Breaking News
Home / ਕੈਨੇਡਾ / ਫੈਂਟਾਨਿਲ ਵਰਗੇ ਮਾਰੂ ਨਸ਼ਿਆਂ ਦੇ ਪਸਾਰੇ ਨੂੰ ਨੱਥ ਪਾਉਣੀ ਸਮੇਂ ਦੀ ਮੁੱਖ ਲੋੜ

ਫੈਂਟਾਨਿਲ ਵਰਗੇ ਮਾਰੂ ਨਸ਼ਿਆਂ ਦੇ ਪਸਾਰੇ ਨੂੰ ਨੱਥ ਪਾਉਣੀ ਸਮੇਂ ਦੀ ਮੁੱਖ ਲੋੜ

logo-2-1-300x105ਸਰ੍ਹੀ, ਬੀ ਸੀ :ਅਜੋਕੇ ਯੁਗ ਵਿੱਚ ਫੈਂਟਾਨਿਲ ਵਰਗੇ ਮਾਰੂ ਨਸ਼ਿਆਂ ਨੇ ਸਮੁੱਚੀ ਮਨੁਖਤਾ ਨੂੰ ਆਪਣੀ ਬੁੱਕਲ ਦੇ ਘੇਰੇ ਵਿੱਚ ਜਕੜ ਲਿਆ ਜਾਪਦਾ ਹੈ। ਨਸ਼ੀਲੇ ਪਦਾਰਥਾਂ ਦੇ ਸੇਵਨ ਕਰਕੇ ਦਿਨ ਬਦਿਨ ਹੋ ਰਹੀਆਂ ਮੌਤਾਂ ਨੇ ਸਮਾਜ ਨੂੰ ਝੰਬ ਕੇ ਰੱਖ ਛਡਿਆ ਹੈ। ਬਹੁਤੇ ਘਰਾਂ ਵਿੱਚ ਨੌਜਵਾਨ ਪੀੜ੍ਹੀ ਦੀਆਂ ਮੌਤਾਂ ਤੇ ਪਿੱਟ ਸਿਆਪਿਆਂ ਦੀ ਦਿਨ ਬਦਿਨ ਭਰਮਾਰ ਵਧ ਰਹੀ ਹੈ। ਨਵ ਵਿਆਹੀਆਂ ਦੇ ਸੁਹਾਗ ਉਜੜ ਰਹੇ ਹਨ। ਹਾਲੀਂ ਤੱਕ ਤਾਂ ਹੈਰੋਇਨ, ਸਮੈਕ, ਕੋਕੇਨ, ਕਰੈਕ ਤੇ ਹੋਰ ਨਸ਼ਿਆਂ ਦੀ ਕ੍ਰੋਪੀ ਖਤਮ ਨਹੀਂ ਸੀ ਹੋਈ ਕਿ ਸਮਾਜ ਦੇ ਭਵਿੱਖੀ ਵਾਰਸਾਂ ਨੂੰ ਫੈਂਟਾਨਿਲ ਤੇ ਕਾਰਫੈਂਟਾਨਿਲ ਵਰਗੇ ਨਹਿਸ਼ ਨਸ਼ਿਆਂ ਨੇ ਆਪਣੀ ਬੁੱਕਲ ਵਿੱਚ ਜਕੜ ਲਿਆ ਹੈ ਜਿਸ ਦੇ ਘੇਰੇ ਚੋਂ ਬਚ ਨਿਕਲਣਾ ਮੁਸ਼ਕਲ ਹੋਈ ਜਾ ਰਿਹਾ ਹੈ। ਜੇਕਰ ਕੈਨੇਡਾ ਦੀ ਹੀ ਗੱਲ ਕਰੀਏ ਤਾਂ ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਵਿੱਚ ਪਿਛਲੇ ਸੱਤ ਮਹੀਨਿਆਂ ਦੌਰਾਨ ਫੈਂਟਾਨਿਲ ਜਾਂ ਕਾਰਫੈਂਟਾਨਿਲ ਨਾਲ ਕੋਈ 433 ਲੋਕੀਂ ਇਸ ਸੰਸਾਰ ਨੂੰ ਅਲਵਿਦਾ ਕਹਿ ਬੈਠੇ ਹਨ। ਨਸ਼ਿਆਂ ਦੇ ਫਲਸਰੂਪ ਸਮਾਜ ਵਿੱਚ ਵਧ ਰਹੇ ਚੀਕ ਚਿਹਾੜੇ ਤੇ ਹੋ ਰਹੀਆਂ ਮੌਤਾਂ ਦੀ ਗਿਣਤੀ ਹਰ ਰੋਜ਼ ਵਧਦੀ ਹੀ ਜਾ ਰਹੀ ਹੈ।
ਨਸ਼ਿਆਂ ਦੀ ਇਸ ਮਹਾਂਮਾਰੀ ਦੇ ਕੋਹੜ ਨੂੰ ਠੱਲ ਪਾਉਣ ਲਈ ਇੰਡੋ-ਕੈਨੇਡੀਅਨ ਸੀਨੀਅਰਜ਼ ਸੈਂਟਰ ਸਰ੍ਹੀ ਡੈਲਟਾ ਵਿਖੇ ਗੁਰਦਵਾਰਾ ਕਮੇਟੀਆਂ, ਧਰਮ ਅਸਥਾਨਾਂ, ਸਮਾਜ ਸੇਵੀਆਂ, ਨਸ਼ਿਆਂ ਦੇ ਮਾਹਰ ਕੈਂਸਲਰਾਂ ਅਤੇ ਹੋਰ ਚਿੰਤਕ ਪਤਵੰਤਿਆਂ ਦੀ ਅਹਿਮ ਮੀਟੰਗ ਦਾ ਪ੍ਰਬੰਧ ਕੀਤਾ ਗਿਆ ਤਾਂਕਿ ਨਸ਼ਿਆਂ ਦੀ ਤੁਗਿਆਨੀ ਨੂੰ ਕੋਈ ਪੁਖਤਾ ਬੰਨ੍ਹ ਮਾਰਿਆ ਜਾ ਸਕੇ। ਇਸ ਹੰਭਲੇ ਨੂੰ ਸਮਾਜ ਵਲੋਂ ਭਰਵਾਂ ਹੁੰਘਾਰਾ ਦਿੱਤਾ ਗਿਆ। ਨਸ਼ਿਆਂ ਦੇ ਮਾਹਰ ਕੌਂਸਲਰ ਡਾ: ਰਘਬੀਰ ਸਿੰਘ ਬੈਂਸ ਨੇ ਕਮਿਊਨਿਟੀ ਦੇ ਪਤਵੰਤਿਆਂ ਨੂੰ ਅਜੋਕੇ ਨਿਸ਼ਆਂ ਦੀ ਮੁੱਢ ਤੋਂ ਜਾਣਕਾਰੀ ਦੇਣ ਦੇ ਨਾਲ ਨਾਲ ਸੱਭ ਤੋਂ ਖਤਰਨਾਕ ਫੈਂਟਾਨਿਲ, ਕਾਰਫੈਂਟਾਨਿਲ, ਹੈਰੋਇਨ, ਸਮੈਕ, ਕੋਕੇਨ, ਕਰੈਕ, ਮੌਰਫਿਨ, ਮੈਥਾਫੀਟਾਮੀਨ, ਮੈਥਾਡੌਨ, ਅਫੀਮ, ਔਕਸੀਕੌਨਟਿਨ ਅਤੇ ਹੋਰ ਜਾਨਲੇਵਾ ਨਸ਼ਿਆਂ ਦੀ ਕਰੋਪੀ ਤੇ ਚਾਨਣਾ ਪਾਇਆ ਅਤੇ ਸਮਾਜਿਕ ਚਿੰਤਕਾਂ ਨੂੰ ਖਤਰਨਾਕ ਅਤੇ ਮਨੁੱਖਤਾ ਨੂੰ ਝੰਬਣ ਵਾਲੀਆ ਬੀਮਾਰੀਆਂ ਤੋਂ ਬਚਣ ਦੇ ਉਪਰਾਲੇ ਕਰਨ ਲਈ ਆਪੋ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਪਰਪੋਕ ਕਰਕੇ ਬਹੁਤੇ ਨਸ਼ਈ ਲੋਕੀਂ ਨਰਕ ਵਰਗੀ ਜ਼ਿੰਦਗੀ ਭੋਗ ਰਹੇ ਹਨ। ਸਮਾਜ ਦੀ ਬਿਹਤਰੀ ਲਈ ਉਨ੍ਹਾਂ ਭੁਲੜਾਂ ਨੂੰ ਸੁਹਾਵਣੀ ਜ਼ਿੰਦਗੀ ਦੇ ਅਰਥ ਦੱਸਣੇ ਹੋਣਗੇ ਤਾਂਕਿ ਉਹ ਇਸ ਸੰਸਾਰ ਨੂੰ ਹੋਰ ਸੁੰਦਰ ਬਨਾਣ ਵਿੱਚ ਆਪਣਾ ਯੋਗਦਾਨ ਪਾ ਸਕਣ।
ਵਾਰਤਾਲਾਪ ਵਿੱਚ ਹਿੱਸਾ ਲੈਂਦਿਆਂ ਮੋਤਾ ਸਿੰਘ ਝੀਤਾ, ਨਸ਼ਿਆਂ ਸਬੰਧੀ ਮਾਹਰ ਗੁਰਦੀਪ ਸਿੰਘ ਅਟਵਾਲ, ਗੁਰਦਵਾਰਾ ਸਾਹਿਬਾਨਾਂ ਦੇ ਪ੍ਰਧਾਨ ਸੁਰਿੰਦਰ ਸਿੰਘ ਜੁੱਬਲ, ਪ੍ਰਧਾਨ ਗਿਆਨ ਸਿੰਘ ਗਿੱਲ, ਪ੍ਰਧਾਨ ਹਰਭਜਨ ਸਿੰਘ ਅਟਵਾਲ, ਪ੍ਰਧਾਨ ਬਲਬੀਰ ਸਿੰਘ ਨਿੱਝਰ, ਬਲਵੰਤ ਸਿੰਘ ਸੰਘੇੜਾ, ਅਮਰੀਕ ਸਿੰਘ ਨਿੱਝਰ ਅਤੇ ਜਗਤਾਰ ਸਿੰਘ ਸੰਧੂ ਹੁਰਾਂ ਨੇ ਇਸ ਸਮੱਸਿਆਂ ਦਾ ਡੂੰਘਾ ਵਿਸਲੇਸ਼ਨ ਕਰਦਿਆਂ ਯਕੀਨ ਦਵਾਇਆ ਕਿ ਨਸ਼ਿਆਂ ਦੇ ਝੱਖੜ ਨੂੰ ਠੱਲ੍ਹ ਪਾਉਣ ਵਿੱਚ ਉਹ ਤਨ, ਮਨ ਤੇ ਧਨ ਨਾਲ ਸਮਾਜ ਦੀ ਮੱਦਦ ਕਰਨਗੇ। ਸੀਨੀਅਰ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ, ਸੈਂਟਰ ਦੇ ਹੋਰ ਕਾਰਕੁਨਾਂ, ਕੁਲਵੰਤ ਸਿੰਘ ਕੁਲਾਰ, ਡਾ ਸੋਹਣ ਸਿੰਘ ਢਿੱਲੋਂ, ਚਮਕੌਰ ਸਿੰਘ, ਹਰਚੰਦ ਸਿੰਘ, ਗੁਰਮੇਲ ਸਿੰਘ, ਪ੍ਰੇਮ ਸਿੰਘ, ਹਰਦੇਵ ਸਿੰਘ, ਰਾਜਿੰਦਰ ਸਿੰਘ, ਨਛੱਤਰ ਸਿੰਘ, ਗੁਰਬਚਨ ਸਿੰਘ ਬਰਾੜ, ਬਲਦੇਵ ਸਿੰਘ, ਅਵਤਾਰ ਸਿੰਘ ਬਰਾੜ, ਗੁਰਨਾਮ ਸਿੰਘ, ਅਵਤਾਰ ਸਿੰਘ ਢਿੱਲੋਂ ਅਤੇ ਹੋਰ ਪਤਵੰਤੇ ਚਿੰਤਕਾਂ ਨੇ ਜੁਦੇ ਜੁਦੇ ਉਪਾਓ ਕਰਨ ਲਈ ਵਿਚਾਰ ਵਟਾਂਦਰੇ ਕੀਤੇ। ਨਸ਼ਿਆਂ ਦੇ ਫਲਸਰੂਪ ਹੋ ਰਹੀਆਂ ਲੜਾਈਆਂ, ਝਗੜਿਆਂ, ਕਤਲੋ ਗਾਰਤ, ਚੋਰੀਆਂ, ਡਾਕਿਆਂ, ਘਰੇਲੂ ਕਲਾ-ਕਲੇਸ਼ਾਂ, ਕਲੰਕਾਂ, ਨਿਪੁਨਸਕਤਾ, ਤਲਾਕਾਂ ਅਤੇ ਮੌਤਾਂ ਆਦਿ ਨੂੰ ਠੱਲ੍ਹ ਪਾਉਣ ਵਾਸਤੇ ਜਾਗਰੂਕਤਾ ਪੈਦਾ ਕਰਨ ਲਈ ਸਮਾਜਿਕ ਚਿੰਤਕਾਂ, ਮਾਪਿਆਂ, ਯੁਵਕਾਂ, ਵਿੱਦਿਅਕ ਅਦਾਰਿਆਂ, ਸਭਾ ਸੁਸਾਇਟੀਆਂ, ਧਰਮ ਅਸਥਾਨਾਂ, ਸਰਕਾਰੀ ਅਦਾਰਿਆਂ, ਸਿਆਸਤਦਾਨਾਂ, ਪੁਲਿਸ ਅਤੇ ਕੋਰਟ ਕਚਹਿਰੀਆਂ ਆਦਿ ਨੂੰ ਸਿਰ ਜੋੜ ਕੇ ਆਪੋ-ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਪੂਰਤੀ ਲਈ ਸੋਸ਼ਲ ਮੀਡੀਆ, ਅਖਬਾਰਾਂ, ਰੇਡੀਓ, ਟੀਵੀ, ਵੀ ਡੀ ਓ, ਫਿਲਮਾਂ ਜਾਂ ਫਿਰ ਹੋਰ ਕਿਸਮ ਦੇ ਜਾਗਰੂਕਤਾ ਪੈਦਾ ਕਰਨ ਵਾਲੇ ਢੰਗ ਤਰੀਕੇ ਵਰਤਣੇ ਚਾਹੀਦੇ ਹਨ ਜਿਸ ਵਿੱਚ ਨੌਜਵਾਨ ਪੀੜ੍ਹੀ ਨੂੰ ਜੋੜਨਾ ਅਸ਼ਦ ਜ਼ਰੂਰੀ ਹੋਵੇਗਾ। ਇਹ ਵਿਚਾਰ-ਵਟਾਂਦਰਾ ਵੀ ਕੀਤਾ ਗਿਆ ਕਿ ਇਨ੍ਹਾਂ ਉਪਾਵਾਂ ਵਿੱਚ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ ‘ਤੇ ਜੋੜਨਾ ਹੋਵੇਗਾ ਤਾਂਕਿ ਸਾਡੇ ਭਵਿੱਖੀ ਵਾਰਸ ਸੰਸਾਰ ਨੂੰ ਹੋਰ ਸੁੰਦਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣ। ਨਵੀਂ ਸੰਝ ਸਵੇਰ ਦੀ ਆਸ ਨਾਲ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …