Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਜੀ.ਟੀ.ਏ. ਵਿਚ ਲਿਖੀ ਜਾ ਰਹੀ ਕਹਾਣੀ ਨੂੰ ਸਮਰਪਿਤ ਸਮਾਗ਼ਮ ਕਰਾਇਆ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਜੀ.ਟੀ.ਏ. ਵਿਚ ਲਿਖੀ ਜਾ ਰਹੀ ਕਹਾਣੀ ਨੂੰ ਸਮਰਪਿਤ ਸਮਾਗ਼ਮ ਕਰਾਇਆ

ਕਹਾਣੀਕਾਰ ਮੇਜਰ ਮਾਂਗਟ ਅਤੇ ਡਾ. ਅਰਵਿੰਦਰ ਕੌਰ ਨੇ ਵਿਦਵਤਾ-ਭਰਪੂਰ ਪਰਚੇ ਪੜ੍ਹੇ
ਬਰੈਂਪਟਨ/ਡਾ.ਝੰਡ : ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਆਪਣੇ ਮਹੀਨਾਵਾਰ ਸਮਾਗ਼ਮਾਂ ਵਿਚ ਰਵਾਇਤੀ ਕਵੀ-ਦਰਬਾਰ ਤੋਂ ਇਲਾਵਾ ਹਰ ਵਾਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਸਿਲਸਿਲੇ ਵਿਚ ਲੰਘੇ ਐਤਵਾਰ 20 ਅਗਸਤ ਨੂੰ ਇਸ ਦੇ ਵੱਲੋਂ ਜੀ.ਟੀ.ਏ. ਵਿਚ ਲਿਖੀ ਜਾ ਰਹੀ ਕਹਾਣੀ ਸਬੰਧੀ ਰੌਚਕ ਸਮਾਗ਼ਮ ਕਰਵਾਇਆ ਗਿਆ ਜਿਸ ਵਿਚ ਦੋ ਵਿਦਵਾਨਾਂ ਕਹਾਣੀਕਾਰ ਮੇਜਰ ਮਾਂਗਟ ਵੱਲੋਂ ਕਹਾਣੀ ਦੀ ਵਿਧਾ ਬਾਰੇ ਅਤੇ ਡਾ.ਅਰਵਿੰਦਰ ਕੌਰ ਵੱਲੋਂ ਜੀ.ਟੀ.ਏ.ਵਿਚ ਲਿਖੀ ਜਾ ਰਹੀ ਕਹਾਣੀ ਬਾਰੇ ਵਿਦਵਤਾ-ਭਰਪੂਰ ਪੇਪਰ ਪੜ੍ਹੇ ਗਏ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਸਮਾਗ਼ਮ ਦੇ ਬੁਲਾਰਿਆਂ ਮੇਜਰ ਮਾਂਗਟ ਤੇ ਡਾ.ਅਰਵਿੰਦਰ ਕੌਰ ਤੋਂ ਇਲਾਵਾ ਕਹਾਣੀਕਾਰ ਡਾ. ਅਮਰਜੀਤ ਸਿੰਘ, ਮਿੰਨੀ ਗਰੇਵਾਲ ਅਤੇ ਗੁਰਚਰਨ ਕੌਰ ਥਿੰਦ ਸੁਸ਼ੋਭਿਤ ਸਨ।
ਸਭਾ ਦੇ ਚੇਅਰਮੈਨ ਬਲਰਾਜ ਚੀਮਾ ਵੱਲੋਂ ਬੁਲਾਰਿਆਂ ਦੀ ਰਸਮੀ ਜਾਣ-ਪਛਾਣ ਤੋਂ ਬਾਅਦ ਮੰਚ ਸੰਚਾਲਕ ਡਾ. ਸੁਖਦੇਵ ਸਿੰਘ ਝੰਡ ਵੱਲੋਂ ਸਮਾਗ਼ਮ ਦੇ ਪਹਿਲੇ ਬੁਲਾਰੇ ਮੇਜਰ ਮਾਂਗਟ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਸਾਹਿਤ ਦੇ ਪ੍ਰਮੁੱਖ ਰੂਪ ‘ਕਹਾਣੀ’ ਬਾਰੇ ਮੁੱਢਲੀ ਜਾਣਕਾਰੀ ਦੇਣ ਉਪਰੰਤ ਕਹਾਣੀ ਕਿਵੇਂ ਲਿਖੀ ਜਾਂਦੀ ਹੈ, ਇਹ ਕਿਹੜੇ ਕਿਹੜੇ ਪੜਾਆਂ ਵਿਚੋਂ ਗੁਜ਼ਰਦੀ ਹੈ ਅਤੇ ਉਹ ਆਪ ਕਹਾਣੀ ਕਿਵੇਂ ਲਿਖਦੇ ਹਨ, ਬਾਰੇ ਵਿਸਥਾਰ-ਪੂਰਵਕ ਸਰੋਤਿਆਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ‘ਕਹਾਣੀ ਦਾ ਬੀਜ’ ਕੁਝ ਦਿਨਾਂ ‘ਚ ਵੀ ਪੁੰਗਰ ਸਕਦਾ ਹੈ ਅਤੇ ਕੁਝ ਮਹੀਨਿਆਂ ਜਾਂ ਸਾਲਾਂ ਬਾਅਦ ਵੀ। ਬੀਜ ਪੁੰਗਰਨ ਤੋਂ ਪਿੱਛੋਂ ਫਿਰ ਕਹਾਣੀ ਮੌਲਦੀ ਹੈ ਅਤੇ ਆਪਣਾ ਰੂਪ ਧਾਰਨ ਕਰਦੀ ਹੈ।
ਸਮਾਗ਼ਮ ਦੇ ਦੂਸਰੇ ਬੁਲਾਰੇ ਡਾ.ਅਰਵਿੰਦਰ ਕੌਰ ਨੇ ਆਪਣੇ ਪੇਪਰ ਵਿਚ ਪ੍ਰਵਾਸੀ ਪੰਜਾਬੀ ਕਹਾਣੀ ਅਤੇ ਕੈਨੇਡਾ ਦੀ ਪੰਜਾਬੀ ਕਹਾਣੀ ਬਾਰੇ ਸੰਖੇਪ ਜਾਣਕਾਰੀ ਦੇਣ ਤੋਂ ਬਾਅਦ ਜੀ.ਟੀ.ਏ.ਵਿਚ ਵਿਚਰ ਰਹੇ ਕਹਾਣੀਕਾਰਾਂ ਦੀਆਂ ਪ੍ਰਮੁੱਖ ਕਹਾਣੀਆਂ ਨੂੰ ਆਪਣੇ ਸੰਬੋਧਨ ਦਾ ਆਧਾਰ ਬਣਾਇਆ। ਇਸ ਦੌਰਾਨ ਉਨ੍ਹਾਂ ਨੇ ਕੈਨੇਡਾ ਅਤੇ ਵਿਸ਼ੇਸ਼ ਕਰਕੇ ਜੀ.ਟੀ.ਏ. ਦੇ ਪ੍ਰਮੁੱਖ ਕਹਾਣੀਕਾਰਾਂ ਰਵਿੰਦਰ ਰਵੀ, ਜਰਨੈਲ ਸਿੰਘ, ਸਾਧੂ ਬਿਨਿੰਗ, ਮੇਜਰ ਮਾਂਗਟ, ਕੁਲਜੀਤ ਮਾਨ, ਹਰਪ੍ਰੀਤ ਸੇਖਾ, ਇਕਬਾਲ ਅਰਪਨ, ਬਲਬੀਰ ਕੌਰ ਸੰਘੇੜਾ, ਮਿੰਨੀ ਗਰੇਵਾਲ ਅਤੇ ਰਛਪਾਲ ਕੌਰ ਦੀਆਂ ਚੋਣਵੀਆਂ ਕਹਾਣੀਆਂ ਅਤੇ ਉਨ੍ਹਾਂ ਦੇ ਵਿਸ਼ੇ-ਵਸਤੂ ਬਾਰੇ ਵਿਸ਼ੇਸ਼ ਜ਼ਿਕਰ ਕੀਤਾ।
ਉਪਰੰਤ, ਸਰੋਤਿਆਂ ਵਿੱਚੋਂ ਮਲੂਕ ਸਿੰਘ ਕਾਹਲੋਂ, ਤਲਵਿੰਦਰ ਮੰਡ, ਕੁਲਜੀਤ ਮਾਨ ਅਤੇ ਬਲਰਾਜ ਚੀਮਾ ਵੱਲੋਂ ਬੁਲਾਰਿਆਂ ਨੂੰ ਉਨ੍ਹਾਂ ਵੱਲੋਂ ਕਹਾਣੀ ਸਬੰਧੀ ਪੇਸ਼ ਕੀਤੇ ਗਏ ਨੁਕਤਿਆਂ ਬਾਰੇ ਕਈ ਸੁਆਲ ਪੁੱਛੇ ਗਏ ਅਤੇ ਕੋਮੈਂਟ ਕੀਤੇ ਗਏ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਤਸੱਲੀ-ਪੂਰਵਕ ਦਿੱਤੇ ਗਏ। ਆਪਣੇ ਕੋਮੈਂਟ ਵਿਚ ਕੁਲਜੀਤ ਮਾਨ ਨੇ ਕਿਹਾ ਕਿ ਕੈਨੇਡਾ ਵਿਚ ਕਹਾਣੀਆਂ ਲਈ ਵਿਸ਼ਿਆਂ ਦੀ ਭਰਮਾਰ ਹੈ। ਉਨ੍ਹਾਂ ਨੇ ਕਹਾਣੀ ਵਿਚ ਰੌਚਿਕਤਾ ਨੂੰ ਲਗਾਤਾਰ ਬਣਾਈ ਰੱਖਣ ਅਤੇ ਵੇਲਾ ਵਿਹਾ ਚੁੱਕੀਆਂ ਗੱਲਾਂ ਤੇ ਘਟਨਾਵਾਂ ਨੂੰ ਇਸ ਵਿੱਚੋਂ ਮਨਫ਼ੀ ਕਰਨ ਬਾਰੇ ਵਿਸ਼ੇਸ਼ ਜ਼ਿਕਰ ਕੀਤਾ।
ਇਸ ਦੌਰਾਨ ਪ੍ਰਧਾਨਗੀ-ਮੰਡਲ ਵਿਚ ਸ਼ਾਮਲ ਮਿੰਨੀ ਗਰੇਵਾਲ ਅਤੇ ਕੈਲਗਰੀ ਤੋਂ ਆਈ ਗੁਰਚਰਨ ਕੌਰ ਥਿੰਦ ਵੱਲੋਂ ਆਪਣੀ ਕਹਾਣੀ ਰਚਨਾ-ਪ੍ਰਕਿਆ ਬਾਰੇ ਕੁਝ ਵਿਚਾਰ ਸਾਂਝੇ ਕੀਤੇ ਗਏ ਜਿਨ੍ਹਾਂ ਦਾ ਸਰੋਤਿਆਂ ਨੇ ਭਰਪੂਰ ਅਨੰਦ ਮਾਣਿਆਂ। ਪ੍ਰਧਾਨਗੀ-ਮੰਡਲ ਦੇ ਪ੍ਰਮੁੱਖ ਡਾ. ਅਮਰਜੀਤ ਸਿੰਘ ਨੇ ਇਸ ਕਹਾਣੀ ਚਰਚਾ ਨੂੰ ਸਮੇਟਦਿਆਂ ਹੋਇਆਂ ਸੰਖੇਪ ਵਿਚ ਆਪਣੀਆਂ ਕਹਾਣੀਆਂ ਬਾਰੇ ਖ਼ੂਬਸੂਰਤ ਗੱਲ ਕੀਤੀ। ਇਸ ਤਰ੍ਹਾਂ ਕੈਨੇਡਾ ਦੀ ਪੰਜਾਬੀ ਕਹਾਣੀ ਬਾਰੇ ਇਸ ਪ੍ਰੋਗਰਾਮ ਸ਼ਾਮ ਦੇ ਸਾਢੇ ਚਾਰ ਵਜੇ ਤੱਕ ਚੱਲਦਾ ਰਿਹਾ ਅਤੇ ਇਸ ਤੋਂ ਪਿੱਛੋ ਅੱਧੇ ਕੁ ਘੰਟੇ ਲਈ ਸੀਮਤ ਕਵੀ-ਦਰਬਾਰ ਵੀ ਸੱਜਿਆ ਜਿਸ ਵਿਚ ਪੱਛਮੀ ਪੰਜਾਬ (ਪਾਕਿਸਤਾਨ) ਦੇ ਕਵੀਆਂ ਪ੍ਰੋ. ਆਸ਼ਿਕ ਰਹੀਲ ਤੇ ਮਕਸੂਦ ਚੌਧਰੀ ਅਤੇ ਭਾਰਤੀ ਪੰਜਾਬ ਦੇ ਕਵੀਆਂ-ਕਵਿੱਤਰੀਆਂ, ਹਰਦਿਆਲ ਝੀਤਾ, ਗਿਆਨ ਸਿੰਘ ਦਰਦੀ, ਹਰਬੰਸ ਸਿੰਘ, ਸੰਪੂਰਨ ਸਿੰਘ ਚਾਨੀਆ, ਸੁਰਜੀਤ ਕੌਰ, ਸੁਰਿੰਦਰਜੀਤ ਕੌਰ, ਸੁਰਿੰਦਰ ਬਿੰਨਰ ਨੇ ਆਪਣੀਆਂ ਕਵਿਤਾਵਾਂ ਅਤੇ ਪਰਮਜੀਤ ਢਿੱਲੋਂ ਅਤੇ ਇਕਬਾਲ ਬਰਾੜ ਨੇ ਆਪਣੇ ਗੀਤਾਂ ਰਾਹੀਂ ਵਧੀਆ ਰੰਗ ਬੰਨ੍ਹਿਆਂ। ‘ਮਰੋਕ ਲਾਅ ਆਫ਼ਿਸ’ ਦੇ ਵਿਪਨਦੀਪ ਮਰੋਕ ਨੇ ਉੱਥੇ ਸਥਾਪਿਤ ਕੀਤੇ ਗਏ ‘ਪੰਜਾਬੀ ਭਵਨ ਟੋਰਾਂਟੋ’ ਵਿਚ ਬਣਾਈ ਗਈ ਲਾਇਬ੍ਰੇਰੀ ਲਈ ਲੇਖਕਾਂ ਨੂੰ ਮਿਆਰੀ ਪੁਸਤਕਾਂ ਬਾਰੇ ਜਾਣਕਾਰੀ ਦੇਣ ਲਈ ਅਪੀਲ ਕੀਤੀ ਤਾਂ ਜੋ ਅਜਿਹੀਆਂ ਪੁਸਤਕਾਂ ਉਸ ਲਾਇਬ੍ਰੇਰੀ ਦਾ ਭਾਗ ਬਣ ਸਕਣ। ਪ੍ਰਿੰ. ਸੰਜੀਵ ਧਵਨ ਨੇ ਵਿਦਿਆਰਥੀਆਂ ਨੂੰ ਸਾਹਿਤਕ ਅਤੇ ਸਮਾਜ-ਭਲਾਈ ਪ੍ਰੋਗਰਾਮਾਂ ਨਾਲ ਜੋੜਨ ਦੀ ਗੱਲ ਕੀਤੀ। ਅਖ਼ੀਰ ਵਿਚ ਸਭਾ ਦੇ ਬਾਨੀ ਸਰਗ਼ਰਮ ਮੈਂਬਰ ਮਲੂਕ ਸਿੰਘ ਕਾਹਲੋਂ ਵੱਲੋਂ ਆਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਹਾਜ਼ਰੀਨ ਵਿਚ ‘ਸਕਾਈਡੋਮ ਗਰੁੱਪ ਆਫ਼ ਕੰਪਨੀਜ਼’ ਦੇ ਮਾਲਕ ਦਲਜੀਤ ਸਿੰਘ ਗੈਦੂ, ਜਰਨੈਲ ਸਿੰਘ ਮਠਾੜੂ, ਸੁਰਿੰਦਰ ਸਿੰਘ ਸੰਧੂ, ਮਹਿੰਦਰ ਸਿੰਘ ਵਾਲੀਆ, ਦਰਸ਼ਨ ਸਿੰਘ ਗਰੇਵਾਲ, ਜਸਵਿੰਦਰ ਸਿੰਘ ਤੇ ਜਗਦੀਸ਼ ਕੌਰ ਝੰਡ ਸਮੇਤ ਕਈ ਹੋਰ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …