ਕੈਨੇਡਾ ਦੇ ਕੈਬਨਿਟ ਮੰਤਰੀਆਂ, ਐਮ ਪੀਜ਼ ਤੇ ਵਿਧਾਇਕਾਂ ਸਮੇਤ ਹਜ਼ਾਰ ਤੋਂ ਵੱਧ ਮਹਿਮਾਨਾਂ ਨੇ ਕੀਤੀ ਸ਼ਿਰਕਤ
ਟੋਰਾਂਟੋ : ‘ਹਮਦਰਦ’ ਅਖਬਾਰ ਦੀ 25ਵੀਂ ਵਰ੍ਹੇਗੰਢ 25 ਨਵੰਬਰ ਨੂੰ ਟਰਾਂਟੋ ਸ਼ਹਿਰ ‘ਚ ਪੈਂਦੇ ਰੈਕਸਡੇਲ ਇਲਾਕੇ ਵਿਚ ਇਲੀਟ ਬੈਂਕੁਟ ਹਾਲ ਵਿਖੇ ਸਮੋਸਾ ਸਵੀਟ ਫੈਕਟਰੀ ਤੇ ਆਪਣਾ ਟੇਸਟ ਦੇ ਸਹਿਯੋਗ ਨਾਲ ਮਨਾਈ ਗਈ। ਸ਼ਾਮੀਂ 7 ਵਜੇ ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਤੇ ਭਾਰਤ ਦੇ ਕੌਮੀ ਤਰਾਨੇ ਨਾਲ ਸ਼ੁਰੂ ਹੋਈ। ‘ਹਮਦਰਦ’ ਅਖਬਾਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਸੰਧੂ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸਟੇਜ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਹੋਸਟ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਪ੍ਰੋਗਰਾਮ ਨੂੰ ਚਾਰ ਘੰਟੇ ਤੱਕ ਬੜੀ ਬਾਖੂਬੀ ਨਾਲ ਨਿਭਾਇਆ।
ਸਮਾਗਮ ਦੇ ਮੁੱਖ ਮਹਿਮਾਨਾਂ ਵਿਚ ਕੈਨੇਡਾ ਦੇ ਇਨੋਵੇਸ਼ਨ ਸਾਇੰਸ ਅਤੇ ਇਕਨੌਮਿਕ ਡਿਵੈਲਪਮੈਂਟ ਦੇ ਕੈਬਨਿਟ ਮੰਤਰੀ ਮਾਨਯੋਗ ਨਵਦੀਪ ਸਿੰਘ ਬੈਂਸ ਨੇ ਬੋਲਦਿਆਂ ਕਿਹਾ ਕਿ ਮੈਂ ਆਪਣੇ ਸਾਰੇ ਸਾਥੀਆਂ ਵੱਲੋਂ ਹਮਦਰਦ ਦੀ ਮੈਨੇਜਮੈਂਟ ਅਤੇ ਸਟਾਫ ਨੂੰ ਵਧਾਈ ਦਿੰਦਾ ਹਾਂ।
ਮਾਨਯੋਗ ਕ੍ਰਿਸਟੀ ਡੰਕਨ ਮਨਿਸਟਰ ਆਫ ਸਾਇੰਸ ਨੇ ਇਸ ਮੌਕੇ ਤੇ ਬੋਲਦਿਆਂ ਕਿ ਹਮਦਰਦ ਦੀ ਸਫਲਤਾ ਪਿੱਛੇ ਭੁੱਲਰ ਪਰਿਵਾਰ ਤੇ ਉਨ੍ਹਾਂ ਦੀ ਟੀਮ ਦਾ ਹੱਥ ਹੈ। ਇਸ ਤੋਂ ਇਲਾਵਾ ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਐਮ ਪੀ ਬਣ ਕੇ ਨਹੀਂ ਸਗੋਂ ਪਰਿਵਾਰਕ ਮੈਂਬਰ ਦੇ ਤੌਰ ਤੇ ਆਈ ਹੈ। ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਬੋਲਦਿਆਂ ਕਿਹਾ ਕਿ ਹਮਦਰਦ ਮੀਡੀਏ ‘ਚ ਜਿੱਥੇ ਅਗਵਾਈ ਕਰ ਰਿਹਾ ਹੈ, ਉਥੇ ਇਨ੍ਹਾਂ ਨੇ ਸੱਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਲਈ ਬਹੁਤ ਵੱਡੀ ਸੇਵਾ ਨਿਭਾਈ ਹੈ। ਬਰੈਂਪਟਨ ਈਸਟ ਤੋਂ ਐਮ ਪੀ ਰਾਜ ਗਰੇਵਾਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਹਮਦਰਦ ਨਿਰਪੱਖ ਹੋ ਕੇ 25 ਸਾਲਾਂ ਤੋਂ ਸੇਵਾ ਨਿਭਾ ਰਿਹਾ ਹੈ। ਬਰੈਂਪਟਨ ਸੈਂਟਰ ਤੋਂ ਐਮ ਪੀ ਰਮੇਸ਼ ਸੰਘਾ ਨੇ ਕਿਹਾ ਕਿ ਸਾਡਾ ਹਮਦਰਦ ਨਾਲ ਰਿਸ਼ਤਾ 18 ਸਾਲਾਂ ਤੋਂ ਹੈ।
ਕੈਲਗਰੀ ਈਸਟ ਤੋਂ ਕੰਸਰਵੇਟਿਵ ਪਾਰਟੀ ਦੇ ਲਗਾਤਾਰ 7ਵੀਂ ਵਾਰ ਐਮ ਪੀ ਬਣੇ ਦੀਪਕ ਉਬਰਾਏ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਵਧਾਈ ਦਿੱਤੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਨਯੋਗ ਜਸਟਿਨ ਟਰੂਡੋ ਨੇ ਐਮ ਪੀ ਸੋਨੀਆ ਸਿੱਧੂ ਰਾਹੀਂ ਹਮਦਰਦ ਨੂੰ ਵਧਾਈ ਸੰਦੇਸ਼ ਭੇਜਿਆ। ਟਰਾਂਟੋ ਸਥਿਤ ਭਾਰਤੀ ਕੌਂਸਲ ਜਨਰਲ ਮਾਨਯੋਗ ਦਿਨੇਸ਼ ਭਾਟੀਆ ਨੇ ਵੀ ਵਧਾਈ ਸੰਦੇਸ਼ ਭੇਜਿਆ। ਸੰਸਦੀ ਸਕੱਤਰ ਕਮਲ ਖਹਿਰਾ ਨੇ ਵੀ ਵਧਾਈ ਸੰਦੇਸ਼ ਭੇਜਿਆ। ਟਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਆਪਣੇ ਵੱਲੋਂ ਭੇਜੇ ਸੁਨੇਹੇ ਵਿਚ ਕਿਹਾ ਕਿ ਹਮਦਰਦ ਮੀਡੀਆ ਗਰੁੱਪ ਲੋਕਲ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ ਤੇ ਹਮਦਰਦ ਅਖਬਾਰ, ਟੀ ਵੀ ਅਤੇ ਸ਼ੋਸ਼ਲ ਮੀਡੀਏ ਰਾਹੀਂ ਲੋਕਾਂ ਨੂੰ ਜਾਣਕਾਰੀ ਦੇ ਰਿਹਾ ਹੈ। ਮਾਂਟਰੀਅਲ ਤੋਂ ਐਮ ਪੀ ਅੰਜੂ ਢਿੱਲੋਂ ਨੇ ਪ੍ਰਬੰਧਕਾਂ ਨੂੰ ਵਧਾਈ ਸੰਦੇਸ਼ ਭੇਜੇ।
ਉਨਟਾਰੀਓ ਸੂਬੇ ਦੇ ਬਰੈਂਪਟਨ ਸਾਊਥ ਹਲਕੇ ਤੋਂ ਵਿਧਾਇਕਾ ਬੀਬੀ ਅੰਮ੍ਰਿਤ ਮਾਂਗਟ ਨੇ ਉਨਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿੰਨ ਦਾ ਸੁਨੇਹਾ ਪੜ੍ਹ ਕੇ ਸੁਣਾਇਆ। ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਸੰਖੇਪ ਭਾਸ਼ਣ ‘ਚ ਕਿਹਾ ਕਿ ਹਮਦਰਦ ਇਕ ਬਰੈਂਡ ਬਣ ਗਿਆ ਹੈ ਜੋ ਨਿਰਪੱਖ ਅਤੇ ਸਾਫ ਸੁਥਰੀ ਪੱਤਰਕਾਰੀ ਦਾ ਆਪਣਾ ਸਟੈਂਡਰਡ ਅੱਜ ਤੱਕ ਕਾਇਮ ਰੱਖਿਆ ਹੈ। ਬਰੈਂਪਟਨ ਸਪਰਿੰਗਡੇਲ ਤੋਂ ਵਿਧਾਇਕਾ ਹਰਿੰਦਰ ਮੱਲ੍ਹੀ ਨੇ ਕਿਹਾ ਕਿ ਹਮਦਰਦ ਨੇ ਮੇਰੀ ਅਵਾਜ਼ ਲੋਕਾਂ ਤੱਕ ਪਹੁੰਚਾਈ ਹੈ। ਇਸ ਤੋਂ ਇਲਾਵਾ ਐਨ ਡੀ ਪੀ ਪਾਰਟੀ ਦੇ ਵਿਧਾਇਕ ਜਗਮੀਤ ਸਿੰਘ, ਟਰਾਂਟੋ ਪੁਲਿਸ ਦੇ ਸੁਪਰਡੈਂਟ ਰੌਨ ਟੈਬਨਰ, ਹਰਪਾਲ ਸਿੰਘ ਸੰਧੂ, ਬਰੈਂਪਟਨ ਸ਼ਹਿਰ ਦੇ ਕੌਂਸਲਰ ਗੁਰਪ੍ਰੀਤ ਢਿੱਲੋਂ, ਕੌਂਸਲਰ ਡਗ ਫੋਰਡ, ਬਰੈਂਡਫੋਰਡ ਸ਼ਹਿਰ ਦੇ ਕੌਂਸਲਰ ਰਾਜ ਸੰਧੂ, ਸਕੂਲ ਟਰੱਸਟੀ ਹਰਕੀਰਤ ਸਿੰਘ ਅਤੇ ਕੈਨੇਡਾ ਦੇ ਪਹਿਲੇ ਸਿੱਖ ਐਮ ਪੀ ਸ. ਗੁਰਬਖਸ਼ ਸਿੰਘ ਮੱਲ੍ਹੀ ਨੇ ਪਹੁੰਚ ਕੇ ਵਧਾਈ ਦਿੱਤੀ।
ਸਾਰਿਆਂ ਦਾ ਧੰਨਵਾਦ ਕਰਦੇ ਹੋਏ ਅਮਰ ਸਿੰਘ ਭੁੱਲਰ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਅੱਜ ਉਹ ਵਿਅਕਤੀ ਜਿਨ੍ਹਾਂ ਨੇ ਹਮਦਰਦ ਲਈ ਅਹਿਮ ਯੋਗਦਾਨ ਪਾਇਆ ਉਹ ਇਥੇ ਹਾਜ਼ਰ ਹਨ ਜਿਨ੍ਹਾਂ ਵਿਚ ਰਛਪਾਲ ਸਿੰਘ ਗਿੱਲ ਜਿਸਨੇ ਸਾਨੂੰ ਅਖਬਾਰ ਸ਼ੁਰੂ ਕਰਨ ਵੇਲੇ ਪਹਿਲਾ ਕੰਪਿਊਟਰ ਲੈ ਕੇ ਦਿੱਤਾ ਸੀ ਤੇ ਐਮ ਪੀ ਗੁਰਬਖਸ਼ ਸਿੰਘ ਮੱਲ੍ਹੀ ਜਿਨ੍ਹਾਂ ਪ੍ਰਧਾਨ ਮੰਤਰੀ ਨਾਲ ਵੱਖ ਵੱਖ ਦੇਸ਼ਾਂ ਵਿਚ ਜਾਣ ਦਾ ਮੌਕਾ ਦਿੱਤਾ। ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਹਮਦਰਦ ਅਖਬਾਰ ਦੇ ਫਾਊਂਡਰ ਅਮਰ ਸਿੰਘ ਭੁੱਲਰ ਤੇ ਕਰਮਜੀਤ ਕੌਰ ਭੁੱਲਰ ਤੇ ਉਨ੍ਹਾਂ ਦੇ ਬੇਟੇ ਲਵਜੋਤ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਕਈ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿਚ ਸਮੁੱਚੇ ਪੰਜਾਬੀ ਮੀਡੀਏ ਤੋਂ ਇਲਾਵਾ ਬਿਜਨਸਮੈਨ, ਸਹਿਯੋਗੀ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ। ਇਸ ਮੌਕੇ ‘ਤੇ ਸਭਿਆਚਾਰ ਪ੍ਰੋਗਰਾਮ ਨੇ ਵੀ ਚੰਗਾ ਰੰਗ ਬੰਨ੍ਹਿਆ।
Check Also
ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …