲਬੂਤੇ ‘ਹੈਟ-ਟਰਿੱਕ’ ਮਾਰਨ ਦੀਆਂ ਗੱਲਾਂ ਕਰ ਰਹੇ ਹਨ। ਉਂਝ ਕਈ ਇਹ ਵੀ ਕਹਿ ਰਹੇ ਹਨ ਕਿ ਇਸ ਵਾਰ ਪ੍ਰੀਮੀਅਰ ਵਿੰਨ ਲਈ ਸ਼ਾਇਦ ਆਪਣੀ ਸੀਟ ਵੀ ਬਚਾਉਣੀ ਮੁਸ਼ਕਲ ਹੋ ਜਾਏ।
ਦੂਸਰੇ ਪਾਸੇ ਓਨਟਾਰੀਓ ਪੀ.ਸੀ. ਪਾਰਟੀ ਦੇ ਨਵੇਂ ਚੁਣੇ ਗਏ ਆਗੂ ਡਗ ਫ਼ੋਰਡ 7 ਜੂਨ ਤੋਂ ਬਾਅਦ ਸੂਬੇ ਵਿਚ ਨਵੀਂ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਹਨ ਅਤੇ ਅਗਲੇ ਕੁਝ ਦਿਨਾਂ ਵਿਚ ਉਨ੍ਹਾਂ ਵੱਲੋਂ ਕੂਝ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਸੁਣਨ ਵਿਚ ਆਇਆ ਹੈ ਕਿ ਬਰੈਂਪਟਨ ਨੌਰਥ ਵਿਚ ਪੀ.ਸੀ. ਪਾਰਟੀ ਵੱਲੋਂ ਦੋਬਾਰਾ ਨੌਮੀਨੇਸ਼ਨ ਕੀਤੀ ਜਾਏਗੀ। ਇਸ ਹਲਕੇ ਵਿੱਚੋਂ ਇਸ ਪਾਰਟੀ ਦੇ 11 ਉਮੀਦਵਾਰ ਚੋਣ ਲੜਨਾ ਚਾਹੁੰਦੇ ਹਨ। ਵੇਖੋ ‘ਰੀ-ਨੌਮੀਨੇਸ਼ਨ’ ਵਿਚ ਕਿਹੜਾ ਉਮੀਦਵਾਰ ਸਾਹਮਣੇ ਆਉਂਦਾ ਹੈ। ਐੱਨ.ਡੀ.ਪੀ. ਵੱਲੋਂ ਬਰੈਂਪਟਨ ਲਈ ਦੋ ਉਮੀਦਵਾਰਾਂ ਦੇ ਨਾਂਵਾਂ ਦਾ ਬਾ-ਕਾਇਦਾ ਐਲਾਨ ਕਰ ਦਿੱਤਾ ਗਿਆ ਹੈ ਇਨ੍ਹਾਂ ਵਿਚ ਬਰੈਂਪਟਨ ਸੈਂਟਰ ਵਿਚੋਂ ਸਾਰਾ ਸਿੰਘ ਅਤੇ ਬਰੈਂਪਟਨ ਈਸਟ ਵਿੱਚੋਂ ਜਗਮੀਤ ਸਿੰਘ ਦੇ ਛੋਟੇ ਭਰਾ ਗੁਰਰਤਨ ਸਿੰਘ ਇਸ ਪਾਰਟੀ ਵੱਲੋਂ ਚੋਣ ਲੜਨਗੇ। ਬਾਕੀ ਨਾਵਾਂ ਦਾ ਅਜੇ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਬਰੈਂਪਟਨ ਸਿਟੀ ਕਾਊਂਸਲ ਚੋਣ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਸਿੰਘ ਢਿੱਲੋਂ ਨੇ ਵਾਰਡ ਨੰਬਰ 9 ਤੇ 10 ਵਿੱਚੋਂ ਇਸ ਵਾਰ ਰਿਜਨਲ ਕਾਊਂਸਲਰ ਵਜੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ, ਜਦ ਕਿ ਏਸੇ ਵਾਰਡ ਵਿੱਚੋਂ ਮੌਜੂਦਾ ਸਕੂਲ-ਟਰੱਸਟੀ ਹਰਕੀਰਤ ਸਿੰਘ ਸਿਟੀ ਕਾਊਂਸਲਰ ਲਈ ਚੋਣ ਲੜ ਰਹੇ ਹਨ। ਸਕੂਲ-ਟਰੱਸਟੀ ਲਈ ਇੱਥੋਂ ਹੁਣ ਉੱਘੇ ਪੱਤਰਕਾਰ ਸੱਤਪਾਲ ਜੌਹਲ ਤੇ ਕਈ ਹੋਰ ਉਮੀਦਵਾਰ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸਪਰਿੰਗਡੇਲ ਏਰੀਏ ਵਜੋਂ ਜਾਣਿਆਂ ਜਾਂਦਾ ਇਹ 9-10 ਵਾਰਡ ਪੰਜਾਬੀਆਂ ਦਾ ‘ਗੜ੍ਹ’ ਹੈ ਅਤੇ ਲੱਗਦਾ ਹੈ ਕਿ ਪਹਿਲਾਂ ਵਾਂਗ ਪੰਜਾਬੀ ਹੀ ਆਪਸ ਵਿਚ ਭਿੜਨਗੇ। ਬਰੈਂਪਟਨ ਦੇ ਹੋਰ ਹਲਕਿਆਂ ਵਿਚ ਵੀ ਅਕਸਰ ਇੰਜ ਹੀ ਹੁੰਦਾ ਹੈ। ਪੰਜਾਬੀਆਂ ਦੀਆਂ ਵੋਟਾਂ ਪੰਜਾਬੀ ਉਮੀਦਵਾਰਾਂ ਵਿਚ ਵੰਡੀਆਂ ਜਾਂਦੀਆਂ ਹਨ ਅਤੇ ਦਾਅ ਕਿਸੇ ਹੋਰ ਦਾ ਲੱਗ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਪਾਰਲੀਮੈਂਟ ਚੋਣ ਵਿਚ ਤਾਂ ਬਰੈਂਪਟਨ ਦੀਆਂ ਪੰਜਾਂ ਹੀ ਰਾਈਡਿੰਗਾਂ ਤੋਂ ਜਿੱਤਣ ਵਾਲੇ ਸਾਰੇ ਉਮੀਦਵਾਰ ਪੰਜਾਬੀ ਹਨ ਅਤੇ ਮਿਉਂਨਿਸਿਪਲ ਕਾਊਂਸਲ ਵਿਚ ਪਿਛਲੇ ਕਈ ਚਿਰਾਂ ਤੋਂ ਪੰਜਾਬੀਆਂ ਦਾ ਇਕ ਹੀ ਨੁਮਾਇੰਦਾ ਰਿਹਾ ਹੈ, ਭਾਵੇਂ ਉਹ ਵਿੱਕੀ ਢਿੱਲੋਂ ਹੋਵੇ ਜਾਂ ਗੁਰਪ੍ਰੀਤ ਢਿੱਲੋਂ। ਇਸ ਦੇ ਬਾਰੇ ਪੰਜਾਬੀਆਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਮਾਲਟਿਨ ਸਿੰਘ ਵਾਰਡ ਨੰਬਰ 7-8 ਵਿੱਚੋਂ ਰਿਜਨਲ ਕਾਊਂਸਲਰ ਲਈ ਉਮੀਦਵਾਰ ਹਨ, ਜਦਕਿ ਇਸ ਵਾਰਡ ਦੇ ਮੌਜੂਦਾ ਰਿਜਨਲ ਕਾਊਂਸਲਰ ਪੈਟ ਮਾਰਟਿਨੀ ਇਸ ਵਾਰ ਸਿਟੀ ਕਾਊਂਸਲਰ ਲਈ ਚੋਣ ਲੜ ਰਹੇ ਹਨ। ਵਾਰਡ ਨੰ: 1 ਅਤੇ 5 ਵਿੱਚੋਂ ਨੌਜੁਆਨ ਉਮੀਦਵਾਰ ਸੰਦੀਪ ਸਿੰਘ ਚੋਣ-ਮੈਦਾਨ ਵਿਚ ਉੱਤਰਿਆ ਹੈ। ਜੋਸ਼ ਤਾਂ ਬਥੇਰਾ ਹੈ ਇਸ ਨੌਜੁਆਨ ਵਿਚ। ਅੱਗੇ ਵੇਖੋ, ਕੀ ਬਣਦਾ ਹੈ।

Check Also

ਐਂਥਨੀ ਰੋਟਾ ਮੁੜ ਚੁਣੇ ਗਏ ਹਾਊਸ ਆਫ ਕਾਮਨਜ਼ ਦੇ ਸਪੀਕਰ

ਓਟਵਾ/ਬਿਊਰੋ ਨਿਊਜ਼ : ਪਾਰਲੀਮੈਂਟ ਮੈਂਬਰਜ਼ ਵੱਲੋਂ ਸੀਨੀਅਰ ਲਿਬਰਲ ਐਂਥਨੀ ਰੋਟਾ ਨੂੰ ਮੁੜ ਹਾਊਸ ਆਫ ਕਾਮਨਜ਼ …