2.1 C
Toronto
Friday, November 14, 2025
spot_img
Homeਕੈਨੇਡਾ'ਦਿਸ਼ਾ' ਵੱਲੋਂ ਦੋ ਰੋਜ਼ਾ ਵੈਬੀਨਾਰ

‘ਦਿਸ਼ਾ’ ਵੱਲੋਂ ਦੋ ਰੋਜ਼ਾ ਵੈਬੀਨਾਰ

ਨੌਦੀਪ ਕੌਰ ਤੇ ਭੰਵਰੀ ਦੇਵੀ ਹੋਈਆਂ ਆਪਣੀਆਂ ਭਾਵਨਾਵਾਂ ਤੇ ਤਜਰਬਿਆਂ ਨਾਲ ਹਾਜ਼ਰੀਨ ਦੇ ਰੂ-ਬਰੂ
ਬਰੈਂਪਟਨ/ਡਾ. ਝੰਡ : ‘ਦਿਸ਼ਾ’ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਦੋ-ਰੋਜ਼ਾ ਵੈਬੀਨਾਰ ਆਯੋਜਿਤ ਕੀਤਾ ਗਿਆ। 6 ਮਾਰਚ ਸ਼ਨੀਵਾਰ ਨੂੰ ਮਜ਼ਦੂਰ ਆਗੂ ਵਜੋਂ ਉੱਭਰੀ ਅਤੇ ਹਰਿਆਣਾ ਪੁਲਿਸ ਦੇ ਜਬਰ ਦਾ ਸ਼ਿਕਾਰ ਹੋਈ ਨੌਦੀਪ ਕੌਰ ਨਾਲ ਰੂ-ਬਰੂ ਦਾ ਪ੍ਰੋਗਰਾਮ ਸੀ ਅਤੇ ਉਸ ਤੋਂ ਅਗਲੇ ਦਿਨ ਐਤਵਾਰ 7 ਮਾਰਚ ਨੂੰ ਰਾਜਸਥਾਨ ਦੇ ਪਿੰਡ ਭਤੇਰੀ ਦੀ ਵਸਨੀਕ ਭੰਵਰੀ ਦੇਵੀ ਜੋ ਉੱਥੇ ਦਸੰਬਰ 1992 ਵਿਚ ਜ਼ੋਰ-ਜਬਰ ਤੇ ਬਲਾਤਕਾਰ ਦਾ ਸ਼ਿਕਾਰ ਹੋਈ ਸੀ, ਵੱਲੋਂ ਹਾਜ਼ਰੀਨ ਨਾਲ ਵਿਚਾਰ ਸਾਂਝੇ ਕਰਨ ਦਾ ਸੀ। ਪਹਿਲੇ ਦਿਨ ਦੇ ਵੈਬੀਨਾਰ ਦੀ ਸ਼ੁਰੂਆਤ ਪੱਤਰਕਾਰ, ਨਾਰੀ ਸੰਘਰਸ਼ ਤੇ ਕਿਸਾਨ ਸੰਘਰਸ਼ ਦੀ ਕਾਰਕੁੰਨ ਸੰਗੀਤ ਤੂਰ ਜਿਸ ਨੇ ਆਪਣੀਆਂ ਸਖ਼ੀਆਂ ਨਾਲ ਮਿਲ ਕੇ ਪਿਛਲੇ ਦਿਨੀਂ ‘ਕਿਰਤੀ ਧਰਤੀ’ ਨਾਂ ਦਾ ਅਖ਼ਬਾਰ ਆਰੰਭ ਕੀਤਾ ਹੈ ਅਤੇ ਜਿਸ ਦਾ ਸਮੁੱਚਾ ਪ੍ਰਬੰਧ ਲੜਕੀਆਂ ਹੀ ਕਰਦੀਆਂ ਹਨ, ਵੱਲੋਂ ਕੀਤੀ ਗਈ। ਇਸ ਦੌਰਾਨ ਨੌਦੀਪ ਕੌਰ ਨੇ ਆਪਣੇ ਜੀਵਨ-ਬ੍ਰਿਤਾਂਤ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਹ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਕ ਦਲਿਤ ਪਰਿਵਾਰ ਨਾਲ ਸਬੰਧਿਤ ਹੈ। ਉਸ ਦੇ ਮਾਪੇ ਖੇਤ-ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕਾਂ ਲਈ ਲੜਾਈ ਵਿਚ ਕੁੱਦੇ ਸਨ ਅਤੇ ਉਨ੍ਹਾਂ ਦੇ ਹੱਕਾਂ ਲਈ ਉਹ ਕੇਵਲ ਸਰਗਰਮ ਹੀ ਨਹੀਂ ਸਨ, ਸਗੋਂ ਇਸ ਸੰਘਰਸ਼ ਵਿਚ ਮੁੱਖ-ਭੂਮਿਕਾ ਰਹੇ ਸਨ। ਜਦੋਂ ਪਿੰਡ ਦੀ ਇਕ ਦਲਿਤ ਲੜਕੀ ਨਾਲ ਸਰਦੇ-ਪੁੱਜਦੇ ਪਰਿਵਾਰ ਦੇ ਲੜਕੇ ਵੱਲੋਂ ਬਲਾਤਕਾਰ ਕੀਤਾ ਗਿਆ ਤਾਂ ਉਸ ਦੇ ਪਰਿਵਾਰ ਨੇ ਇਸ ਦੇ ਵਿਰੁੱਧ ਸੰਘਰਸ਼ ਕੀਤਾ ਜਿਸ ਵਿਚ ਹੋਰ ਦਲਿਤ ਪਰਿਵਾਰਾਂ ਵੱਲੋਂ ਵੀ ਉਨ੍ਹਾਂ ਦਾ ਸਾਥ ਦਿੱਤਾ ਗਿਆ। ਸਿੱਟੇ ਵਜੋਂ, ਇਨ੍ਹਾਂ ਦਲਿਤ ਪਰਿਵਾਰਾਂ ਦਾ ਸਮਾਜਿਕ-ਬਾਈਕਾਟ ਕਰ ਦਿੱਤਾ ਗਿਆ। ਹਾਲਾਤ ਇਸ ਹੱਦ ਤੱਕ ਬਦਤਰ ਬਣਾ ਦਿੱਤੇ ਗਏ ਕਿ ਉਨ੍ਹਾਂ ਦੇ ਪਰਿਵਾਰ ਨੂੰ ਪਿੰਡ ਛੱਡਣਾ ਪਿਆ ਅਤੇ ਭਾਰਤ ਦੇ ਇਕ ਦੱਖਣੀ ਸੂਬੇ ਵਿਚ ਜਾ ਕੇ ਸ਼ਰਨ ਲੈਣੀ ਪਈ ਜਿਸ ਕਾਰਨ ਉਸ ਨੂੰ ਆਪਣੀ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ। ਰੋਜ਼ਗਾਰ ਦੀ ਭਾਲ ਵਿਚ ਉਹ ਹਰਿਆਣੇ ਆ ਗਈ ਜਿੱਥੇ ਉਸ ਨੂੰ ਕੁੰਡਲੀ ਇੰਡਸਟ੍ਰੀਅਲ ਏਰੀਏ ਵਿਚ ਇਕ ਫ਼ੈਕਟਰੀ ਵਿਚ ਨੌਕਰੀ ਮਿਲੀ। ਇੱਥੇ ਉਸ ਨੇ ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਉਠਾਈ ਅਤੇ ਉਹ ਉਨ੍ਹਾਂ ਦੀਆਂ ਤਨਖ਼ਾਹਾਂ ਅਤੇ ਬਕਾਇਆਂ ਦੇ ਲੱਖਾਂ ਰੁਪਏ ਦਿਵਾਉਣ ਵਿਚ ਕਾਮਯਾਬ ਹੋਈ ਜਿਸ ਕਾਰਨ ਉਹ ਫ਼ੈਕਟਰੀਆਂ ਦੇ ਮਾਲਕਾਂ ਦੀਆਂ ਅੱਖਾਂ ਵਿਚ ਰੜਕਣ ਲੱਗ ਪਈ ਅਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਦੌਰਾਨ ਹੀ ਉਹ ‘ਮਜ਼ਦੂਰ ਅਧਿਕਾਰ ਸੰਗਠਨ’ ਨਾਂ ਦੀ ਜੱਥੇਬੰਦੀ ਦੀ ਨੇਤਾ ਬਣ ਗਈ। ਕਿਸਾਨ ਮੋਰਚੇ ਦੀ ਹਮਾਇਤ ਕਰਨ ਲਈ ਆਪਣੀ ਜੱਥੇਬੰਦੀ ਦੇ ਦੋ ਹਜ਼ਾਰ ਮਜ਼ਦੂਰਾਂ ਨਾਲ ਦਿੱਲੀ ਦੇ ਸਿੰਘੂ ਬਾਰਡਰ ‘ਤੇ ਇਸ ਅੰਦੋਲਨ ਵਿਚ ਸ਼ਾਮਲ ਹੋਈ। ਇਨ੍ਹਾਂ ਕਾਰਨਾਂ ਕਰਕੇ 12 ਜਨਵਰੀ 2021 ਨੂੰ ਉਸ ਉੱਪਰ ਝੂਠੇ ਕੇਸ ਪਾ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਰਦਾਨਾ ਪੁਲਿਸ ਨੇ ਉਸ ਦੀ ਬੇਤਹਾਸ਼ਾ ਕੁੱਟ-ਮਾਰ ਕੀਤੀ। ਕੋਈ ਡਾਕਟਰੀ ਮੁਆਇਨਾ ਨਹੀਂ ਕਰਵਾਇਆ ਗਿਆ ਅਤੇ ਕਰਨਾਲ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਬਹੁਤ ਸਾਰੀਆਂ ਮਨੁੱਖੀ ਅਧਿਕਾਰ ਜੱਥੇਬੰਦੀਆਂ ਵੱਲੋਂ ਇਸ ਦੇ ਵਿਰੁੱਧ ਆਵਾਜ਼ ਉਠਾਉਣ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲਾਂ ਰਜਿੰਦਰ ਸਿੰਘ ਚੀਮਾ ਅਤੇ ਰਾਜਵਿੰਦਰ ਸਿੰਘ ਬੈਂਸ ਦੀਆਂ ਟੀਮਾਂ ਦੇ ਦਖ਼ਲ ਸਦਕਾ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ। ਸੁਆਲਾਂ-ਜੁਆਬਾਂ ਦੇ ਸੈਸ਼ਨ ਵਿਚ ਨੌਦੀਪ ਕੌਰ ਨੂੰ ਸੁਆਲ ਕਰਨ ਵਾਲਿਆਂ ਵਿਚ ਇੰਜ. ਬਲਦੇਵ ਸਿੰਘ ਬਰਾੜ, ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ, ਜਸਬੀਰ ਕੌਰ ਮੰਗੂਵਾਲ, ਹਰਜਸਪ੍ਰੀਤ ਕੌਰ ਗਿੱਲ, ਸੁਰਜੀਤ ਕੌਰ ਅਤੇ ਹੋਰ ਕਈ ਸ਼ਾਮਲ ਸਨ। ਦੂਸਰੇ ਦਿਨ 7 ਮਾਰਚ ਦੇ ਰੂ-ਬਰੂ ਪ੍ਰੋਗਰਾਮ ਵਿਚ ਰਾਜਸਥਾਨ ਦੀ ਵਸਨੀਕ ਭੰਵਰੀ ਦੇਵੀ ਨੇ ਦੱਸਿਆ ਕਿ ਉਸ ਨਾਲ ਉਸ ਪਿੰਡ ਦੇ ਪੰਜ ਵਿਅੱਕਤੀਆਂ ਵੱਲੋਂ ਇਸ ਕਰਕੇ ਬਲਾਤਕਾਰ ਕੀਤਾ ਗਿਆ ਕਿ ਉਹ ਔਰਤਾਂ ਦੇ ਹੱਕ ਵਿਚ ਕਿਉਂ ਆਵਾਜ਼ ਉਠਾਉਂਦੀ ਹੈ। ਉੱਚ-ਜਾਤੀ ਦੇ ਦਬਾਅ ਹੇਠ ਉਸ ਦੀ ਐੱਫ਼.ਆਈ. ਆਰ. ਤਾਂ ਕੀ ਦਰਜ ਹੋਣੀ ਸੀ, ਸਗੋਂ ਉਸ ਨੂੰ ਹਰ ਪੱਧਰ ‘ਤੇ ਜ਼ਲੀਲ ਕੀਤਾ ਗਿਆ।
ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਕੀਤੇ ਗਏ ਇਕ ਸੁਆਲ ਦੇ ਜੁਆਬ ਵਿਚ ਉਸ ਨੇ ਕਿਹਾ ਕਿ ਬਲਾਤਕਾਰੀ ਨੂੰ ਨਾ ਗੋਲੀ ਨਾਲ ਉਡਾਉਣਾ ਚਾਹੀਦਾ ਹੈ ਅਤੇ ਨਾ ਹੀ ਫ਼ਾਂਸੀ ਲਗਾਉਣਾ ਚਾਹੀਦਾ ਹੈ, ਸਗੋਂ ਉਸ ਨੂੰ ਉਮਰ-ਭਰ ਜੇਲ੍ਹ ਵਿਚ ਸੜਨ ਲਈ ਸੁੱਟਣਾ ਚਾਹੀਦਾ ਹੈ। ਹੋਰ ਸੁਆਲ-ਕਰਤਾਵਾਂ ਵਿਚ ਹਰਿੰਦਰ ਗਿੱਲ, ਜਸਬੀਰ ਮੰਗੂਵਾਲ, ਹਰਨੇਕ ਸਿੰਘ, ਅਵਤਾਰ ਗਿੱਲ, ਮਲਕੀਤ ਸਿੰਘ, ਡਾ. ਗੁਰਮਿੰਦਰ ਸਿੱਧੂ, ਪ੍ਰੋ. ਨਵਰੂਪ ਮਾਗੋ ਅਤੇ ਅਰੂਜ ਰਾਜਪੂਤ ਸ਼ਾਮਲ ਸਨ। ਦੋਹਾਂ ਦਿਨਾਂ ਦੇ ਵੈੱਬਨਾਰ ਦੀ ਕਾਰਵਾਈ ਦਾ ਸੰਚਾਲਨ ‘ਦਿਸ਼ਾ’ ਦੀ ਸਰਪ੍ਰਸਤ ਡਾ. ਕੰਵਲਜੀਤ ਢਿੱਲੋਂ ਵੱਲੋਂ ਕੀਤਾ ਗਿਆ।

RELATED ARTICLES
POPULAR POSTS