ਤਲਵਿੰਦਰ ਸਿੰਘ ਬੁੱਟਰ
ਸਿੱਖ ਪੰਥ ਨੂੰ ਕੂੜ-ਕੁਸੱਤ ਦਾ ਨਾਸ਼ ਕਰਦਿਆਂ ਤੇ ਲੋਕਾਈ ਨੂੰ ਅਗਿਆਨਤਾ ਵਿਚੋਂ ਬਾਹਰ ਕੱਢ ਕੇ ਧਰਮ ਦਾ ਅਸਲੀ ਰਾਹ ਦਿਖਾਉਂਦਿਆਂ ਸਦੀਆਂ ਤੋਂ ਅਨੇਕਾਂ ਬਾਹਰੀ ਅਤੇ ਅੰਦਰੂਨੀ ਹਮਲਿਆਂ ਤੇ ਵਿਚਾਰਧਾਰਕ ਜੰਗਾਂ-ਯੁੱਧਾਂ ਦਾ ਸਾਹਮਣਾ ਕਰਨਾ ਪਿਆ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਹੱਕ-ਸੱਚ ਦਾ ਪਰਚਮ ਝੂਲਦਾ ਰੱਖਣ ਅਤੇ ਧਰਮ ਦਾ ਜੈਕਾਰ ਬਣਾਈ ਰੱਖਣ ਲਈ ‘ਸ਼ਾਸਤਰ’ ਅਤੇ ‘ਸ਼ਸਤਰ’ ਰੂਪੀ ਦੋ ਹਥਿਆਰ ਦਿੱਤੇ ਹਨ। ‘ਸ਼ਾਸਤਰ’ ਤੋਂ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੇ ਪ੍ਰਕਾਸ਼ ਵਿਚ ਵਿਚਾਰ-ਚਰਚਾ/ ਸੰਵਾਦ/ ਗਿਆਨ ਖੜਗ ਜ਼ਰੀਏ ਕਿਸੇ ਵੀ ਕਿਸਮ ਦੇ ਵਿਰੋਧਾਭਾਸ ਤੇ ਸੰਕਟ ਨੂੰ ਨਵਿਰਤ ਕਰਨਾ ਅਤੇ ਅਗਿਆਨਤਾ ਦੇ ਧੁੰਦੂਕਾਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨਾ ਹੈ। ‘ਸ਼ਸਤਰ’ ਤੋਂ ਭਾਵ ਜਦੋਂ ਦੁਸ਼ਮਣ ਮਨੁੱਖਤਾ ਦਾ ਘਾਣ ਕਰਨ ਅਤੇ ਸਿੱਖ ਧਰਮ ਦੀ ਮਾਨਵ-ਕਲਿਆਣਕਾਰੀ ਮਸ਼ਾਲ ਨੂੰ ਬੁਝਾਉਣ ‘ਤੇ ਤੁਲਿਆ ਫਿਰੇ ਤਾਂ ਉਸ ਦਾ ”ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ॥” ਦੇ ਮਹਾਂਵਾਕ ਅਨੁਸਾਰ ਹਥਿਆਰਬੰਦ ਟਾਕਰਾ ਕੀਤਾ ਜਾਵੇ।
ਸ਼ਾਸਤਰ (ਵਿਚਾਰਾਂ) ਦੀ ਜੰਗ ਕਿੰਨੀ ਸ਼ਕਤੀਸ਼ਾਲੀ ਹੁੰਦੀ ਹੈ ਇਸ ਗੱਲ ਦੀ ਸਭ ਤੋਂ ਢੁੱਕਵੀਂ ਮਿਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ-ਜੋਗੀਆਂ ਨਾਲ ਅਚਲ ਬਟਾਲੇ ਵਿਚ ਹੋਈ ਗੋਸ਼ਟੀ ਤੋਂ ਮਿਲ ਜਾਂਦੀ ਹੈ। ਸਿੱਧਾਂ ਨੇ ਜਦੋਂ ਗੁਰੂ ਸਾਹਿਬ ਨੂੰ ਆਪਣੀ ਉਮਰ ਅਤੇ ਜਪ-ਤਪ ਦੇ ਅੱਗੇ ਨਿਆਣਾ ਆਖਿਆ ਤਾਂ ਗੁਰੂ ਸਾਹਿਬ ਨੇ ‘ਗਿਆਨ ਖੜਗ’ (ਵਿਚਾਰਾਂ) ਸਦਕਾ ਸਿੱਧਾਂ ਨੂੰ ਨਿਰਉੱਤਰ ਕਰ ਦਿੱਤਾ।
ਗੁਰੂ ਨਾਨਕ ਸਾਹਿਬ ਨੇ ਦੁਨੀਆ ਦੇ 30 ਦੇਸ਼ਾਂ ਦੀ ਲਗਭਗ 48 ਹਜ਼ਾਰ ਮੀਲ ਯਾਤਰਾ, ਚਾਰ ਉਦਾਸੀਆਂ ਦੇ ਰੂਪ ਵਿਚ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਬਾਦਸ਼ਾਹ ਬਾਬਰ, ਕੌਡਾ ਰਾਖ਼ਸ਼, ਵਲੀ ਕੰਧਾਰੀ, ਮਲਿਕ ਭਾਗੋ ਆਦਿ ਵਰਗੇ ਅਨੇਕਾਂ ਕੁਰਾਹੇ ਤੇ ਮਾਨਵਤਾ ਦੇ ਘਾਣ ਦੇ ਰਾਹ ਪਏ ਬਾਦਸ਼ਾਹਾਂ ਤੇ ਲੁਟੇਰਿਆਂ ਨੂੰ ‘ਗਿਆਨ ਖੜਗ’ ਦੀ ਜੰਗ ਵਿਚ ਸੋਧਿਆ ਤੇ ਉਨ੍ਹਾਂ ਅੰਦਰਲੇ ਮਨੁੱਖ ਨੂੰ ਜਗਾਇਆ। ਜਿਸ ਵੇਲੇ ਦੁਸ਼ਮਣ ਹਥਿਆਰ ਲੈ ਕੇ ਧਰਮ ਦੇ ਅੱਗੇ ਜ਼ੁਲਮ ਦੀ ਚੁਣੌਤੀ ਲੈ ਕੇ ਆਇਆ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ‘ਸ਼ਸਤਰ’ ਦੀ ਵਰਤੋਂ ਕੀਤੀ ਤੇ ਜ਼ੁਲਮ ਦੇ ਖ਼ਿਲਾਫ਼ ਹਥਿਆਰਬੰਦ ਲੜਾਈ ਆਰੰਭੀ। ਵਿਚਾਰਾਂ ਦੀ ਜੰਗ ਕਦੋਂ ਲੜਨੀ ਹੈ ਅਤੇ ਸ਼ਸਤਰਾਂ ਦੀ ਜੰਗ ਕਦੋਂ, ਇਹ ਫ਼ੈਸਲਾ ਲੈਣਾ ਸਿੱਖ ਦੀ ਬੌਧਿਕ ਅਤੇ ਅਧਿਆਤਮਕ ਯੋਗਤਾ ‘ਤੇ ਨਿਰਭਰ ਕਰਦਾ ਹੈ।
ਅੱਜ ਸਿੱਖ ਕੌਮ ਲਈ ਇਕ ਵੱਡੀ ਚੁਣੌਤੀ ਇਹ ਬਣ ਰਹੀ ਹੈ ਕਿ ਅਸੀਂ ‘ਸ਼ਸਤਰ’ ਅਤੇ ‘ਸ਼ਾਸਤਰ’ ਦੀ ਅੱਡੋ-ਅੱਡਰੀ ਪ੍ਰਸੰਗਕਤਾ ਨੂੰ ਸਮਝਣ ਤੋਂ ਅਸਮਰੱਥ ਸਾਬਤ ਹੋ ਰਹੇ ਹਾਂ। ਮੌਜੂਦਾ ਸਮੇਂ ਪੰਥ ਦੇ ਅੰਦਰੂਨੀ ਵਿਚਾਰਧਾਰਕ ਮਤਭੇਦਾਂ ਨੂੰ ‘ਸੰਵਾਦ’ ਜ਼ਰੀਏ ਨਵਿਰਤ ਕਰਨ ਦੀ ਆਪਣੀ ਅਯੋਗਤਾ ਸਦਕਾ ਹੀ ਅਸੀਂ ਹਰ ਮਸਲੇ ‘ਤੇ ‘ਸ਼ਸਤਰ’ ਦੇ ਨੂੰ ਹੀ ਅੱਗੇ ਰੱਖ ਲਿਆ ਹੈ। ਗੁਰੂ ਸਾਹਿਬ ਨੇ ਜਿਹੜਾ ‘ਸ਼ਾਸਤਰ’ ਦਾ ਪਹਿਲਾ ਹਥਿਆਰ ਸਾਨੂੰ ਦਿੱਤਾ ਸੀ, ਸ਼ਾਇਦ ਅਸੀਂ ਉਸ ਦੀ ਵਰਤੋਂ ਦੇ ਸਮਰੱਥ ਹੀ ਨਹੀਂ ਰਹੇ। ਜਿਸ ਕਰਕੇ ਬੌਧਿਕ ਤੌਰ ‘ਤੇ ਸਿੱਖ ਕਮਜ਼ੋਰ ਹੋ ਰਹੇ ਹਨ ਅਤੇ ਸਮੂਹਿਕ ਸਿੱਖ ਮਾਨਸਿਕਤਾ ਅਗਿਆਨਤਾ ਦੇ ਹਨੇਰੇ ਵਿਚ ਫ਼ਸ ਰਹੀ ਹੈ। ਸਿੱਖਾਂ ਅੰਦਰ ਵੱਧ ਰਹੇ ਕਰਮ-ਕਾਂਡੀ ਪਸਾਰੇ ਅਤੇ ਸ਼ਬਦ-ਗੁਰੂ ਤੋਂ ਟੁੱਟ ਕੇ ‘ਦੇਹ ਪੂਜਾ’ ਦੀ ਪ੍ਰਵਿਰਤੀ ਸਿੱਖ ਧਰਮ ਦੇ ਪ੍ਰਚਾਰ ਦੇ ਪ੍ਰਭਾਵਹੀਣ ਹੋਣ ਦਾ ਨਮੂਨਾ ਹੈ। ਨਿੱਕੀ-ਨਿੱਕੀ ਗੱਲ ‘ਤੇ ਸਿੱਖਾਂ ਵਲੋਂ ਆਪਸ ਵਿਚ ਹੀ ਕਿਰਪਾਨਾਂ ਚੁੱਕ ਲੈਣ ਕਾਰਨ ਪੰਥ ਦੀ ਸਾਰੀ ਊਰਜਾ ਨਾਕਾਰਾਤਮਕ ਪਾਸੇ ਨਸ਼ਟ ਹੋ ਰਹੀ ਹੈ। ਸਾਨੂੰ ‘ਸ਼ਸਤਰ’ ਜ਼ਰੀਏ ਵਿਰੋਧੀ ਵਿਚਾਰਾਂ ‘ਤੇ ਹਮਲਾਵਰ ਹੋਣ ਲੱਗਿਆਂ ਇਹ ਯਾਦ ਰਹਿਣਾ ਚਾਹੀਦਾ ਹੈ ਕਿ ਜਦੋਂ ਤੱਕ ਸਿੱਖ ਪੰਥ ਸਿਰਜਣਾਤਮਕ ਕਾਰਜਾਂ ਵੱਲ ਊਰਜਾ ਦਾ ਉਲਾਰ ਨਹੀਂ ਕਰਦਾ, ‘ਗਿਆਨ ਖੜਗ’ ਜ਼ਰੀਏ ਵਿਚਾਰਾਂ ‘ਤੇ ਜਿੱਤਣ ਦੀ ਯੋਗਤਾ ਨਹੀਂ ਵਿਖਾਉਂਦਾ, ਉਦੋਂ ਤੱਕ ਵਿਚਾਰਧਾਰਕ ਤੇ ਸਿਧਾਂਤਕ ਵਿਰੋਧ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।
ਕੁਦਰਤ ਦੀ ਅਟੱਲ ਮੌਜ ਹੈ ਕਿ ਕਿਸੇ ਵੀ ਸਮਾਜ, ਪਰਿਵਾਰ, ਪੰਥ ਅਤੇ ਜਥੇਬੰਦੀ ਵਿਚ ਸਾਰੇ ਮਨੁੱਖਾਂ ਦੇ ਸੁਭਾਅ ਅਤੇ ਸੋਝੀ ਇਕ ਨਹੀਂ ਹੋ ਸਕਦੀ। ਪਰ ‘ਗੁਰਮਤਿ’ ਵਿਚ ਸਿੱਖਾਂ ਨੂੰ ਆਪਸੀ ਮਤਭੇਦ ਤੇ ਵਿਚਾਰਾਂ ਵਿਚ ਦੁਬਿਧਾ ਨੂੰ ਲੈ ਕੇ ਵਿਵਾਦਾਂ-ਤਕਰਾਰਾਂ ਵਿਚ ਪੈਣ ਦੀ ਆਗਿਆ ਨਹੀਂ ਦਿੱਤੀ ਗਈ, ਸਗੋਂ ਗੁਰੂ ਸਾਹਿਬ ਦਾ ਆਦੇਸ਼ ਹੈ: ”ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥” (ਬਸੰਤੁ ਮ. 5, ਅੰਗ: 1185) ਕਿਸੇ ਦੁਬਿਧਾ ਦੀ ਸੂਰਤ ਵਿਚ ਗੁਰੂ ਦੀ ਸ਼ਰਨ ਵਿਚ ਇਕੱਠਿਆਂ ਬੈਠ ਕੇ ‘ਗੁਰੂ ਦੀ ਮਤਿ’ ਦੀ ਰੌਸ਼ਨੀ ‘ਚ ਮਨਾਂ ਦੇ ਮਤ-ਭੇਦ ਦੂਰ ਕਰਨ ਦੀ ਜੁਗਤੀ ਦੱਸੀ ਗਈ ਹੈ।
ਜਦੋਂ ਤੱਕ ਸਿੱਖਾਂ ਨੇ ਗੁਰੂ ਆਦਰਸ਼ ਨੂੰ ਸਾਹਮਣੇ ਰੱਖਿਆ ਹੈ ਤਾਂ ਮਤਭੇਦਾਂ ਵਾਲੇ ਵਾਦ-ਵਿਵਾਦ ਅਤੇ ਵਿਚਾਰਧਾਰਕ ਟਕਰਾਅ ਵਾਲੀ ਸਥਿਤੀ ਨਹੀਂ ਉਪਜੀ। ਬਿਖੜੇ ਸਮਿਆਂ ‘ਚ ਜੇਕਰ ਵਿਸ਼ੇਸ਼ ਹਾਲਾਤਾਂ ਵਿਚ ਜਥੇਬੰਦਕ ਪੱਧਰ ‘ਤੇ ਮਾਮੂਲੀ ਮਤਭੇਦ ਹੋਏ ਵੀ ਤਾਂ ਗੁਰੂ ਫ਼ਲਸਫ਼ੇ ਨੂੰ ਕੇਂਦਰੀ ਧੁਰਾ ਮੰਨਦਿਆਂ ਸਿੱਖਾਂ ਨੇ ਆਪਸ ਵਿਚ ਮਿਲ ਬੈਠ ਕੇ ਮਸਲਿਆਂ ਨੂੰ ਸੁਲਝਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ‘ਬੰਦਈ ਖ਼ਾਲਸਾ’ ਅਤੇ ‘ਤੱਤ ਖ਼ਾਲਸਾ’ ਵਿਚਾਲੇ ਮਤਭੇਦ ਨੂੰ ਭਾਈ ਮਨੀ ਸਿੰਘ ਜੀ ਵਲੋਂ ਆਪਣੀ ਬੌਧਿਕ ਸੂਝ-ਬੂਝ ਅਤੇ ਸਿਆਣਪ ਨਾਲ ਦੂਰ ਕਰਨਾ ਇਸ ਦੀ ਉਘੜਵੀਂ ਮਿਸਾਲ ਹੈ।
ਵਿਰੋਧੀ ਤਾਂ ਗੁਰੂ ਸਾਹਿਬਾਨ ਦੇ ਵੀ ਰਹੇ ਹਨ ਪਰ ਗੁਰੂ ਸਾਹਿਬਾਨ ਨੇ ਕਦੇ ਵੀ ਵਿਚਾਰਧਾਰਕ ਵਿਰੋਧ ਨੂੰ ਲੈ ਕੇ ਹਥਿਆਰਬੰਦ ਟਕਰਾਅ ਦੀ ਨੀਤੀ ਧਾਰਨ ਨਹੀਂ ਕੀਤੀ, ਕਿਉਂਕਿ ਉਨ੍ਹਾਂ ਦੇ ਮਨੋਰਥ ਅਤੇ ਨਿਸ਼ਾਨੇ ਬਹੁਤ ਉੱਚੇ ਅਤੇ ਵਿਆਪਕ ਸਨ। ਉਨ੍ਹਾਂ ਗਿਆਨ ਖੜਗ, ਨਿਮਰਤਾ, ਹਲੀਮੀ, ਸਹਿਣਸ਼ੀਲਤਾ ਅਤੇ ਪਿਆਰ ਵਰਗੇ ਗੁਣਾਂ ਦੇ ਨਾਲ ‘ਵਿਰੋਧੀ’ ਨੂੰ ਵੀ ‘ਆਪਣਾ’ ਬਣਾ ਲਿਆ।
ਬਾਬਾ ਬਕਾਲਾ ਵਿਚ ਧੀਰ ਮੱਲ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ‘ਤੇ ਗੋਲੀ ਚਲਵਾ ਦਿੱਤੀ ਸੀ ਤਾਂ ਭਾਈ ਮੱਖਣ ਸ਼ਾਹ ਲੁਬਾਣੇ ਨੇ ਰੋਹ ਵਿਚ ਆ ਕੇ ਧੀਰ ਮੱਲ ਦੇ ਕਰਤਾਰਪੁਰ ਡੇਰੇ ‘ਤੇ ਧਾਵਾ ਬੋਲ ਉਸ ਨੂੰ ਬੰਨ੍ਹ ਕੇ ਬਾਬਾ ਬਕਾਲਾ ਲੈ ਆਂਦਾ। ਗੁਰੂ ਜੀ ਸਿੱਖਾਂ ਦੀ ਇਸ ਕਾਰਵਾਈ ‘ਤੇ ਬਹੁਤ ਨਾਖੁਸ਼ ਹੋਏ ਤੇ ਹੁਕਮ ਕੀਤਾ, ਧੀਰ ਮੱਲ ਨੂੰ ਛੱਡ ਦਿਓ ਤੇ ਇਸ ਦਾ ਖੋਹਿਆ ਸਾਰਾ ਧਨ ਮਾਲ ਵੀ ਵਾਪਸ ਕਰ ਦਿਓ। ਗੁਰੂ ਸਾਹਿਬ ਫ਼ਰਮਾਉਣ ਲੱਗੇ, ”ਦਰਬ ਕੇ ਕਾਰਨੇ, ਗੁਰੂ ਮਹਾਰਾਜ ਨੇ, ਨਹੀਂ ਬੈਠ ਇਹ ਦੁਕਾਨ ਪਾਈ।” ਸਪੱਸ਼ਟ ਹੈ ਕਿ ਗੁਰੂ ਸਾਹਿਬ ਦੇ ਸਿਧਾਂਤ ਬਹੁਤ ਉੱਚੇ-ਸੁੱਚੇ ਹਨ, ਜੋ ਸਾਨੂੰ ਵਿਚਾਰਧਾਰਕ ਵੈਰ-ਵਿਰੋਧਾਂ ਵਿਚ ਪੈਣ ਦੀ ਥਾਂ ਉੱਚੇ-ਸੁੱਚੇ ਸਰਬ-ਕਲਿਆਣਕਾਰੀ ਉਦੇਸ਼ਾਂ ਦੀ ਪ੍ਰਾਪਤੀ ਲਈ ਜਥੇਬੰਦਕ ਹੋ ਕੇ ਤਤਪਰ ਹੋਣ ਅਤੇ ‘ਗਿਆਨ ਖੜਗ’ ਜ਼ਰੀਏ ਅਗਿਆਨਤਾ ਦੇ ਧੁੰਦੂਕਾਰੇ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਣ ਦਾ ਸੁਨੇਹਾ ਦਿੰਦੇ ਹਨ।
ਮਤਭੇਦ ਤਾਂ ਹਰੇਕ ਧਰਮ ਅਤੇ ਮਤ ਵਿਚ ਹੁੰਦੇ ਆਏ ਹਨ। ਹਿੰਦੂ ਧਰਮ ਦੇ ਅਨੇਕਾਂ ਧਾਰਮਕ ਗ੍ਰੰਥ ਹਨ ਜਿਵੇਂ ਕਿ; 4 ਵੇਦ, 6 ਸ਼ਾਸਤ੍ਰ, 18 ਪੁਰਾਨ, 27 ਸਿਮ੍ਰਿਤੀਆਂ, 52 ਉਪਨਿਸ਼ਦ, ਪਵਿੱਤਰ ਰਾਮਾਇਣ ਅਤੇ ਗੀਤਾ ਆਦਿ। ਇਨ੍ਹਾਂ ਗ੍ਰੰਥਾਂ ਨੂੰ ਮੰਨਣ ਵਾਲੇ ਵੱਖੋ-ਵੱਖਰੇ ਅਨੇਕਾਂ ਫ਼ਿਰਕੇ ਹਨ, ਜਿਵੇਂ ਕਿ ਸ਼ਿਵ ਨੂੰ ਮੰਨਣ ਵਾਲੇ ਸ਼ੈਵ, ਵਿਸ਼ਨੂੰ ਨੂੰ ਮੰਨਣ ਵਾਲੇ ਵੈਸ਼ਨਵ ਅਤੇ ਮੂਰਤੀ ਪੂਜਾ ਨੂੰ ਨਾ ਮੰਨਣ ਵਾਲੇ ਆਰੀਆ ਸਮਾਜੀ ਆਦਿ। ਇਨ੍ਹਾਂ ਫ਼ਿਰਕਿਆਂ ਦੀ ਮਰਯਾਦਾ ਅਤੇ ਰਹਿਤ ਵਿਚ ਬਹੁਤ ਫ਼ਰਕ ਹਨ ਪਰ ਫੇਰ ਵੀ ਇਹ ਸਾਰੇ ਹੀ ਚਾਰ ਵੇਦਾਂ ਦੀ ਸਰਬਉੱਚਤਾ ਨੂੰ ਮੰਨਣ ਲਈ ਇਕਮਤ ਹਨ। ਇਸਾਈ ਮਤ ਦੇ ਸੰਨ 1900 ਵਿਚ 1600 ਫ਼ਿਰਕੇ ਸਨ ਪਰ ਹੁਣ ਦੇ ਅੰਦਾਜ਼ੇ ਮੁਤਾਬਕ 20 ਹਜ਼ਾਰ ਤੋਂ ਵੱਧ ਫ਼ਿਰਕੇ ਹਨ। ਇਨ੍ਹਾਂ ਵਿਚ ਅਨੇਕਾਂ ਛੋਟੇ-ਵੱਡੇ ਫ਼ਰਕ ਹਨ ਪਰ ਇਹ ਸਭ ਈਸਾ ਮਸੀਹ ਨੂੰ ਆਪਣਾ ਮਸੀਹਾ (ਸੇਵੀਅਰ) ਮੰਨਦੇ ਹਨ ਅਤੇ ਬਾਈਬਲ ਦੀ ਮਾਨਤਾ ‘ਤੇ ਇਹ ਉਟੰਕਣ ਨਹੀਂ ਕਰਦੇ ਹਾਲਾਂਕਿ ਬਾਈਬਲ ਦੇ ਅਰਥਾਂ ਵਿਚ ਮਤਭੇਦ ਜ਼ਰੂਰ ਹਨ। ਬਹੁਤੇ ਇਸਾਈ 25 ਦਸੰਬਰ ਨੂੰ ਕ੍ਰਿਸਮਿਸ ਮਨਾਉਂਦੇ ਹਨ ਪਰ ਕਰੋੜਾਂ ਇਸਾਈ ਜੋ ਕਿ ਰੂਸ, ਯੂਕਰੇਨ, ਇਥੋਪੀਆ ਆਦਿ ਦੇਸ਼ਾਂ ਦੇ ਵਾਸੀ ਹਨ, ਇਹ ਦਿਨ 7 ਜਨਵਰੀ ਨੂੰ ਮਨਾਉਂਦੇ ਹਨ ਕਿਉਂਕਿ ਉਹ ਹਾਲੇ ਵੀ ਜੂਲੀਅਨ ਕੈਲੰਡਰ ਨੂੰ ਮੰਨਦੇ ਹਨ ਅਤੇ ਗਰੈਗੋਰੀਅਨ ਕੈਲੰਡਰ ਨੂੰ ਮਾਨਤਾ ਨਹੀਂ ਦਿੰਦੇ। ਪਰ ਕਦੇ ਇਸਾਈ ਧਰਮ ‘ਚ ਕ੍ਰਿਸਮਿਸ ਦਿਹਾੜਾ ਮਨਾਉਣ ਨੂੰ ਲੈ ਕੇ ਵਾਦ-ਵਿਵਾਦ ਜਗ-ਹਸਾਈ ਦਾ ਕਾਰਨ ਬਣਦਾ ਨਹੀਂ ਦੇਖਿਆ-ਸੁਣਿਆ। ਫੇਰ ਸਾਡੇ ਸਿੱਖਾਂ ਅੰਦਰ ਹੀ ਕਦੇ ਕੈਲੰਡਰਾਂ ਦੇ ਵਾਦ-ਵਿਵਾਦ, ਕਦੇ ਇਤਿਹਾਸ ਬਾਰੇ ਮਤਭੇਦ ਅਤੇ ਕਦੇ ਮਰਯਾਦਾ ਨੂੰ ਲੈ ਕੇ ਖਾਨਾਜੰਗੀ ਕਿਉਂ ਹੁੰਦੀ ਹੈ?
ਵਿਚਾਰਧਾਰਕ ਮਤਭੇਦਾਂ ਨੂੰ ਲੈ ਕੇ ਆਪਸੀ ਖਾਨਾਜੰਗੀ ਕਰਨ ਲੱਗਿਆਂ ਸਾਨੂੰ ਇਹ ਕਿਉਂ ਯਾਦ ਨਹੀਂ ਆਉਂਦਾ ਕਿ ਅਸੀਂ ਉਸ ਭਾਈ ਘਨੱਈਆ ਜੀ ਦੇ ਵਾਰਸ ਹਾਂ, ਜਿਨ੍ਹਾਂ ਨੇ ਜੰਗ ਦੇ ਮੈਦਾਨ ‘ਚ ਫ਼ੱਟੜ ਦੁਸ਼ਮਣ ਸਿਪਾਹੀਆਂ ਨੂੰ ਵੀ ਬਿਨਾਂ ਵਿਤਕਰੇ ਤੋਂ ਪਾਣੀ ਪਿਲਾਇਆ ਅਤੇ ਮਲ੍ਹਮ-ਪੱਟੀ ਕੀਤੀ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਆਦਰਸ਼ ਸਾਨੂੰ ਕਿੱਥੇ ਵਿਸਰ ਗਿਆ ਹੈ, ਜਿਨ੍ਹਾਂ ਨੇ ਉਲਟ ਵਿਚਾਰਾਂ ਦੀ ਰੱਖਿਆ ਲਈ ਵੀ ਸੀਸ ਵਾਰ ਦਿੱਤਾ ਸੀ।
ਜੇਕਰ ਅਸੀਂ ਸਾਰੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਮੰਨਦੇ ਹਾਂ, ਸਾਡਾ ਇਸ਼ਟ ਇਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹੈ, ਸਾਡਾ ਅਕੀਦਾ ਇਕੋ ‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ’ ਹੈ, ਸਾਡਾ ਨਿਸ਼ਾਨ ਇਕ ਹੈ, ਸਾਡਾ ਜੈਕਾਰਾ ਇਕ ਹੈ, ਸਾਡੀ ਬੋਲੀ ‘ਗੁਰਮੁਖੀ’ ਇਕ ਹੈ, ਅਤੇ ਫਿਰ ਵੀ ਅਸੀਂ ਏਨੀ ਬੁਰੀ ਤਰ੍ਹਾਂ ਧੜ੍ਹਿਆਂ ਅਤੇ ਨਫ਼ਰਤਾਂ ਵਿਚ ਕਿਉਂ ਵੰਡੇ ਹੋਏ ਹਾਂ ਕਿ ਗੁਰੂ ਦੀ ਸ਼ਰਨ (ਗੁਰਦੁਆਰਿਆਂ) ਵਿਚ ਵੀ ਇਕੱਠੇ ਇਤਫ਼ਾਕ ਨਾਲ ਨਹੀਂ ਬੈਠ ਸਕਦੇ?
ਅਜੋਕੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਿਤ ‘ਸਿੱਖ ਰਹਿਤ ਮਰਯਾਦਾ’ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ, ਪੰਥ ਲਈ ”ਅਨੇਕ ਹੈਂ॥ ਫਿਰ ਏਕ ਹੈਂ॥” ਦਾ ਘੱਟੋ-ਘੱਟ ਸਾਂਝਾ ਆਧਾਰ ਬਣ ਸਕਦੀ ਹੈ। ਜਥੇਬੰਦੀਆਂ ਵਿਚ ਵੱਖੋ-ਵੱਖਰੀਆਂ ਮਰਯਾਦਾਵਾਂ ਨੂੰ ਲੈ ਕੇ ਵਿਵਾਦ ਖੜ੍ਹੇ ਕਰਨੇ ਵੀ ਪੰਥਕ ਇਤਫ਼ਾਕ ਨੂੰ ਖੇਰੂੰ-ਖੇਰੂੰ ਕਰਨ ਦਾ ਬਾਨ੍ਹਣੂ ਬੰਨ੍ਹਦੇ ਹਨ, ਜੋ ਅਜੋਕੇ ਸਮੇਂ ਸਿੱਖ ਪੰਥ ਲਈ ਬੇਹੱਦ ਨੁਕਸਾਨਦੇਹ ਹੈ। ਕਿਉਂਕਿ ਅੱਜ ਸਿੱਖ ਪੰਥ ਦੀ ਹਾਲਤ ਬਹੁਤ ਸੰਕਟਮਈ ਹੈ। ਕੌਮਾਂਤਰੀ ਪੱਧਰ ‘ਤੇ ਅਸੀਂ ਅੱਜ ਆਪਣੀ ਵੱਖਰੀ ਪਛਾਣ, ਧਾਰਮਿਕ ਆਜ਼ਾਦੀ ਅਤੇ ਹੋਂਦ ਸਥਾਪਿਤ ਕਰਨ ਲਈ ਜੂਝ ਰਹੇ ਹਾਂ। ਵਿਸ਼ਵ ਭਾਈਚਾਰੇ ਨੂੰ ਆਪਣੇ ਵਿਲੱਖਣ ਅਤੇ ਸਰਬ-ਕਲਿਆਣਕਾਰੀ ਫ਼ਲਸਫ਼ੇ ਤੋਂ ਜਾਣੂ ਕਰਵਾਉਣ ਦੀ ਚੁਣੌਤੀ ਸਾਡੇ ਸਾਹਮਣੇ ਦਰਕਾਰ ਹੈ। 80 ਫ਼ੀਸਦੀ ਸਿੱਖ ਨੌਜਵਾਨ ਪਤਿਤਪੁਣੇ ਦਾ ਸ਼ਿਕਾਰ ਹਨ। ਸਿੱਖ ਨੌਜਵਾਨਾਂ ‘ਚ ਪੰਥਕ ਜਜ਼ਬਾ ਤਾਂ ਹੈ ਪਰ ਉਨ੍ਹਾਂ ਨੂੰ ਕੋਈ ‘ਮਾਰਗ ਦਰਸ਼ਕ’ ਨਹੀਂ ਵਿਖਾਈ ਦੇ ਰਿਹਾ, ਜਿਸ ਕਾਰਨ ਉਹ ਸਿੱਖੀ ਦੀ ਮੁੱਖ ਧਾਰਾ ਤੋਂ ਦੂਰ ਜਾ ਰਹੇ ਹਨ। ਵਿਸ਼ਵ ਦੀਆਂ ਕੌਮਾਂ ਦੇ ਮੁਕਾਬਲੇ ਸਿੱਖਾਂ ਦਾ ਸਮੂਹਿਕ ਸਿੱਖਿਆ ਦਾ ਪੱਧਰ ਕਿਤੇ ਵੀ ਮੁਕਾਬਲੇ ‘ਚ ਨਹੀਂ ਖੜ੍ਹਦਾ। 60 ਫ਼ੀਸਦੀ ਪੰਜਾਬ ਦੇ ਸਿੱਖ ਨੌਜਵਾਨ ਸਿੱਖਿਆ ਦੇ ਮੈਟ੍ਰਿਕ ਪੱਧਰ ਤੋਂ ਅੱਗੇ ਨਹੀਂ ਵੱਧ ਰਹੇ। ਕਾਲਜ, ਯੂਨੀਵਰਸਿਟੀਆਂ ਅਤੇ ਵਿਸ਼ਵ ਸਿੱਖਿਆ ਸੰਸਥਾਵਾਂ ‘ਚ ਸਿੱਖ ਵਿਦਿਆਰਥੀਆਂ ਦੀ ਕੋਈ ਜ਼ਿਕਰਯੋਗ ਹੋਂਦ ਨਹੀਂ ਹੈ।
ਗੁਰੂ ਸਾਹਿਬਾਨ ਦੇ ਬਖ਼ਸ਼ੇ ਉਚੇਰੇ ਸਰਬ-ਕਲਿਆਣਕਾਰੀ ਫ਼ਲਸਫ਼ੇ ਦਾ ਚਾਨਣ ਦੁਨੀਆ ਤੱਕ ਪਹੁੰਚਾਉਣ ਦੀ ਆਪਣੀ ਜ਼ਿੰਮੇਵਾਰੀ ਤੋਂ ਬੇਮੁਖ ਹੋ ਕੇ, ਆਪਸੀ ਵਾਦ-ਵਿਵਾਦਾਂ ਕਾਰਨ ਕਮਜ਼ੋਰ ਹੋ ਰਹੇ ਪੰਥ ਲਈ, ਸਿੱਖ ਵਿਰੋਧੀ ਤਾਕਤਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਅਸੀਂ ਇਨ੍ਹਾਂ ਵਾਦ-ਵਿਵਾਦਾਂ ਲਈ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕਰਦੇ?ਕੀ ਅਸੀਂ ਗੁਰੂ ਦੁਆਰਾ ਬਖ਼ਸ਼ੀ ‘ਵਿਵੇਕ ਬੁੱਧੀ’ ਨਾਲ ਸਿੱਖ ਵਿਰੋਧੀ ਤਾਕਤਾਂ ਦੇ ਸ਼ਿਕਾਰ ਹੋਣ ਤੋਂ ਬਚ ਨਹੀਂ ਸਕਦੇ? ਕੀ ਸਾਨੂੰ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ ‘ਗਿਆਨ ਖੜਗ’ ਚਲਾਉਣ ਤੋਂ ਅਸੀਂ ਅਸਮਰੱਥ ਹੋ ਗਏ ਹਾਂ, ਜੋ ਵਿਚਾਰਾਂ ਦੇ ਵਖਰੇਵਿਆਂ ਕਾਰਨ ਹੀ ਗੁਰੂ-ਘਰਾਂ ਅੰਦਰ ਆਪਣੇ ਭਰਾਵਾਂ ਦੀਆਂ ਪੱਗਾਂ ਲਾਹ ਕੇ ਅਤੇ ਆਪਸ ਵਿਚ ਹੀ ਤਲਵਾਰਾਂ ਚਲਾ ਕੇ ਦੁਨੀਆ ਲਈ ਤਮਾਸ਼ਾ ਬਣ ਰਹੇ ਹਾਂ। ਕੀ ਅੱਜ ਵਾਪਰ ਰਹੀਆਂ ਘਟਨਾਵਾਂ ਸਿੱਖਾਂ ਦੇ ਬੌਧਿਕ, ਆਤਮਿਕ ਅਤੇ ਸਿਧਾਂਤਕ ਖੋਖਲੇਪਨ ਦੀਆਂ ਸੂਚਕ ਨਹੀਂ ਹਨ?
ਅਜੋਕੇ ਸਿੱਖ ਪੰਥ ਦੇ ਹਾਲਾਤਾਂ ਦੇ ਮੱਦੇਨਜ਼ਰ ਇੱਥੇ ‘ਦਿਸਹੱਦਿਆਂ ਤੋਂ ਪਾਰ ਵੇਖਣ ਵਾਲੇ’ ਉੱਨੀਵੀਂ ਸਦੀ ਦੇ ਸਿੱਖਾਂ ਦੇ ਰੌਸ਼ਨ ਦਿਮਾਗ਼ ਵਿਦਵਾਨ ਤੇ ਪੰਥ ਚਿੰਤਕ ਗਿਆਨੀ ਦਿੱਤ ਸਿੰਘ ਦੀ ਨਸੀਹਤ ਯਾਦ ਆਉਂਦੀ ਹੈ, ਜਿਸ ਵਿਚ ਉਹ ‘ਜ਼ਾਤੀ ਦੇ ਵੈਰ ਦਾ ਫਲ’ ਸਿਰਲੇਖ ਵਾਲੀ ਸੰਪਾਦਕੀ ਵਿਚ, ਖਾਨਾਜੰਗੀ ਨਾਲ ਤਬਾਹ ਹੋਈਆਂ ਕੌਮਾਂ ਦਾ ਹਸ਼ਰ ਇਕ ਲੋਕ ਕਹਾਣੀ ਜ਼ਰੀਏ ਦੱਸਦੇ ਹਨ, ”ਇਕ ਰੁੱਖ ਨੇ ਸਾਥੀ ਰੁੱਖਾਂ ਨੂੰ ਖ਼ਬਰ ਦਿੱਤੀ ਕਿ ਉਨ੍ਹਾਂ ਦੀ ਹੁਣ ਖ਼ੈਰ ਨਹੀਂ ਕਿਉਂਕਿ ਕੁਹਾੜਿਆਂ ਦੇ ਭਰੇ ਗੱਡੇ ਜੰਗਲ ਵਿਚ ਆ ਰਹੇ ਹਨ। ਦੂਜੇ ਰੁੱਖਾਂ ਨੇ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਰੱਤੀ ਭਰ ਫ਼ਿਕਰ ਨਾ ਕਰੇ ਕਿਉਂਕਿ ਉਨ੍ਹਾਂ ਦੇ ਆਪਸੀ ਮਿਲਾਪ ਕਾਰਨ ਕੁਹਾੜਿਆਂ ਦੀ ਇਕ ਨਹੀਂ ਚੱਲਣ ਵਾਲੀ। ਪਰ ਪਹਿਲੇ ਰੁੱਖ ਨੇ ਮੁੜ ਫ਼ਿਕਰ ਸਾਂਝਾ ਕਰਦਿਆਂ ਕਿਹਾ ਕਿ, ਗੱਲ ਤਾਂ ਠੀਕ ਹੈ, ਪਰ ਉਨ੍ਹਾਂ ਦੇ ਨਾਲ ਸਾਡੇ ਜ਼ਾਤੀ ਭਾਈ ਹੀ ਮਦਦਗਾਰ ਹੋ ਗਏ ਹਨ। ਜੋ ਕੁਹਾੜਿਆਂ ਦੇ ਦਸਤੇ ਬਣ ਕੇ ਉਨ੍ਹਾਂ ਵਿਚ ਜਾਇ ਪਏ ਹਨ। ਇਸ ਗੱਲ ਨੂੰ ਸੁਣ ਕੇ ਬਣ ਦੇ ਸਾਰੇ ਰੁੱਖ ਕੰਬ ਗਏ ਅਤੇ ਕਹਿਣ ਲੱਗੇ ਕਿ ਜ਼ਾਤੀ ਦਾ ਵੈਰ ਕੁਲ ਦੇ ਨਸ਼ਟ ਕਰਨ ਲਈ ਬਹੁਤ ਬੁਰਾ ਹੁੰਦਾ ਹੈ ਸੋ ਹੁਣ ਅਸੀਂ ਨਹੀਂ ਬਚਾਂਗੇ।”
ੲੲੲ
Check Also
ਸਿੱਖ ਸਮਾਜ ‘ਚੋਂ ਜਾਤ-ਪਾਤ ਦਾ ਵਰਤਾਰਾ ਖ਼ਤਮ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਇਤਿਹਾਸਕ ਯਤਨ
ਤਲਵਿੰਦਰ ਸਿੰਘ ਬੁੱਟਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਵੇਲੇ ਸਿੱਖ ਧਰਮ ਦੀ ਨੀਂਹ …