Home / ਕੈਨੇਡਾ / Front / ਯੂਕਰੇਨ ਵਿੱਚ ਹੋ ਰਹੇ ਵਾਰ ਕ੍ਰਾਈਮਜ਼ ਦੀ ਜਾਂਚ ਵਿੱਚ ਮਦਦ ਕਰ ਰਿਹਾ ਹੈ ਕੈਨੇਡਾ : ਟਰੂਡੋ

ਯੂਕਰੇਨ ਵਿੱਚ ਹੋ ਰਹੇ ਵਾਰ ਕ੍ਰਾਈਮਜ਼ ਦੀ ਜਾਂਚ ਵਿੱਚ ਮਦਦ ਕਰ ਰਿਹਾ ਹੈ ਕੈਨੇਡਾ : ਟਰੂਡੋ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਆਖਿਆ ਕਿ ਯੂਕਰੇਨ ਵਿੱਚ ਹੋ ਰਹੇ ਵਾਰ ਕ੍ਰਾਈਮਜ਼ ਦੀ ਜਾਂਚ ਲਈ ਕੈਨੇਡਾ ਮਦਦ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਜਾਣਬੁੱਝ ਕੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਰੂਸ ਦੀਆਂ ਫੌਜਾਂ ਵੱਲੋਂ ਗੁਆਂਢੀ ਮੁਲਕਾਂ ਉੱਤੇ ਵੀ ਹਮਲੇ ਕੀਤੇ ਜਾ ਰਹੇ ਹਨ।

ਪੀਐਮ ਟਰੂਡੋ ਨੇ ਆਖਿਆ ਕਿ ਯੂਕਰੇਨ ਦੇ ਸ਼ਹਿਰ ਬੁੱਚਾ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਉਨ੍ਹਾਂ ਆਖਿਆ ਕਿ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਪੁਤਿਨ ਸੋਚ ਸਮਝ ਕੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਫਿਰ ਭਾਵੇਂ ਉਹ ਹਸਪਤਾਲ ਹੋਣ, ਟਰੇਨ ਸਟੇਸ਼ਨਜ਼ ਹੋਣ ਜਾਂ ਫਿਰ ਮੈਟਰਨਿਟੀ ਵਾਰਡ ਹੀ ਕਿਉਂ ਨਾ ਹੋਵੇ। ਟਰੂਡੋ ਨੇ ਅੱਗੇ ਆਖਿਆ ਕਿ ਇਸੇ ਲਈ ਕੈਨੇਡਾ ਉਨ੍ਹਾਂ ਮੁਲਕਾਂ ਵਿੱਚੋਂ ਪਹਿਲਾ ਹੈ ਜਿਨ੍ਹਾਂ ਨੇ ਪੁਤਿਨ ਦੇ ਇਨ੍ਹਾਂ ਵਾਰ ਕ੍ਰਾਈਮਜ਼ ਦੀ ਜਾਂਚ ਲਈ ਕੌਮਾਂਤਰੀ ਕ੍ਰਿਮੀਨਲ ਕੋਰਟ ਕੋਲ ਮੰਗ ਉਠਾਈ ਹੈ।

ਟਰੂਡੋ ਨੇ ਆਖਿਆ ਕਿ ਅਸੀਂ ਇਸ ਜਾਂਚ ਵਿੱਚ ਪੂਰੀ ਮਦਦ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਤੇ ਪੂਰੀ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਨਾ ਸਿਰਫ ਕਿਸੇ ਦੇਸ਼ ਦੀ ਖੁਦਮੁਖ਼ਤਿਆਰੀ ਦੀ ਉਲੰਘਣਾ ਕਰਨਾ, ਗਲੋਬਲ ਪੱਧਰ ਉੱਤੇ ਅਸਥਿਰਤਾ ਪੈਦਾ ਕਰਨਾ-ਜਿਸ ਕਾਰਨ ਦੁਨੀਆਂ ਭਰ ਵਿੱਚ ਐਨਰਜੀ ਤੇ ਫੂਡ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ- ਬੱਜਰ ਗਲਤੀ ਹੈ ਸਗੋਂ ਪੁਤਿਨ ਵੱਲੋਂ ਪੂਰੇ ਹੋਸ਼ੋ ਹਵਾਸ ਵਿੱਚ ਕੀਤੇ ਜਾ ਰਹੇ ਵਾਰ ਕ੍ਰਾਈਮਜ਼ ਦਾ ਸਿਲਸਿਲਾ ਗਲਤ ਹੈ ਜਿਸ ਲਈ ਰੂਸੀ ਰਾਸ਼ਟਰਪਤੀ ਨੂੰ ਜਵਾਬਦੇਹ ਠਹਿਰਾਇਆ ਜਾਣਾ ਜ਼ਰੂਰੀ ਹੈ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਜੂਨ ਸਮਾਗਮ ‘ਪਿਤਾ-ਦਿਵਸ’ ਨੂੰ ਕੀਤਾ ਸਮਰਪਿਤ

ਪਰਮਜੀਤ ਗਿੱਲ ਨੇ ‘ਸਮਾਜ ਵਿਚ ਪਿਤਾ ਦੀ ਭੂਮਿਕਾ’ ਅਤੇ ਇਕਬਾਲ ਬਰਾੜ ਨੇ ਸ਼ਬਦਾਂ ਦੇ ਸ਼ੁੱਧ …