ਬਰੈਂਪਟਨ/ਡਾ. ਝੰਡ : ਜਿਉਂ-ਜਿਉਂ ਅਕਤੂਬਰ ਮਹੀਨਾ ਨੇੜੇ ਆ ਰਿਹਾ ਹੈ, ਇਸ ਦੀ 22 ਤਰੀਕ ਨੂੰ ਹੋਣ ਵਾਲੀਆਂ ਮਿਉਂਸਪਲ ਚੋਣਾਂ ਲਈ ਸਰਗ਼ਰਮੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਨਾਮੀਨੇਸ਼ਨ-ਪੇਪਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਵਾਲੇ ਦਿਨ 27 ਜੁਲਾਈ ਨੂੰ ਕਈ ਨਵੇਂ ਉਮੀਦਵਾਰਾਂ ਨੇ ਆਪਣੇ ਪੇਪਰ ਭਰੇ ਜਿਸ ਨਾਲ ਵੱਖ-ਵੱਖ ਪੱਧਰ ‘ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ ਵਿਚ ਹੋਰ ਵੀ ਵਾਧਾ ਹੋਇਆ ਹੈ। ਬਰੈਂਪਟਨ ਦੇ ਵਾਰਡ 9-10 ਵਿਚ ਸਕੂਲ-ਟਰੱਸਟੀ ਦੀ ਚੋਣ ਲਈ ਇਹ ਗਿਣਤੀ ਸੱਭ ਤੋਂ ਵਧੇਰੇ ਨਜ਼ਰ ਆ ਰਹੀ ਹੈ ਜਿੱਥੇ ਦਰਜਨ ਦੇ ਲੱਗਭੱਗ ਇਹ ਚੋਣ ਲੜ ਰਹੇ ਹਨ। ਹਰੇਕ ਉਮੀਦਵਾਰ ਨੇ ਆਪੋੇ ਆਪਣੇ ਤਰੀਕੇ ਨਾਲ ਚੋਣ-ਮੁਹਿੰਮ ਅਰੰਭ ਦਿੱਤੀ ਹੈ ਜਿਸ ਵਿਚ ਨੁੱਕੜ ਮੀਟਿੰਗਾਂ, ਫ਼ੋਨ ਕਾਲਾਂ ਅਤੇ ਘਰੋ-ਘਰੀ ਜਾ ਕੇ ਬੈੱਲ ਖੜਕਾਉਣਾ ਮੁੱਖ ਤੌਰ ‘ਤੇ ਸ਼ਾਮਲ ਹੈ ਅਤੇ ਇਨ੍ਹਾਂ ਨਾਲ ਉਨ੍ਹਾਂ ਨੂੰ ਯੋਗ ਹੁੰਗਾਰਾ ਵੀ ਮਿਲ ਰਿਹਾ ਹੈ।
ਏਸੇ ਸਿਲਸਿਲੇ ਵਿਚ ਬਰੈਂਪਟਨ ਦੇ ਵਾਰਡ 9-10 ਵਿੱਚ ਸਕੂਲ ਟਰੱਸਟੀ ਚੋਣ ਵਿੱਚ ਉਮੀਦਵਾਰ ਸਤਪਾਲ ਸਿੰਘ ਜੌਹਲ ਵੱਲੋਂ ਲੰਘੇ ਦਿਨੀਂ ‘ਦੋਆਬਾ ਟਰੱਕ ਲਿਊਬ ਵਾਸ਼ ਸਰਵਿਸਜ਼’ ਦੇ ਮਠਾੜੂ ਬ੍ਰਦਰਜ਼ ਸੁਖਜੀਤ (ਸੈਮ) ਮਠਾੜੂ, ਅਮਨ ਮਠਾੜੂ, ਸੁੱਖ ਮਠਾੜੂ, ਸੋਨੂੰ ਜੰਡੂ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਭਾਵਪੂਰਤ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਵਲੋਂ ਬਹੁਤ ਭਰਵੇਂ ਇਕੱਠ ਵਿੱਚ ਸਤਪਾਲ ਸਿੰਘ ਜੌਹਲ ਦੀ ਪੂਰਨ ਹਿਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਭਰਪੂਰ ਸਮਾਗ਼ਮ ਨੂੰ ਕਮਿਊਨਿਟੀ ਵਿਚ ਸਰਗ਼ਰਮੀ ਨਾਲ ਵਿਚਰ ਰਹੇ ਬੁੱਧੀਜੀਵੀ ਪ੍ਰੋ. ਜਗੀਰ ਸਿੰਘ ਕਾਹਲੋਂ ਅਤੇ ਕਈ ਹੋਰਨਾਂ ਨੇ ਸੰਬੋਧਨ ਕੀਤਾ। ਪ੍ਰੋ. ਕਾਹਲੋਂ ਨੇ ਇਸ ਮੌਕੇ ਦੱਸਿਆ ਕਿ ਸੱਤਪਾਲ ਸਿੰਘ ਜੌਹਲ ਇਕ ਸੁਲਝੇ ਹੋਏ ਕਾਲਮਨਵੀਸ ਅਤੇ ਪੱਤਰਕਾਰ ਹਨ ਅਤੇ ਉਹ ਬਹੁਤ ਲੰਬੇ ਸਮੇਂ ਤੋਂ ਭਾਈਚਾਰੇ ਨੂੰ ਨਿਸ਼ਕਾਮ ਸੇਵਾਵਾਂ ਦਿੰਦੇ ਆ ਰਹੇ ਹਨ। ਉਹ ਹਰੇਕ ਵਿਅਕਤੀ ਦੀ ਮੁਸ਼ਕਿਲ ਨੂੰ ਗੰਭੀਰਤਾ ਨਾਲ ਸਮਝਣ ਅਤੇ ਉਨ੍ਹਾਂ ਦੇ ਹੱਲ ਕੱਢਣ ਬਾਰੇ ਜਾਣੇ ਜਾਂਦੇ ਹਨ। ਉਨ੍ਹਾਂ ਸੱਤਪਾਲ ਸਿੰਘ ਜੌਹਲ ਨੂੰ ਜਿਤਾ ਕੇ ਸਕੂਲ-ਟਰੱਸਟੀ ਵਜੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਿਚ ਭੇਜਣ ਦੀ ਅਪੀਲ ਕੀਤੀ ਤਾਂ ਜੋ ਉਹ ਉੱਥੇ ਜਾ ਕੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਦੀ ਆਵਾਜ਼ ਬਣ ਸਕਣ ਅਤੇ ਮਾਪਿਆਂ, ਸਕੂਲ ਮੈਨੇਜਮੈਂਟ ਅਤੇ ਬੋਰਡ ਵਿਚ ਇਕ ਖ਼ੂਬਸੂਰਤ ਕੜੀ ਵਾਂਗ ਕੰਮ ਕਰ ਸਕਣ।
ਇਸ ਦੌਰਾਨ ਚੇਅਰਮੈਨ ਜੁਗਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਵਾਰਡ 9-10 ਤੋਂ ਸਤਪਾਲ ਸਿੰਘ ਜੌਹਲ ਨੂੰ ਸਕੂਲ ਟਰੱਸਟੀ ਵਜੋਂ ਜਿਤਾਉਣ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿਉਂਕਿ ਉਹ ਕਮਿਊਨਿਟੀ ਦੀ ਮਾਣਯੋਗ ਸ਼ਖਸੀਅਤ ਹਨ। ਬਿਕਰਮਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਜੌਹਲ ਆਪਣੀ ਸਾਂਵੀਂ ਸੋਚ ਸਦਕਾ ਕਮਿਊਨਿਟੀ ਦੇ ਦੁੱਖ-ਸੁਖ ਦੇ ਪੱਕੇ ਸਾਥੀ ਅਤੇ ਹਮਦਰਦ ਹਨ। ਸਤਪਾਲ ਸਿੰਘ ਜੌਹਲ ਨੇ ਸੰਬੋਧਨ ਕਰਦਿਆਂ ਮਠਾੜੂ ਬ੍ਰਦਰਜ਼ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਗਤ ਨੇ ਮੌਕਾ ਦਿੱਤਾ ਤਾਂ ਉਨ੍ਹਾਂ ਵੱਲੋਂ ਸਕੂਲ-ਟਰੱਸਟੀ ਵਜੋਂ ਤਨਦੇਹੀ ਨਾਲ ਸੇਵਾ ਕੀਤੀ ਜਾਏਗੀ। ਇਸ ਮੌਕੇ ਬਿਕਰਮ ਢਿੱਲੋਂ ਨੇ ਆਖਿਆ ਕਿ ਜੌਹਲ ਸਾਹਿਬ ਕਦੇ ਧੜੇਬੰਦੀ ਵਿੱਚ ਨਹੀਂ ਪਏ ਅਤੇ ਸਾਰੀ ਕਮਿਊਨਿਟੀ ਨੂੰ ਇਕਜੁੱਟ ਰੱਖਣ ਨੂੰ ਤਰਜੀਹ ਦਿੰਦੇ ਰਹੇ ਹਨ। ਉਨ੍ਹਾਂ 9-10 ਵਾਰਡ ਦੇ ਸਮੂਹ ਵੋਟਰਾਂ ਨੂੰ ਸੱਤਪਾਲ ਜੌਹਲ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਲਈ ਬੇਨਤੀ ਕੀਤੀ।
Home / ਕੈਨੇਡਾ / ਬਰੈਂਪਟਨ ‘ਚ ਵਾਰਡ 9-10 ਤੋਂ ਸਕੂਲ-ਟਰੱਸਟੀ ਲਈ ‘ਦੋਆਬਾ ਟਰੱਕ’ ਵੱਲੋਂ ਸਤਪਾਲ ਸਿੰਘ ਜੌਹਲ ਦੀ ਹਮਾਇਤ ਦਾ ਐਲਾਨ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …