Breaking News
Home / ਹਫ਼ਤਾਵਾਰੀ ਫੇਰੀ / ਸੰਯੁਕਤ ਕਿਸਾਨ ਮੋਰਚੇ ਨੇ ਭਾਜਪਾ ਨੂੰ ਹਰਾਉਣ ਦੀ ਘੜੀ ਨਵੀਂ ਰਣਨੀਤੀ

ਸੰਯੁਕਤ ਕਿਸਾਨ ਮੋਰਚੇ ਨੇ ਭਾਜਪਾ ਨੂੰ ਹਰਾਉਣ ਦੀ ਘੜੀ ਨਵੀਂ ਰਣਨੀਤੀ

ਕਿਸਾਨ ਹੁਣ ਦਿੱਲੀ ਤੋਂ ਪੱਛਮੀ ਬੰਗਾਲ ਨੂੰ ਕਰਨਗੇ ਕੂਚ
ਕਿਸੇ ਵੀ ਸਿਆਸੀ ਪਾਰਟੀ ਲਈ ਵੋਟਾਂ ਨਹੀਂ ਮੰਗਣਗੇ ਕਿਸਾਨ : ਬਲਬੀਰ ਸਿੰਘ ਰਾਜੇਵਾਲ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਸੱਤਾਧਾਰੀਆਂ ਨੂੰ ‘ਵੋਟ ਦੀ ਚੋਟ’ ਦੇਣ ਲਈ ਮੋਰਚੇ ਦੇ ਆਗੂ ਚੋਣਾਂ ਵਾਲੇ ਰਾਜਾਂ ਵਿੱਚ ਜਾਣਗੇ ਕਿਉਂਕਿ ਸੱਤਾਧਾਰੀ ਸਿਰਫ਼ ਵੋਟ, ਸੀਟ, ਚੋਣ, ਕੁਰਸੀ ਦੀ ਭਾਸ਼ਾ ਹੀ ਸਮਝਦੇ ਹਨ। ਇਸ ਸਬੰਧ ਵਿਚ ਸੰਯੁਕਤ ਕਿਸਾਨ ਮੋਰਚੇ ਨੇ ਪੱਛਮੀ ਬੰਗਾਲ, ਤਾਮਿਲਨਾਡੂ, ਪੁਡੂਚੇਰੀ, ਅਸਾਮ ਤੇ ਕੇਰਲਾ ‘ਚ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀਆਂ ਨੀਤੀਆਂ ਖਿਲਾਫ਼ ਪ੍ਰਚਾਰ ਕਰਨ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ 4 ਮਾਰਚ ਨੂੰ ਪੱਛਮੀ ਬੰਗਾਲ ਦੀ ਇਕ ਰੈਲੀ ਵਿਚ ਕਿਸਾਨ ਆਗੂ ਸੰਬੋਧਨ ਕਰ ਚੁੱਕੇ ਹਨ ਤੇ 12 ਮਾਰਚ ਨੂੰ ਇਕ ਹੋਰ ਵੱਡੀ ਕਿਸਾਨ, ਮਜ਼ਦੂਰ, ਵਿਦਿਆਰਥੀ ਸੰਗਠਨਾਂ ਦੀ ਰੈਲੀ ‘ਚ ਵੀ ਸੰਯੁਕਤ ਕਿਸਾਨ ਮੋਰਚੇ ਦੇ ਮੋਹਰੀ ਆਗੂਆਂ ਦੇ ਸ਼ਾਮਲ ਹੋਣ ਦੀ ਪੂਰੀ ਸੰਭਾਵਨਾ ਹੈ। ਇਸੇ ਤਰ੍ਹਾਂ ਹੀ ਬਾਕੀ ਚੋਣਾਵੀ ਸੂਬਿਆਂ ਵਿਚ ਵੀ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ 3 ਮਾਰਗਾਂ ‘ਤੇ ਚੱਲ ਰਹੇ ਧਰਨਿਆਂ ਦੇ 100 ਦਿਨ ਪੂਰੇ ਹੋਣ ‘ਤੇ 6 ਮਾਰਚ ਨੂੰ ਕੁੰਡਲੀ-ਮਨੇਸਰ-ਪਲਵਲ ਮਾਰਗ (ਕੇਐੱਮਪੀਐੱਮ) 5 ਘੰਟੇ ਲਈ ਜਾਮ ਵੀ ਕੀਤਾ ਜਾਵੇਗਾ ਤੇ ਇਸ ਦਿਨ ਐਕਸਪ੍ਰੈੱਸ ਵੇਅ ਦੇ ਸਾਰੇ ਟੌਲ ਪਲਾਜ਼ੇ ਪਰਚੀ ਮੁਕਤ ਕੀਤੇ ਜਾਣਗੇ। ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ ਵਿਖੇ ਅੰਦੋਲਨ ਨੂੰ ਅੱਗੇ ਲਿਜਾਣ ਬਾਬਤ ਜਨਰਲ ਬਾਡੀ ਮੀਟਿੰਗ ਕੀਤੀ ਗਈ ਤੇ ਅਗਲੇ 15 ਦਿਨਾਂ ਦੇ ਪ੍ਰੋਗਰਾਮਾਂ ਦੀ ਰੂਪ-ਰੇਖਾ ਵਿਉਂਤ ਕੇ ਐਲਾਨ ਕੀਤੇ ਗਏ। ਐਲਾਨ ਮੁਤਾਬਕ ਜਿਨ੍ਹਾਂ 5 ਰਾਜਾਂ ਵਿੱਚ ਅਗਲੇ ਮਹੀਨੇ ਵੋਟਾਂ ਪੈਣੀਆਂ ਹਨ ਉੱਥੇ ਮੋਰਚੇ ਦੇ ਆਗੂ ਵੋਟਰਾਂ ਨੂੰ ਭਾਜਪਾ ਤੇ ਐੱਨਡੀਏ ਭਾਈਵਾਲਾਂ ਦੇ ਉਮੀਦਵਾਰਾਂ ਖਿਲਾਫ ਵੋਟਾਂ ਪਾਉਣ ਦਾ ਸੱਦਾ ਦੇਣਗੇ। ਪ੍ਰੈੱਸ ਕਾਨਫਰੰਸ ਦੌਰਾਨ ਯੋਗੇਂਦਰ ਯਾਦਵ, ਧਰਮਿੰਦਰ ਮਲਿਕ, ਬਲਬੀਰ ਸਿੰਘ ਰਾਜੇਵਾਲ ਤੇ ਹੋਰ ਆਗੂਆਂ ਨੇ ਸੰਬੋਧਨ ਕਿਹਾ ਕਿ 12 ਮਾਰਚ ਤੋਂ ਕੋਲਕਾਤਾ ਵਿੱਚ ਵੱਡੇ ਸਮਾਗਮ ਦੌਰਾਨ ਪੱਛਮੀ ਬੰਗਾਲ ਦੇ ਕਿਸਾਨਾਂ ਨੂੰ ਭਾਜਪਾ ਖ਼ਿਲਾਫ਼ ਵੋਟ ਪਾਉਣ ਲਈ ਅਪੀਲ ਕੀਤੀ ਜਾਵੇਗੀ, ਨਾਲ ਹੀ ਉਨ੍ਹਾਂ ਸਾਫ਼ ਕੀਤਾ ਕਿ 5 ਰਾਜਾਂ ਵਿੱਚ ਕਿਸੇ ਵੀ ਸਿਆਸੀ ਧਿਰ ਦਾ ਸਮਰਥਨ ਮੋਰਚੇ ਵੱਲੋਂ ਨਹੀਂ ਕੀਤਾ ਜਾਵੇਗਾ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਕਿਸਾਨਾਂ ਦੇ ਨੁਮਾਇੰਦੇ ਚੋਣਾਂ ਵਾਲੇ ਸੂਬਿਆਂ ਦਾ ਦੌਰਾ ਕਰਨਗੇ ਤੇ ਉਥੇ ਵੱਖ-ਵੱਖ ਪ੍ਰੋਗਰਾਮਾਂ ‘ਚ ਹਿੱਸਾ ਵੀ ਲੈਣਗੇ ਪਰ ਕਿਸੇ ਵੀ ਪਾਰਟੀ ਲਈ ਵੋਟਾਂ ਨਹੀਂ ਮੰਗਣਗੇ। ਯਾਦਵ ਨੇ ਕਿਹਾ ਕਿ ਮੋਰਚੇ ਦੇ ਦਿੱਲੀ ਧਰਨਿਆਂ ਦੇ 100 ਦਿਨ ਪੂਰੇ ਹੋਣ ‘ਤੇ 6 ਮਾਰਚ ਨੂੰ ‘ਕੇਐਮਪੀ ਮਾਰਗ’ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਵੱਖ-ਵੱਖ ਥਾਈਂ ਕਿਸਾਨਾਂ ਵੱਲੋਂ ਜਾਮ ਕੀਤਾ ਜਾਵੇਗਾ। ਉਸ ਦਿਨ ਕਿਸਾਨਾਂ ਨੂੰ ਰੋਸ ਵਜੋਂ ਕਾਲੇ ਕੱਪੜੇ ਪਾਉਣ ਜਾਂ ਕਾਲੀਆਂ ਪੱਟੀਆਂ ਬੰਨ੍ਹਣ ਸਮੇਤ ਧਰਨਿਆਂ, ਘਰਾਂ, ਦਫ਼ਤਰਾਂ ‘ਤੇ ਕਾਲੇ ਝੰਡੇ ਲਹਿਰਾਉਣ ਲਈ ਕਿਹਾ ਗਿਆ ਹੈ, ਜਿਸ ਰਾਹੀਂ ਕਿਸਾਨੀ ਅੰਦੋਲਨ ਦੇ ਸਰਕਾਰੀ ਦਮਨ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਜਾਵੇਗਾ। ਇਸੇ ਦੌਰਾਨ ਰਮਜਾਨ ਚੌਧਰੀ ਨੇ ਦੱਸਿਆ 15 ਮਾਰਚ ਨੂੰ ਹਰਿਆਣਾ ਦੇ ਮੇਵਾਤ ਵਿੱਚ ਮਹਾਪੰਚਾਇਤ ਕਰਕੇ ਆਰਐੱਸਐੱਸ ਤੇ ਭਾਜਪਾ ਦੀ ਲੋਕਾਂ ਵਿੱਚ ‘ਫੁੱਟਪਾਊ ਨੀਤੀ’ ਦਾ ਵਿਰੋਧ ਕੀਤਾ ਜਾਵੇਗਾ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …