ਪ੍ਰਸਿੱਧ ਪੰਜਾਬੀ ਸ਼ਾਇਰ ਬਾਬਾ ਨਜਮੀ ਨਾਲ ਪ੍ਰੈੱਸ ਕਲੱਬ ਵਲੋਂ ਨਿੱਘੀ ਮਿਲਣੀ
ਸਰੀ/ਡਾ. ਗੁਰਵਿੰਦਰ ਸਿੰਘ : ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ 15 ਅਗਸਤ ਨੂੰ ਸਥਾਨਕ ਤਾਜ ਕਨਵੈਨਸ਼ਨ ਸੈਂਟਰ ਵਿਖੇ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਦੀ ਪ੍ਰਧਾਨਗੀ ਬਲਜਿੰਦਰ ਕੌਰ ਵਲੋਂ ਕੀਤੀ ਗਈ, ਜਦਕਿ ਮੀਟਿੰਗ ਦਾ ਸੰਚਾਲਨ ਸਕੱਤਰ ਖੁਸ਼ਪਾਲ ਗਿੱਲ ਦੁਆਰਾ ਕੀਤਾ ਗਿਆ। ਇਸ ਮੌਕੇ ‘ਤੇ ਪੰਜਾਬੀ ਪ੍ਰੈੱਸ ਕਲੱਬ ਨੇ ਭਾਰਤ ਵਿੱਚ ਬੋਲਣ ਦੀ ਆਜ਼ਾਦੀ ‘ਤੇ ਪਾਬੰਦੀਆਂ ਖ਼ਿਲਾਫ਼ ਰੋਸ ਮਤਾ ਪਾਸ ਕਰਦਿਆਂ, ਸਰਕਾਰੀ ਜਬਰ ‘ਤੇ ਡੂੰਘਾ ਇਤਰਾਜ਼ ਪ੍ਰਗਟਾਇਆ। ਪੰਜਾਬੀ ਪ੍ਰੈੱਸ ਕਲੱਬ ਬੀਸੀ ਵੱਲੋਂ 15 ਅਗਸਤ ਦੇ ਦਿਨ ਵਿਸ਼ੇਸ਼ ਤੌਰ ‘ਤੇ ਇਹ ਮਤਾ ਪਾਸ ਕੀਤਾ ਗਿਆ ਕਿ ਭਾਰਤ ਵਿੱਚ ਬੋਲਣ ਦੀ ਆਜ਼ਾਦੀ ‘ਤੇ ਪੈ ਰਹੇ ਡਾਕੇ ਖ਼ਿਲਾਫ਼ ਵਿਰੋਧ ਪ੍ਰਗਟਾਇਆ ਜਾਂਦਾ ਹੈ। ਮਤੇ ਅਨੁਸਾਰ ਦੇਸ਼ ਅੰਦਰ ਪੱਤਰਕਾਰਾਂ ਦੀ ਆਜ਼ਾਦੀ ‘ਤੇ ਰੋਕਾਂ ਅਤੇ ਧੱਕੇਸ਼ਾਹੀ ਖ਼ਿਲਾਫ਼ ਸਾਂਝੇ ਰੂਪ ਵਿਚ ਨਿਖੇਧੀ ਕੀਤੀ ਜਾਂਦੀ ਹੈ। ਇਹ ਮਤਾ ਡਾ ਗੁਰਵਿੰਦਰ ਸਿੰਘ ਵੱਲੋਂ ਪੇਸ਼ ਕੀਤਾ ਗਿਆ, ਜਿਸ ਦੀ ਪ੍ਰੋੜ੍ਹਤਾ ਗੁਰਪ੍ਰੀਤ ਸਿੰਘ ਸਹੋਤਾ ਨੇ ਕੀਤੀ ਅਤੇ ਹਾਜ਼ਰ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਇਸ ਇਕੱਤਰਤਾ ਵਿੱਚ ਰਛਪਾਲ ਸਿੰਘ ਗਿੱਲ, ਬਲਦੇਵ ਸਿੰਘ ਮਾਨ, ਡਾ ਪੂਰਨ ਸਿੰਘ ਗਿੱਲ, ਨਵਜੋਤ ਢਿੱਲੋਂ, ਅਮਰਪਾਲ ਸਿੰਘ, ਬਿਨੈ ਕੈਂਬੋ, ਹਰਕੀਰਤ ਸਿੰਘ ਕੁਲਾਰ, ਬਖਸ਼ਿੰਦਰ ਸਿੰਘ, ਕੰਵਲਜੀਤ ਸਿੰਘ ਲੱਕੀ ਰੰਧਾਵਾ, ਸੰਤੋਖ ਸਿੰਘ ਮੰਡੇਰ ਅਤੇ ਨਵੇਂ ਮੈਂਬਰ ਸੁੱਖੀ ਰੰਧਾਵਾ ਸ਼ਾਮਲ ਹੋਏ।
ਇਸ ਦੌਰਾਨ 15 ਅਗਸਤ ਦੀ ਇਕੱਤਰਤਾ ਵਿਚ ਪ੍ਰੈੱਸ ਕਲੱਬ ਦੇ ਸੱਦੇ ‘ਤੇ ਉੱਘੇ ਪੰਜਾਬੀ ਸ਼ਾਇਰ ਬਾਬਾ ਨਜਮੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਪਾਕਿਸਤਾਨ ਵਿੱਚ ਪੰਜਾਬੀ ਜ਼ੁਬਾਨ ਪ੍ਰਫੁੱਲਤ ਕਰਨ ਲਈ ਹੋ ਰਹੇ ਕਾਰਜਾਂ ‘ਤੇ ਰੌਸ਼ਨੀ ਪਾਈ ਅਤੇ ਪੰਜਾਬੀ ਲਾਗੂ ਕਰਵਾਉਣ ਲਈ ਕਾਨੂੰਨੀ ਲੜਾਈ ਜਿੱਤਣ ਬਾਰੇ ਵੀ ਜਾਣਕਾਰੀ ਦਿੱਤੀ। ਬਾਬਾ ਨਜਮੀ ਨੇ ਆਪਣੀਆਂ ਕੁਝ ਨਜ਼ਮਾਂ ਵੀ ਇਸ ਮੌਕੇ ‘ਤੇ ਸਾਂਝੀਆਂ ਕੀਤੀਆਂ। ਇਸ ਮਿਲਣੀ ਮੌਕੇ ਬਾਬਾ ਨਜਮੀ ਨਾਲ ਟੋਰਾਂਟੋ ਤੋਂ ਪਹੁੰਚੇ ਮੀਡੀਆਕਾਰ ਇਕਬਾਲ ਮਾਹਲ, ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਅਹੁਦੇਦਾਰ ਸੁਰਜੀਤ ਸਿੰਘ ਮਾਧਪੁਰੀ ਅਤੇ ਕਰਮਜੀਤ ਸਿੰਘ ਬੁੱਟਰ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬੀ ਪ੍ਰੈੱਸ ਕਲੱਬ ਵੱਲੋਂ ਬਾਬਾ ਨਜਮੀ ਵਲੋਂ ਪੰਜਾਬੀ ਜ਼ਬਾਨ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਭਰਪੂਰ ਸ਼ਲਾਘਾ ਕੀਤੀ ਗਈ।