Breaking News
Home / ਭਾਰਤ / ਭਾਰਤ ਹਮੇਸ਼ਾ ਸ਼ਾਂਤੀ ਦੇ ਪੱਖ ‘ਚ ਰਿਹਾ ਹੈ : ਨਰਿੰਦਰ ਮੋਦੀ

ਭਾਰਤ ਹਮੇਸ਼ਾ ਸ਼ਾਂਤੀ ਦੇ ਪੱਖ ‘ਚ ਰਿਹਾ ਹੈ : ਨਰਿੰਦਰ ਮੋਦੀ

ਜੀ-7 ਸਿਖਰ ਸੰਮੇਲਨ ‘ਚ ਜੋਅ ਬਾਈਡਨ, ਜਸਟਿਨ ਟਰੂਡੋ, ਮੈਕਰੋਨ ਤੇ ਹੋਰਨਾਂ ਆਗੂਆਂ ਨਾਲ ਮੁਲਾਕਾਤ
ਏਲਮਾਉ (ਜਰਮਨੀ)/ਬਿਊਰੋ ਨਿਊਜ਼ : ਜਰਮਨੀ ‘ਚ ਜੀ-7 ਸੰਮੇਲਨ ਦੌਰਾਨ ‘ਮਜ਼ਬੂਤ ਇਕੱਠ : ਭੋਜਨ ਸੁਰੱਖਿਆ ਤੇ ਲਿੰਗ ਸਮਾਨਤਾ ਨੂੰ ਅੱਗੇ ਵਧਾਉਣਾ’ ਵਿਸ਼ੇ ‘ਤੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਸੰਘਰਸ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੈਂਬਰ ਦੇਸ਼ ਵਿਸ਼ਵ ਪੱਧਰੀ ਤਣਾਅ ਦੇ ਮਾਹੌਲ ਦਰਮਿਆਨ ਮੁਲਾਕਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ ਦੇ ਪੱਖ ‘ਚ ਰਿਹਾ ਹੈ। ਮੌਜੂਦਾ ਸਥਿਤੀ ‘ਚ ਵੀ ਅਸੀਂ ਲਗਾਤਾਰ ਗੱਲਬਾਤ ਤੇ ਕੂਟਨੀਤੀ ਦੇ ਰਾਹ ‘ਤੇ ਚੱਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭੂ-ਰਾਜਨੀਤਕ ਤਣਾਅ ਦਾ ਪ੍ਰਭਾਵ ਕੇਵਲ ਯੂਰਪ ਤੱਕ ਹੀ ਸੀਮਤ ਨਹੀਂ ਹੈ। ਊਰਜਾ ਤੇ ਅਨਾਜ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਸਾਰੇ ਦੇਸ਼ਾਂ ‘ਤੇ ਪੈ ਰਿਹਾ ਹੈ। ਵਿਕਾਸਸ਼ੀਲ ਦੇਸ਼ਾਂ ਦੀ ਊਰਜਾ ਤੇ ਸੁਰੱਖਿਆ ਖਾਸ ਤੌਰ ‘ਤੇ ਜੋਖ਼ਮ ‘ਚ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਚੁਣੌਤੀਪੂਰਨ ਸਮੇਂ ਦੇ ਬਾਵਜੂਦ ਭਾਰਤ ਨੇ ਲੋੜਵੰਦ ਦੇਸ਼ਾਂ ਨੂੰ ਅਨਾਜ ਸਪਲਾਈ ਕੀਤਾ ਹੈ। ਬੀਤੇ ਕੁਝ ਮਹੀਨਿਆਂ ‘ਚ ਅਸੀਂ ਅਫਗਾਨਿਸਤਾਨ ਨੂੰ 35 ਹਜ਼ਾਰ ਟਨ ਕਣਕ ਮਨੁੱਖੀ ਸਹਾਇਤਾ ਵਜੋਂ ਭੇਜੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਝਾਅ ਦਿੱਤਾ ਕਿ ਵਿਸ਼ਵ ਪੱਧਰੀ ਖੁਰਾਕ ਸੁਰੱਖਿਆ ਦੇ ਵਿਸ਼ੇ ਨਾਲ ਨਜਿੱਠਣ ਲਈ ਜੀ-7 ਖਾਦ ਉਤਪਾਦਨ ਵਧਾਉਣ ‘ਚ ਭਾਰਤ ਦੇ ਯਤਨਾਂ ‘ਚ ਸਹਿਯੋਗ ਅਤੇ ਮੈਂਬਰ ਦੇਸ਼ਾਂ ‘ਚ ਭਾਰਤੀ ਖੇਤੀ ਪ੍ਰਤਿਭਾ ਦੀ ਵਿਆਪਕ ਵਰਤੋਂ ਲਈ ਇਕ ਪ੍ਰਣਾਲੀ ਤਿਆਰ ਕਰ ਸਕਦਾ ਹੈ। ਇਸ ਤੋਂ ਇਲਾਵਾ ਉਹ ਬਾਜਰੇ ਨੂੰ ਇਕ ਪੌਸ਼ਟਿਕ ਬਦਲ ਵਜੋਂ ਉਤਸ਼ਾਹਿਤ ਕਰਨ ਲਈ ਵੀ ਮਦਦ ਕਰੇ।
ਇਸ ਤੋਂ ਪਹਿਲਾਂ ਜਰਮਨੀ ‘ਚ ਹੋ ਰਹੇ ਜੀ-7 ਸਿਖ਼ਰ ਸੰਮੇਲਨ ਦੀ ਗਰੁੱਪ ਤਸਵੀਰ ਤੋਂ ਪਹਿਲਾਂ ਰਾਸ਼ਟਰਪਤੀ ਬਾਈਡਨ ਪ੍ਰਧਾਨ ਮੰਤਰੀ ਮੋਦੀ ਨੂੰ ਵੇਖ ਕੇ ਉਨ੍ਹਾਂ ਵੱਲ ਵਧੇ ਤੇ ਦੋਵੇਂ ਨੇਤਾਵਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਗਰਮਜੋਸ਼ੀ ਨਾਲ ਹੱਥ ਮਿਲਾਇਆ, ਗਰੁੱਪ ਤਸਵੀਰ ‘ਚ ਮੋਦੀ ਪ੍ਰਧਾਨ ਮੰਤਰੀ ਟਰੂਡੋ ਨਾਲ ਖੜ੍ਹੇ ਸਨ ਤੇ ਦੋਵੇਂ ਨੇਤਾ ਇਕ-ਦੂਜੇ ਨਾਲ ਗੱਲਬਾਤ ਕਰਦੇ ਨਜ਼ਰ ਆਏ। ਇਸ ਦੌਰਾਨ ਮੋਦੀ ਤੇ ਮੈਕਰੋਨ ਇਕ-ਦੂਜੇ ਨੂੰ ਜੱਫੀ ਪਾ ਕੇ ਮਿਲੇ ਅਤੇ ਗਰੁੱਪ ਤਸਵੀਰ ਬਾਅਦ ਇਕ-ਦੂਜੇ ਨਾਲ ਗੱਲਬਾਤ ਜਾਰੀ ਰੱਖਦਿਆਂ ਜੀ-7 ਨੇਤਾਵਾਂ ਦੇ ਸੰਮੇਲਨ ਸਥਾਨ ਅੰਦਰ ਚਲੇ ਗਏ। ਜਰਮਨੀ ਦੇ ਰਾਸ਼ਟਰਪਤੀ ਵਲੋਂ ਜੀ-7 ਸੰਮੇਲਨ ‘ਚ ਸ਼ਾਮਿਲ ਹੋਣ ਲਈ ਦਿੱਤੇ ਸੱਦੇ ‘ਤੇ ਪ੍ਰਧਾਨ ਮੰਤਰੀ ਮੋਦੀ ਇਥੇ ਪਹੁੰਚੇ ਹਨ। ਦੱਸਣਯੋਗ ਹੈ ਕਿ ਭਾਰਤ, ਅਰਜਨਟੀਨਾ, ਇੰਡੋਨੇਸ਼ੀਆ, ਸੇਨੇਗਲ ਤੇ ਦੱਖਣੀ ਅਫਰੀਕਾ ਨੂੰ ਐਲਮਾਉ 7-ਜੀ ਸੰਮੇਲਨ ‘ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ।

Check Also

ਸ਼ਰਧਾਲੂਆਂ ਦੇ ਲਈ ਬੰਦ ਹੋਏ ਗੰਗੋਤਰੀ ਧਾਮ ਦੇ ਕਿਵਾੜ

17 ਨਵੰਬਰ ਨੂੰ ਬੰਦ ਕੀਤੇ ਜਾਣਗੇ ਬਦਰੀਨਾਥ ਧਾਮ ਦੇ ਕਿਵਾੜ ਗੜ੍ਹਵਾਲ : ਗੰਗੋਤਰੀਧਾਮ ਦੇ ਕਿਵਾੜ …