ਕਾਂਗਰਸ ਛੋੜੋ ਯਾਤਰਾ ਦੀ ਤੱਟੀ ਸੂਬੇ ਤੋਂ ਹੋਈ ਸ਼ੁਰੂਆਤ : ਸਾਵੰਤ
ਪਣਜੀ/ਬਿਊਰੋ ਨਿਊਜ਼ : ਗੋਆ ‘ਚ ਸਾਬਕਾ ਮੁੱਖ ਮੰਤਰੀ ਸਮੇਤ ਕਾਂਗਰਸ ਦੇ ਅੱਠ ਵਿਧਾਇਕ ਹਾਕਮ ਧਿਰ ਭਾਜਪਾ ‘ਚ ਸ਼ਾਮਲ ਹੋ ਗਏ। ਚਾਲੀ ਮੈਂਬਰੀ ਵਿਧਾਨ ਸਭਾ ‘ਚ ਹੁਣ ਕਾਂਗਰਸ ਦੇ ਸਿਰਫ਼ ਤਿੰਨ ਵਿਧਾਇਕ ਰਹਿ ਗਏ ਹਨ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਕਾਂਗਰਸ ਛੋੜੋ ਯਾਤਰਾ ਗੋਆ ਤੋਂ ਸ਼ੁਰੂ ਹੋ ਗਈ ਹੈ। ਸਾਵੰਤ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸਦਾਨੰਦ ਸ਼ੇਤ ਤਨਾਵੜੇ ਦੀ ਹਾਜ਼ਰੀ ‘ਚ ਵਿਧਾਇਕਾਂ ਨੇ ਭਾਜਪਾ ਦਾ ਪੱਲਾ ਫੜਿਆ। ਜੁਲਾਈ 2019 ‘ਚ ਵੀ ਕਾਂਗਰਸ ਦੇ 10 ਵਿਧਾਇਕਾਂ ਨੇ ਪਾਰਟੀ ਨੂੰ ਝਟਕਾ ਦਿੱਤਾ ਸੀ ਅਤੇ ਉਹ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਭਾਜਪਾ ਦੇ ਹੁਣ ਗੋਆ ‘ਚ 28 ਵਿਧਾਇਕ ਹੋ ਗਏ ਅਤੇ ਉਸ ਨੂੰ ਪੰਜ ਹੋਰ ਵਿਧਾਇਕਾਂ ਦੀ ਹਮਾਇਤ ਹਾਸਲ ਹੈ।
ਕਾਂਗਰਸ ਨੂੰ ਠਿੱਬੀ ਲਾਉਣ ਵਾਲੇ ਵਿਧਾਇਕਾਂ ‘ਚ ਕਾਮਤ, ਮਾਈਕਲ ਲੋਬੋ, ਡੀ ਲੋਬੋ, ਰਾਜੇਸ਼ ਫਲਦੇਸਾਈ, ਕੇਦਾਰ ਨਾਇਕ, ਸੰਕਲਪ ਅਮੋਨਕਰ, ਅਲੈਕਸੋ ਸਿਕੁਇਰਾ ਅਤੇ ਰੁਡੋਲਫ ਫਰਨਾਂਡੇਜ਼ ਸ਼ਾਮਲ ਹਨ। ਭਾਜਪਾ ‘ਚ ਸ਼ਾਮਲ ਹੋਣ ਤੋਂ ਪਹਿਲਾਂ ਇਹ ਵਿਧਾਇਕ ਮੁੱਖ ਮੰਤਰੀ ਸਾਵੰਤ ਨਾਲ ਗੱਲਬਾਤ ਕਰਦੇ ਨਜ਼ਰ ਆਏ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਲੋਬੋ ਨੇ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਕਰਕੇ ਭਾਜਪਾ ‘ਚ ਰਲੇਵੇਂ ਦਾ ਮਤਾ ਪਾਸ ਕੀਤਾ ਗਿਆ। ਜਦੋਂ ਮਤਾ ਪਾਸ ਹੋਇਆ ਤਾਂ ਕਾਂਗਰਸ ਦੇ ਤਿੰਨ ਵਿਧਾਇਕ ਯੂਰੀ ਅਲੇਮਾਓ, ਅਲਟੋਨ ਡੀਕੋਸਟਾ ਅਤੇ ਕਾਰਲੋਸ ਅਲਵਾਰੇਸ ਫਰੇਰਾ ਹਾਜ਼ਰ ਨਹੀਂ ਸਨ। ਕਾਮਤ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਜਨਵਰੀ ‘ਚ ਮੰਦਿਰ ਦਾ ਦੌਰਾ ਕਰਕੇ ਪਾਰਟੀ ਅਤੇ ਲੋਕਾਂ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਉਹ ਮੁੜ ਮੰਦਿਰ ਗਏ ਅਤੇ ਰੱਬ ਤੋਂ ਪੁੱਛਿਆ ਕਿ ਹੁਣ ਕੀ ਕੀਤਾ ਜਾਵੇ। ‘ਰੱਬ ਨੇ ਮੈਨੂੰ ਕਿਹਾ ਕਿ ਜੋ ਕੁਝ ਵੀ ਤੁਹਾਡੇ ਲਈ ਵਧੀਆ ਹੈ, ਉਹੋ ਕੁਝ ਕੀਤਾ ਜਾਵੇ।’ ਇਸ ਮਗਰੋਂ ਉਨ੍ਹਾਂ ਭਾਜਪਾ ਨਾਲ ਰਲਣ ਦਾ ਫ਼ੈਸਲਾ ਲਿਆ। ਕਾਂਗਰਸ ਨੇ ਕਿਹਾ ਕਿ ਵਿਧਾਇਕਾਂ ਨੇ ਪਾਰਟੀ ਅਤੇ ਲੋਕਾਂ ਨੂੰ ਧੋਖਾ ਦਿੰਦਿਆਂ ਸ਼ਰਮਨਾਕ ਕਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗੋਆ ‘ਚ ਚੋਣਾਂ ਤੋਂ ਪਹਿਲਾਂ ਅਤੇ ਬਾਅਦ ‘ਚ ਮੰਦਰ, ਚਰਚ ਅਤੇ ਦਰਗਾਹ ‘ਚ ਵਿਧਾਇਕਾਂ ਨੇ ਸਹੁੰ ਚੁੱਕੀ ਸੀ।
ਗੋਆ ‘ਚ ਭਾਜਪਾ ਦਾ ਅਪਰੇਸ਼ਨ ਕਿੱਚੜ : ਕਾਂਗਰਸ
ਗੋਆ ‘ਚ ਕਾਂਗਰਸ ਦੇ ਅੱਠ ਵਿਧਾਇਕਾਂ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਕਾਂਗਰਸ ਨੇ ਇਸ ਨੂੰ ਹਾਕਮ ਧਿਰ ਦਾ ‘ਅਪਰੇਸ਼ਨ ਚਿੱਕੜ’ ਕਰਾਰ ਦਿੱਤਾ ਹੈ। ਕਾਂਗਰਸ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੀ ਸਫ਼ਲਤਾ ਤੋਂ ਬੁਖਲਾ ਕੇ ਤੇਜ਼ੀ ਨਾਲ ਪਾਰਟੀ ਤੋੜਨ ਦਾ ਕੰਮ ਕੀਤਾ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਟਵੀਟ ਕਰਕੇ ਕਿਹਾ, ”ਗੋਆ ‘ਚ ਭਾਜਪਾ ਦਾ ਅਪਰੇਸ਼ਨ ਕਿੱਚੜ ਤੇਜ਼ੀ ਨਾਲ ਕਰਵਾਇਆ ਗਿਆ ਕਿਉਂਕਿ ਭਾਰਤ ਜੋੜੋ ਯਾਤਰਾ ਦੀ ਸਫ਼ਲਤਾ ਤੋਂ ਭਾਜਪਾ ਬੁਖਲਾ ਗਈ ਹੈ।”