ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਇਹੋ ਜਿਹੀ ਤਬਾਹੀ ਕਦੇ ਨਹੀਂ ਦੇਖੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਬੰਗਾਲ ‘ਚ ਆਏ ਚੱਕਰਵਾਤੀ ਤੂਫਾਨ ਅਮਫਾਨ ਨੇ ਭਾਰੀ ਤਬਾਹੀ ਮਚਾਉਂਦੇ ਹੋਏ ਜਿੱਥੇ ਕਾਫ਼ੀ ਨੁਕਸਾਨ ਕੀਤਾ ਹੈ ਉਥੇ ਹੀ 72 ਵਿਅਕਤੀਆਂ ਦੀ ਜਾਨ ਵੀ ਲੈ ਲਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਰਾਜ ਵਿਚ 5500 ਘਰ ਤਬਾਹ ਹੋ ਚੁੱਕੇ ਹਨ, ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋਇਆ ਹੈ। ਮਮਤਾ ਬੈਨਰਜੀ ਨੇ ਅੱਗੇ ਕਿਹਾ ਕਿ ਉਨ੍ਹਾਂ ਅਜਿਹੀ ਤਬਾਹੀ ਪਹਿਲਾਂ ਕਦੇ ਨਹੀਂ ਦੇਖੀ ਅਤੇ ਉਨ੍ਹਾਂ ਕਿਹਾ ਕਿ ਚੱਕਰਵਾਤ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਛਮੀ ਬੰਗਾਲ ਆਉਣ ਅਤੇ ਚੱਕਰਵਾਤ ਤੂਫਾਨ ਨਾਲ ਪ੍ਰਭਾਵਤ ਖੇਤਰ ਦਾ ਦੌਰਾ ਕਰਨ ਦੀ ਬੇਨਤੀ ਕੀਤੀ ਹੈ। ਕੋਲਕਾਤਾ ਅਤੇ ਹੋਰ ਪ੍ਰਭਾਵਿਤ ਜ਼ਿਲ੍ਹਿਆਂ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਬਿਜਲੀ ਗੁਲ ਹੈ ਕਿਉਂਕਿ ਬਿਜਲੀ ਦੇ ਖੰਭੇ ਉਖੜ ਗਏ ਹਨ। ਤੂਫਾਨ ਨਾਲ ਬਹੁਤ ਸਾਰੇ ਸੰਚਾਰ ਟਾਵਰਾਂ ਨੂੰ ਨੁਕਸਾਨ ਹੋਣ ਕਾਰਨ ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਵੀ ਬੰਦ ਹਨ।