Home / ਮੁੱਖ ਲੇਖ / ਬੀਸੀ ਦੇ ਬਾਸ਼ਿੰਦੇ ਚਿੰਤਾ ‘ਚ ਡੁੱਬੇ

ਬੀਸੀ ਦੇ ਬਾਸ਼ਿੰਦੇ ਚਿੰਤਾ ‘ਚ ਡੁੱਬੇ

ਪਰਮਿੰਦਰ ਕੌਰ ਸਵੈਚ
ਇਸ ਸਾਲ ਦੇ ਸ਼ੁਰੂ ਤੋਂ ਹੀ ਬੀ.ਸੀ. ਦੇ ਲੋਕ ਚਿੰਤਾ ਵਿੱਚ ਡੁੱਬੇ ਹੋਏ ਹਨ। ਜਦੋਂ ਉਹ ਦੇਖਦੇ ਹਨ ਕਿ ਕਦੇ ਕਿਸੇ ਸ਼ੌਪਿੰਗ ਮਾਲ ਵਿੱਚ, ਕਦੇ ਖੇਡ ਕੰਪਲੈਕਸਾਂ ਦੇ ਬਾਹਰ ਤੇ ਕਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾਂ ਭੀੜ-ਭੜੱਕੇ ਵਾਲੀਆਂ ਸਟਰੀਟਾਂ ਤੇ ਬਰਾਬਰ ਜਾਂਦੀਆਂ ਕਾਰਾਂ ਵਿਚੋਂ ਦਿਨ ਦਿਹਾੜੇ ਸ਼ਰੇਆਮ ਗੋਲ਼ੀਆਂ ਚੱਲਦੀਆਂ ਸੁਣਦੀਆਂ ਹਨ ਤਾਂ ਆਮ ਜਨ ਸਾਧਾਰਣ ਲੋਕਾਂ ਦਾ ਦਿਲ ਦਹਿਲ ਕੇ ਰਹਿ ਜਾਂਦਾ ਹੈ ਕਿ ਇਹੋ-ਜਿਹੇ ਸ਼ਾਂਤੀ ਵਾਲੇ ਕੈਨੇਡਾ ਦੇਸ਼ ਵਿੱਚ ਵੀ ਲੋਕਾਂ ਨੂੰ ਡਰ-ਡਰ ਕੇ ਜੀਣਾ ਪੈ ਰਿਹਾ ਹੈ। ਦੋ ਕੁ ਦਿਨਾਂ ਤੋਂ ਜਦੋਂ ਕੁੱਝ ਨੌਜਵਾਨਾਂ ਦੀਆਂ ਫੋਟੋਆਂ ਟੀ ਵੀ ‘ਤੇ ਦਿਖਾਈਆਂ ਜਾ ਰਹੀਆਂ ਹਨ ਕਿ ਇਹਨਾਂ ਨੌਜਵਾਨਾਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ। ਆਮ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਇਹ ਸੰਭਵ ਹੈ? ਕੀ ਪਤਾ ਲੱਗੇ ਕਿ ਉਹ ਕਿੱਥੇ ਫਿਰ ਰਹੇ ਹਨ?ਕਿੱਧਰ ਜਾ ਰਹੇ ਹਨ?ਜੇ ਪੁਲਿਸ ਦੇ ਹੱਥ ਨਹੀਂ ਆ ਸਕਦੇ ਤਾਂ ਆਮ ਲੋਕ ਕਿਵੇਂ ਬਚਣ?ਮੂੰਹਾਂ ‘ਤੇ ਮਾਸਕਾਂ ਵਿੱਚ ਕੌਣ ਲੁਕਿਆ ਹੈ ਕਿਵੇਂ ਦੇਖੀਏ? ਹਵਾ ਵਿੱਚ ਲਟਕ ਰਹੇ ਇਹੋ ਜਿਹੇ ਅਨੇਕਾਂ ਸਵਾਲ ਸਾਡੇ ਸਾਹਮਣੇ ਮੂੰਹ ਅੱਡੀ ਖੜ੍ਹੇ ਹਨ। ਦੁੱਖ ਦੀ ਗੱਲ ਹੈ ਕਿ ਇਹਨਾਂ ਵਿੱਚ ਪੰਜਾਬੀ ਕਮਿਊਨਿਟੀ ਦੇ ਅੱਧੇ ਤੋਂ ਵੱਧ ਨੌਜਵਾਨ ਹਨ ਜੋ ਦਿਨਾਂ ਵਿੱਚ ਅਮੀਰ ਹੋਣ ਦੀ ਇੱਛਾ ਨਾਲ ਪਰਿਵਾਰਾਂ ਸਮੇਤ ਇਸ ਕੋਹਰਾਮ ਦਾ ਅੰਗ ਬਣ ਰਹੇ ਹਨ ਤੇ ਫੜੇ ਜਾ ਰਹੇ ਹਨ। ਇਸ ਸਮੇਂ ਇਸ ਭਿਆਨਕ ਵਰਤਾਰੇ ਬਾਰੇ ਸੋਚਣ ਲਈ ਕਾਫੀ ਵਿਚਾਰ ਵਟਾਂਦਰੇ ਦੀ ਲੋੜ ਹੈ, ਜਿਸ ਨਾਲ ਲੋਕਾਂ ਦਾ ਜੀਵਨ ਇਸ ਗੈਂਗਵਾਰ ਵਰਗੀ ਮਹਾਂਮਾਰੀ ਤੋਂ ਬਚਾਇਆ ਜਾ ਸਕੇ।
ਦੁੱਖ ਦੀ ਗੱਲ ਹੈ ਕਿ ਸਾਰੀ ਦੁਨੀਆਂ ਇਸ ਸਮੇਂ ਕਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ ਪਰ ਕੈਨੇਡਾ ਦਾ ਬੀ. ਸੀ. ਸੂਬਾ ਇੱਕ ਨਹੀਂ ਤਿੰਨ ਤਿੰਨ ਮਹਾਂਮਾਰੀਆਂ ਨਾਲ ਜੂਝ ਰਿਹਾ ਹੈ, ਜਿਸ ਵਿੱਚ ਕਰੋਨਾ ਤਾਂ ਹੈ ਹੀ ਪਰ ਨਾਲ-ਨਾਲ ਗੈਂਗਵਾਰ ਤੇ ਡਰੱਗ ਓਵਰਡੋਜ਼ ਨਾਲ ਵੀ। ਇਨ੍ਹਾਂ ਮਹਾਂਮਾਰੀਆਂ ਦਾ ਸਬੰਧ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਹੈ ਜੋ ਇਸ ਸੋਹਣੇ ਸੰਸਾਰ ਨੂੰ ਛੱਡ ਕੇ ਦਿਨੋ-ਦਿਨ ਅਣਆਈ ਮੌਤ ਦੇ ਮੂੰਹ ਜਾ ਰਹੀਆਂ ਹਨ। ਜੇ ਅਸੀਂ ਕਰੋਨਾ ਮਹਾਂਮਾਰੀ ਦੀ ਗੱਲ ਕਰਦੇ ਹਾਂ। ਉਸ ਨਾਲ ਜਿੱਥੇ ਕੁੱਝ ਮੌਤਾਂ ਹੋ ਰਹੀਆਂ ਹਨ, ਉੱਥੇ ਬਹੁਤ ਸਾਰੇ ਵੱਧ ਗਿਣਤੀ ਲੋਕ ਇਸ ਬਿਮਾਰੀ ਵਿੱਚੋਂ ਨਿਕਲ ਕੇ ਠੀਕ ਵੀ ਹੋ ਰਹੇ ਹਨ ਅਤੇ ਮਰ ਵੀ ਉਹ ਲੋਕ ਰਹੇ ਹਨ ਜੋ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਦੀ ਗ੍ਰਿਫਤ ਵਿੱਚ ਹਨ, ਜੋ ਬਿਮਾਰੀ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਹਨ। ਜ਼ਿਆਦਾਤਰ ਮਰਨ ਵਾਲੇ 60 ਸਾਲ ਤੋਂ ਉੱਪਰ ਦੇ ਲੋਕ ਹਨ। ਇਸ ਸਬੰਧ ਵਿੱਚ ਕਹਿ ਸਕਦੇ ਹਾਂ ਕਿ ਚਾਹੇ ਕੈਨੇਡਾ ਦੀ ਫੈਡਰਲ ਸਰਕਾਰ ਹੋਵੇ ਜਾਂ ਪ੍ਰੋਵਿੰਨਸ਼ੀਅਲ ਸਰਕਾਰਾਂ ਹੋਣ ਜਾਂ ਸ਼ਹਿਰਾਂ ਦੀਆਂ, ਸਭ ਨੇ ਆਪਣੇ ਲੋਕਾਂ ਦੇ ਕੰਮਾਂ ਤੇ ਜਾਨਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਹਨ ਤੇ ਕਰ ਰਹੇ ਹਨ ਤਾਂ ਕਿ ਇਹ ਮਹਾਂਮਾਰੀ ਲੋਕਾਂ ਨੂੰ ਕਿਸੇ ਪੱਖੋਂ ਵੀ ਪ੍ਰਭਾਵਤ ਨਾ ਕਰ ਸਕੇ। ਸਭ ਨੇ ਲੋਕਾਂ ਨੂੰ ਹਰ ਪੱਖੋਂ ਸਮਝਾਉਣ ਲਈ ਵਿਤੋਂ ਵੱਧ ਤਾਣ ਲਾਇਆ ਹੋਇਆ ਹੈ। ਬੇਸ਼ੱਕ ਇਸ ਮਹਾਂਮਾਰੀ ਨੂੰ ਦੁਨੀਆਂ ਵਿੱਚ ਆਇਆਂ ਡੇਢ ਸਾਲ ਤੋਂ ਵੀ ਘੱਟ ਸਮਾਂ ਹੋਇਆ ਹੈ। ਜਦੋਂ ਅਸੀਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰਦੇ ਹਾਂ ਤਾਂ ਇਸ ਨਾਲ ਇੱਥੇ ਹੁਣ ਤੱਕ 1667 ਮੌਤਾਂ ਹੋਈਆਂ ਹਨ। ਸਰਕਾਰਾਂ ਪੂਰੀ ਤਨਦੇਹੀ ਨਾਲ ਵੈਕਸੀਨ ਦਾ ਬੰਦੋਬਸਤ ਕਰ ਰਹੀਆਂ ਹਨ ਤੇ ਆਸ ਵੀ ਹੈ ਕਿ ਇਸ ‘ਤੇ ਜਲਦੀ ਕਾਬੂ ਪਾ ਲਿਆ ਜਾਵੇਗਾ। ਦੂਸਰੀਆਂ ਦੋਨੋਂ ਮਹਾਂਮਾਰੀਆਂ ਇੱਕ ਦੂਜੇ ਨਾਲ ਸਬੰਧਤ ਹਨ ਤੇ ਇਹਨਾਂ ਦਾ ਦਾਰੋਮਦਾਰ ਡਰੱਗ ਦੇ ਕਾਰੋਬਾਰ ‘ਤੇ ਅਧਾਰਤ ਹੈ। ਬੀ.ਸੀ. ਵਿੱਚ ਗੈਂਗਾਂ ਦਾ ਇਤਿਹਾਸ ਸੌ ਸਾਲ ਤੋਂ ਵੀ ਪੁਰਾਣਾ ਹੈ। ਪਹਿਲਾਂ ਪਹਿਲ ਇਹ ਛੋਟੇ-ਛੋਟੇ ਗੈਂਗ ਸਨ ਪਰ ਬਾਅਦ ਵਿੱਚ ਇਹ ਸਾਰੀ ਨੌਰਥ ਅਮਰੀਕਾ ਵਿੱਚ ਤੇ ਸਾਰੀ ਦੁਨੀਆਂ ਵਿੱਚ ਜਥੇਬੰਦਕ ਤੌਰ ‘ਤੇ ਫੈਲ ਗਏ। ਇਹਨਾਂ ਦੇ ਕੰਮ ਖੋਹ-ਖਿੰਝ, ਕਤਲ, ਜਬਰ ਚੋਰੀਆਂ, ਡਾਕੇ, ਭੰਨ-ਤੋੜ, ਹਿੰਸਾ, ਹਥਿਆਰ ਤੇ ਡਰੱਗ ਦਾ ਵਿਉਪਾਰ ਆਦਿ ਨਾਲ ਜੁੜੇ ਰਹੇ ਹਨ। ਜਿਉ ਜਿਉਂ ਸਮਾਜ ਵਿੱਚ ਅਮੀਰ ਗਰੀਬ ਦਾ ਪਾੜਾ ਵੱਧ ਰਿਹਾ ਹੈ ਤੇ ਬਹੁ ਗਿਣਤੀ ਲੋਕਾਂ ਦੀ ਆਮਦਨ ਬਹੁਤ ਘੱਟ ਹੋਣ ਕਰਕੇ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਹੈ ਤਾਂ ਬਹੁਤੀ ਵਾਰ ਨਾ ਚਾਹੁੰਦੇ ਹੋਏ ਵੀ ਇਹੋ ਜਿਹੇ ਘਟੀਆ ਕੰਮ ਕਰਨ ਲਈ ਲੋਕ ਮਜ਼ਬੂਰ ਹੋ ਜਾਂਦੇ ਹਨ। ਇਸ ਲਈ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਲਾਲਚ ਦੇ ਕੇ ਕੰਮ ਕਰਵਾਉਣਾ ਸੌਖਾ ਹੋ ਜਾਂਦਾ ਹੈ। ਕੁੱਝ ਲੋਕ ਆਪਣੇ ਮੁਨਾਫ਼ੇ ਲਈ ਕੁੱਝ ਕੁ ਨੌਜਵਾਨਾਂ ਨੂੰ ਗੈਂਗ ਲੀਡਰ ਬਣਾ ਕੇ ਹੱਥਾਂ ਵਿੱਚ ਹਥਿਆਰ, ਮਹਿੰਗੀਆਂ ਗੱਡੀਆਂ ਤੇ ਅਪਾਰਟਮੈਂਟਾਂ ਕਿਰਾਏ ‘ਤੇ ਲੈ ਦੇ ਕੇ ਉਹਨਾਂ ਨੂੰ ਕੰਮ ਦੇ ਦਿੱਤਾ ਜਾਂਦਾ ਹੈ ਕਿ ਛੋਟੇ-ਛੋਟੇ ਬੱਚਿਆਂ ਨੂੰ ਸਕੂਲਾਂ ਵਿੱਚੋਂ ਭਰਤੀ ਕਰੋ ਤੇ ਸਟਰੀਟਾਂ ‘ਤੇ ਡਰੱਗ ਨੂੰ ਵੇਚੋ ਤੇ ਪੈਸਾ ਕਮਾਓ, ਹੋਰ ਕੰਮ ਕਰਨ ਜਾਂ ਪੜ੍ਹਨ ਦੀ ਲੋੜ ਨਹੀਂ ਹੈ। ਇਨਸਾਨੀ ਸੁਭਾਅ ਤੇ ਫਿਰ ਅੱਲੜ ਉਮਰ ਜਿਸ ਵਿੱਚ ਅਸੀਂ ਛੇਤੀ ਤੋਂ ਛੇਤੀ ਅਮੀਰ ਹੋਣ ਦੀ ਲਾਲਸਾ ਪਾਲ਼ਦੇ ਹਾਂ, ਤਾਂ ਇਹ ਵਾਪਰਨਾ ਸੁਭਾਵਕ ਹੈ।
ਡਰੱਗ ਦਾ ਧੰਦਾ ਸਿਰਫ਼ ਕੈਨੇਡਾ ਅਮਰੀਕਾ ਦਾ ਨਹੀਂ ਸਗੋਂ ਸਾਰੀ ਦੁਨੀਆਂ ਦਾ ਸਭ ਤੋਂ ਵੱਡਾ ਧੰਦਾ ਹੈ ਜਿਸ ਵਿੱਚ ਦੁਨੀਆਂ ਦੇ ਕੁੱਝ ਕੁ ਅਮੀਰ ਲੋਕ ਇਹ ਧੰਦਾ ਚਲਾ ਰਹੇ ਹਨ ਅਤੇ ਮਣਾਂ ਮੂੰਹ ਮੁਨਾਫ਼ਾ ਖੱਟ ਰਹੇ ਹਨ ਅਤੇ ਨੌਜਵਾਨਾਂ ਨੂੰ ਬਲ਼ਦੀ ਦੇ ਬੁੱਥੇ ਦੇ ਰਹੇ ਹਨ। ਇਹਨਾਂ ਦੀ ਗਿਣਤੀ ਗਲ਼ੀਆਂ ਵਿੱਚ ਡਰੱਗ ਵੇਚਣ ਵਾਲਿਆਂ ਤੋਂ ਲੈ ਕੇ ਜਥੇਬੰਦਕ ਗੈਂਗਾਂ ਸਣੇ ਬੀ. ਸੀ. ਵਿੱਚ ਤਕਰੀਬਨ 188 ਹੋ ਚੁੱਕੀ ਹੈ। ਵੀਹਵੀਂ ਸਦੀ ਦੇ ਅਖੀਰਲੇ ਸਾਲਾਂ ਤੋਂ ਸ਼ੁਰੂ ਹੋਈ ਗੈਂਗਵਾਰ ਵਿੱਚ 400 ਤੋਂ ਵੀ ਵੱਧ ਨੌਜਵਾਨ ਗੋਲ਼ੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਏ ਹਨ। ਇਹਨਾਂ ਦੀ ਇਸ ਲੜਾਈ ਵਿੱਚ ਆਮ ਲੋਕਾਂ ਨੂੰ ਵੀ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ। ਇਹਨਾਂ ਵਿੱਚ ਭਰਤੀ ਕੀਤੇ ਨੌਜਵਾਨ ਪਹਿਲਾਂ ਛੋਟੇ-ਛੋਟੇ ਬੱਚਿਆਂ ਨੂੰ ਡਰੱਗ ਖਾਣ ਲਾਉਂਦੇ ਹਨ ਅਤੇ ਜਦੋਂ ਡਰੱਗ ਉਹਨਾਂ ਦੀ ਲੋੜ ਬਣ ਜਾਂਦੀ ਹੈ ਤਾਂ ਉਹ ਜੁਰਮ ਦੇ, ਵੇਚਣ ਦੇ ਰਾਹ ਤੁਰ ਪੈਂਦੇ ਹਨ। ਅੰਕੜੇ ਦੱਸਦੇ ਹਨ ਕਿ ਇਹਨਾਂ ਦੀ ਲੰਮੀ ਤੋਂ ਲੰਮੀ ਉਮਰ 14 ਸਾਲਾਂ ਤੋਂ 35 ਸਾਲ ਦੇ ਦਰਮਿਆਨ ਹੀ ਸੀ ਕੁੱਝ ਕੁ ਹੋ ਸਕਦੇ ਹਨ ਇਸ ਤੋਂ ਉੱਪਰ ਟੱਪੇ ਹੋਣ। ਪਿਛਲੇ ਤਿੰਨ ਹਫਤਿਆਂ ਵਿੱਚ ਵੈਨਕੂਵਰ ਏਰੀਏ ਵਿੱਚ ਗਿਆਰਾਂ ਵਾਰ ਗੋਲ਼ੀ ਚੱਲੀ ਤੇ ਨੌਂ ਨੌਜਵਾਨ ਮਾਰੇ ਗਏ ਹਨ। ਮਾਰਨ ਵਾਲੇ ਪੁਲਿਸ ਦੇ ਅੱਗਿਓਂ ਦੀ ਭੱਜ ਜਾਂਦੇ ਹਨ ਤੇ ਨਾਲ ਦੇ ਸ਼ਹਿਰ ਜਾ ਕੇ ਗੱਡੀ ਸਾੜ ਕੇ ਸਬੂਤ ਵੀ ਖ਼ਤਮ ਕਰ ਦਿੰਦੇ ਹਨ। ਇਸ ਤਰ੍ਹਾਂ ਸਰਕਾਰਾਂ, ਪੁਲਿਸ ਸਭ ਬੇਵਸੀ ਜ਼ਾਹਰ ਕਰ ਰਹੇ ਹਨ ਤੇ ਸਾਰਾ ਆਲਮ ਉਦਾਸੀ ਦੀਆਂ ਆਹਾਂ ਭਰ ਰਿਹਾ ਹੈ।
ਤੀਸਰੀ ਮਹਾਂਮਾਰੀ ਡਰੱਗ ਖਾਣ ਵਾਲੇ ਲੋਕਾਂ ਨੂੰ ਪ੍ਰਭਾਵਤ ਕਰਦੀ ਹੈ। ਜਿੱਥੇ ਡਰੱਗ ਨੂੰ ਵੇਚਣ ਵਾਲਿਆਂ ਵਿੱਚ ਘੋਰ ਯੁੱਧ ਚੱਲ ਰਿਹਾ ਹੈ, ਉੱਥੇ ਖਾਣ ਵਾਲਿਆਂ ਦੀਆਂ ਮੌਤਾਂ ਵਿੱਚ ਦਿਨੋ ਦਿਨ ਗਿਣਤੀ ਵੱਧਦੀ ਜਾ ਰਹੀ ਹੈ। ਜੇ ਅਸੀਂ ਪਿਛਲੇ ਦਸਾਂ ਸਾਲਾਂ ਦੇ ਅੰਕੜੇ ਦੇਖੀਏ। 2011 ਵਿੱਚ 295 ਲੋਕ ਡਰੱਗ ਖਾ ਕੇ ਮਰੇ, 2012 ਵਿੱਚ 270, 2013 ਵਿੱਚ 334, 2014 ਵਿੱਚ 369, 2015 ਵਿੱਚ 529, 2016 ਵਿੱਚ 991, 2017 ਵਿੱਚ 1493, 2018 ਵਿੱਚ 1550, 2019 ਵਿੱਚ 985, 2020 ਵਿੱਚ 1723 ਡਰੱਗ ਦਾ ਸੇਵਨ ਕਰਕੇ ਮੌਤ ਦੇ ਮੂੰਹ ਜਾ ਪਏ। ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ 498 ਲੋਕ ਡਰੱਗ ਖਾ ਕੇ ਇਸ ਜਹਾਨੋਂ ਕੂਚ ਕਰ ਗਏ ਹਨ। ਇਹ ਮਰਨ ਵਾਲੇ ਲੋਕਾਂ ਵਿੱਚ ਅਮੀਰ, ਗਰੀਬ, ਛੋਟਾ, ਵੱਡਾ, ਆਦਮੀ, ਔਰਤ, ਧਰਮ, ਜਾਤ, ਰੰਗ, ਨਸਲ, ਪੜ੍ਹਿਆ, ਅਨਪੜ੍ਹ ਦਾ ਕੋਈ ਵਖਰੇਵਾਂ ਨਹੀਂ ਸੀ। ਓਵਰਡੋਜ਼ ਜੋ ਮੌਜੂਦਾ ਪੀੜ੍ਹੀ ਨੂੰ ਚੁਪ ਚੁਪੀਤੇ ਨਿਗਲ਼ ਰਹੀ ਹੈ, ਇਸ ‘ਤੇ ਗੱਲ ਕਰਨੀ ਵੀ ਕਰੋਨੇ ਜਿੰਨੀ ਹੀ ਜ਼ਰੂਰੀ ਹੈ। ਹਰ ਜ਼ਿੰਦਗੀ ਦੀ ਆਪਣੀ ਕੀਮਤ ਹੈ ਉਹ ਅਜਾਂਈ ਨਹੀਂ ਜਾਣੀ ਚਾਹੀਦੀ ਹੈ। ਸਰਕਾਰ ਨੇ ਪਿਛਲੇ ਸਮੇਂ ਵਿੱਚ ਇਸਦੀ ਰੋਕਥਾਮ ਲਈ ਕਾਫ਼ੀ ਕਦਮ ਵੀ ਚੁੱਕੇ ਸਨ ਜਿਸ ਕਰਕੇ 2019 ਵਿੱਚ ਕੁੱਝ ਅੰਕੜੇ ਘਟੇ ਸਨ ਪਰ ਫਿਰ 2020 ਵਿੱਚ ਕਰੋਨੇ ਦੀ ਆੜ ਵਿੱਚ ਇਹ ਧੰਦਾ ਵਧਿਆ ਹੈ ਜਿਸ ਨਾਲ ਇਹ ਵੱਧ ਕੇ ਦੁੱਗਣੇ ਹੋ ਗਏ। ਇਸਦਾ ਮੁੱਖ ਕਾਰਣ ਇਸ ਸਮੇਂ ਡਰੱਗ ਦੀ ਆਮਦ ਘਟੀ ਹੋਵੇਗੀ ਤੇ ਉਸ ਵਿੱਚ ਗੈਰ ਕਾਨੂੰਨੀ ਕੈਮੀਕਲਾਂ ਦੀ ਵਾਧੂ ਮਿਲਾਵਟ ਕਰਕੇ ਡਰੱਗ ਵੇਚਣ ਵਾਲਿਆਂ ਨੇ ਸਸਤੇ ਤੇ ਖਤਰਨਾਕ ਕੈਮੀਕਲ ਮਿਲਾ ਕੇ ਲੋੜਵੰਦਾਂ ਵਿੱਚ ਸੁੱਟੇ ਹੋਣਗੇ ਤੇ ਮਨਮਰਜ਼ੀ ਦੇ ਭਾਅ ਵੇਚ ਕੇ ਲੋਹੜੇ ਦਾ ਮੁਨਾਫ਼ਾ ਵੀ ਕਮਾਇਆ ਹੋਵੇਗਾ ਤੇ ਜਾਨਾਂ ਵੀ ਲੈ ਲਈਆਂ। ਇਸ ਦੀ ਮਾਰ ਹੇਠ ਆਉਣ ਵਾਲੇ ਵਿਅਕਤੀ ਤਾਂ, ਕੋਈ ਸਬੂਤ ਵੀ ਨਹੀਂ ਦੇ ਸਕਦੇ ਕਿ ਉਹਨਾਂ ਨੇ ਡਰੱਗ ਕਿੱਥੋਂ ਲਈ, ਕਿਉਂ ਲਈ, ਕਿਉਂ ਕਿ ਸਣੇ ਸਬੂਤ ਹੀ ਬੰਦਾ ਤੁਰ ਜਾਂਦਾ ਹੈ। ਇਹ ਵੀ ਲੰਮੀ ਚੌੜੀ ਗੱਲ ਹੈ ਕਿ ਲੋਕ ਡਰੱਗ ਖਾਂਦੇ ਕਿਉਂ ਨੇ? ਇਹਦੇ ਕਾਰਣ ਕੀ ਹਨ?ਇਹ ਡਰੱਗ ਕਲਚਰ ਕਿਉਂ ਪੈਦਾ ਹੋ ਰਿਹਾ ਹੈ?ਮਨੁੱਖ ਡਰੱਗ ਖਾ ਕੇ ਮਰਨਾ ਕਿਉਂ ਚਾਹੁੰਦਾ ਹੈ? ਉਸਨੂੰ ਜ਼ਿੰਦਗੀ ਨਾਲ ਅੰਨ੍ਹੀ ਨਫ਼ਰਤ ਕਿਉਂ ਹੈ?ਬਗੈਰਾ ਬਗੈਰਾ? (ਇਹਨਾਂ ਗੱਲਾਂ ਬਾਰੇ ਮੈਂ ਆਪਣੇ ਪਹਿਲੇ ਲੇਖਾਂ ਵਿੱਚ ਬਹੁਤ ਵਿਸਥਾਰ ਨਾਲ ਗੱਲਾਂ ਕੀਤੀਆਂ ਹਨ।) ਅਸੀਂ ਇਹਨਾਂ ਗੱਲਾਂ ਵਿੱਚ ਨਹੀਂ ਪੈ ਰਹੇ ਸਗੋਂ ਇਸ ਗੱਲ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਿੰਦਗੀਆਂ ਕੀਮਤੀ ਹਨ ਚਾਹੇ ਉਹ ਕਰੋਨੇ ਨਾਲ, ਗੈਂਗਵਾਰ ਵਿੱਚ ਜਾ ਡਰੱਗ ਓਵਰਡੋਜ਼ ਦੀ ਭੇਂਟ ਚੜ੍ਹ ਰਹੀਆਂ ਹਨ ਜੋ ਨਹੀਂ ਜਾਣੀਆਂ ਚਾਹੀਦੀਆਂ।
ਹੁਣ ਸਮਾਂ ਆ ਗਿਆ ਹੈ ਕਿ ਜਿਵੇਂ ਪਹਿਲਾਂ ਪਹਿਲ ਕਰੋਨੇ ਨੂੰ ਚੀਨ ਦੇ ਨਾਂ ਨਾਲ ਭੰਡਿਆ ਜਾ ਰਿਹਾ ਸੀ, ਉਹ ਵਿਅਰਥ ਗੱਲਾਂ ਸਨ। ਜਲਦੀ ਹੀ ਦੁਨੀਆਂ ਨੇ ਆਪਸ ਵਿੱਚ ਸਿਰ ਜੋੜੇ ਤੇ ਕਰੋਨਾ ਵਾਈਰਸ ਦੀ ਵੈਕਸੀਨ ਲੱਭ ਕੇ ਅਤੇ ਇਹਤਿਹਾਤ ਦੇ ਸਾਰੇ ਸੰਭਵ ਹੀਲੇ ਲੋਕਾਂ ਤੱਕ ਪਹੁੰਚਾ ਕੇ ਇਸਦੀ ਰੋਕਥਾਮ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ, ਉਸੇ ਤਰ੍ਹਾਂ ਡਰੱਗ ਓਵਰਡੋਜ਼ ਤੇ ਗੈਂਗਵਾਰ ਨੂੰ ਹਟਾਉਣ ਲਈ ਸਰਕਾਰਾਂ ਨੂੰ ਯੋਗ ਕਦਮ ਪੁੱਟਣੇ ਚਾਹੀਦੇ ਹਨ। ਪਿਛਲੇ ਸਾਲਾਂ ਵਿੱਚ ਗੈਂਗਵਾਰ ਨੂੰ ਪੰਜਾਬੀ ਮਾਪਿਆਂ ਦਾ ਕਸੂਰ ਜੋ ਚੰਗੀ ਪ੍ਰਵਰਿਸ਼ ਨਹੀਂ ਕਰਦੇ ਜਾਂ ਇਹ ਪੰਜਾਬੀਆਂ ਦੀ ਆਪਣੀ ਖਹਿਬਾਜ਼ੀ ਦੀ ਲੜਾਈ ਹੈ। ਗੈਂਗਸਟਰ ਇੱਕ ਦੂਜੇ ਨੂੰ ਮਾਰ ਰਹੇ ਹਨ ਆਦਿ ਕਹਿ ਕੇ ਪੁਲਿਸ ਆਪਣੇ ਗਲ਼ੋ ਗੁਲ਼ਾਮਾ ਲਾਉਂਦੀ ਰਹੀ ਹੈ ਤੇ ਮਾਪੇ ਪੁਲਿਸ ਦੀਆਂ ਨਾਕਾਮੀਆਂ ਤੇ ਉਂਗਲ ਧਰਦੇ ਰਹੇ ਹਨ। ਹੁਣ ਉਹ ਸਮਾਂ ਨਹੀਂ ਰਿਹਾ ਸੋ ਹੁਣ ਲੋੜ ਹੈ, ਅਮਾਨਵੀ, ਅਪਰਾਧਿਕ ਪ੍ਰਵਿਰਤੀ ਵਾਲੇ ਲੋਕ ਜੋ ਆਪਣੀ ਨਿੱਜ ਦੀ ਸੰਪਤੀ ਵਿੱਚ ਵਾਧਾ ਕਰਨ ਲਈ ਇਹ ਸਾਰਾ ਕੁੱਝ ਕਰਵਾ ਰਹੇ ਹਨ, ਉਹਨਾਂ ਵੱਲ ਦੇਖਣ ਦੀ ਕਿ ਉਹ ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਦਾਓ ‘ਤੇ ਲਾ ਕੇ ਚਾਂਭੜਾ ਪਾ-ਪਾ ਕੇ ਆਪਣਾ ਕਾਰੋਬਾਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਵੱਲ ਕਿਵੇਂ ਲਿਜਾ ਰਹੇ ਹਨ। ਪੁਲਿਸ ਦੀ ਚੁੱਪੀ ਵੀ ਇਹ ਦੱਸ ਰਹੀ ਹੈ ਕਿ ਉਹ ਕੁੱਝ ਵੀ ਨਹੀਂ ਕਰ ਸਕਦੀ ਸੋ ਸਰਕਾਰਾਂ ਨੂੰ ਹੋਰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਇਹ ਡਰੱਗ ਜੋ ਹਵਾਈ ਤੇ ਸਮੁੰਦਰੀ ਰਾਹਾਂ ਵਿੱਚੋਂ ਦੀ ਹੋ ਕੇ ਕੈਨੇਡਾ ਦੀ ਧਰਤੀ ‘ਤੇ ਪਹੁੰਚਦੀ ਹੈ ਕੀ ਇਸਨੂੰ ਪੁਖਤਾ ਤਰੀਕਿਆਂ ਨਾਲ ਨਹੀਂ ਰੋਕਿਆ ਜਾ ਸਕਦਾ। ਜੇ ਨਹੀਂ ਤਾਂ ਇਸਦਾ ਇੱਕੋ-ਇੱਕ ਹੱਲ ਹੈ ਕਿ ਇਸਨੂੰ ਕਾਨੂੰਨ ਦੇ ਦਾਇਰੇ ਵਿੱਚ ਜਿਵੇਂ ਸ਼ਰਾਬ ਦੀ ਵਿਕਰੀ ਹੁੰਦੀ ਹੈ ਉਸ ਤਰ੍ਹਾਂ ਵੇਚਿਆ ਜਾਵੇ। ਇਹ ਗੈਰਕਾਨੂੰਨੀ ਵਿਕਣ ਵਾਲੀ ਡਰੱਗ ਨੂੰ ਵੇਚਣ ਲਈ ਹੀ ਗੈਂਗ ਬਣਦੇ ਹਨ, ਫਿਰ ਉਹ ਆਪਣੇ-ਆਪਣੇ ਏਰੀਏ ਲਈ ਲੜਦੇ ਹਨ। ਬਹੁਤ ਸਾਰੇ ਡਰੱਗ ਖਾਣ ਵਾਲਿਆਂ ਨੂੰ ਡਰੱਗ ਦੀ ਲੋੜ ਹੈ ਉਹਨਾਂ ਨੂੰ ਖਾਣ ਤੋਂ ਰੋਕਿਆ ਨਹੀਂ ਜਾ ਸਕਦਾ। ਡਰੱਗ ਦੀ ਮੁਸ਼ਕਲ ਨੂੰ ਸਿਹਤ ਦੀ ਮੁਸ਼ਕਲ ਵਜੋਂ ਲੈਣਾ ਚਾਹੀਦਾ ਹੈ ਨਾ ਕਿ ਜੁਰਮ ਦੀ ਮੁਸ਼ਕਲ ਵਜੋਂ ਸਮਝਿਆ ਜਾਣਾ ਚਾਹੀਦਾ ਹੈ। ਇਸ ਵਿੱਚ ਪੁਲਿਸ ਭਰਤੀ ਦੀ ਲੋੜ ਨਹੀਂ ਸਗੋਂ ਮਰੀਜ਼ਾਂ ਨੂੰ ਇਲਾਜ ਦੀ ਲੋੜ ਹੈ। ਜਦੋਂ ਇਹ ਡਰੱਗ ਸਟੋਰਾਂ ‘ਤੇ ਵਿਕੇਗੀ, ਲੋਕ ਆਪਣੀ ਮਰਜ਼ੀ ਨਾਲ ਖਾ ਸਕਣਗੇ। ਉਸਦੇ ਨਫ਼ੇ ਨੁਕਸਾਨ ਬਾਰੇ ਤੇ ਮਿਕਦਾਰ ਬਾਰੇ ਪੂਰੀ ਜਾਣਕਾਰੀ ਦਿੱਤੀ ਹੋਵੇਗੀ। ਜਦੋਂ ਉਹ ਗੈਰਕਾਨੂੰਨੀ ਡਰੱਗ ਸਟਰੀਟਾਂ ਤੋਂ ਖਰੀਦਦੇ ਹਨ ਉਹਨਾਂ ਨੂੰ ਪਤਾ ਨਹੀਂ ਕਿ ਇਹ ਅਸਲ ਵਿੱਚ ਡਰੱਗ ਹੈ ਵੀ ਜਾਂ ਨਹੀਂ। ਬਹੁਤੀ ਵਾਰ ਇਹ ਮਿਲਾਵਟੀ ਜ਼ਹਿਰ ਉਹਨਾਂ ਦੀ ਜਾਨ ਦਾ ਖੌਅ ਬਣ ਨਿਬੜਦੀ ਹੈ। ਉਹ ਸ਼ਰਾਬ ਵਾਂਗ ਕਿਸੇ ਦੇ ਸਾਹਮਣੇ ਲੈ ਨਹੀਂ ਸਕਦੇ ਜੋ ਖਾ ਕੇ ਅੰਦਰ ਹੀ ਮਰ ਜਾਂਦੇ ਹਨ। ਜਿੰਨਾ ਚਿਰ ਇਸ ਨੂੰ ਲੀਗਲ (ਕਾਨੂੰਨੀ ਤੌਰ ‘ਤੇ) ਨਹੀਂ ਕੀਤਾ ਜਾਂਦਾ ਉਨਾ ਚਿਰ ਨਾ ਗੈਂਗਵਾਰ ਤੋਂ ਛੁਟਕਾਰਾ ਪੈ ਸਕਦਾ ਹੈ ਤੇ ਨਾ ਹੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਘੱਟ ਹੋ ਸਕਦੀ ਹੈ ਕਿਉਂਕਿ ਸਾਡੇ ਦੇਖਦੇ-ਦੇਖਦੇ ਇਹ ਡਰੱਗ ਦਾ ਵਪਾਰ ਪਹਿਲਾਂ ਸਿਰਫ਼ ਵੱਡੇ ਸ਼ਹਿਰਾਂ ਦੀਆਂ ਬਰੂਹਾਂ ਤੱਕ ਸੀਮਤ ਸੀ, ਪਰ ਹੁਣ ਇਹ ਛੋਟੇ ਵੱਡੇ ਕਸਬਿਆਂ ਵਿੱਚ ਫੈਲ ਕੇ ਦੇਸ਼ ਵਿਆਪੀ ਹੋ ਗਿਆ ਹੈ। ਜੇ ਡਰੱਗ ਕਾਨੂੰਨੀ ਤੌਰ ‘ਤੇ ਵਿਕੇਗੀ ਤਾਂ ਇਸ ਤੋਂ ਹੋਣ ਵਾਲੀ ਆਮਦਨ ਨਾਲ ਲੋਕਾਂ ਵਿੱਚ ਡਰੱਗ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਪ੍ਰਚਾਰ ਕੀਤਾ ਜਾ ਸਕਦਾ ਤੇ ਇਸਦੀ ਗ੍ਰਿਫ਼ਤ ਵਿੱਚ ਆਏ ਲੋਕਾਂ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਆਪਣੇ ਨਿੱਜੀ ਹਿਤਾਂ ਲਈ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਦੇ ਮੂੰਹ ‘ਤੇ ਚੁਪੇੜ ਵੀ ਲੱਗ ਸਕਦੀ ਹੈ ਤੇ ਮਨੁੱਖਤਾ ਪੱਖੀ ਰੋਲ ਵੀ ਅਦਾ ਕੀਤਾ ਜਾ ਸਕਦਾ ਹੈ ਜਿਸਦੀ ਆਸ ਲੈ ਕੇ ਜੰਨਤਾ ਸਰਕਾਰਾਂ ਨੂੰ ਆਗੂ ਚੁਣਦੀ ਹੈ। ਹੁਣ ਸਮਾਂ ਹੈ ਕਿ ਉਹ ਵੀ ਤਨਦੇਹੀ ਨਾਲ ਆਪਣੀ ਜ਼ੁੰਮੇਵਾਰੀ ਨਿਭਾਉਣ ਤੇ ਲੋਕਾਂ ਨੂੰ ਤਿੰਨੇ ਮਹਾਂਮਾਰੀਆਂ ਤੋਂ ਸਾਹ ਲੈਣ ਵਿੱਚ ਰਾਹਤ ਮਿਲੇ।

Check Also

ਕੈਮਲੂਪਸ ਦੇ ਰਿਹਾਇਸ਼ੀ ਸਕੂਲ ਦੇ ਦੁਖਾਂਤ ਸਬੰਧੀ

ਬਸਤੀਵਾਦੀ ਹਾਕਮਾਂ, ਕੈਨੇਡੀਅਨ ਸਰਕਾਰਾਂ ਤੇ ਧਰਮਾਂ ਦਾ ਅਣਮਨੁੱਖੀ ਵਰਤਾਰਾ ਪਰਮਿੰਦਰ ਕੌਰ ਸਵੈਚ 604 760 4794 …