Breaking News
Home / ਹਫ਼ਤਾਵਾਰੀ ਫੇਰੀ / ਇਮੀਗ੍ਰੇਸ਼ਨ ‘ਤੇ ਰੋਕ, ਮਤਲਬ ਕੈਨੇਡਾ ਦੀ ਆਰਥਿਕ ਤਰੱਕੀ ਨੂੰ ਰੋਕਣਾ

ਇਮੀਗ੍ਰੇਸ਼ਨ ‘ਤੇ ਰੋਕ, ਮਤਲਬ ਕੈਨੇਡਾ ਦੀ ਆਰਥਿਕ ਤਰੱਕੀ ਨੂੰ ਰੋਕਣਾ

ਕਾਨਫਰੰਸ ਬੋਰਡ ਆਫ਼ ਕੈਨੇਡਾ ਦੀ ਰਿਪੋਰਟ ‘ਚ ਖੁਲਾਸਾ
ਦੇਸ਼ ਦੀ ਘੱਟ ਵਸੋਂ ਤੇ ਬਜ਼ੁਰਗ ਹੋ ਰਹੀ ਆਬਾਦੀ ਦੇ ਚਲਦਿਆਂ ਜੇ ਇਮੀਗ੍ਰੇਸ਼ਨ ਬੰਦ ਜਾਂ ਘੱਟ ਕੀਤੀ ਤਾਂ ਸੰਨ 2040 ਤੱਕ ਕੈਨੇਡਾ ਦੀ ਆਰਥਿਕਤਾ ਡਗਮਗਾ ਜਾਏਗੀ
ਟੋਰਾਂਟੋ/ ਬਿਊਰੋ ਨਿਊਜ਼ : ਕਾਨਫਰੰਸ ਬੋਰਡ ਆਫ ਕੈਨੇਡਾ ਦੀ ਰਿਪੋਰਟ ਅਨੁਸਾਰ ਕੈਨੇਡਾ ਦੀ ਘੱਟ ਆਬਾਦੀ ਅਤੇ ਤੇਜ਼ੀ ਨਾਲ ਬਜ਼ੁਰਗ ਹੋ ਰਹੀ ਆਬਾਦੀ ਕਾਰਨ ਜੇਕਰ ਇਮੀਗਰੇਸ਼ਨ ਨੂੰ ਬੰਦ ਜਾਂ ਘਟਾਇਆ ਗਿਆ ਤਾਂ ਇਸ ਨਾਲ 2040 ਤੱਕ ਕੈਨੇਡੀਅਨ ਆਰਥਿਕਤਾ ‘ਤੇ ਕਾਫ਼ੀ ਜ਼ਿਆਦਾ ਮਾਰੂ ਪ੍ਰਭਾਵ ਪਵੇਗਾ।
ਕਾਨਫਰੰਸ ਬੋਰਡ ਦੇ ਸੀਨੀਅਰ ਰੀਸਰਚ ਐਸੋਸੀਏਟ ਕਰੀਮ ਐਲ.ਅਸਲ ਨੇ ਕਿਹਾ ਕਿ ਇਮੀਗਰੇਸ਼ਨ ਕਈ ਤਰ੍ਹਾਂ ਨਾਲ ਕੈਨੇਡੀਅਨ ਆਰਥਿਕਤਾ ‘ਚ ਮਹੱਤਵਪੂਰਨ ਯੋਗਦਾਨ ਦਿੰਦੀ ਹੈ। ਉਹ ਸਾਡੀ ਲੇਬਰ ਫੋਰਸ ਵਿਚ ਯੋਗਦਾਨ ਦਿੰਦੇ ਹਨ ਅਤੇ ਇਸ ਦੇ ਨਾਲ ਹੀ ਆਰਥਿਕ ਗਤੀਵਿਧੀਆਂ ਨੂੰ ਜਾਰੀ ਅਤੇ ਅੱਗੇ ਵਧਾਉਣ ਵਿਚ ਸਹਾਇਕ ਭੂਮਿਕਾ ਅਦਾ ਕਰਦੇ ਹਨ।
ਸਟੇਟਸ ਕੈਨੇਡਾ ਦੇ 2016 ਦੇ ਅੰਕੜਿਆਂ ਅਨੁਸਾਰ ਕੈਨੇਡਾ ਦੀ ਕੁੱਲ ਆਬਾਦੀ ‘ਚ ਇਮੀਗਰਾਂਟਸ ਦਾ ਯੋਗਦਾਨ 22 ਫ਼ੀਸਦੀ ਤੱਕ ਹੈ। ਕਾਨਫਰੰਸ ਬੋਰਡ ਰਿਪੋਰਟ ‘ਚ ਭਵਿੱਖਬਾਣੀ ਕੀਤੀ ਗਈ ਹੈ ਕਿ ਸਾਲ 2040 ਤੱਕ ਕੈਨੇਡਾ ਦੀ ਆਬਾਦੀ ‘ਚ ਵਾਧਾ ਪੂਰੀ ਤਰ੍ਹਾਂ ਇਮੀਗਰਾਂਟਸ ਦੇ ਕਾਰਨ ਹੀ ਹੋਵੇਗਾ। ਵਰਤਮਾਨ ‘ਚ ਆਬਾਦੀ ‘ਚ ਵਾਧੇ ‘ਚ ਪਰਵਾਸੀਆਂ ਦਾ ਯੋਗਦਾਨ 71 ਫ਼ੀਸਦੀ ਤੱਕ ਹੈ।
ਰਿਪੋਰਟ ‘ਚ ਦੋ ਪਹਿਲੂਆਂ ‘ਤੇ ਪ੍ਰਮੁਖਤਾ ਨਾਲ ਪ੍ਰਕਾਸ਼ ਪਾਇਆ ਗਿਆ ਹੈ। ਪਹਿਲੇ ‘ਚ ਜੇਕਰ ਪਰਵਾਸੀਆਂ ਦੀ ਕੈਨੇਡਾ ‘ਚ ਆਮਦ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਜਾਂਦਾ ਹੈ ਅਤੇ ਦੂਜਾ ਪਰਵਾਸੀਆਂ ਦੇ ਪੱਧਰ ਨੂੰ 2017 ‘ਚ 0.8 ਫੀਸਦੀ ਨਾਲ ਵਧਾ ਕੇ 1 ਫ਼ੀਸਦੀ ਕੀਤਾ ਜਾਣਾ ਹੈ। ਪੂਰੇ ਦੇਸ਼ ‘ਚ ਆਰਥਿਕ ਗਤੀਵਿਧੀਆਂ ਨੂੰ ਸਮਰਥਨ ਦੇਣ ਦੇ ਨਾਲ ਹੀ ਨੌਜਵਾਨ, ਕੰਮਕਾਜੀ ਉਮਰ ਵਾਲੇ ਪਰਵਾਸੀਆਂ ਦੇ ਆਉਣ ਨਾਲ ਕੈਨੇਡਾ ਦੀ ਵੱਧਦੀ ਉਮਰ ਦੀ ਆਬਾਦੀ ਦੇ ਵੱਖ-ਵੱਖ ਮੁੱਦਿਆਂ ਦੇ ਹੱਲ ‘ਚ ਮਦਦ ਮਿਲਦੀ ਹੈ। ਰਿਪੋਰਟ ਅਨੁਸਾਰ ਜੇਕਰ ਕੈਨੇਡਾ ‘ਚ ਪਰਵਾਸੀਆਂ ਦੀ ਆਮਦ ਨੂੰ ਇਕਦਮ ਬੰਦ ਕਰ ਦਿੱਤਾ ਜਾਂਦਾ ਹੈ ਤਾਂ 2040 ਤੱਕ ਕੈਨੇਡਾ ਦੀ ਆਬਾਦੀ ਦਾ 26.9 ਫ਼ੀਸਦੀ ਹਿੱਸਾ 65 ਸਾਲ ਦੀ ਉਮਰ ਨੂੰ ਪਾਰ ਹੋਵੇਗਾ। ਜੇਕਰ ਇਮੀਗਰਾਂਟਸ ਨੂੰ ਰੋਕਿਆ ਜਾਂਦਾ ਹੈ ਤਾਂ ਕੈਨੇਡਾ ਦੀ ਆਰਥਿਕ ਵਿਕਾਸ ਦੀ ਦਰ ਔਸਤ 1.9 ਫ਼ੀਸਦੀ ਨਾਲ ਘੱਟ ਹੋ ਕੇ 1.3 ਫ਼ੀਸਦੀ ਰਹਿ ਜਾਵੇਗੀ।
ਇਕ ਹੋਰ ਮਾਹਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਮੀਗਰੇਸ਼ਨ ਦੇ ਪੱਧਰ ਨੂੰ ਤੇਜ਼ੀ ਨਾਲ ਵਧਾਉਣਾ ਵੀ ਸਹੀ ਨਹੀਂ ਹੈ। ਕੈਨੇਡਾ ਵਿਚ ਜਨਮੇ ਕੈਨੇਡੀਅਨ ਵੀ ਤੇਜ਼ੀ ਨਾਲ ਲੇਬਰ ਫੋਰਸ ਵਿਚ ਸ਼ਾਮਲ ਹੋ ਰਹੇ ਹਨ। ਕ੍ਰਿਸਟੋਫਰ ਵੋਰਸਵਿਕ, ਪ੍ਰੋਫੈਸਰ ਕਾਰਲਟਨ ਯੂਨੀਵਰਸਿਟੀ ਨੇ ਦੱਸਿਆ ਕਿ ਕੈਨੇਡੀਅਨ ਇਮੀਗਰੇਸ਼ਨ ਨੂੰ ਵਧਾਉਣ ਦੇ ਕਈ ਸਪੱਸ਼ਟ ਕਾਰਨ ਹਨ, ਪਰ ਇਸ ਨੂੰ ਤੇਜ਼ੀ ਨਾਲ ਵਧਾਉਣ ਨਾਲ ਵੀ ਨਾਕਾਰਾਤਮਕ ਪ੍ਰਭਾਵ ਪੈਣਗੇ। ਇਹ ਵੇਖ ਕੇ ਚਿੰਤਾ ਹੁੰਦੀ ਹੈ ਕਿ ਲੋਕ ਕਹਿ ਰਹੇ ਹਨ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਮੀਗਰੇਸ਼ਨ ਨੂੰ ਵਧਾ ਕੇ 1 ਫ਼ੀਸਦੀ ਕਰ ਦਿੱਤਾ ਜਾਵੇ, ਜੋ ਕਿ ਕਾਫ਼ੀ ਉੱਚਾ ਪੱਧਰ ਹੈ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਫ਼ੀ ਲੋਕਾਂ ਦਾ ਮੰਨਣਾ ਹੈ ਕਿ ਇਮੀਗਰੇਸ਼ਨ ਨਾਲ ਕਾਫ਼ੀ ਜ਼ਿਆਦਾ ਲਾਭ ਹੋਵੇਗਾ, ਉਥੇ ਕਾਫ਼ੀ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਕੈਨੇਡਾ ‘ਤੇ ਨਾਕਾਰਾਤਮਕ ਪ੍ਰਭਾਵ ਪੈਣਗੇ। ਤਨਖ਼ਾਹਾਂ ਵੀ ਵਧ ਰਹੀਆਂ ਹਨ ਅਤੇ ਕੈਨੇਡਾ ਦੀ ਪੂਰੀ ਵਰਕ ਫੋਰਸ ਲਈ ਆਟੋਮੇਸ਼ਨ ਦਾ ਜ਼ੋਖ਼ਮ ਵੀ ਵੱਧਦਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਸੈਲਫ ਡਰਾਈਵਿੰਗ ਕਾਰਾਂ 15 ਸਾਲ ‘ਚ ਹਕੀਕਤ ਬਣ ਜਾਂਦੀਆਂ ਹਨ ਤਾਂ ਟੈਕਸੀ ਡਰਾਈਵਰਾਂ ਅਤੇ ਊਬਰ ਡਰਾਈਵਰਾਂ ਕੋਲ ਕੋਈ ਕੰਮ ਨਹੀਂ ਬਚੇਗਾ। ਜੇਕਰ ਆਟੋਮੇਸ਼ਨ ਦੇ ਕਾਰਨ ਪੂਰੀ ਆਬਾਦੀ ਨੂੰ ਕੰਮ ਤੋਂ ਵਾਂਝੇ ਕਰ ਦਿੱਤਾ ਜਾਂਦਾ ਹੈ ਤਾਂ ਕੈਨੇਡਾ ਆਉਣ ਵਾਲੇ ਇਮੀਗਰਾਂਟਸ ਤੁਰੰਤ ਹੀ ਨਵੇਂ ਬੇਰੁਜ਼ਗਾਰਾਂ ਦੀ ਸੂਚੀ ਵਿਚ ਸ਼ਾਮਲ ਹੋ ਜਾਣਗੇ।
ਇਮੀਗਰੇਸ਼ਨ ਤੋਂ ਬਗ਼ੈਰ ਸਾਡੀ ਲੇਬਰ ਫੋਰਸ ਘੱਟ ਹੋ ਜਾਵੇਗੀ। ਇਮੀਗਰਾਂਟਸ ਲੇਬਰ ਫੋਰਸ ‘ਚ ਯੋਗਦਾਨ ਪਾਉਂਦੇ ਹਨ ਕਿਉਂਕਿ ਉਹ ਘੱਟ ਉਮਰ ‘ਚ ਕੈਨੇਡਾ ਆਉਂਦੇ ਹਨ ਅਤੇ ਉਨ੍ਹਾਂ ਦੇ ਕੋਲ ਕੰਮ ਕਰਨ ਲਈ ਕਾਫ਼ੀ ਸਾਲ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਮੀਗਰੇਸ਼ਨ ਦਾ ਪੱਧਰ ਵਧਾਉਣ ਦੇ ਨਾਲ ਹੀ ਉਨ੍ਹਾਂ ਨੂੰ ਕੈਨੇਡੀਅਨ ਸੁਸਾਇਟੀ ‘ਚ ਇੰਟੀਗ੍ਰੇਟ ਕਰਨ ਲਈ ਸਰਕਾਰਾਂ ਨੂੰ ਸਮਾਂ ਅਤੇ ਸਾਧਨ ਵੀ ਲਗਾਉਣੇ ਚਾਹੀਦੇ ਹਨ।
ਇਸੇਸੀ ਨੇ ਕਿਹਾ ਕਿ ਇਮੀਗਰੇਸ਼ਨ ਦਾ ਪੱਧਰ ਵਧਾਉਣਾ ਮਹੱਤਵਪੂਰਨ ਹੈ। ਉਨ੍ਹਾਂ ਨੂੰ ਇੰਗਲਿਸ਼ ਅਤੇ ਫਰੈਂਚ ‘ਚ ਵੀ ਮੁਹਾਰਤ ਦੇਣ ਦੀ ਲੋੜ ਹੈ ਤਾਂ ਜੋ ਉਹ ਬਿਹਤਰ ਰੁਜ਼ਗਾਰ ਪ੍ਰਾਪਤ ਕਰ ਸਕਣ। ਇਸ ਬਾਰੇ ਲੈਂਗੁਏਜ ਸਿਖਲਾਈ ਅਤੇ ਕਰੀਅਰ ਮੇਂਟਰਸ਼ਿਪ ਵਰਗੇ ਬਿਹਤਰ ਪ੍ਰੋਗਰਾਮ ਸ਼ੁਰੂ ਵੀ ਕੀਤੇ ਗਏ ਹਨ।
ਤਿੰਨ ਲੱਖ 10 ਹਜ਼ਾਰ ਇਮੀਗਰਾਂਟਸ ਆਉਣਗੇ
ਨਵੰਬਰ 2017 ‘ਚ ਕੈਨੈਡਾ ਸਰਕਾਰ ਨੇ ਆਪਣੀ ਇਮੀਗਰੇਸ਼ਨ ਯੋਜਨਾ ਨੂੰ ਜਾਰੀ ਰੱਖਦਿਆਂ 2018 ‘ਚ ਤਿੰਨ ਲੱਖ ਦਸ ਹਜ਼ਾਰ ਇਮੀਗਰਾਂਟਸ ਨੂੰ ਲਿਆਉਣ ਦੀ ਗੱਲ ਆਖੀ ਸੀ। ਜਿਸ ਨੂੰ 2020 ਤੱਕ ਹਰ ਸਾਲ ਵਧਾਇਆ ਜਾਵੇਗਾ ਅਤੇ ਇਹ ਉਦੋਂ 3.40 ਹਜ਼ਾਰ ਤੱਕ ਪਹੁੰਚ ਜਾਵੇਗੀ। ਇਹ ਅੰਕੜਾ ਵੀ ਕੈਨੇਡਾ ਦੀ ਆਬਾਦੀ ਦਾ ਇਕ ਫ਼ੀਸਦੀ ਤੋਂ ਘੱਟ ਹੀ ਹੋਵੇਗਾ, ਜਿਸ ਨੂੰ ਲੈ ਕੇ ਕੁਝ ਸਾਲ ਪਹਿਲਾਂ 2 ਫ਼ੀਸਦੀ ਤੱਕ ਕਰਨ ਦੀ ਗੱਲ ਕੀਤੀ ਜਾ ਰਹੀ ਸੀ। ਸਰਕਾਰ ਨੂੰ ਆਰਥਿਕ ਸਲਾਹਕਾਰ ਕੌਂਸਲ ਨੇ ਪਹਿਲਾਂ ਇਮੀਗਰਾਂਟਸ ਦੀ ਗਿਣਤੀ ‘ਚ 50 ਫ਼ੀਸਦੀ ‘ਚ ਵਾਧਾ ਕਰਕੇ 4 ਲੱਖ 50 ਹਜ਼ਾਰ ਸਾਲਾਨਾ ਕਰਨ ਦੀ ਗੱਲ ਆਖੀ ਸੀ ਅਤੇ ਇਸ ਨੂੰ 5 ਸਾਲ ਤੱਕ ਇਸੇ ਪੱਧਰ ‘ਤੇ ਰੱਖਣ ਦੀ ਗੱਲ ਆਖੀ ਸੀ ਪਰ ਉਸ ਨੂੰ ਅਮਲ ਵਿਚ ਨਹੀਂ ਲਿਆਂਦਾ ਗਿਆ। ਕੰਜਰਵੇਟਿਵ ਪਾਰਟੀ ਨੇ ਵੀ ਇਸ ਤਰ੍ਹਾਂ ਦੇ ਅੰਕੜਿਆਂ ਦਾ ਵਿਰੋਧ ਕੀਤਾ ਹੈ ਅਤੇ ਇਸ ‘ਤੇ ਲਗਾਮ ਲਾਉਣ ਦੀ ਗੱਲ ਆਖੀ ਹੈ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …