ਮਾਲਟਨ/ਬਿਊਰੋ ਨਿਊਜ਼
ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਮਾਲਟਨ ਦੇ ਕੌਫੀ ਪਾਲ ਪਾਰਕ ਵਿੱਚ ਪਰਿਵਾਰਕ ਪਿਕਨਿਕ ਮਨਾਈ ਗਈ। ਇਸ ਪਿਕਨਿਕ ਵਿੱਚ ਤਰਕਸੀਲ ਸੁਸਾਇਟੀ ਨਾਲ ਸਬੰਧਤ ਮੈਂਬਰਾਂ ਦੇ ਪਰਿਵਾਰਾਂ ਨੇ ਬੜੇ ਉਤਸ਼ਾਹ ਅਤੇ ਚਾਅ ਨਾਲ ਭਾਗ ਲਿਆ। ਲੱਗਪੱਗ ਛੇ ਘੰਟੇ ਚੱਲੇ ਇਸ ਪ੍ਰੋਗਰਾਮ ਵਿੱਚ ਸਾਰਾ ਸਮਾਂ ਹੀ ਪੂਰੀ ਰੌਣਕ ਰਹੀ। ਇਸ ਪਿਕਨਿਕ ਵਿੱਚ ਕੈਨੇਡਾ ਦੀ ਫੇਰੀ ‘ਤੇ ਆਏ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਕ੍ਰਾਂਤੀਕਾਰੀ ਅਵਾਮੀ ਸ਼ਾਇਰ ਬਾਬਾ ਨਾਜਮੀ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ। ਪਿਕਨਿਕ ਵਿੱਚ ਸ਼ਾਮਲ ਬਹੁਤ ਸਾਰੇ ਵਿਅਕਤੀਆਂ ਨੂੰ ਬਾਬਾ ਨਾਜਮੀ ਨਾਲ ਨਿਜੀ ਤੌਰ ‘ਤੇ ਮਿਲਣ ਦਾ ਮੌਕਾ ਮਿਲਿਆ।
ਇਸ ਪਿਕਨਿਕ ਦੀ ਤਿਆਰੀ ਲਈ ਸੁਸਾਇਟੀ ਦੇ ਉਤਸ਼ਾਹੀ ਵਰਕਰਾਂ ਦੇ ਸਹਿਯੋਗ ਨਾਲ ਪੂਰੀ ਤਰ੍ਹਾਂ ਕੀਤੀ ਗਈ ਸੀ। ਪਿਕਨਿਕ ਵਿੱਚ ਚਾਹ ਪਾਣੀ, ਲੰਚ , ਬਾਰ ਬੀ ਕਿਉ ਆਦਿ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ। ਆਏ ਹੋਏ ਪਰਿਵਾਰਾਂ, ਸਪਾਂਸਰਾਂ ਅਤੇ ਮਹਿਮਾਨਾਂ ਨੇ ਇਸ ਦਾ ਭਰਪੂਰ ਆਨੰਦ ਮਾਣਦੇ ਹੋਏ ਖੂਬ ਪਰਸੰਸਾ ਕੀਤੀ। ਇਸ ਪਿਕਨਿਕ ਵਿੱਚ ਮੈਂਬਰ ਪਰਿਵਾਰਾਂ ਤੋਂ ਬਿਨਾਂ ਬਹੁਤ ਸਾਰੀਆਂ ਸਾਹਿਤਕ, ਸੱਭਿਆਚਾਰਕ ਅਤੇ ਜਨਤਕ ਜਥੇਬੰਦੀਆਂ ਦੇ ਪ੍ਰਮੁੱਖ ਵਿਅਕਤੀਆਂ ਨੇ ਵੀ ਆਪਣੀ ਹਾਜ਼ਰੀ ਲੁਆਈ। ਖਾਣ ਪੀਣ ਦੇ ਨਾਲ ਹੀ ਇੱਕ ਦੂਜੇ ਨੂੰ ਮਿਲ ਕੇ ਆਪਣੇ ਪਰਿਵਾਰਕ ਦੁੱਖ ਸੁੱਖ ਸਾਂਝੇ ਕੀਤੇ ਗਏ। ਬੱਚਿਆਂ ਨੂੰ ਦੂਜੇ ਪਰਿਵਾਰਾਂ ਦੇ ਬੱਚਿਆਂ ਨਾਲ ਜਾਣ ਪਹਿਚਾਣ ਕਰਵਾਈ ਗਈ ਤਾਂਕਿ ਭਵਿੱਖ ਵਿੱਚ ਪਰਿਵਾਰਕ ਸਬੰਧ ਬਣੇ ਰਹਿਣ ਤੇ ਅੱਗੇ ਵਧਣ। ਖਾਣ ਪੀਣ ਅਤੇ ਗੱਲਾਂ ਬਾਤਾਂ ਦੇ ਦੌਰ ਨਾਲ ਹੀ ਵੱਖ ਵੱਖ ਵਰਗ ਗਰੁੱਪਾਂ ਦੇ ਬੱਚਿਆਂ, ਮਰਦਾਂ ਅਤੇ ਔਰਤਾਂ ਦੀਆਂ ਖੇਡਾਂ ਕਰਵਾਈਆਂ ਗਈਆਂ। ਜਿਨ੍ਹਾਂ ਵਿੱਚ ਰੱਸਾ ਕਸ਼ੀ ਅਤੇ ਕਈ ਕਿਸਮ ਦੀਆਂ ਦੌੜਾਂ ਸ਼ਾਮਲ ਸਨ। ਇਹਨਾਂ ਗੇਮਾਂ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਬਹੁਤ ਹੀ ਉਤਸੁਕਤਾ ਅਤੇ ਉਤਸਾਹ ਸੀ। ਬੱਚਿਆਂ ਦੇ ਰੱਸਾ- ਕਸ਼ੀ ਮੁਕਾਬਲੇ ਬਹੁਤ ਹੀ ਦਿਲਚਸਪ ਸਨ। ਜੇਤੂਆਂ ਨੂੰ ਹੌਸਲਾ ਅਫਜਾਈ ਲਈ ਇਨਾਮ ਦਿੱਤੇ ਗਏ। ਬੱਚੇ ਇਨਾਮ ਪਾ ਕੇ ਬਹੁਤ ਹੀ ਖੁਸ਼ ਪ੍ਰਤੀਤ ਹੋ ਰਹੇ ਸਨ। ਸਾਰਿਆਂ ਵਲੋਂ ਸੁਸਾਇਟੀ ਦੇ ਵਾਲੰਟੀਅਰਾਂ ਦੀ ਉਹਨਾਂ ਦੁਆਰਾ ਮਹਿਮਾਨਾਂ ਦੀ ਸੇਵਾ ਕਰਨ ਦੇ ਰੋਲ ਦੀ ਪਰਸ਼ੰਸਾ ਕੀਤੀ ਗਈ। ਸ਼ਾਮ ਨੂੰ ਪਿਕਨਿਕ ਖਤਮ ਹੋਣ ਤੇ ਸਾਰੇ ਪਰਿਵਾਰ ਖੁਸ਼ੀ ਖੁਸ਼ੀ ਅਗਲੇ ਪ੍ਰੋਗਰਾਮ ਵਿੱਚ ਇਕੱਠੇ ਹੋਣ ਦੀ ਆਸ ਲੈ ਕੇ ਇੱਕ ਦੂਜੇ ਤੋਂ ਵਿਦਾ ਹੋਏ। ਤਰਕਸ਼ੀਲ ਸੁਸਾਇਟੀ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202, ਨਿਰਮਲ ਸੰਧੂ 416-835-3450 ਜਾਂ ਨਛੱਤਰ ਬਦੇਸ਼ਾ 647-267-3397 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …