ਕੈਲਾਡਨ/ਡਾ ਝੰਡ : ਲੰਘੇ ਸ਼ਨੀਵਾਰ 21 ਜੁਲਾਈ ਨੂੰ ਕੈਲਾਡਨ (ਈਸਟ) ਵਿਖੇ ‘ਐੱਨਲਾਈਟ ਲਾਈਫ਼ ਆਫ਼ ਕਿੱਡਜ਼’ ਵੱਲੋਂ ਪਹਿਲੀ ਵਾਰ 5 ਕਿਲੋਮੀਟਰ ਅਤੇ 10 ਕਿਲੋਮੀਟਰ ਰੱਨ/ਵਾਕ ਦਾ ਸਫ਼ਲ ਆਯੋਜਨ ਕੀਤਾ ਗਿਆ ਜਿਸ ਨੂੰ ਇਸ ਵਿਚ ਭਾਗ ਲੈਣ ਵਾਲਿਆਂ ਅਤੇ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।
ਈਵੈਂਟ ਦੇ ਪ੍ਰਬੰਧਕਾਂ ਅਨੁਸਾਰ ਇਸ ਦੇ ਲਈ 210 ਦੌੜਾਕਾਂ ਤੇ ਪੈਦਲ ਤੁਰਨ ਵਾਲਿਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਅਤੇ ਇਸ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਜਿਨ੍ਹਾਂ ਵਿਚ ਟੀ.ਪੀ.ਏ.ਆਰ. ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਪ੍ਰਧਾਨ ਹਰਭਜਨ ਸਿੰਘ ਗਿੱਲ ਦੀ ਅਗਵਾਈ ਵਿਚ ਕਲੱਬ ਦੇ 80 ਮੈਂਬਰ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਕਲੱਬ ਦੇ 8 ਮੈਂਬਰਾਂ ਨੇ ਇਸ ਈਵੈਂਟ ਦੌਰਾਨ ਵਾਲੰਟੀਅਰ ਸੇਵਾਵਾਂ ਨਿਭਾਈਆਂ। ਸਾਰੇ ਦੌੜਾਕਾਂ ਤੇ ਵਾੱਕਰਾਂ ਦੇ ਵਾਪਸ ਆਉਣ ‘ਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੇ ਗਲਾਂ ਵਿਚ ਮੈਡਲ ਪਾ ਕੇ ਉਨ੍ਹਾਂ ਦਾ ਮਾਣ-ਸਤਿਕਾਰ ਕੀਤਾ ਗਿਆ। ਪੰਜ ਕਿਲੋਮੀਟਰ ਦੌੜ ਵਿਚ ਚਰਨਪ੍ਰੀਤ ਪਾਸੀ ਤੇ 10 ਕਿਲੋਮੀਟਰ ਵਿਚ ਕਾਈਲ ਪਹਿਲੇ ਨੰਬਰ ‘ਤੇ ਆਏ ਅਤੇ ਨੌਂ ਸਾਲਾਂ ਦੇ ਬੱਚੇ ਮਨਬੀਰ ਬਰਾੜ ਨੇ 5 ਕਿਲੋਮੀਟਰ ਦੌੜ 31 ਮਿੰਟਾਂ ਵਿਚ ਪੂਰੀ ਕੀਤੀ।
ਇਸ ਦੌਰਾਨ ਵਾਰਡ ਨੰਬਰ 9-10 ਤੋਂ ਸਕੂਲ-ਟਰੱਸਟੀ ਲਈ ਉਮੀਦਵਾਰ ਉਚੇਚੇ ਤੌਰ ‘ਤੇ ਆਪਣੀ ਟੀਮ ਨਾਲ ਉੱਥੇ ਪਹੁੰਚ ਚੁੱਕੇ ਸਨ ਅਤੇ ਉਨ੍ਹਾਂ ਨੇ ਹਾਜ਼ਰੀਨ ਨੂੰ ਸਿਹਤ ਬਰਕਰਾਰ ਰੱਖਣ ਲਈ ਦੌੜਨ ਤੇ ਸੈਰ ਦੀ ਅਹਿਮੀਅਤ ਬਾਰੇ ਬੜੇ ਭਾਵ-ਪੂਰਤ ਸ਼ਬਦਾਂ ਨਾਲ ਸੰਬੋਧਨ ਕੀਤਾ ਅਤੇ ਇਸ ਦੇ ਨਾਲ ਹੀ ਇਸ ਈਵੈਂਟ ਦੇ ਮਨੋਰਥ ‘ਰੱਨ ਫ਼ਾਰ ਐਜੂਕੇਸ਼ਨ’ ਬਾਰੇ ਗੱਲ ਕਰਦਿਆਂ ਹੋਇਆਂ ਇਸ ਈਵੈਂਟ ਨੂੰ ਲੋੜਵੰਦ ਬੱਚਿਆਂ ਦੀ ਸਿੱਖਿਆ ਨਾਲ ਜੋੜਨ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਉਹ ਡੈਂਟਲ ਅਤੇ ਪਰਸਨਲ ਹਾਈਜੀਨ ਦੇ ਨਾਲ ਨਾਲ ਐਜੂਕੇਸ਼ਨ ਦੇ ਖ਼ੇਤਰ ਵਿਚ ਆਪਣਾ ਯੋਗਦਾਨ ਪਾਉਣ ਲਈ ਇਨ੍ਹਾਂ ਮਿਊਨਿਸਿਪਲਿਟੀ ਚੋਣਾਂ ਵਿਚ ਸਕੂਲ-ਟਰੱਸਟੀ ਵਜੋਂ ਵਾਰਡ ਨੰਬਰ 9-10 ਵਿੱਚੋਂ ਖੜੇ ਹੋਏ ਹਨ। ਇਸ ਦੇ ਲਈ ਉਨ੍ਹਾਂ ਹਾਜ਼ਰੀਨ ਨੂੰ ਸਹਿਯੋਗ ਲਈ ਅਪੀਲ ਵੀ ਕੀਤੀ।
ਇਸ ਮੌਕੇ ਟੀ.ਪੀ.ਏ.ਆਰ. ਦੀ ਪਿਛਲੇ ਪੰਜ-ਛੇ ਸਾਲਾਂ ਦੀ ਸ਼ਾਨਦਾਰ ਕਾਰਗ਼ੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਹੋਇਆਂ ਪ੍ਰਬੰਧਕਾਂ ਵੱਲੋਂ ਕਲੱਬ ਨੂੰ ਸਾਨਾਦਾਰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕਲੱਬ ਦੇ ਸਰਗ਼ਰਮ ਮੈਂਬਰਾਂ ਮਲੂਕ ਸਿੰਘ ਕਾਹਲੋਂ, ਡਾ. ਜੈਪਾਲ ਸਿੱਧੂ ਤੇ ਸੁੱਖੀ ਢਿੱਲੋਂ ਨੇ ਵੀ ਹਾਜ਼ਰੀਨ ਨੂੰ ਸਬੋਧਨ ਕੀਤਾ। ਅਖ਼ੀਰ ਵਿਚ ਈਵੈਂਟ ਦੇ ਮੁੱਖ ਆਯੋਜਿਕ ਨਰਿੰਦਰ ਪਾਲ ਵੱਲੋਂ ਇਸ ਵਿਚ ਸ਼ਾਮਲ ਹੋਣ ਵਾਲੇ ਸਾਰੇ ਦੌੜਾਕਾਂ ਤੇ ਵਾਕਰਾਂ, ਸਪਾਂਸਰਾਂ ਅਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਂਵਾਰੀ ਡਾ.ਸੁਖਦੇਵ ਸਿੰਘ ਝੰਡ ਵੱਲੋਂ ਨਿਭਾਈ ਗਈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …